ਦੂਜਾ ਪਾਠ
ਪਰਮੇਸ਼ੁਰ ਤੁਹਾਡਾ ਜਿਗਰੀ ਦੋਸਤ ਬਣ ਸਕਦਾ ਹੈ
ਪਰਮੇਸ਼ੁਰ ਨਾਲ ਦੋਸਤੀ ਕਰਨੀ ਤੁਹਾਡੇ ਲਈ ਸਭ ਤੋਂ ਵਧੀਆ ਗੱਲ ਹੋਵੇਗੀ। ਪਰਮੇਸ਼ੁਰ ਤੁਹਾਨੂੰ ਇਹ ਸਿਖਾਵੇਗਾ ਕਿ ਤੁਸੀਂ ਸੁਖੀ ਕਿਵੇਂ ਰਹਿ ਸਕਦੇ ਹੋ; ਉਹ ਤੁਹਾਨੂੰ ਕਈ ਗ਼ਲਤ ਸਿੱਖਿਆਵਾਂ ਅਤੇ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਤੋਂ ਛੁਟਕਾਰਾ ਦੇਵੇਗਾ। ਉਹ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣੇਗਾ। ਉਹ ਤੁਹਾਨੂੰ ਮਨ ਦੀ ਸ਼ਾਂਤੀ ਅਤੇ ਹਿੰਮਤ ਹਾਸਲ ਕਰਨ ਵਿਚ ਮਦਦ ਦੇਵੇਗਾ। (ਜ਼ਬੂਰ 71:5; 73:28) ਜ਼ਿੰਦਗੀ ਦੀਆਂ ਔਖੀਆਂ ਘੜੀਆਂ ਦੌਰਾਨ ਪਰਮੇਸ਼ੁਰ ਤੁਹਾਨੂੰ ਸਹਾਰਾ ਦੇਵੇਗਾ। (ਜ਼ਬੂਰ 18:18) ਇਸ ਤੋਂ ਵੀ ਵੱਧ ਪਰਮੇਸ਼ੁਰ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ੇਗਾ।—ਰੋਮੀਆਂ 6:23.
ਪਰਮੇਸ਼ੁਰ ਦੇ ਨੇੜੇ ਜਾਣ ਤੇ ਤੁਸੀਂ ਉਸ ਦੇ ਦੋਸਤਾਂ ਦੇ ਨੇੜੇ ਵੀ ਜਾਓਗੇ। ਉਹ ਵੀ ਤੁਹਾਡੇ ਦੋਸਤ ਬਣਨਗੇ। ਦਰਅਸਲ, ਉਹ ਤੁਹਾਡੇ ਲਈ ਭੈਣ-ਭਰਾਵਾਂ ਵਰਗੇ ਹੋਣਗੇ। ਉਹ ਖ਼ੁਸ਼ੀ-ਖ਼ੁਸ਼ੀ ਤੁਹਾਨੂੰ ਪਰਮੇਸ਼ੁਰ ਬਾਰੇ ਸਿਖਾਉਣਗੇ, ਤੁਹਾਡੀ ਮਦਦ ਕਰਨਗੇ, ਅਤੇ ਤੁਹਾਨੂੰ ਹੌਸਲਾ ਵੀ ਦੇਣਗੇ।
ਅਸੀਂ ਪਰਮੇਸ਼ੁਰ ਦੇ ਬਰਾਬਰ ਨਹੀਂ ਹਾਂ। ਪਰਮੇਸ਼ੁਰ ਨਾਲ ਦੋਸਤੀ ਕਰਦੇ ਸਮੇਂ ਤੁਹਾਨੂੰ ਇਕ ਜ਼ਰੂਰੀ ਗੱਲ ਯਾਦ ਰੱਖਣੀ ਚਾਹੀਦੀ ਹੈ। ਪਰਮੇਸ਼ੁਰ ਨਾਲ ਦੋਸਤੀ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਬਰਾਬਰ ਦੇ ਵਿਅਕਤੀ ਨਾਲ ਦੋਸਤੀ ਕਰ ਰਹੇ ਹੋ। ਉਹ ਸਾਡੇ ਨਾਲੋਂ ਬਹੁਤ ਹੀ ਸਿਆਣਾ ਅਤੇ ਬੁੱਧੀਮਾਨ ਹੈ ਅਤੇ ਉਸ ਕੋਲ ਸਾਡੇ ਨਾਲੋਂ ਕਿਤੇ ਜ਼ਿਆਦਾ ਤਾਕਤ ਵੀ ਹੈ। ਉਸ ਕੋਲ ਸਾਡੇ ਉੱਤੇ ਰਾਜ ਕਰਨ ਦਾ ਹੱਕ ਹੈ। ਇਸ ਲਈ ਜੇ ਅਸੀਂ ਉਸ ਦੇ ਮਿੱਤਰ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਦੀ ਗੱਲ ਸੁਣਨੀ ਅਤੇ ਮੰਨਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਸਾਡਾ ਹੀ ਭਲਾ ਹੋਵੇਗਾ।—ਯਸਾਯਾਹ 48:18.