ਪ੍ਰਬੰਧਕ ਸਭਾ ਤੋਂ ਚਿੱਠੀ
ਹੇ ਯਹੋਵਾਹ ਦੇ ਪ੍ਰੇਮੀਓ:
ਯਿਸੂ ਨੇ ਕਿਹਾ ਸੀ ਕਿ “ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।” (ਯੂਹੰਨਾ 8:32) ਕਿੰਨਾ ਹੌਸਲਾ ਮਿਲਦਾ ਹੈ ਇਨ੍ਹਾਂ ਸ਼ਬਦਾਂ ਤੋਂ! ਭਾਵੇਂ ਕਿ ਅੱਜ ਇਨ੍ਹਾਂ ‘ਆਖ਼ਰੀ ਦਿਨਾਂ’ ਵਿਚ ਹਰ ਪਾਸੇ ਝੂਠ ਦਾ ਬੋਲਬਾਲਾ ਹੈ, ਪਰ ਫਿਰ ਵੀ ਸੱਚਾਈ ਨੂੰ ਜਾਣਨਾ ਮੁਮਕਿਨ ਹੈ। (2 ਤਿਮੋਥਿਉਸ 3:1) ਕੀ ਤੁਹਾਨੂੰ ਉਹ ਦਿਨ ਯਾਦ ਹੈ ਜਿਸ ਦਿਨ ਤੁਹਾਨੂੰ ਪਰਮੇਸ਼ੁਰ ਦੇ ਬਚਨ ਵਿਚ ਦੱਸੀ ਸੱਚਾਈ ਪਤਾ ਚੱਲੀ ਸੀ? ਕਿੰਨੀ ਖ਼ੁਸ਼ੀ ਹੋਈ ਹੋਣੀ ਤੁਹਾਨੂੰ ਉਸ ਦਿਨ!
ਪਰ ਸੱਚਾਈ ਦਾ ਗਿਆਨ ਹੋਣ ਅਤੇ ਦੂਜਿਆਂ ਨੂੰ ਇਸ ਬਾਰੇ ਦੱਸਣ ਦੇ ਨਾਲ-ਨਾਲ ਸੱਚਾਈ ਦੇ ਰਾਹ ਉੱਤੇ ਚੱਲਣਾ ਵੀ ਜ਼ਰੂਰੀ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਯਹੋਵਾਹ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਇਸ ਸਵਾਲ ਦਾ ਜਵਾਬ ਦਿੱਤਾ ਸੀ। ਉਸ ਨੇ ਆਪਣੇ ਵਫ਼ਾਦਾਰ ਚੇਲਿਆਂ ਨੂੰ ਦੱਸਿਆ ਸੀ: “ਜੇ ਤੁਸੀਂ ਮੇਰੇ ਹੁਕਮ ਮੰਨੋਗੇ, ਤਾਂ ਤੁਸੀਂ ਮੇਰੇ ਪਿਆਰ ਦੇ ਲਾਇਕ ਬਣੇ ਰਹੋਗੇ, ਠੀਕ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮ ਮੰਨ ਕੇ ਆਪਣੇ ਆਪ ਨੂੰ ਉਸ ਦੇ ਪਿਆਰ ਦੇ ਲਾਇਕ ਬਣਾਈ ਰੱਖਦਾ ਹਾਂ।”—ਯੂਹੰਨਾ 15:10.
ਧਿਆਨ ਦਿਓ ਕਿ ਯਿਸੂ ਨੇ ਆਪਣੇ ਪਿਤਾ ਦੇ ਹੁਕਮ ਮੰਨ ਕੇ ਉਸ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਿਆ ਸੀ। ਅਸੀਂ ਵੀ ਹਰ ਦਿਨ ਸੱਚਾਈ ਦੇ ਰਾਹ ਉੱਤੇ ਚੱਲ ਕੇ ਇਸ ਤਰ੍ਹਾਂ ਕਰ ਸਕਦੇ ਹਾਂ। ਯਿਸੂ ਨੇ ਇਹ ਵੀ ਕਿਹਾ ਸੀ: “ਤੁਸੀਂ ਹੁਣ ਇਹ ਗੱਲਾਂ ਜਾਣ ਗਏ ਹੋ। ਜੇ ਤੁਸੀਂ ਇਨ੍ਹਾਂ ਗੱਲਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ।”—ਯੂਹੰਨਾ 13:17.
ਸਾਨੂੰ ਪੂਰੀ ਉਮੀਦ ਹੈ ਕਿ ਇਸ ਕਿਤਾਬ ਦੀ ਮਦਦ ਨਾਲ ਤੁਸੀਂ ਸੱਚਾਈ ਦੇ ਰਾਹ ਉੱਤੇ ਚੱਲਦੇ ਰਹੋਗੇ ਅਤੇ ਸਦਾ ਦੀ ਜ਼ਿੰਦਗੀ ਪਾਉਣ ਲਈ ਆਪਣੇ ਆਪ ਨੂੰ ‘ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖੋਗੇ।’—ਯਹੂਦਾਹ 21.
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ