ਵਧੇਰੇ ਜਾਣਕਾਰੀ
ਭੈਣਾਂ ਕਦੋਂ ਅਤੇ ਕਿਉਂ ਸਿਰ ਢਕਣ?
ਪੌਲੁਸ ਰਸੂਲ ਨੇ ਇਸ ਸੰਬੰਧੀ ਸਲਾਹ ਦਿੱਤੀ ਸੀ। ਉਸ ਦੀ ਸਲਾਹ ਉੱਤੇ ਗੌਰ ਕਰ ਕੇ ਭੈਣਾਂ ਜਾਣ ਸਕਦੀਆਂ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਉਂ ਸਿਰ ਢਕਣਾ ਚਾਹੀਦਾ ਹੈ? ਇਸ ਤਰ੍ਹਾਂ ਉਹ ਉਹੀ ਕਰਨਗੀਆਂ ਜਿਸ ਨਾਲ ਪਰਮੇਸ਼ੁਰ ਦੀ ਮਹਿਮਾ ਹੋਵੇਗੀ। (1 ਕੁਰਿੰਥੀਆਂ 11:3-16) ਪੌਲੁਸ ਇਸ ਸੰਬੰਧੀ ਤਿੰਨ ਗੱਲਾਂ ਦੱਸਦਾ ਹੈ: (1) ਉਹ ਕੰਮ ਜਿਨ੍ਹਾਂ ਨੂੰ ਕਰਦਿਆਂ ਭੈਣ ਨੂੰ ਸਿਰ ਢਕਣ ਦੀ ਲੋੜ ਹੈ, (2) ਹਾਲਾਤ ਜਿਨ੍ਹਾਂ ਵਿਚ ਭੈਣ ਨੂੰ ਸਿਰ ਢਕਣਾ ਚਾਹੀਦਾ ਹੈ ਅਤੇ (3) ਸਿਰ ਢਕਣ ਦਾ ਮਕਸਦ।
ਕੰਮ। ਪੌਲੁਸ ਦੋ ਕੰਮਾਂ ਦਾ ਜ਼ਿਕਰ ਕਰਦਾ ਹੈ: ਪ੍ਰਾਰਥਨਾ ਅਤੇ ਭਵਿੱਖਬਾਣੀ ਕਰਨੀ। (ਆਇਤਾਂ 4, 5) ਪ੍ਰਾਰਥਨਾ ਯਹੋਵਾਹ ਨਾਲ ਗੱਲ ਕਰਨ ਦਾ ਜ਼ਰੀਆ ਹੈ। ਅੱਜ ਭਵਿੱਖਬਾਣੀ ਕਰਨ ਦਾ ਮਤਲਬ ਹੈ ਕਿਸੇ ਨੂੰ ਬਾਈਬਲ ਦੀ ਸਿੱਖਿਆ ਦੇਣੀ। ਤਾਂ ਫਿਰ, ਕੀ ਪੌਲੁਸ ਦੇ ਕਹਿਣ ਦਾ ਇਹ ਮਤਲਬ ਹੈ ਕਿ ਪ੍ਰਾਰਥਨਾ ਕਰਨ ਅਤੇ ਕਿਸੇ ਨੂੰ ਸਿੱਖਿਆ ਦੇਣ ਵੇਲੇ ਹਰ ਵਾਰ ਭੈਣ ਨੂੰ ਸਿਰ ਢਕਣ ਦੀ ਲੋੜ ਹੈ? ਨਹੀਂ। ਇਹ ਗੱਲ ਉਨ੍ਹਾਂ ਹਾਲਾਤਾਂ ’ਤੇ ਨਿਰਭਰ ਕਰਦੀ ਹੈ ਜਿਨ੍ਹਾਂ ਵਿਚ ਉਹ ਪ੍ਰਾਰਥਨਾ ਕਰਦੀ ਹੈ ਜਾਂ ਸਿੱਖਿਆ ਦਿੰਦੀ ਹੈ।
ਹਾਲਾਤ। ਇਸ ਬਾਰੇ ਪਹਿਲਾਂ ਪੌਲੁਸ ਦੱਸਦਾ ਹੈ: “ਤੀਵੀਂ ਦਾ ਸਿਰ ਆਦਮੀ ਹੈ . . . ਜਿਹੜੀ ਵੀ ਤੀਵੀਂ ਨੰਗੇ ਸਿਰ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦੀ ਹੈ, ਉਹ ਆਪਣੇ ਸਿਰ ਦੀ ਬੇਇੱਜ਼ਤੀ ਕਰਦੀ ਹੈ।” (ਆਇਤਾਂ 3, 5) ਯਹੋਵਾਹ ਨੇ ਪਰਿਵਾਰ ਵਿਚ ਪਤੀ ਨੂੰ ਪਤਨੀ ਦਾ ਸਿਰ ਠਹਿਰਾਇਆ ਹੈ। ਉਸ ਨੂੰ ਆਪਣੇ ਪਤੀ ਦੇ ਇਸ ਅਧਿਕਾਰ ਨੂੰ ਮੰਨਣਾ ਚਾਹੀਦਾ ਹੈ। ਜੇ ਉਹ ਨਹੀਂ ਮੰਨਦੀ ਹੈ ਅਤੇ ਉਹ ਕੰਮ ਕਰਦੀ ਹੈ ਜੋ ਯਹੋਵਾਹ ਨੇ ਪਤੀ ਨੂੰ ਦਿੱਤੇ ਹਨ, ਤਾਂ ਉਹ ਆਪਣੇ ਪਤੀ ਦਾ ਨਿਰਾਦਰ ਕਰਦੀ ਹੈ। ਉਦਾਹਰਣ ਲਈ, ਜੇ ਉਸ ਨੂੰ ਆਪਣੇ ਪਤੀ ਦੀ ਮੌਜੂਦਗੀ ਵਿਚ ਬਾਈਬਲ ਸਟੱਡੀ ਕਰਾਉਣੀ ਪੈਂਦੀ ਹੈ, ਤਾਂ ਉਸ ਨੂੰ ਆਪਣੇ ਪਤੀ ਦੇ ਅਧਿਕਾਰ ਨੂੰ ਮੰਨਦਿਆਂ ਸਿਰ ਢਕਣਾ ਚਾਹੀਦਾ ਹੈ। ਚਾਹੇ ਉਸ ਦੇ ਪਤੀ ਨੇ ਬਪਤਿਸਮਾ ਲਿਆ ਹੈ ਜਾਂ ਨਹੀਂ, ਉਸ ਨੂੰ ਸਿਰ ਢਕਣਾ ਪਵੇਗਾ ਕਿਉਂਕਿ ਉਸ ਦਾ ਪਤੀ ਪਰਿਵਾਰ ਦਾ ਸਿਰ ਹੈ। * ਜੇ ਉਸ ਨੂੰ ਆਪਣੇ ਬਪਤਿਸਮਾ-ਪ੍ਰਾਪਤ ਨਾਬਾਲਗ ਪੁੱਤਰ ਦੀ ਮੌਜੂਦਗੀ ਵਿਚ ਪ੍ਰਾਰਥਨਾ ਕਰਨੀ ਪਵੇ ਜਾਂ ਬਾਈਬਲ ਸਟੱਡੀ ਕਰਾਉਣੀ ਪਵੇ, ਤਾਂ ਵੀ ਉਸ ਨੂੰ ਸਿਰ ਢਕਣ ਦੀ ਲੋੜ ਹੈ। ਇਹ ਇਸ ਕਰਕੇ ਨਹੀਂ ਹੈ ਕਿ ਪੁੱਤਰ ਪਰਿਵਾਰ ਦਾ ਸਿਰ ਹੈ, ਸਗੋਂ ਇਸ ਲਈ ਕਿ ਉਹ ਮੰਡਲੀ ਦਾ ਇਕ ਬਪਤਿਸਮਾ-ਪ੍ਰਾਪਤ ਭਰਾ ਹੈ।
ਫਿਰ ਪੌਲੁਸ ਮੰਡਲੀ ਦੀ ਗੱਲ ਕਰਦਾ ਹੈ: “ਜੇ ਕੋਈ ਇਨਸਾਨ ਇਸ ਦੀ ਬਜਾਇ ਕਿਸੇ ਹੋਰ ਰਿਵਾਜ ਉੱਤੇ ਚੱਲਣ ਦਾ ਝਗੜਾ ਕਰਦਾ ਹੈ, ਤਾਂ ਉਹ ਜਾਣ ਲਵੇ ਕਿ ਨਾ ਸਾਡੇ ਵਿਚ ਅਤੇ ਨਾ ਹੀ ਪਰਮੇਸ਼ੁਰ ਦੀਆਂ ਮੰਡਲੀਆਂ ਵਿਚ ਕੋਈ ਹੋਰ ਰਿਵਾਜ ਹੈ।” (ਆਇਤ 16) ਮੰਡਲੀ ਵਿਚ ਸਿਰਫ਼ ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਸਿਰ ਨਿਯੁਕਤ ਕੀਤਾ ਗਿਆ ਹੈ। (1 ਤਿਮੋਥਿਉਸ 2:11-14; ਇਬਰਾਨੀਆਂ 13:17) ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ ਸਿਰਫ਼ ਭਰਾਵਾਂ ਨੂੰ ਹੀ ਬਜ਼ੁਰਗ ਅਤੇ ਸਹਾਇਕ ਸੇਵਕ ਨਿਯੁਕਤ ਕੀਤਾ ਜਾਂਦਾ ਹੈ। (ਰਸੂਲਾਂ ਦੇ ਕੰਮ 20:28) ਪਰ ਕਈ ਵਾਰੀ ਹੋ ਸਕਦਾ ਹੈ ਕਿ ਕਿਸੇ ਭੈਣ ਨੂੰ ਮੰਡਲੀ ਵਿਚ ਉਹ ਕੰਮ ਕਰਨਾ ਪਵੇ ਜੋ ਬਪਤਿਸਮਾ-ਪ੍ਰਾਪਤ ਭਰਾ ਕਰਦੇ ਹਨ। ਉਦਾਹਰਣ ਲਈ, ਜੇ ਕੋਈ ਬਪਤਿਸਮਾ-ਪ੍ਰਾਪਤ ਭਰਾ ਨਹੀਂ ਹੈ, ਤਾਂ ਉਸ ਨੂੰ ਪ੍ਰਚਾਰ ਸੇਵਾ ਦੀ ਮੀਟਿੰਗ ਲੈਣੀ ਪਵੇ। ਜਾਂ ਫਿਰ ਕਿਸੇ ਬਪਤਿਸਮਾ-ਪ੍ਰਾਪਤ ਭਰਾ ਦੀ ਮੌਜੂਦਗੀ ਵਿਚ ਉਸ ਨੂੰ ਬਾਈਬਲ ਸਟੱਡੀ ਕਰਾਉਣੀ ਪਵੇ। * ਪ੍ਰਚਾਰ ਸੇਵਾ ਦੀ ਮੀਟਿੰਗ ਅਤੇ ਬਾਈਬਲ ਸਟੱਡੀ ਕਰਾਉਣੀ ਮੰਡਲੀ ਵਿਚ ਸਿੱਖਿਆ ਦੇਣ ਦੇ ਬਰਾਬਰ ਹੈ। ਇਸ ਲਈ ਇਹ ਕੰਮ ਕਰਦਿਆਂ ਭੈਣ ਨੂੰ ਆਪਣਾ ਸਿਰ ਢਕਣਾ ਚਾਹੀਦਾ ਹੈ।
ਦੂਜੇ ਪਾਸੇ ਕਈ ਹਾਲਾਤਾਂ ਵਿਚ ਭੈਣ ਨੂੰ ਸਿਰ ਢਕਣ ਦੀ ਲੋੜ ਨਹੀਂ ਹੈ। * ਪਰ ਜੇ ਉਸ ਨੂੰ ਰਿਸਰਚ ਕਰਨ ਤੋਂ ਬਾਅਦ ਵੀ ਪੂਰੀ ਗੱਲ ਸਮਝ ਨਹੀਂ ਆਉਂਦੀ ਜਾਂ ਉਸ ਨੂੰ ਲੱਗੇ ਕਿ ਉਸ ਨੂੰ ਸਿਰ ਢੱਕਣ ਦੀ ਲੋੜ ਹੈ, ਤਾਂ ਉਹ ਕੋਈ ਗ਼ਲਤੀ ਨਹੀਂ ਕਰ ਰਹੀ ਹੋਵੇਗੀ, ਜਿਵੇਂ ਇੱਥੇ ਤਸਵੀਰ ਵਿਚ ਦਿਖਾਇਆ ਗਿਆ ਹੈ।
ਉਦਾਹਰਣ ਲਈ, ਜਦੋਂ ਉਹ ਸਭਾਵਾਂ ਵਿਚ ਟਿੱਪਣੀਆਂ ਕਰਦੀ ਹੈ, ਆਪਣੇ ਪਤੀ ਜਾਂ ਕਿਸੇ ਹੋਰ ਬਪਤਿਸਮਾ-ਪ੍ਰਾਪਤ ਭਰਾ ਨਾਲ ਘਰ-ਘਰ ਪ੍ਰਚਾਰ ਕਰਦੀ ਹੈ ਜਾਂ ਆਪਣੇ ਬੱਚਿਆਂ ਨਾਲ ਸਟੱਡੀ ਜਾਂ ਪ੍ਰਾਰਥਨਾ ਕਰਦੀ ਹੈ ਜਿਨ੍ਹਾਂ ਨੇ ਹਾਲੇ ਬਪਤਿਸਮਾ ਨਹੀਂ ਲਿਆ ਹੈ। ਜੇ ਭੈਣ ਦੇ ਮਨ ਵਿਚ ਇਸ ਸੰਬੰਧੀ ਕੋਈ ਸਵਾਲ ਹੈ, ਤਾਂ ਉਹ ਹੋਰ ਰਿਸਰਚ ਕਰ ਸਕਦੀ ਹੈ।ਮਕਸਦ। ਦਸਵੀਂ ਆਇਤ ਵਿਚ ਸਿਰ ਢਕਣ ਦੇ ਦੋ ਕਾਰਨ ਦੱਸੇ ਗਏ ਹਨ: “ਦੂਤਾਂ ਕਰਕੇ ਤੀਵੀਂ ਨੂੰ ਇਹ ਦਿਖਾਉਣ ਲਈ ਆਪਣਾ ਸਿਰ ਢਕਣਾ ਚਾਹੀਦਾ ਹੈ ਕਿ ਉਹ ਆਪਣੇ ਪਤੀ ਦੇ ਅਧੀਨ ਹੈ।” ਭੈਣ ਆਪਣਾ ਸਿਰ ਢਕ ਕੇ ਦਿਖਾਉਂਦੀ ਹੈ ਕਿ ਉਹ ਯਹੋਵਾਹ ਵੱਲੋਂ ਮੰਡਲੀ ਦੇ ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਦਿੱਤੇ ਅਖ਼ਤਿਆਰ ਦੇ ਅਧੀਨ ਹੈ। ਇਸ ਤਰ੍ਹਾਂ ਕਰਕੇ ਉਹ ਯਹੋਵਾਹ ਪਰਮੇਸ਼ੁਰ ਲਈ ਆਪਣੇ ਪਿਆਰ ਅਤੇ ਵਫ਼ਾਦਾਰੀ ਦਾ ਸਬੂਤ ਦਿੰਦੀ ਹੈ। ਦੂਸਰਾ ਕਾਰਨ, ਭੈਣ ਨੂੰ “ਦੂਤਾਂ ਕਰਕੇ” ਸਿਰ ਢਕਣਾ ਚਾਹੀਦਾ ਹੈ। ਜੇ ਭੈਣ ਸਿਰ ਢਕਦੀ ਹੈ, ਤਾਂ ਇਸ ਦਾ ਦੂਤਾਂ ਉੱਤੇ ਕੀ ਅਸਰ ਪੈਂਦਾ ਹੈ?
ਦੂਤਾਂ ਨੂੰ ਇਹ ਦੇਖ ਕੇ ਬੜੀ ਖ਼ੁਸ਼ੀ ਹੁੰਦੀ ਹੈ ਕਿ ਸਵਰਗ ਅਤੇ ਧਰਤੀ ਉੱਤੇ ਯਹੋਵਾਹ ਦੇ ਸੇਵਕ ਉਸ ਦੇ ਅਧਿਕਾਰ ਨੂੰ ਸਵੀਕਾਰ ਕਰਦੇ ਹਨ। ਜੀ ਹਾਂ, ਦੂਤਾਂ ਨੂੰ ਵੀ ਪਰਮੇਸ਼ੁਰ ਦੇ ਅਧੀਨ ਹੋਣ ਦੀ ਲੋੜ ਹੈ। ਪੁਰਾਣੇ ਸਮਿਆਂ ਵਿਚ ਕਈ ਦੂਤਾਂ ਨੇ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ ਸੀ। (ਯਹੂਦਾਹ 6) ਇਸ ਲਈ, ਅਧੀਨਗੀ ਦੇ ਮਾਮਲੇ ਵਿਚ ਉਹ ਪਾਪੀ ਇਨਸਾਨਾਂ ਤੋਂ ਕੀ ਸਿੱਖ ਸਕਦੇ ਹਨ? ਦੂਤ ਦੇਖਦੇ ਹਨ ਕਿ ਕਈ ਭੈਣਾਂ ਮੰਡਲੀ ਦੇ ਬਪਤਿਸਮਾ-ਪ੍ਰਾਪਤ ਭਰਾਵਾਂ ਤੋਂ ਜ਼ਿਆਦਾ ਸਮਝਦਾਰ ਤੇ ਤਜਰਬੇਕਾਰ ਹਨ, ਫਿਰ ਵੀ ਉਹ ਉਨ੍ਹਾਂ ਦੇ ਅਧਿਕਾਰ ਪ੍ਰਤੀ ਅਧੀਨਗੀ ਦਿਖਾਉਂਦੀਆਂ ਹਨ। ਕੁਝ ਭੈਣਾਂ ਸਵਰਗ ਜਾ ਕੇ ਮਸੀਹ ਨਾਲ ਰਾਜ ਕਰਨਗੀਆਂ। ਇਨ੍ਹਾਂ ਭੈਣਾਂ ਦੀ ਪਦਵੀ ਦੂਤਾਂ ਨਾਲੋਂ ਵੀ ਉੱਚੀ ਹੋਵੇਗੀ। ਸੋ ਭੈਣਾਂ ਦੂਤਾਂ ਲਈ ਵਧੀਆ ਮਿਸਾਲ ਕਾਇਮ ਕਰਦੀਆਂ ਹਨ। ਭੈਣਾਂ ਲਈ ਇਹ ਕਿੰਨੇ ਸਨਮਾਨ ਦੀ ਗੱਲ ਹੈ ਕਿ ਲੱਖਾਂ ਵਫ਼ਾਦਾਰ ਦੂਤ ਉਨ੍ਹਾਂ ਤੋਂ ਵਫ਼ਾਦਾਰੀ ਅਤੇ ਹਲੀਮੀ ਦਾ ਸਬਕ ਸਿੱਖ ਸਕਦੇ ਹਨ!
^ ਪੈਰਾ 3 ਪਤਨੀ ਆਪਣੇ ਪਤੀ ਦੀ ਮੌਜੂਦਗੀ ਵਿਚ ਉੱਚੀ ਆਵਾਜ਼ ਵਿਚ ਪ੍ਰਾਰਥਨਾ ਨਹੀਂ ਕਰੇਗੀ। ਉਹ ਸਿਰਫ਼ ਕੁਝ ਹਾਲਾਤਾਂ ਵਿਚ ਹੀ ਇਸ ਤਰ੍ਹਾਂ ਕਰ ਸਕਦੀ ਹੈ ਜਿਵੇਂ ਕਿ ਜੇ ਉਸ ਦਾ ਪਤੀ ਬੀਮਾਰੀ ਕਾਰਨ ਬੋਲ ਨਹੀਂ ਸਕਦਾ।
^ ਪੈਰਾ 1 ਜੇ ਭੈਣ ਸਟੱਡੀ ਦਾ ਬੰਦੋਬਸਤ ਪਹਿਲਾਂ ਕਰ ਕੇ ਜਾਂਦੀ ਹੈ, ਤਾਂ ਉਸ ਨੂੰ ਉਦੋਂ ਸਿਰ ਢਕਣ ਦੀ ਲੋੜ ਨਹੀਂ ਹੈ ਜੇ ਉਹ ਅਜਿਹੇ ਭਰਾ ਦੀ ਮੌਜੂਦਗੀ ਵਿਚ ਸਟੱਡੀ ਕਰਾਉਂਦੀ ਹੈ ਜਿਸ ਨੇ ਬਪਤਿਸਮਾ ਨਹੀਂ ਲਿਆ ਹੈ।
^ ਪੈਰਾ 2 ਹੋਰ ਜਾਣਕਾਰੀ ਲਈ 15 ਫਰਵਰੀ 2015, ਸਫ਼ਾ 30 ਅਤੇ ਪਹਿਰਾਬੁਰਜ 15 ਜੁਲਾਈ 2002 ਸਫ਼ੇ 26-27 ਦੇਖੋ।