ਪੰਦਰ੍ਹਵਾਂ ਪਾਠ
ਪਰਮੇਸ਼ੁਰ ਦੇ ਦੋਸਤ ਚੰਗੇ ਕੰਮ ਕਰਦੇ ਹਨ
ਜਦੋਂ ਤੁਹਾਡਾ ਅਜਿਹਾ ਕੋਈ ਮਿੱਤਰ ਹੁੰਦਾ ਹੈ ਜਿਸ ਦਾ ਤੁਸੀਂ ਆਦਰ-ਮਾਣ ਕਰਦੇ ਹੋ, ਤਾਂ ਤੁਸੀਂ ਉਸ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹੋ। ਬਾਈਬਲ ਕਹਿੰਦੀ ਹੈ ਕਿ “ਯਹੋਵਾਹ ਭਲਾ ਅਰ ਸੱਚਾ ਹੈ।” (ਜ਼ਬੂਰ 25:8) ਪਰਮੇਸ਼ੁਰ ਦੇ ਦੋਸਤ ਬਣਨ ਲਈ ਸਾਨੂੰ ਵੀ ਭਲੇ ਅਤੇ ਸੱਚੇ ਹੋਣਾ ਚਾਹੀਦਾ ਹੈ। ਬਾਈਬਲ ਕਹਿੰਦੀ ਹੈ ਕਿ “ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ ਅਤੇ ਪ੍ਰੇਮ ਨਾਲ ਚੱਲੋ।” (ਅਫ਼ਸੀਆਂ 5:1, 2) ਇਸ ਤਰ੍ਹਾਂ ਕਰਨ ਲਈ ਹੇਠਾਂ ਕੁਝ ਤਰੀਕੇ ਦੱਸੇ ਗਏ ਹਨ:
ਲੋਕਾਂ ਦੀ ਮਦਦ ਕਰੋ। ‘ਸਭਨਾਂ ਦਾ ਭਲਾ ਕਰੋ।’—ਗਲਾਤੀਆਂ 6:10.
ਮਿਹਨਤ ਕਰੋ। “ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰ ਕੇ ਭਲਾ ਕੰਮ ਕਰੇ।”—ਅਫ਼ਸੀਆਂ 4:28.
ਆਪਣਾ ਸਰੀਰ ਅਤੇ ਆਪਣੀ ਜ਼ਿੰਦਗੀ ਸ਼ੁੱਧ ਰੱਖੋ। ਸਾਨੂੰ ਪਰਮੇਸ਼ੁਰ ਦਾ ਡਰ ਮੰਨਦੇ ਹੋਏ ਆਪਣੇ ਆਪ ਨੂੰ ਹਰ ਤਰ੍ਹਾਂ ਦੀ ਗੰਦਗੀ ਤੋਂ ਪੂਰੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ।—2 ਕੁਰਿੰਥੀਆਂ 7:1.
ਦੂਸਰਿਆਂ ਨਾਲ ਪ੍ਰੇਮ ਕਰੋ। “ਆਓ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ ਕਿਉਂ ਜੋ ਪ੍ਰੇਮ ਪਰਮੇਸ਼ੁਰ ਤੋਂ ਹੈ।”—1 ਯੂਹੰਨਾ 4:7.
ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰੋ। “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ . . . ਸਭਨਾਂ ਦਾ ਹੱਕ ਭਰ ਦਿਓ। ਜਿਹ ਨੂੰ ਹਾਲਾ ਚਾਹੀਦਾ ਹੈ ਹਾਲਾ ਦਿਓ, ਜਿਹ ਨੂੰ ਮਸੂਲ ਚਾਹੀਦਾ ਹੈ ਮਸੂਲ ਦਿਓ।”—ਰੋਮੀਆਂ 13:1, 7.