Skip to content

Skip to table of contents

ਛੇਵਾਂ ਪਾਠ

ਫਿਰਦੌਸ ਨੇੜੇ ਹੈ!

ਫਿਰਦੌਸ ਨੇੜੇ ਹੈ!

ਸਾਨੂੰ ਪਤਾ ਹੈ ਕਿ ਫਿਰਦੌਸ ਨੇੜੇ ਹੈ ਕਿਉਂਕਿ ਧਰਤੀ ਦੀਆਂ ਹਾਲਤਾਂ ਬੁਰੀਆਂ ਹਨ। ਬਾਈਬਲ ਦੱਸਦੀ ਹੈ ਕਿ ਫਿਰਦੌਸ ਆਉਣ ਤੋਂ ਪਹਿਲਾਂ ਅਸੀਂ ਭੈੜੇ ਸਮੇਂ ਦੇਖਾਂਗੇ। ਅੱਜ ਅਸੀਂ ਅਜਿਹੇ ਸਮੇਂ ਵਿਚ ਰਹਿੰਦੇ ਹਾਂ! ਹੇਠਾਂ ਕੁਝ ਗੱਲਾਂ ਹਨ ਜਿਨ੍ਹਾਂ ਬਾਰੇ ਬਾਈਬਲ ਨੇ ਪਹਿਲਾਂ ਹੀ ਦੱਸਿਆ ਸੀ:

ਵੱਡੇ ਯੁੱਧ। “ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ।” (ਮੱਤੀ 24:7) ਇਹ ਭਵਿੱਖਬਾਣੀ ਪੂਰੀ ਹੋਈ ਹੈ। ਸਾਲ 1914 ਤੋਂ ਲੈ ਕੇ, ਦੋ ਵਿਸ਼ਵ ਯੁੱਧ ਹੋ ਚੁੱਕੇ ਹਨ ਅਤੇ ਕਈ ਛੋਟੀਆਂ-ਛੋਟੀਆਂ ਲੜਾਈਆਂ ਹੋ ਚੁੱਕੀਆਂ ਹਨ। ਇਨ੍ਹਾਂ ਵਿਚ ਲੱਖਾਂ ਹੀ ਲੋਕ ਮਾਰੇ ਗਏ ਹਨ।

ਬੀਮਾਰੀਆਂ। ‘ਥਾਂ ਥਾਂ ਮਹਾਂਮਾਰੀਆਂ ਪੈਣਗੀਆਂ।’ (ਲੂਕਾ 21:11) ਕੀ ਇਹ ਭਵਿੱਖਬਾਣੀ ਪੂਰੀ ਹੋਈ ਹੈ? ਜੀ ਹਾਂ। ਕੈਂਸਰ, ਦਿਲ ਦੇ ਰੋਗ, ਟੀ. ਬੀ., ਮਲੇਰੀਆ, ਏਡਜ਼, ਅਤੇ ਹੋਰਨਾਂ ਬੀਮਾਰੀਆਂ ਨੇ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਲਈਆਂ ਹਨ।

ਰੋਟੀ ਦੀ ਕਮੀ। ਧਰਤੀ ਉੱਤੇ ਕਈਆਂ ਲੋਕਾਂ ਨੂੰ ਢਿੱਡ ਭਰਨ ਜੋਗੀ ਰੋਟੀ ਵੀ ਨਹੀਂ ਮਿਲਦੀ। ਹਰ ਸਾਲ ਲੱਖਾਂ ਹੀ ਲੋਕ ਭੁੱਖਮਰੀ ਦੇ ਕਾਰਨ ਮਰਦੇ ਹਨ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ “ਕਾਲ ਪੈਣਗੇ।” (ਮਰਕੁਸ 13:8) ਇਹ ਇਕ ਹੋਰ ਨਿਸ਼ਾਨ ਹੈ ਜੋ ਦਿਖਾਉਂਦਾ ਹੈ ਕਿ ਫਿਰਦੌਸ ਬਹੁਤ ਨੇੜੇ ਹੈ।

ਭੁਚਾਲ। “ਥਾਂ ਥਾਂ . . . ਭੁਚਾਲ ਆਉਣਗੇ।” (ਮੱਤੀ 24:7) ਇਹ ਵੀ ਸਾਡੇ ਸਮੇਂ ਵਿਚ ਪੂਰਾ ਹੋਇਆ ਹੈ। ਸਾਲ 1914 ਤੋਂ ਲੈ ਕੇ ਹੁਣ ਤਕ ਦਸ ਲੱਖ ਤੋਂ ਜ਼ਿਆਦਾ ਲੋਕ ਭੁਚਾਲਾਂ ਵਿਚ ਮਰੇ ਹਨ।

ਦੁਸ਼ਟ ਲੋਕ। ਭਵਿੱਖਬਾਣੀ ਵਿਚ ਕਿਹਾ ਗਿਆ ਸੀ ਕਿ ਲੋਕ ਆਪਣੇ ਆਪ ਨੂੰ ਅਤੇ ਧਨ-ਦੌਲਤ ਨੂੰ ਜ਼ਿਆਦਾ ਪਿਆਰ ਕਰਨਗੇ। ਉਹ “ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।” ਬੱਚੇ ਮਾਪਿਆਂ ਦਾ ਕਹਿਣਾ ਨਹੀਂ ਮੰਨਣਗੇ। (2 ਤਿਮੋਥਿਉਸ 3:1-5) ਕੀ ਇਹ ਗੱਲ ਸੱਚ ਨਹੀਂ ਕਿ ਅੱਜ-ਕੱਲ੍ਹ ਇਸ ਤਰ੍ਹਾਂ ਦੇ ਬਹੁਤ ਲੋਕ ਹਨ? ਉਹ ਪਰਮੇਸ਼ੁਰ ਦਾ ਜ਼ਰਾ ਵੀ ਆਦਰ ਨਹੀਂ ਕਰਦੇ। ਉਹ ਉਨ੍ਹਾਂ ਲੋਕਾਂ ਨੂੰ ਤੰਗ ਕਰਦੇ ਹਨ ਜੋ ਪਰਮੇਸ਼ੁਰ ਬਾਰੇ ਸਿੱਖਣ ਦੀ ਕੋਸ਼ਿਸ਼ ਕਰਦੇ ਹਨ।

ਜ਼ੁਲਮ। ਬੇਈਮਾਨੀ ਵਧੇਗੀ। (ਮੱਤੀ 24:12) ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਜ਼ੁਲਮ ਅੱਗੇ ਨਾਲੋਂ ਕਿਤੇ ਜ਼ਿਆਦਾ ਵੱਧ ਗਿਆ ਹੈ। ਹਰ ਜਗ੍ਹਾ ਲੋਕਾਂ ਨੂੰ ਇਹੀ ਡਰ ਹੁੰਦਾ ਹੈ ਕਿ ਉਹ ਕਿਤੇ ਲੁੱਟੇ ਜਾਂ ਠੱਗੇ ਨਾ ਜਾਣ, ਜਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ।

ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਨੇੜੇ ਹੈ। ਬਾਈਬਲ ਕਹਿੰਦੀ ਹੈ: “ਜਾਂ ਤੁਸੀਂ ਵੇਖੋ ਭਈ ਏਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ੁਰ ਦਾ ਰਾਜ ਨੇੜੇ ਹੈ।” (ਲੂਕਾ 21:31) ਪਰਮੇਸ਼ੁਰ ਦਾ ਰਾਜ ਕੀ ਹੈ? ਇਹ ਪਰਮੇਸ਼ੁਰ ਦੀ ਸਵਰਗੀ ਸਰਕਾਰ ਹੈ ਜੋ ਧਰਤੀ ਨੂੰ ਫਿਰਦੌਸ ਬਣਾਵੇਗੀ। ਪਰਮੇਸ਼ੁਰ ਦਾ ਰਾਜ ਮਨੁੱਖਾਂ ਦੀਆਂ ਸਰਕਾਰਾਂ ਦੀ ਥਾਂ ਹਕੂਮਤ ਕਰੇਗਾ।​—ਦਾਨੀਏਲ 2:44.