Skip to content

Skip to table of contents

ਤੀਜਾ ਪਾਠ

ਤੁਹਾਨੂੰ ਪਰਮੇਸ਼ੁਰ ਬਾਰੇ ਸਿੱਖਣ ਦੀ ਲੋੜ ਹੈ

ਤੁਹਾਨੂੰ ਪਰਮੇਸ਼ੁਰ ਬਾਰੇ ਸਿੱਖਣ ਦੀ ਲੋੜ ਹੈ

ਪਰਮੇਸ਼ੁਰ ਨਾਲ ਦੋਸਤੀ ਕਰਨ ਲਈ ਤੁਹਾਨੂੰ ਉਸ ਬਾਰੇ ਸਿੱਖਣ ਦੀ ਲੋੜ ਹੈ। ਇਹ ਸੱਚ ਹੈ ਕਿ ਤੁਹਾਡੇ ਦੋਸਤ ਤੁਹਾਡਾ ਨਾਂ ਹੀ ਨਹੀਂ ਜਾਣਦੇ, ਸਗੋਂ ਤੁਹਾਨੂੰ ਨਾਂ ਲੈ ਕੇ ਬੁਲਾਉਂਦੇ ਵੀ ਹਨ। ਇਸੇ ਤਰ੍ਹਾਂ, ਪਰਮੇਸ਼ੁਰ ਵੀ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਜਾਣੀਏ ਅਤੇ ਉਸ ਦਾ ਨਾਂ ਲੈ ਕੇ ਉਸ ਨੂੰ ਪੁਕਾਰੀਏ। ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। (ਜ਼ਬੂਰ 83:18; ਮੱਤੀ 6:9) ਤੁਹਾਨੂੰ ਇਹ ਵੀ ਸਿੱਖਣ ਦੀ ਲੋੜ ਹੈ ਕਿ ਉਸ ਨੂੰ ਕੀ ਪਸੰਦ ਹੈ ਅਤੇ ਕੀ ਨਹੀਂ। ਤੁਹਾਨੂੰ ਉਸ ਦੇ ਦੋਸਤਾਂ ਅਤੇ ਦੁਸ਼ਮਣਾਂ ਨੂੰ ਪਛਾਣਨ ਦੀ ਲੋੜ ਹੈ। ਪਰ ਕਿਸੇ ਨੂੰ ਜਾਣਨ ਵਿਚ ਸਮਾਂ ਲੱਗਦਾ ਹੈ। ਇਸ ਲਈ, ਬਾਈਬਲ ਸਾਨੂੰ ਦੱਸਦੀ ਹੈ ਕਿ ਜੇਕਰ ਅਸੀਂ ਯਹੋਵਾਹ ਨੂੰ ਜਾਣਨ ਲਈ ਸਮਾਂ ਕੱਢੀਏ, ਤਾਂ ਇਹ ਸਾਡੇ ਲਈ ਅਕਲਮੰਦੀ ਦੀ ਗੱਲ ਹੋਵੇਗੀ।​—ਅਫ਼ਸੀਆਂ 5:15, 16.

ਪਰਮੇਸ਼ੁਰ ਦੇ ਮਿੱਤਰ ਉਹ ਕੰਮ ਕਰਦੇ ਹਨ ਜੋ ਉਸ ਨੂੰ ਪਸੰਦ ਹਨ। ਆਪਣਿਆਂ ਦੋਸਤਾਂ ਬਾਰੇ ਸੋਚੋ। ਜੇਕਰ ਤੁਸੀਂ ਉਨ੍ਹਾਂ ਨਾਲ ਬੁਰਾ ਸਲੂਕ ਕਰੋ ਅਤੇ ਉਹ ਕੰਮ ਕਰੋ ਜਿਨ੍ਹਾਂ ਤੋਂ ਉਨ੍ਹਾਂ ਨੂੰ ਨਫ਼ਰਤ ਹੈ, ਤਾਂ ਕੀ ਉਹ ਤੁਹਾਡੇ ਦੋਸਤ ਬਣੇ ਰਹਿਣਗੇ? ਬਿਲਕੁਲ ਨਹੀਂ! ਇਸੇ ਤਰ੍ਹਾਂ ਜੇਕਰ ਤੁਸੀਂ ਪਰਮੇਸ਼ੁਰ ਦੇ ਦੋਸਤ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉਹ ਕੰਮ ਕਰਨੇ ਚਾਹੀਦੇ ਹਨ ਜੋ ਉਸ ਨੂੰ ਪਸੰਦ ਹਨ।​—ਯੂਹੰਨਾ 4:24.

ਸਾਰੇ ਧਰਮ ਪਰਮੇਸ਼ੁਰ ਨੂੰ ਪਸੰਦ ਨਹੀਂ ਹਨ। ਪਰਮੇਸ਼ੁਰ ਦਾ ਪੁੱਤਰ ਯਿਸੂ, ਉਸ ਦਾ ਜਿਗਰੀ ਦੋਸਤ ਹੈ। ਯਿਸੂ ਨੇ ਦੋ ਰਾਹਾਂ ਬਾਰੇ ਗੱਲ ਕੀਤੀ ਸੀ। ਇਕ ਰਾਹ ਬਹੁਤ ਹੀ ਚੌੜਾ ਹੈ ਜਿਸ ਉੱਤੇ ਬਹੁਤ ਸਾਰੇ ਲੋਕ ਚੱਲਦੇ ਹਨ। ਇਹ ਰਾਹ ਨਾਸ਼ ਨੂੰ ਜਾਂਦਾ ਹੈ। ਦੂਜਾ ਰਾਹ ਬਹੁਤ ਹੀ ਭੀੜਾ ਹੈ ਜਿਸ ਉੱਤੇ ਥੋੜ੍ਹੇ ਲੋਕ ਚੱਲਦੇ ਹਨ। ਪਰ ਇਹ ਰਾਹ ਹਮੇਸ਼ਾ ਦੀ ਜ਼ਿੰਦਗੀ ਵੱਲ ਲੈ ਜਾਂਦਾ ਹੈ। ਇਸ ਲਈ ਜੇ ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਦੀ ਭਗਤੀ ਸਹੀ ਤਰ੍ਹਾਂ ਕਰਨੀ ਸਿੱਖਣੀ ਚਾਹੀਦੀ ਹੈ।​—ਮੱਤੀ 7:13, 14.