Skip to content

Skip to table of contents

ਸਵਾਲ 9

ਕੀ ਮੈਨੂੰ ਵਿਕਾਸਵਾਦ ਵਿਚ ਵਿਸ਼ਵਾਸ ਕਰਨਾ ਚਾਹੀਦਾ?

ਕੀ ਮੈਨੂੰ ਵਿਕਾਸਵਾਦ ਵਿਚ ਵਿਸ਼ਵਾਸ ਕਰਨਾ ਚਾਹੀਦਾ?

ਇਹ ਜਾਣਨਾ ਕਿਉਂ ਜ਼ਰੂਰੀ ਹੈ?

ਜੇ ਵਿਕਾਸਵਾਦ ਦੀ ਸਿੱਖਿਆ ਸੱਚ ਹੈ, ਤਾਂ ਇਸ ਦਾ ਮਤਲਬ ਹੈ ਕਿ ਜ਼ਿੰਦਗੀ ਦਾ ਕੋਈ ਮਕਸਦ ਨਹੀਂ। ਜੇ ਦੁਨੀਆਂ ਬਣਾਈ ਗਈ ਹੈ, ਤਾਂ ਸਾਨੂੰ ਜ਼ਿੰਦਗੀ ਅਤੇ ਭਵਿੱਖ ਬਾਰੇ ਸਵਾਲਾਂ ਦੇ ਸਹੀ ਜਵਾਬ ਮਿਲ ਸਕਦੇ ਹਨ।

ਤੁਸੀਂ ਕੀ ਕਰਦੇ?

ਕਲਪਨਾ ਕਰੋ: ਐਲਕਸ ਚੱਕਰਾਂ ਵਿਚ ਪਿਆ ਹੋਇਆ ਹੈ। ਉਹ ਇਹੀ ਮੰਨਦਾ ਆਇਆ ਹੈ ਕਿ ਰੱਬ ਹੈ ਅਤੇ ਉਸੇ ਨੇ ਦੁਨੀਆਂ ਬਣਾਈ ਹੈ। ਪਰ ਅੱਜ ਕਲਾਸ ਵਿਚ ਟੀਚਰ ਨੇ ਪੂਰੇ ਦਾਅਵੇ ਨਾਲ ਕਿਹਾ ਕਿ ਵਿਕਾਸਵਾਦ ਦੀ ਸਿੱਖਿਆ ਸਹੀ ਹੈ ਅਤੇ ਖੋਜਬੀਨ ਕਰਨ ’ਤੇ ਇਸ ਗੱਲ ਦੇ ਪੱਕੇ ਸਬੂਤ ਵੀ ਮਿਲੇ ਹਨ। ਐਲਕਸ ਨਹੀਂ ਚਾਹੁੰਦਾ ਕਿ ਕਲਾਸ ਵਿਚ ਸਾਰੇ ਬੱਚੇ ਉਸ ’ਤੇ ਹੱਸਣ। ਉਹ ਮਨ ਹੀ ਮਨ ਕਹਿੰਦਾ ਹੈ, ‘ਜੇ ਸਾਇੰਸਦਾਨ ਵਿਕਾਸਵਾਦ ਨੂੰ ਸਹੀ ਸਾਬਤ ਕਰ ਚੁੱਕੇ ਹਨ, ਤਾਂ ਫਿਰ ਮੈਂ ਉਨ੍ਹਾਂ ’ਤੇ ਉਂਗਲ ਚੁੱਕਣ ਵਾਲਾ ਕੌਣ ਹੁੰਦਾ?’

ਜੇ ਤੁਸੀਂ ਐਲਕਸ ਦੀ ਜਗ੍ਹਾ ਹੁੰਦੇ, ਤਾਂ ਕੀ ਤੁਸੀਂ ਵਿਕਾਸਵਾਦ ਦੀ ਸਿੱਖਿਆ ਨੂੰ ਸਿਰਫ਼ ਇਸ ਕਰਕੇ ਸਹੀ ਮੰਨ ਲੈਂਦੇ ਕਿਉਂਕਿ ਕਿਤਾਬਾਂ ਵਿਚ ਇਸ ਬਾਰੇ ਲਿਖਿਆ ਗਿਆ ਹੈ?

ਰੁਕੋ ਤੇ ਸੋਚੋ!

ਲੋਕ ਝੱਟ ਦੱਸ ਦਿੰਦੇ ਹਨ ਕਿ ਉਹ ਕੀ ਮੰਨਦੇ ਹਨ: ਵਿਕਾਸਵਾਦ ਨੂੰ ਜਾਂ ਰੱਬ ਨੂੰ। ਪਰ ਅਕਸਰ ਉਹ ਇਹ ਨਹੀਂ ਜਾਣਦੇ ਹੁੰਦੇ ਕਿ ਉਹ ਕਿਉਂ ਮੰਨਦੇ ਹਨ।

  • ਕੁਝ ਲੋਕ ਇਸ ਲਈ ਰੱਬ ਨੂੰ ਮੰਨਦੇ ਹਨ ਕਿਉਂਕਿ ਉਨ੍ਹਾਂ ਦੇ ਧਰਮਾਂ ਵਿਚ ਰੱਬ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ।

  • ਕੁਝ ਲੋਕ ਇਸ ਲਈ ਵਿਕਾਸਵਾਦ ਦੀ ਸਿੱਖਿਆ ਨੂੰ ਮੰਨਦੇ ਹਨ ਕਿਉਂਕਿ ਉਨ੍ਹਾਂ ਨੂੰ ਸਕੂਲਾਂ ਵਿਚ ਇੱਦਾਂ ਸਿਖਾਇਆ ਜਾਂਦਾ ਹੈ।

6 ਸਵਾਲਾਂ ’ਤੇ ਵਿਚਾਰ ਕਰੋ

ਬਾਈਬਲ ਕਹਿੰਦੀ ਹੈ: “ਹਰ ਘਰ ਨੂੰ ਕਿਸੇ-ਨਾ-ਕਿਸੇ ਨੇ ਬਣਾਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਹੈ, ਉਹ ਪਰਮੇਸ਼ੁਰ ਹੈ।” (ਇਬਰਾਨੀਆਂ 3:4) ਕੀ ਤੁਹਾਨੂੰ ਲੱਗਦਾ ਕਿ ਇਹ ਸਹੀ ਹੈ?

ਇਹ ਗੱਲ ਬੇਤੁਕੀ ਲੱਗਦੀ ਹੈ ਕਿ ਦੁਨੀਆਂ ਆਪੇ ਹੀ ਬਣ ਗਈ, ਜਿੱਦਾਂ ਇਹ ਕਹਿਣਾ ਕਿ ਇਹ ਘਰ ਆਪੇ ਬਣ ਗਿਆ

ਦਾਅਵਾ: ਇਕ ਜ਼ਬਰਦਸਤ ਧਮਾਕਾ ਹੋਇਆ ਅਤੇ ਸਾਰੀ ਕਾਇਨਾਤ ਆਪੇ ਬਣ ਗਈ।

1. ਇਹ ਧਮਾਕਾ ਕਿਹਨੇ ਕੀਤਾ ਜਾਂ ਕਿਸ ਵਜ੍ਹਾ ਨਾਲ ਹੋਇਆ?

2. ਕਿਹੜੀ ਗੱਲ ਦੀ ਤੁਕ ਬਣਦੀ ਹੈ—ਸਾਰੀਆਂ ਚੀਜ਼ਾਂ ਆਪੇ ਬਣ ਗਈਆਂ ਜਾਂ ਸਾਰੀਆਂ ਚੀਜ਼ਾਂ ਕਿਸੇ ਨੇ ਬਣਾਈਆਂ?

ਦਾਅਵਾ: ਇਨਸਾਨ ਜਾਨਵਰਾਂ ਤੋਂ ਆਇਆ।

3. ਜੇ ਇਨਸਾਨ ਜਾਨਵਰਾਂ ਤੋਂ ਯਾਨੀ ਬਾਂਦਰ ਤੋਂ ਆਏ ਹਨ, ਤਾਂ ਇਨਸਾਨ ਅਤੇ ਬਾਂਦਰ ਦੀ ਦਿਮਾਗ਼ੀ ਕਾਬਲੀਅਤ ਵਿਚ ਇੰਨਾ ਜ਼ਿਆਦਾ ਫ਼ਰਕ ਕਿਉਂ ਹੈ?

4. ਜੇ ਇਕ ਬੇਜਾਨ ਰੋਬੋਟ ਨੂੰ ਬਣਾਉਣ ਲਈ ਦਿਮਾਗ਼ ਦੀ ਜ਼ਰੂਰਤ ਹੈ, ਤਾਂ ਫਿਰ ਇਕ ਜੀਉਂਦਾ ਸੈੱਲ ਆਪਣੇ ਆਪ ਕਿਵੇਂ ਬਣ ਸਕਦਾ ਹੈ?

ਦਾਅਵਾ: ਵਿਕਾਸਵਾਦ ਦੇ ਪੱਕੇ ਸਬੂਤ ਹਨ।

5. ਵਿਕਾਸਵਾਦ ਦਾ ਦਾਅਵਾ ਕਰਨ ਵਾਲਿਆਂ ਨੇ ਕੀ ਆਪ ਇਨ੍ਹਾਂ ਸਬੂਤਾਂ ਦੀ ਛਾਣ-ਬੀਣ ਕੀਤੀ ਹੈ?

6. ਕੀ ਬਹੁਤ ਸਾਰੇ ਲੋਕ ਇਸ ਕਰਕੇ ਵਿਕਾਸਵਾਦ ਵਿਚ ਯਕੀਨ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਦੱਸਿਆ ਗਿਆ ਹੈ ਕਿ ਸਾਰੇ ਪੜ੍ਹੇ-ਲਿਖੇ ਲੋਕ ਇਸ ਨੂੰ ਮੰਨਦੇ ਹਨ?

“ਜੇ ਤੁਸੀਂ ਕਿਸੇ ਜੰਗਲ ਵਿੱਚੋਂ ਦੀ ਲੰਘ ਰਹੇ ਹੋ ਅਤੇ ਤੁਹਾਨੂੰ ਇਕ ਸੋਹਣਾ ਘਰ ਦਿੱਸਦਾ ਹੈ, ਤਾਂ ਕੀ ਤੁਸੀਂ ਇਹ ਸੋਚੋਗੇ: ‘ਵਾਹ! ਕਮਾਲ ਹੋ ਗਿਆ! ਦਰਖ਼ਤ ਆਪੇ ਡਿਗ ਕੇ ਸਹੀ ਤਰੀਕੇ ਨਾਲ ਜੁੜ ਗਏ ਹੋਣੇ ਅਤੇ ਫਿਰ ਇਹ ਘਰ ਬਣ ਗਿਆ ਹੋਣਾ।’ ਕਿੰਨੀ ਹੀ ਬੇਤੁਕੀ ਗੱਲ! ਇੱਦਾਂ ਹੋ ਹੀ ਨਹੀਂ ਸਕਦਾ! ਇਸ ਲਈ ਅਸੀਂ ਇਹ ਕਿਉਂ ਮੰਨੀਏ ਕਿ ਦੁਨੀਆਂ ਦੀ ਹਰ ਚੀਜ਼ ਆਪਣੇ ਆਪ ਬਣ ਗਈ?”—ਜੂਲੀਆ।

“ਮੰਨ ਲਓ ਕਿ ਕੋਈ ਤੁਹਾਨੂੰ ਕਹਿੰਦਾ ਹੈ ਕਿ ਇਕ ਛਾਪੇਖ਼ਾਨੇ ਵਿਚ ਜ਼ਬਰਦਸਤ ਧਮਾਕਾ ਹੋਇਆ ਅਤੇ ਸਿਆਹੀ ਦੀਵਾਰਾਂ ਅਤੇ ਛੱਤਾਂ ’ਤੇ ਫੈਲ ਗਈ ਅਤੇ ਆਪਣੇ ਆਪ ਹਜ਼ਾਰਾਂ ਹੀ ਅੱਖਰਾਂ ਵਾਲੀ ਕਿਤਾਬ ਬਣ ਗਈ। ਕੀ ਤੁਸੀਂ ਯਕੀਨ ਕਰੋਗੇ?”—ਗਵੈੱਨ।

ਰੱਬ ’ਤੇ ਵਿਸ਼ਵਾਸ ਕਿਉਂ ਕਰੀਏ?

ਬਾਈਬਲ ਤੁਹਾਨੂੰ ਆਪਣੀ “ਸੋਚਣ-ਸਮਝਣ ਦੀ ਕਾਬਲੀਅਤ” ਵਰਤਣ ਲਈ ਕਹਿੰਦੀ ਹੈ। (ਰੋਮੀਆਂ 12:1) ਇਸ ਦਾ ਮਤਲਬ ਹੈ ਕਿ ਤੁਸੀਂ ਰੱਬ ’ਤੇ ਵਿਸ਼ਵਾਸ ਸਿਰਫ਼ ਇਸ ਕਰਕੇ ਨਾ ਕਰੋ ਕਿਉਂਕਿ

  • ਤੁਹਾਡਾ ਦਿਲ ਕਰਦਾ (ਮੈਨੂੰ ਲੱਗਦਾ ਕਿ ਇਸ ਦੁਨੀਆਂ ਨੂੰ ਚਲਾਉਣ ਵਾਲੀ ਕੋਈ ਤਾਂ ਤਾਕਤ ਹੈ)

  • ਦੂਜੇ ਤੁਹਾਨੂੰ ਕਹਿੰਦੇ ਹਨ (ਸਾਡੇ ਸਮਾਜ ਵਿਚ ਸਾਰੇ ਰੱਬ ਨੂੰ ਮੰਨਦੇ ਹਨ)

  • ਦੂਜਿਆਂ ਨੇ ਤੁਹਾਡੇ ’ਤੇ ਦਬਾਅ ਪਾਇਆ (ਮੇਰੇ ਮਾਪਿਆਂ ਨੇ ਬਚਪਨ ਤੋਂ ਮੈਨੂੰ ਰੱਬ ਨੂੰ ਮੰਨਣਾ ਸਿਖਾਇਆ—ਮੈਨੂੰ ਵੀ ਮੰਨਣਾ ਪਿਆ)

ਇਸ ਦੀ ਬਜਾਇ, ਤੁਹਾਡੇ ਕੋਲ ਪੱਕੇ ਸਬੂਤ ਹੋਣੇ ਚਾਹੀਦੇ ਹਨ।

“ਜਦ ਕਲਾਸ ਵਿਚ ਮੇਰੀ ਟੀਚਰ ਇਹ ਸਮਝਾਉਂਦੀ ਹੈ ਕਿ ਸਾਡਾ ਸਰੀਰ ਕਿਵੇਂ ਕੰਮ ਕਰਦਾ ਹੈ, ਤਾਂ ਰੱਬ ਦੀ ਹੋਂਦ ’ਤੇ ਮੇਰਾ ਵਿਸ਼ਵਾਸ ਹੋਰ ਵੀ ਪੱਕਾ ਹੋ ਜਾਂਦਾ ਹੈ। ਸਾਡੇ ਸਰੀਰ ਦੇ ਸਾਰੇ ਅੰਗ ਆਪੋ-ਆਪਣਾ ਕੰਮ ਕਰਦੇ ਹਨ ਅਤੇ ਅਕਸਰ ਇਸ ਗੱਲ ਦੀ ਸਾਨੂੰ ਖ਼ਬਰ ਵੀ ਨਹੀਂ ਹੁੰਦੀ। ਆਪਣੇ ਸਰੀਰ ਦੀ ਬਣਾਵਟ ਦੇਖ ਕੇ ਸਾਡਾ ਦਿਮਾਗ਼ ਚਕਰਾ ਜਾਂਦਾ ਹੈ।”—ਟੇਰੇਸਾ।

“ਜਦ ਮੈਂ ਆਸਮਾਨ ਨੂੰ ਛੂੰਹਦੀਆਂ ਇਮਾਰਤਾਂ, ਵੱਡੇ-ਵੱਡੇ ਜਹਾਜ਼ਾਂ ਜਾਂ ਕਾਰਾਂ ਨੂੰ ਦੇਖਦਾ ਹਾਂ, ਤਾਂ ਮੈਂ ਖ਼ੁਦ ਨੂੰ ਪੁੱਛਦਾ ਹਾਂ: ‘ਇਹ ਸਾਰੀਆਂ ਚੀਜ਼ਾਂ ਕਿਸ ਨੇ ਬਣਾਈਆਂ?’ ਕਾਰ ਦੀ ਮਿਸਾਲ ਲਓ। ਕਿਸੇ ਇਨਸਾਨ ਨੇ ਦਿਮਾਗ਼ ਵਰਤ ਕੇ ਇਸ ਨੂੰ ਬਣਾਇਆ ਹੈ ਅਤੇ ਇਸ ਦੇ ਛੋਟੇ-ਛੋਟੇ ਪੁਰਜੇ ਵੀ ਸੋਚ-ਸਮਝ ਕੇ ਲਗਾਏ ਹਨ। ਜੇ ਕਾਰ ਨੂੰ ਕਿਸੇ ਨੇ ਬਣਾਇਆ ਹੈ, ਤਾਂ ਇਸ ਦਾ ਮਤਲਬ ਸਾਨੂੰ ਇਨਸਾਨਾਂ ਨੂੰ ਵੀ ਕਿਸੇ ਨੇ ਬਣਾਇਆ ਹੈ।”—ਰਿਚਰਡ।

“ਮੈਂ ਸਾਇੰਸ ਦੀ ਜਿੰਨੀ ਜ਼ਿਆਦਾ ਖੋਜਬੀਨ ਕੀਤੀ, ਮੈਨੂੰ ਵਿਕਾਸਵਾਦ ਦੀ ਸਿੱਖਿਆ ਉੱਨੀ ਜ਼ਿਆਦਾ ਬੇਤੁਕੀ ਲੱਗੀ। . . . ਰੱਬ ਨਾਲੋਂ ਵਿਕਾਸਵਾਦ ਦੀ ਸਿੱਖਿਆ ’ਤੇ ਯਕੀਨ ਕਰਨਾ ਜ਼ਿਆਦਾ ਔਖਾ ਹੈ।”—ਐਂਟੋਨੀ।

ਜ਼ਰਾ ਸੋਚੋ

ਸਾਇੰਸਦਾਨ ਕਈ ਦਹਾਕਿਆਂ ਤੋਂ ਵਿਕਾਸਵਾਦ ਬਾਰੇ ਖੋਜਬੀਨ ਕਰਦੇ ਆ ਰਹੇ ਹਨ, ਪਰ ਅਜੇ ਤਕ ਉਨ੍ਹਾਂ ਸਾਰਿਆਂ ਵਿਚ ਇਸ ਬਾਰੇ ਕੋਈ ਸਹਿਮਤੀ ਨਹੀਂ ਹੋਈ ਹੈ। ਜੇ ਉਹ ਇੰਨੇ ਮਾਹਰ ਹੋਣ ਦੇ ਬਾਵਜੂਦ ਆਪਸ ਵਿਚ ਸਹਿਮਤ ਨਹੀਂ ਹਨ, ਤਾਂ ਫਿਰ ਤੁਸੀਂ ਵਿਕਾਸਵਾਦ ’ਤੇ ਸਵਾਲ ਕਿਉਂ ਨਹੀਂ ਖੜ੍ਹਾ ਕਰ ਸਕਦੇ?