ਸਵਾਲ 8
ਜੇ ਕਿਸੇ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ, ਉਦੋਂ ਕੀ?
ਤੁਸੀਂ ਕੀ ਕਰਦੇ?
ਇਸ ਤੋਂ ਪਹਿਲਾਂ ਕਿ ਐਨੇਟ ਸਮਝ ਪਾਉਂਦੀ ਕਿ ਉਸ ਨਾਲ ਕੀ ਹੋ ਰਿਹਾ ਹੈ, ਇਕ ਆਦਮੀ ਨੇ ਉਸ ਨੂੰ ਧੱਕਾ ਮਾਰ ਕੇ ਜ਼ਮੀਨ ’ਤੇ ਡੇਗ ਦਿੱਤਾ। ਉਹ ਕਹਿੰਦੀ ਹੈ: “ਮੈਂ ਖ਼ੁਦ ਨੂੰ ਛੁਡਾਉਣ ਦੀ ਲੱਖ ਕੋਸ਼ਿਸ਼ ਕੀਤੀ। ਮੈਂ ਚੀਕਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਗਲ਼ੇ ਵਿੱਚੋਂ ਆਵਾਜ਼ ਹੀ ਨਹੀਂ ਨਿਕਲੀ। ਮੈਂ ਉਸ ਆਦਮੀ ਨੂੰ ਧੱਕਾ ਮਾਰਿਆ, ਠੁੱਡੇ ਮਾਰੇ ਅਤੇ ਨਹੁੰਆਂ ਨਾਲ ਉਸ ਨੂੰ ਨੋਚਿਆ। ਫਿਰ ਜਦ ਉਹ ਨੇ ਮੇਰੇ ਚਾਕੂ ਮਾਰਿਆ, ਤਾਂ ਮੈਂ ਬਿਲਕੁਲ ਸੁੰਨ ਹੋ ਗਈ।”
ਜੇ ਤੁਹਾਡੇ ਨਾਲ ਇੱਦਾਂ ਹੁੰਦਾ, ਤਾਂ ਤੁਸੀਂ ਕੀ ਕਰਦੇ?
ਰੁਕੋ ਤੇ ਸੋਚੋ!
ਭਾਵੇਂ ਤੁਸੀਂ ਜਿੰਨਾ ਮਰਜ਼ੀ ਖ਼ਬਰਦਾਰ ਰਹੋ, ਖ਼ਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਬਾਹਰ ਹੁੰਦੇ ਹੋ, ਫਿਰ ਵੀ ਤੁਹਾਡੇ ਨਾਲ ਕੋਈ ਹਾਦਸਾ ਹੋ ਸਕਦਾ ਹੈ। ਬਾਈਬਲ ਕਹਿੰਦੀ ਹੈ: ‘ਤੇਜ਼ ਦੌੜਨ ਵਾਲਾ ਹਮੇਸ਼ਾ ਪਹਿਲੇ ਦਰਜ਼ੇ ਤੇ ਨਹੀਂ ਆਉਂਦਾ। ਬੁੱਧੀਮਾਨ ਹਮੇਸ਼ਾ ਰੋਟੀ ਨਹੀਂ ਕਮਾਉਂਦੇ। ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।’
ਐਨੇਟ ਵਾਂਗ ਕੁਝ ਨੌਜਵਾਨਾਂ ’ਤੇ ਅਜਨਬੀ ਹਮਲਾ ਕਰਦੇ ਹਨ। ਪਰ ਕਈਆਂ ਨਾਲ ਉਨ੍ਹਾਂ ਦੇ ਕਿਸੇ ਜਾਣ-ਪਛਾਣ ਵਾਲੇ ਨੇ ਜਾਂ ਪਰਿਵਾਰ ਦੇ ਮੈਂਬਰ ਨੇ ਜ਼ਬਰਦਸਤੀ ਕੀਤੀ। ਨੈਟਲੀ ਸਿਰਫ਼ 10 ਸਾਲਾਂ ਦੀ ਸੀ ਜਦੋਂ ਉਸ ਦੇ ਘਰ ਦੇ ਨੇੜੇ ਰਹਿੰਦੇ ਇਕ ਮੁੰਡੇ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਹ ਕਹਿੰਦੀ ਹੈ: “ਮੈਂ ਇੰਨੀ ਡਰ ਗਈ ਅਤੇ ਮੈਨੂੰ ਇੰਨੀ ਸ਼ਰਮ ਆਈ ਕਿ ਮੈਂ ਪਹਿਲਾਂ-ਪਹਿਲਾਂ ਕਿਸੇ ਨੂੰ ਇਹ ਗੱਲ ਨਹੀਂ ਦੱਸੀ।”
ਕਸੂਰ ਤੁਹਾਡਾ ਨਹੀਂ ਹੈ
ਐਨੇਟ ਅਜੇ ਤਕ ਖ਼ੁਦ ਨੂੰ ਕਸੂਰਵਾਰ ਮੰਨਦੀ ਹੈ। ਉਹ ਕਹਿੰਦੀ ਹੈ: “ਉਹ ਖ਼ੌਫ਼ਨਾਕ ਰਾਤ ਅਜੇ ਵੀ ਮੇਰੇ ਦਿਮਾਗ਼ ਵਿਚ ਘੁੰਮਦੀ ਰਹਿੰਦੀ ਨੂੰ ਲੱਗਦਾ ਹੈ ਕਿ ਮੈਨੂੰ ਆਪਣੇ ਆਪ ਨੂੰ ਛੁਡਾਉਣ ਲਈ ਹੋਰ ਜ਼ਿਆਦਾ ਹੱਥ-ਪੈਰ ਮਾਰਨ ਦੀ ਲੋੜ ਸੀ। ਪਰ ਸੱਚ ਤਾਂ ਇਹ ਹੈ ਕਿ ਜਦੋਂ ਮੇਰੇ ਚਾਕੂ ਲੱਗਾ, ਤਾਂ ਡਰ ਨਾਲ ਮੇਰੇ ਵਿਚ ਜਾਨ ਹੀ ਨਹੀਂ ਰਹੀ। ਮੈਂ ਕੁਝ ਵੀ ਨਾ ਕਰ ਸਕੀ, ਪਰ ਮੈਨੂੰ ਲੱਗਦਾ ਕਿ ਮੈਨੂੰ ਡਟ ਕੇ ਉਸ ਦਾ ਮੁਕਾਬਲਾ ਕਰਨਾ ਚਾਹੀਦਾ ਸੀ।”
ਨੈਟਲੀ ਵੀ ਆਪਣੇ ਆਪ ਨੂੰ ਕਸੂਰਵਾਰ ਮੰਨਦੀ ਹੈ। ਉਹ ਕਹਿੰਦੀ ਹੈ: “ਮੈਨੂੰ ਦੂਜਿਆਂ ’ਤੇ ਇੰਨਾ ਭਰੋਸਾ ਨਹੀਂ ਕਰਨਾ ਚਾਹੀਦਾ ਸੀ। ਮੇਰੇ ਮੰਮੀ-ਡੈਡੀ ਨੇ ਸਾਨੂੰ ਦੋਵਾਂ ਭੈਣਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਬਾਹਰ ਦੋਵੇਂ ਇਕੱਠੇ ਖੇਡੀਏ, ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਮੈਂ ਹੀ ਉਸ ਮੁੰਡੇ ਨੂੰ ਇਹ ਮੌਕਾ ਦਿੱਤਾ ਕਿ ਉਹ ਮੇਰਾ ਫ਼ਾਇਦਾ ਉਠਾਵੇ। ਜੋ ਵੀ ਹੋਇਆ, ਉਸ ਕਰਕੇ ਮੇਰੇ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਅਤੇ ਮੈਂ ਆਪਣੇ ਆਪ ਨੂੰ ਇਸ ਦੀ ਜ਼ਿੰਮੇਵਾਰ ਮੰਨਦੀ ਹਾਂ। ਇਹ ਗੱਲ ਮੈਨੂੰ ਅੱਜ ਤਕ ਤੰਗ ਕਰਦੀ ਹੈ।”
ਜੇ ਤੁਸੀਂ ਵੀ ਐਨੇਟ ਅਤੇ ਨੈਟਲੀ ਵਾਂਗ ਮਹਿਸੂਸ ਕਰਦੇ ਹੋ, ਤਾਂ ਇਹ ਗੱਲ ਯਾਦ ਰੱਖੋ ਕਿ ਕਿਸੇ ਨਾਲ ਬਲਾਤਕਾਰ ਉਸ ਦੀ ਆਪਣੀ ਮਰਜ਼ੀ ਨਾਲ ਨਹੀਂ ਹੁੰਦਾ। ਕੁਝ ਲੋਕ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਕਹਿੰਦੇ ਹਨ ਕਿ ਮੁੰਡੇ ਤਾਂ ਇੱਦਾਂ ਹੀ ਕਰਦੇ ਹਨ ਜਾਂ ਜ਼ਰੂਰ ਕੁੜੀ ਨੇ ਕੁਝ ਕੀਤਾ ਹੋਣਾ ਜਿਸ ਕਰਕੇ ਉਸ ਨਾਲ ਬਲਾਤਕਾਰ ਹੋਇਆ। ਪਰ ਅਜਿਹੀ ਘਿਣਾਉਣੀ ਹਰਕਤ ਕਿਸੇ ਨਾਲ ਵੀ ਨਹੀਂ ਕੀਤੀ ਜਾਣੀ ਚਾਹੀਦੀ। ਜੇ ਤੁਹਾਡੇ ਨਾਲ ਅਜਿਹਾ ਹਾਦਸਾ ਹੋਇਆ ਹੈ, ਤਾਂ ਇਸ ਵਿਚ ਤੁਹਾਡਾ ਕਸੂਰ ਨਹੀਂ ਹੈ!
ਬੇਸ਼ੱਕ ਇਹ ਪੜ੍ਹਨਾ ਸੌਖਾ ਹੈ ਕਿ “ਕਸੂਰ ਤੁਹਾਡਾ ਨਹੀਂ ਹੈ,” ਪਰ ਇਸ ਗੱਲ ’ਤੇ ਯਕੀਨ ਕਰਨਾ ਕਿਤੇ ਔਖਾ ਹੈ। ਕੁਝ ਲੋਕ ਆਪਣੇ ਨਾਲ ਹੋਈ ਜ਼ਬਰਦਸਤੀ ਬਾਰੇ ਕਿਸੇ ਨੂੰ ਨਹੀਂ ਦੱਸਦੇ ਅਤੇ ਉਹ ਖ਼ੁਦ ਨੂੰ ਕਸੂਰਵਾਰ ਮੰਨਦੇ ਹਨ ਅਤੇ ਅੰਦਰ ਹੀ ਅੰਦਰ ਇਹ ਗੱਲ ਉਨ੍ਹਾਂ ਨੂੰ ਖਾਂਦੀ ਰਹਿੰਦੀ ਹੈ। ਪਰ ਚੁੱਪ ਰਹਿਣ ਨਾਲ ਕਿਸ ਦਾ ਫ਼ਾਇਦਾ ਹੋਵੇਗਾ? ਤੁਹਾਡਾ? ਜਾਂ ਅਪਰਾਧੀ ਦਾ? ਚੁੱਪ ਰਹਿਣ ਦੀ ਬਜਾਇ ਤੁਹਾਨੂੰ ਕੁਝ ਕਰਨਾ ਚਾਹੀਦਾ ਹੈ।
ਇਸ ਬਾਰੇ ਕਿਸੇ ਨੂੰ ਦੱਸੋ
ਬਾਈਬਲ ਦੱਸਦੀ ਹੈ ਕਿ ਜਦ ਅੱਯੂਬ ਨਾਂ ਦੇ ਨੇਕ ਇਨਸਾਨ ਉੱਤੇ ਮੁਸੀਬਤਾਂ ਦਾ ਪਹਾੜ ਟੁੱਟਿਆ, ਤਾਂ ਉਸ ਨੇ ਕਿਹਾ: ‘ਮੈਂ ਆਪਣੇ ਮਨ ਦੀ ਪੀੜ ਪ੍ਰਗਟ ਕਰਾਂਗਾ।’ (ਅੱਯੂਬ 10:1; CL) ਗੱਲ ਕਰਨ ਨਾਲ ਤੁਹਾਡਾ ਹੀ ਭਲਾ ਹੋਵੇਗਾ। ਆਪਣੇ ਨਾਲ ਹੋਏ ਹਾਦਸੇ ਬਾਰੇ ਤੁਸੀਂ ਅਜਿਹੇ ਵਿਅਕਤੀ ਨਾਲ ਗੱਲ ਕਰੋ ਜਿਸ ’ਤੇ ਤੁਹਾਨੂੰ ਪੂਰਾ ਭਰੋਸਾ ਹੋਵੇ। ਇੱਦਾਂ ਕਰ ਕੇ ਤੁਹਾਡੇ ਦਿਲ ਦਾ ਬੋਝ ਹਲਕਾ ਹੋਵੇਗਾ ਅਤੇ ਤੁਸੀਂ ਆਪਣੇ ਜਜ਼ਬਾਤਾਂ ਨੂੰ ਕਾਬੂ ਕਰ ਸਕੋਗੇ।
ਐਨੇਟ ਨੇ ਇੱਦਾਂ ਹੀ ਕਰ ਕੇ ਰਾਹਤ ਪਾਈ। ਉਹ ਕਹਿੰਦੀ ਹੈ: “ਮੈਂ ਆਪਣੀ ਪੱਕੀ ਸਹੇਲੀ ਨਾਲ ਇਸ ਬਾਰੇ ਗੱਲ ਕੀਤੀ ਅਤੇ ਉਸ ਨੇ ਮੈਨੂੰ ਮੰਡਲੀ ਦੇ ਬਜ਼ੁਰਗਾਂ ਨਾਲ ਗੱਲ ਕਰਨ ਦੀ ਹੱਲਾਸ਼ੇਰੀ ਦਿੱਤੀ। ਮੈਨੂੰ ਖ਼ੁਸ਼ੀ ਹੈ ਕਿ ਮੈਂ ਉਹ ਦੀ ਸਲਾਹ ਮੰਨੀ। ਉਨ੍ਹਾਂ ਬਜ਼ੁਰਗਾਂ ਨੇ ਕਈ ਵਾਰ ਮੇਰੇ ਨਾਲ ਗੱਲ ਕਰ ਕੇ ਮੈਨੂੰ ਦਿਲਾਸਾ ਦਿੱਤਾ। ਉਨ੍ਹਾਂ ਨੇ ਵਾਰ-ਵਾਰ ਉਹੀ ਗੱਲ ਕਹੀ ਜੋ ਮੈਂ ਸੁਣਨਾ ਚਾਹੁੰਦੀ ਸੀ ਕਿ ਮੇਰੀ ਕੋਈ ਗ਼ਲਤੀ ਨਹੀਂ ਸੀ। ਮੈਂ ਬਿਲਕੁਲ ਬੇਕਸੂਰ ਹਾਂ।”
ਨੈਟਲੀ ਨੇ ਆਪਣੇ ਮਾਪਿਆਂ ਨਾਲ ਗੱਲ ਕੀਤੀ। ਉਹ ਕਹਿੰਦੀ ਹੈ: “ਉਨ੍ਹਾਂ ਨੇ ਮੇਰਾ ਸਾਥ ਦਿੱਤਾ ਅਤੇ ਮੈਨੂੰ ਗੱਲ ਕਰਨ ਦੀ ਹਿੰਮਤ ਦਿੱਤੀ। ਇੱਦਾਂ ਕਰਨ ਨਾਲ ਮੈਂ ਆਪਣੇ ਗੁੱਸੇ ਨੂੰ ਸ਼ਾਂਤ ਕਰ ਸਕੀ ਅਤੇ ਉਦਾਸੀ ਦੇ ਸਮੁੰਦਰ ਵਿੱਚੋਂ ਬਾਹਰ ਨਿਕਲ ਸਕੀ।”
ਪ੍ਰਾਰਥਨਾ ਕਰਨ ਨਾਲ ਵੀ ਨੈਟਲੀ ਨੂੰ ਦਿਲਾਸਾ ਮਿਲਿਆ। ਉਹ ਦੱਸਦੀ ਹੈ: “ਰੱਬ ਨਾਲ ਗੱਲ ਕਰ ਕੇ ਵੀ ਮੈਨੂੰ ਬਹੁਤ ਚੰਗਾ ਲੱਗਾ। ਖ਼ਾਸ ਕਰਕੇ ਉਸ ਵੇਲੇ ਜਦੋਂ ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਦਿਲ ਦੀ ਹਾਲਤ ਕਿਸੇ ਨੂੰ ਨਹੀਂ ਸਮਝਾ ਸਕਦੀ। ਪ੍ਰਾਰਥਨਾ ਵਿਚ ਮੈਂ ਪਰਮੇਸ਼ੁਰ ਨਾਲ ਖੁੱਲ੍ਹ ਕੇ ਗੱਲ ਕਰ ਸਕਦੀ ਹਾਂ। ਇਸ ਤਰ੍ਹਾਂ ਮੈਨੂੰ ਮਨ ਦੀ ਸ਼ਾਂਤੀ ਅਤੇ ਸਕੂਨ ਮਿਲਦਾ ਹੈ।”
ਇਸ ਤਰ੍ਹਾਂ ਕਰ ਕੇ ਤੁਸੀਂ ਜਾਣੋਗੇ ਕਿ ‘ਇੱਕ ਚੰਗਾ ਕਰਨ ਦਾ ਵੇਲਾ’ ਹੁੰਦਾ ਹੈ। (ਉਪਦੇਸ਼ਕ ਦੀ ਪੋਥੀ 3:3) ਆਪਣੀ ਸਿਹਤ ਦਾ ਖ਼ਿਆਲ ਰੱਖੋ। ਚੰਗੀ ਤਰ੍ਹਾਂ ਆਰਾਮ ਕਰੋ। ਨਾਲੇ ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਦਿਲਾਸਾ ਦੇਣ ਵਾਲੇ ਪਰਮੇਸ਼ੁਰ ਯਹੋਵਾਹ ’ਤੇ ਭਰੋਸਾ ਰੱਖੋ।
ਜੇ ਤੁਹਾਡੀ ਡੇਟਿੰਗ ਕਰਨ ਦੀ ਉਮਰ ਹੋ ਗਈ ਹੈ
ਜੇ ਤੁਸੀਂ ਇਕ ਕੁੜੀ ਹੋ ਅਤੇ ਕੋਈ ਤੁਹਾਡੇ ’ਤੇ ਗ਼ਲਤ ਕੰਮ ਕਰਨ ਦਾ ਜ਼ੋਰ ਪਾਉਂਦਾ ਹੈ, ਤਾਂ ਸਖ਼ਤੀ ਨਾਲ ਕਹੋ, “ਇੱਦਾਂ ਨਾ ਕਰ!” ਜਾਂ “ਆਪਣਾ ਹੱਥ ਪਰੇ ਕਰ!” ਇੱਦਾਂ ਕਹਿਣਾ ਗ਼ਲਤ ਨਹੀਂ। ਇਸ ਗੱਲੋਂ ਨਾ ਡਰੋ ਕਿ ਤੁਹਾਡਾ ਬੁਆਏ-ਫ੍ਰੈਂਡ ਤੁਹਾਨੂੰ ਛੱਡ ਕੇ ਚਲਾ ਜਾਵੇਗਾ। ਜੇ ਇਸ ਕਰਕੇ ਉਹ ਤੁਹਾਨੂੰ ਛੱਡ ਵੀ ਦਿੰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਹ ਤੁਹਾਡੇ ਲਾਇਕ ਨਹੀਂ! ਤੁਹਾਨੂੰ ਇਕ ਅਜਿਹੇ ਸਾਥੀ ਦੀ ਲੋੜ ਹੈ ਜੋ ਤੁਹਾਡੇ ਅਸੂਲਾਂ ਦੀ ਕਦਰ ਕਰਦਾ ਹੋਵੇ ਅਤੇ ਜਿਸ ਨੂੰ ਤੁਹਾਡੀ ਇੱਜ਼ਤ ਦੀ ਪਰਵਾਹ ਹੋਵੇ।
ਤੁਸੀਂ ਕੀ ਕਹੋਗੇ?
“ਜਦ ਮੈਂ ਸਕੂਲੇ ਸੱਤਵੀਂ-ਅੱਠਵੀਂ ਕਲਾਸ ਵਿਚ ਪੜ੍ਹਦੀ ਸੀ, ਤਾਂ ਮੁੰਡੇ ਪਿੱਛਿਓਂ ਦੀ ਆ ਕੇ ਮੇਰੀ ਬ੍ਰਾ ਖਿੱਚਦੇ ਸਨ। ਉਹ ਗੰਦੀਆਂ ਗੱਲਾਂ ਕਹਿੰਦੇ ਸਨ ਜਿਵੇਂ ਕਿ ਉਨ੍ਹਾਂ ਨਾਲ ਸੈਕਸ ਕਰ ਕੇ ਮੈਨੂੰ ਬਹੁਤ ਚੰਗਾ ਲੱਗੇਗਾ।”
—ਕੌਰੈਟਾ।
ਤੁਹਾਡੇ ਖ਼ਿਆਲ ਵਿਚ ਇਹ ਮੁੰਡੇ ਕੌਰੈਟਾ ਨਾਲ ਕੀ ਕਰ ਰਹੇ ਸਨ?
-
ਮਜ਼ਾਕ?
-
ਇਸ਼ਕਬਾਜ਼ੀ?
-
ਅਸ਼ਲੀਲ ਛੇੜਖਾਨੀ?
“ਬੱਸ ਵਿਚ ਇਕ ਮੁੰਡਾ ਮੈਨੂੰ ਬੇਹੁਦਾ ਗੱਲਾਂ ਕਹਿਣ ਲੱਗ ਪਿਆ ਅਤੇ ਫਿਰ ਮੈਨੂੰ ਛੋਹਣ ਦੀ ਕੋਸ਼ਿਸ਼ ਕਰਨ ਲੱਗਾ। ਮੈਂ ਉਸ ਦਾ ਹੱਥ ਚੁੱਕ ਕੇ ਪਰਾਂ ਮਾਰਿਆ ਅਤੇ ਉਸ ਨੂੰ ਉੱਥੋਂ ਹਟਣ ਲਈ ਕਿਹਾ। ਉਸ ਨੇ ਮੇਰੇ ਵੱਲ ਇੱਦਾਂ ਦੇਖਿਆ ਜਿੱਦਾਂ ਮੈਂ ਪਾਗਲ ਹੋਵਾਂ।”
—ਕੈਂਡਿਸ।
ਤੁਹਾਡੇ ਖ਼ਿਆਲ ਵਿਚ ਇਹ ਮੁੰਡਾ ਕੈਂਡਿਸ ਨਾਲ ਕੀ ਕਰ ਰਿਹਾ ਸੀ?
-
ਮਜ਼ਾਕ?
-
ਇਸ਼ਕਬਾਜ਼ੀ?
-
ਅਸ਼ਲੀਲ ਛੇੜਖਾਨੀ?
“ਪਿਛਲੇ ਸਾਲ ਇਕ ਮੁੰਡਾ ਮੈਨੂੰ ਕਹਿੰਦਾ ਰਿਹਾ ਕਿ ਉਹ ਮੈਨੂੰ ਪਸੰਦ ਕਰਦਾ ਸੀ ਅਤੇ ਮੇਰਾ ਬੁਆਏ-ਫ੍ਰੈਂਡ ਬਣਨਾ ਚਾਹੁੰਦਾ ਸੀ ਜਦਕਿ ਮੈਂ ਉਸ ਨੂੰ ਵਾਰ-ਵਾਰ ਮਨ੍ਹਾ ਕਰਦੀ ਰਹੀ। ਕਦੀ-ਕਦੀ ਉਹ ਮੇਰੀ ਬਾਂਹ ਪਲੋਸਦਾ ਹੁੰਦਾ ਸੀ। ਮੇਰੇ ਮਨ੍ਹਾ ਕਰਨ ਤੇ ਵੀ ਉਹ ਹਟਦਾ ਨਹੀਂ ਸੀ। ਇਕ ਦਿਨ ਜਦੋਂ ਮੈਂ ਆਪਣੀ ਜੁੱਤੀ ਪਾਉਣ ਲਈ ਥੱਲੇ ਨੂੰ ਝੁਕੀ, ਤਾਂ ਉਸ ਨੇ ਮੇਰੇ ਪਿੱਛੇ ਹੱਥ ਮਾਰਿਆ।”
—ਬੈਥਨੀ।
ਤੁਹਾਡੇ ਖ਼ਿਆਲ ਵਿਚ ਇਹ ਮੁੰਡਾ ਕੀ ਕਰ ਰਿਹਾ ਸੀ?
-
ਮਜ਼ਾਕ?
-
ਇਸ਼ਕਬਾਜ਼ੀ?
-
ਅਸ਼ਲੀਲ ਛੇੜਖਾਨੀ?
ਸਾਰੇ ਸਵਾਲਾਂ ਦਾ ਜਵਾਬ ਨੰਬਰ 3 ਹੈ।
ਅਸ਼ਲੀਲ ਛੇੜਖਾਨੀ ਕਿਸ ਮਾਅਨੇ ਵਿਚ ਇਸ਼ਕਬਾਜ਼ੀ ਜਾਂ ਮਜ਼ਾਕ ਤੋਂ ਅਲੱਗ ਹੈ?
ਇਸ਼ਕਬਾਜ਼ੀ ਜਾਂ ਮਜ਼ਾਕ ਵਿਚ ਆਮ ਤੌਰ ਤੇ ਮੁੰਡਾ-ਕੁੜੀ ਦੋਵੇਂ ਸ਼ਾਮਲ ਹੁੰਦੇ ਹਨ। ਪਰ ਅਸ਼ਲੀਲ ਛੇੜਖਾਨੀ ਇਕ ਜਣਾ ਕਰਦਾ ਹੈ ਅਤੇ ਦੂਜੇ ਦੇ ਮਨ੍ਹਾ ਕਰਨ ਤੇ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ।
ਅਸ਼ਲੀਲ ਛੇੜਖਾਨੀ ਇਕ ਗੰਭੀਰ ਮਸਲਾ ਹੈ। ਇਹ ਬਲਾਤਕਾਰ ਜਾਂ ਹੋਰ ਘਿਣਾਉਣੇ ਕੰਮਾਂ ਵੱਲ ਲਿਜਾ ਸਕਦੀ ਹੈ।
^ ਪੈਰਾ 4 ਭਾਵੇਂ ਇਸ ਲੇਖ ਵਿਚ ਕੁੜੀਆਂ ਦੀ ਗੱਲ ਕੀਤੀ ਗਈ ਹੈ, ਪਰ ਇਹ ਸਲਾਹ ਮੁੰਡਿਆਂ ’ਤੇ ਵੀ ਲਾਗੂ ਹੁੰਦੀ ਹੈ।