Skip to content

Skip to table of contents

ਪੰਦਰਵਾਂ ਅਧਿਆਇ

ਮਿਹਨਤ ਕਰੋ ਤੇ ਖ਼ੁਸ਼ੀਆਂ ਪਾਓ

ਮਿਹਨਤ ਕਰੋ ਤੇ ਖ਼ੁਸ਼ੀਆਂ ਪਾਓ

“ਹਰੇਕ ਆਦਮੀ . . . ਆਪੋ ਆਪਣੇ ਧੰਦੇ ਦਾ ਲਾਭ ਭੋਗੇ।”​—ਉਪਦੇਸ਼ਕ ਦੀ ਪੋਥੀ 3:13.

1-3. (ੳ) ਬਹੁਤ ਸਾਰੇ ਲੋਕ ਆਪਣੇ ਕੰਮ ਬਾਰੇ ਕਿਵੇਂ ਮਹਿਸੂਸ ਕਰਦੇ ਹਨ? (ਅ) ਕੰਮ ਬਾਰੇ ਬਾਈਬਲ ਵਿਚ ਕੀ ਕਿਹਾ ਗਿਆ ਹੈ ਅਤੇ ਇਸ ਅਧਿਆਇ ਵਿਚ ਅਸੀਂ ਕਿਹੜੇ ਸਵਾਲਾਂ ਉੱਤੇ ਗੌਰ ਕਰਾਂਗੇ?

ਅੱਜ ਜ਼ਿਆਦਾਤਰ ਲੋਕਾਂ ਨੂੰ ਆਪਣੇ ਕੰਮ-ਧੰਦੇ ਕਰਨ ਵਿਚ ਜ਼ਰਾ ਵੀ ਮਜ਼ਾ ਨਹੀਂ ਆਉਂਦਾ। ਉਨ੍ਹਾਂ ਨੂੰ ਘੰਟਿਆਂ ਬੱਧੀ ਲੱਕ-ਤੋੜਵੀਂ ਮਿਹਨਤ ਕਰਨੀ ਪੈਂਦੀ ਹੈ ਜਿਸ ਕਰਕੇ ਉਨ੍ਹਾਂ ਦਾ ਕੰਮ ’ਤੇ ਜਾਣ ਨੂੰ ਮਨ ਨਹੀਂ ਕਰਦਾ। ਅਜਿਹੇ ਲੋਕਾਂ ਨੂੰ ਆਪਣੇ ਕੰਮ ਵਿਚ ਦਿਲਚਸਪੀ ਲੈਣ ਅਤੇ ਇਸ ਤੋਂ ਖ਼ੁਸ਼ੀ ਪਾਉਣ ਦੀ ਪ੍ਰੇਰਣਾ ਕਿੱਥੋਂ ਮਿਲ ਸਕਦੀ ਹੈ?

2 ਬਾਈਬਲ ਸਾਨੂੰ ਮਿਹਨਤ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। ਇਸ ਵਿਚ ਦੱਸਿਆ ਹੈ ਕਿ ਕੰਮ ਅਤੇ ਇਸ ਦੇ ਲਾਭ ਪਰਮੇਸ਼ੁਰ ਵੱਲੋਂ ਦਾਤ ਹਨ। ਸੁਲੇਮਾਨ ਨੇ ਲਿਖਿਆ ਸੀ: “ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।” (ਉਪਦੇਸ਼ਕ ਦੀ ਪੋਥੀ 3:13) ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਹਮੇਸ਼ਾ ਸਾਡੇ ਭਲੇ ਲਈ ਸੋਚਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਕੰਮ ਤੋਂ ਖ਼ੁਸ਼ੀ ਪਾਈਏ ਅਤੇ ਮਿਹਨਤ ਦਾ ਮਿੱਠਾ ਫਲ ਖਾਈਏ। ਇਸ ਲਈ ਜ਼ਰੂਰੀ ਹੈ ਕਿ ਅਸੀਂ ਕੰਮ ਪ੍ਰਤੀ ਉਸ ਦੇ ਨਜ਼ਰੀਏ ਨੂੰ ਧਿਆਨ ਵਿਚ ਰੱਖੀਏ ਅਤੇ ਉਸ ਦੇ ਅਸੂਲਾਂ ਉੱਤੇ ਚੱਲੀਏ।​—ਉਪਦੇਸ਼ਕ ਦੀ ਪੋਥੀ 2:24; 5:18 ਪੜ੍ਹੋ।

3 ਇਸ ਅਧਿਆਇ ਵਿਚ ਅਸੀਂ ਚਾਰ ਸਵਾਲਾਂ ’ਤੇ ਗੌਰ ਕਰਾਂਗੇ: ਅਸੀਂ ਆਪਣੇ ਕੰਮ ਤੋਂ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ? ਮਸੀਹੀਆਂ ਨੂੰ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ? ਆਪਣੀ ਭਗਤੀ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਨੌਕਰੀ ਬਾਰੇ ਕਿਹੜੀ ਗੱਲ ਯਾਦ ਰੱਖਣ ਦੀ ਲੋੜ ਹੈ? ਅੱਜ ਸਭ ਤੋਂ ਮਹੱਤਵਪੂਰਣ ਕੰਮ ਕਿਹੜਾ ਹੈ? ਪਰ ਇਨ੍ਹਾਂ ਸਵਾਲਾਂ ਉੱਤੇ ਗੌਰ ਕਰਨ ਤੋਂ ਪਹਿਲਾਂ ਆਓ ਆਪਾਂ ਦੇਖੀਏ ਕਿ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੇ ਸਾਡੇ ਲਈ ਕੰਮ ਦੇ ਮਾਮਲੇ ਵਿਚ ਕਿਹੋ ਜਿਹੀ ਮਿਸਾਲ ਕਾਇਮ ਕੀਤੀ ਹੈ।

ਯਹੋਵਾਹ ਅਤੇ ਯਿਸੂ ਮਸੀਹ​—ਬਿਹਤਰੀਨ ਮਿਸਾਲ

4, 5. ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਕਦੀ ਵਿਹਲਾ ਨਹੀਂ ਬੈਠਿਆ?

4 ਜਿੰਨਾ ਕੰਮ ਯਹੋਵਾਹ ਕਰਦਾ ਹੈ, ਉੱਨਾ ਕੰਮ ਹੋਰ ਕੋਈ ਨਹੀਂ ਕਰ ਸਕਦਾ। ਉਤਪਤ 1:1 ਵਿਚ ਦੱਸਿਆ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” ਧਰਤੀ ਉੱਤੇ ਸਾਰੀਆਂ ਚੀਜ਼ਾਂ ਬਣਾਉਣ ਤੋਂ ਬਾਅਦ ਉਸ ਨੇ ਆਪਣੇ ਕੰਮ ਨੂੰ “ਬਹੁਤ ਹੀ ਚੰਗਾ” ਕਿਹਾ। (ਉਤਪਤ 1:31) ਦੂਸਰੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ, ਉਸ ਨੂੰ ਆਪਣੇ ਕੰਮ ਤੋਂ ਪੂਰੀ ਤਸੱਲੀ ਅਤੇ ਖ਼ੁਸ਼ੀ ਹੋਈ ਸੀ।

5 ਦੁਨੀਆਂ ਬਣਾਉਣ ਤੋਂ ਬਾਅਦ ਵੀ ਸਾਡਾ ਪਰਮੇਸ਼ੁਰ ਕਦੀ ਵਿਹਲਾ ਨਹੀਂ ਬੈਠਿਆ। ਕਈ ਸਦੀਆਂ ਬਾਅਦ ਯਿਸੂ ਨੇ ਕਿਹਾ ਸੀ: “ਮੇਰਾ ਪਿਤਾ ਅਜੇ ਤਕ ਕੰਮ ਕਰ ਰਿਹਾ ਹੈ।” (ਯੂਹੰਨਾ 5:17) ਉਸ ਦਾ ਪਿਤਾ ਕਿਹੜੇ ਕੰਮ ਕਰ ਰਿਹਾ ਹੈ? ਉਹ ਇਨਸਾਨਾਂ ਨੂੰ ਸੇਧ ਦੇ ਰਿਹਾ ਹੈ ਤੇ ਉਨ੍ਹਾਂ ਦੀ ਦੇਖ-ਭਾਲ ਕਰ ਰਿਹਾ ਹੈ। ਉਸ ਨੇ ਇਕ “ਨਵੀਂ ਸ੍ਰਿਸ਼ਟੀ” ਦੀ ਵੀ ਰਚਨਾ ਕੀਤੀ ਹੈ। ਇਹ ਨਵੀਂ ਸ੍ਰਿਸ਼ਟ ਹੈ ਚੁਣੇ ਹੋਏ ਮਸੀਹੀ ਜਿਹੜੇ ਸਵਰਗ ਵਿਚ ਯਿਸੂ ਨਾਲ ਰਾਜ ਕਰਨਗੇ। (2 ਕੁਰਿੰਥੀਆਂ 5:17) ਉਹ ਆਪਣਾ ਮਕਸਦ ਪੂਰਾ ਕਰਨ ਵਿਚ ਵੀ ਲੱਗਾ ਹੋਇਆ ਹੈ। ਉਸ ਦਾ ਮਕਸਦ ਹੈ ਉਨ੍ਹਾਂ ਲੋਕਾਂ ਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦੇਣੀ ਜੋ ਉਸ ਨੂੰ ਪਿਆਰ ਕਰਦੇ ਹਨ। (ਰੋਮੀਆਂ 6:23) ਯਹੋਵਾਹ ਨੇ ਰਾਜ ਦੇ ਸੰਦੇਸ਼ ਰਾਹੀਂ ਲੱਖਾਂ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ ਅਤੇ ਇਹ ਲੋਕ ਉਸ ਨਾਲ ਆਪਣਾ ਪਿਆਰ ਬਰਕਰਾਰ ਰੱਖਣ ਲਈ ਉਸ ਦੀ ਇੱਛਾ ਮੁਤਾਬਕ ਆਪਣੀ ਜ਼ਿੰਦਗੀ ਜੀ ਰਹੇ ਹਨ। (ਯੂਹੰਨਾ 6:44) ਯਹੋਵਾਹ ਨੂੰ ਪ੍ਰਚਾਰ ਦੇ ਕੰਮ ਦੇ ਨਤੀਜਿਆਂ ਨੂੰ ਦੇਖ ਕੇ ਵੀ ਬਹੁਤ ਖ਼ੁਸ਼ੀ ਹੁੰਦੀ ਹੋਣੀ!

6, 7. ਯਿਸੂ ਨੇ ਕੰਮ ਦੇ ਮਾਮਲੇ ਵਿਚ ਕਿਹੜੀ ਮਿਸਾਲ ਕਾਇਮ ਕੀਤੀ ਹੈ?

6 ਯਿਸੂ ਵੀ ਸਦੀਆਂ ਤੋਂ ਕੰਮ ਕਰ ਰਿਹਾ ਹੈ। ਜਦੋਂ ਪਰਮੇਸ਼ੁਰ ਨੇ “ਸਵਰਗ ਵਿਚ ਅਤੇ ਧਰਤੀ ਉੱਤੇ” ਸਾਰੀਆਂ ਚੀਜ਼ਾਂ ਦੀ ਰਚਨਾ ਕੀਤੀ ਸੀ, ਉਸ ਵੇਲੇ ਯਿਸੂ ਨੇ “ਰਾਜ ਮਿਸਤਰੀ” ਦੇ ਤੌਰ ਤੇ ਕੰਮ ਕੀਤਾ ਸੀ। (ਕਹਾਉਤਾਂ 8:22-31; ਕੁਲੁੱਸੀਆਂ 1:15-17) ਧਰਤੀ ਉੱਤੇ ਰਹਿੰਦਿਆਂ ਵੀ ਯਿਸੂ ਕੰਮ ਕਰਦਾ ਰਿਹਾ। ਉਸ ਨੇ ਤਰਖਾਣ ਦਾ ਕੰਮ ਸਿੱਖਿਆ ਸੀ। (ਮਰਕੁਸ 6:3) ਇਹ ਕੰਮ ਇੰਨਾ ਸੌਖਾ ਨਹੀਂ ਸੀ ਅਤੇ ਇਸ ਵਿਚ ਕੁਸ਼ਲਤਾ ਦੀ ਲੋੜ ਸੀ, ਖ਼ਾਸ ਕਰਕੇ ਉਸ ਜ਼ਮਾਨੇ ਵਿਚ ਜਦੋਂ ਬਿਜਲੀ ਨਾਲ ਚੱਲਣ ਵਾਲੇ ਆਰੇ ਜਾਂ ਸੰਦ ਨਹੀਂ ਹੁੰਦੇ ਸਨ। ਜ਼ਰਾ ਆਪਣੇ ਮਨ ਦੀਆਂ ਅੱਖਾਂ ਨਾਲ ਯਿਸੂ ਨੂੰ ਇਹ ਕੰਮ ਕਰਦਿਆਂ ਦੇਖੋ। ਉਹ ਲੱਕੜਾਂ ਲਈ ਦਰਖ਼ਤ ਵੱਢ ਰਿਹਾ ਹੈ। ਫੇਰ ਲੱਕੜਾਂ ਮੋਢਿਆਂ ਉੱਤੇ ਢੋ ਕੇ ਉਸ ਜਗ੍ਹਾ ਲਿਆ ਰਿਹਾ ਹੈ ਜਿੱਥੇ ਉਸ ਨੇ ਕੰਮ ਕਰਨਾ ਹੈ। ਹੁਣ ਉਹ ਸ਼ਤੀਰ ਤੇ ਬਾਲੇ ਬਣਾ ਕੇ ਘਰ ਦੀ ਛੱਤ ਪਾ ਰਿਹਾ ਹੈ, ਦਰਵਾਜ਼ੇ ਬਣਾ ਕੇ ਲਾ ਰਿਹਾ ਹੈ ਤੇ ਘਰ ਨੂੰ ਸਜਾਉਣ ਲਈ ਥੋੜ੍ਹਾ ਫਰਨੀਚਰ ਵੀ ਬਣਾ ਰਿਹਾ ਹੈ। ਸੋ ਯਿਸੂ ਨੂੰ ਵੀ ਪਤਾ ਹੈ ਕਿ ਮਿਹਨਤ ਤੇ ਲਗਨ ਨਾਲ ਕੰਮ ਕਰ ਕੇ ਕਿੰਨੀ ਖ਼ੁਸ਼ੀ ਮਿਲਦੀ ਹੈ।

7 ਯਿਸੂ ਨੇ ਪ੍ਰਚਾਰ ਦਾ ਅਹਿਮ ਕੰਮ ਵੀ ਬੜੀ ਮਿਹਨਤ ਨਾਲ ਕੀਤਾ ਸੀ। ਸਾਢੇ ਤਿੰਨ ਸਾਲ ਉਹ ਇਹ ਕੰਮ ਲਗਨ ਨਾਲ ਕਰਦਾ ਰਿਹਾ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲਣ ਲਈ ਉਹ ਤੜਕੇ ਉੱਠ ਖੜ੍ਹਦਾ ਸੀ ਤੇ ਦੇਰ ਰਾਤ ਤਕ ਜਾਗਦਾ ਰਹਿੰਦਾ ਸੀ। (ਲੂਕਾ 21:37, 38; ਯੂਹੰਨਾ 3:2) ਉਹ “ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਗਿਆ।” (ਲੂਕਾ 8:1) ਯਿਸੂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਕੱਚੇ ਰਾਹਾਂ ’ਤੇ ਸੈਂਕੜੇ ਮੀਲ ਤੁਰਿਆ।

8, 9. ਕੀ ਯਿਸੂ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ?

8 ਕੀ ਯਿਸੂ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ? ਜੀ ਹਾਂ! ਉਸ ਨੇ ਲੋਕਾਂ ਦੇ ਦਿਲਾਂ ਵਿਚ ਜੋ ਰਾਜ ਦੇ ਬੀ ਬੀਜੇ ਸਨ, ਉਹ ਪੁੰਗਰਨ ਲੱਗ ਪਏ ਸਨ। ਜਦੋਂ ਉਹ ਸਵਰਗ ਵਾਪਸ ਗਿਆ, ਤਾਂ ਉਸ ਵੇਲੇ ਖੇਤ ਪੱਕ ਚੁੱਕੇ ਸਨ। ਉਸ ਨੂੰ ਪਰਮੇਸ਼ੁਰ ਦਾ ਕੰਮ ਕਰ ਕੇ ਇੰਨੀ ਤਾਕਤ ਮਿਲਦੀ ਸੀ ਕਿ ਕਈ ਵਾਰ ਉਹ ਕੰਮ ਕਰਦਿਆਂ ਖਾਣਾ-ਪੀਣਾ ਵੀ ਭੁੱਲ ਜਾਂਦਾ ਸੀ। (ਯੂਹੰਨਾ 4:31-38) ਆਪਣੀ ਸੇਵਕਾਈ ਦੇ ਅੰਤ ਵਿਚ ਆਪਣੇ ਪਿਤਾ ਨੂੰ ਇਹ ਦੱਸਦਿਆਂ ਯਿਸੂ ਨੂੰ ਕਿੰਨੀ ਖ਼ੁਸ਼ੀ ਹੋਈ ਹੋਣੀ: “ਤੂੰ ਮੈਨੂੰ ਜੋ ਕੰਮ ਦਿੱਤਾ ਸੀ, ਮੈਂ ਉਹ ਕੰਮ ਪੂਰਾ ਕਰ ਕੇ ਧਰਤੀ ਉੱਤੇ ਤੇਰੀ ਮਹਿਮਾ ਕੀਤੀ ਹੈ।”​—ਯੂਹੰਨਾ 17:4.

9 ਵਾਕਈ, ਯਹੋਵਾਹ ਅਤੇ ਯਿਸੂ ਨੇ ਕੰਮ ਦੇ ਮਾਮਲੇ ਵਿਚ ਬਿਹਤਰੀਨ ਮਿਸਾਲ ਕਾਇਮ ਕੀਤੀ ਹੈ। ਯਹੋਵਾਹ ਨਾਲ ਪਿਆਰ ਕਰਨ ਕਰਕੇ ਅਸੀਂ ਇਸ ਮਾਮਲੇ ਵਿਚ ‘ਪਰਮੇਸ਼ੁਰ ਦੀ ਰੀਸ’ ਕਰਨੀ ਚਾਹੁੰਦੇ ਹਾਂ। (ਅਫ਼ਸੀਆਂ 5:1) ਯਿਸੂ ਲਈ ਪਿਆਰ ਸਾਨੂੰ ‘ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲਣ’ ਦੀ ਪ੍ਰੇਰਣਾ ਦਿੰਦਾ ਹੈ। (1 ਪਤਰਸ 2:21) ਇਸ ਲਈ ਆਓ ਆਪਾਂ ਦੇਖੀਏ ਕਿ ਅਸੀਂ ਆਪਣੇ ਕੰਮ ਤੋਂ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ।

ਆਪਣੇ ਕੰਮ ਤੋਂ ਖ਼ੁਸ਼ੀ ਕਿਵੇਂ ਪਾਈਏ?

ਬਾਈਬਲ ਦੇ ਅਸੂਲਾਂ ਉੱਤੇ ਚੱਲ ਕੇ ਤੁਸੀਂ ਆਪਣੇ ਕੰਮ ਤੋਂ ਖ਼ੁਸ਼ੀ ਪਾ ਸਕਦੇ ਹੋ

10, 11. ਅਸੀਂ ਕੰਮ ਪ੍ਰਤੀ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ?

10 ਸੱਚੇ ਮਸੀਹੀਆਂ ਲਈ ਕੰਮ ਕਰਨਾ ਜ਼ਰੂਰੀ ਹੈ। ਅਸੀਂ ਆਪਣੇ ਕੰਮ ਤੋਂ ਖ਼ੁਸ਼ੀ ਪਾਉਣੀ ਚਾਹੁੰਦੇ ਹਾਂ। ਪਰ ਜੇ ਕੰਮ ਸਾਡੀ ਪਸੰਦ ਦਾ ਨਾ ਹੋਵੇ, ਤਾਂ ਸਾਨੂੰ ਸ਼ਾਇਦ ਇਹ ਬੋਝ ਲੱਗੇ। ਆਓ ਆਪਾਂ ਦੇਖੀਏ ਕਿ ਅਜਿਹੀ ਹਾਲਤ ਵਿਚ ਆਪਣੇ ਕੰਮ ਤੋਂ ਖ਼ੁਸ਼ੀ ਕਿਵੇਂ ਪਾਈ ਜਾ ਸਕਦੀ ਹੈ।

11 ਕੰਮ ਬਾਰੇ ਸਹੀ ਨਜ਼ਰੀਆ ਰੱਖੋ। ਅਸੀਂ ਆਪਣੇ ਹਾਲਾਤ ਤਾਂ ਨਹੀਂ ਬਦਲ ਸਕਦੇ, ਪਰ ਆਪਣਾ ਰਵੱਈਆ ਜ਼ਰੂਰ ਬਦਲ ਸਕਦੇ ਹਾਂ। ਇਸ ਤਰ੍ਹਾਂ ਕਰਨ ਲਈ ਸਾਨੂੰ ਕੰਮ ਪ੍ਰਤੀ ਪਰਮੇਸ਼ੁਰ ਦੇ ਨਜ਼ਰੀਏ ਉੱਤੇ ਸੋਚ-ਵਿਚਾਰ ਕਰਨ ਦੀ ਲੋੜ ਹੈ। ਮਿਸਾਲ ਲਈ, ਜੇ ਤੁਸੀਂ ਪਰਿਵਾਰ ਦੇ ਮੁਖੀ ਹੋ, ਤਾਂ ਇਸ ਬਾਰੇ ਸੋਚੋ ਕਿ ਤੁਸੀਂ ਕੰਮ ਕਰ ਕੇ, ਭਾਵੇਂ ਇਹ ਕਿੰਨਾ ਹੀ ਮਾਮੂਲੀ ਕਿਉਂ ਨਾ ਹੋਵੇ, ਆਪਣੇ ਪਰਿਵਾਰ ਦਾ ਢਿੱਡ ਭਰਦੇ ਹੋ। ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਹੁਤ ਮਾਅਨੇ ਰੱਖਦੀ ਹੈ। ਉਸ ਦਾ ਬਚਨ ਕਹਿੰਦਾ ਹੈ ਕਿ ਜਿਹੜਾ ਮਸੀਹੀ ਆਪਣੇ ਪਰਿਵਾਰ ਦਾ ਖ਼ਿਆਲ ਨਹੀਂ ਰੱਖਦਾ, “ਉਸ ਨੇ ਨਿਹਚਾ ਕਰਨੀ ਛੱਡ ਦਿੱਤੀ ਹੈ ਅਤੇ ਉਹ ਇਨਸਾਨ ਨਿਹਚਾ ਨਾ ਕਰਨ ਵਾਲਿਆਂ ਨਾਲੋਂ ਵੀ ਬੁਰਾ ਹੈ।” (1 ਤਿਮੋਥਿਉਸ 5:8) ਯਾਦ ਰੱਖੋ ਕਿ ਤੁਸੀਂ ਯਹੋਵਾਹ ਵੱਲੋਂ ਦਿੱਤੀ ਜ਼ਿੰਮੇਵਾਰੀ ਪੂਰੀ ਕਰ ਰਹੇ ਹੋ! ਇਵੇਂ ਤੁਹਾਨੂੰ ਆਪਣੇ ਕੰਮ ਤੋਂ ਕਾਫ਼ੀ ਹੱਦ ਤਕ ਖ਼ੁਸ਼ੀ ਮਿਲ ਸਕਦੀ ਹੈ ਜੋ ਹੋਰ ਲੋਕਾਂ ਨੂੰ ਨਹੀਂ ਮਿਲਦੀ।

12. ਮਿਹਨਤ ਅਤੇ ਈਮਾਨਦਾਰੀ ਨਾਲ ਕੰਮ ਕਰਨ ਦੇ ਕੀ ਫ਼ਾਇਦੇ ਹਨ?

12 ਮਿਹਨਤ ਅਤੇ ਈਮਾਨਦਾਰੀ ਨਾਲ ਕੰਮ ਕਰੋ। ਮਿਹਨਤ ਕਰਨ ਦੇ ਸਾਨੂੰ ਕਈ ਫ਼ਾਇਦੇ ਹੋ ਸਕਦੇ ਹਨ। ਮਿਹਨਤ ਅਤੇ ਕੁਸ਼ਲਤਾ ਨਾਲ ਕੰਮ ਕਰਨ ਵਾਲਿਆਂ ਦੀ ਕਦਰ ਹੁੰਦੀ ਹੈ। (ਕਹਾਉਤਾਂ 12:24; 22:29) ਸੱਚੇ ਮਸੀਹੀ ਹੋਣ ਕਰਕੇ ਸਾਨੂੰ ਵੀ ਈਮਾਨਦਾਰੀ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਕੰਮ ਦੀ ਜਗ੍ਹਾ ਤੋਂ ਪੈਸਾ ਜਾਂ ਹੋਰ ਚੀਜ਼ਾਂ ਚੋਰੀ ਨਹੀਂ ਕਰਨੀਆਂ ਚਾਹੀਦੀਆਂ ਜਾਂ ਸਮਾਂ ਵਿਅਰਥ ਨਹੀਂ ਗੁਆਉਣਾ ਚਾਹੀਦਾ। (ਅਫ਼ਸੀਆਂ 4:28) ਜਿਵੇਂ ਅਸੀਂ ਪਿਛਲੇ ਅਧਿਆਇ ਵਿਚ ਦੇਖਿਆ ਸੀ, ਈਮਾਨਦਾਰ ਰਹਿਣ ਦੇ ਬਹੁਤ ਫ਼ਾਇਦੇ ਹਨ। ਈਮਾਨਦਾਰ ਇਨਸਾਨ ’ਤੇ ਭਰੋਸਾ ਕੀਤਾ ਜਾਂਦਾ ਹੈ। ਪਰ ਚਾਹੇ ਲੋਕ ਸਾਡੀ ਈਮਾਨਦਾਰੀ ਵੱਲ ਧਿਆਨ ਦੇਣ ਜਾਂ ਨਾ ਦੇਣ, ਸਾਨੂੰ ਇਸ ਗੱਲ ਦੀ ਤਸੱਲੀ ਰਹੇਗੀ ਕਿ “ਸਾਡੀ ਜ਼ਮੀਰ ਸਾਫ਼ ਹੈ” ਅਤੇ ਯਹੋਵਾਹ ਸਾਡੇ ਤੋਂ ਖ਼ੁਸ਼ ਹੈ।​—ਇਬਰਾਨੀਆਂ 13:18; ਕੁਲੁੱਸੀਆਂ 3:22-24.

13. ਕੰਮ ਦੀ ਥਾਂ ’ਤੇ ਸਾਡੇ ਚੰਗੇ ਚਾਲ-ਚਲਣ ਦਾ ਦੂਸਰਿਆਂ ਉੱਤੇ ਕੀ ਅਸਰ ਪਵੇਗਾ?

13 ਇਹ ਨਾ ਭੁੱਲੋ ਕਿ ਸਾਡੇ ਚੰਗੇ ਚਾਲ-ਚਲਣ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ। ਜਦੋਂ ਅਸੀਂ ਆਪਣੇ ਕੰਮ ਦੀ ਜਗ੍ਹਾ ’ਤੇ ਚਾਲ-ਚਲਣ ਚੰਗਾ ਰੱਖਦੇ ਹਾਂ, ਤਾਂ ਦੂਸਰਿਆਂ ਦਾ ਧਿਆਨ ਜ਼ਰੂਰ ਇਸ ਵੱਲ ਖਿੱਚਿਆ ਜਾਵੇਗਾ। ਇਸ ਤਰ੍ਹਾਂ ਕਰ ਕੇ ਅਸੀਂ ‘ਪਰਮੇਸ਼ੁਰ ਦੀ ਸਿੱਖਿਆ ਦੀ ਸ਼ੋਭਾ ਵਧਾਵਾਂਗੇ।’ (ਤੀਤੁਸ 2:9, 10) ਜੀ ਹਾਂ, ਸਾਡੇ ਚੰਗੇ ਚਾਲ-ਚਲਣ ਕਰਕੇ ਸਾਡੀ ਭਗਤੀ ਦੀ ਸ਼ੋਭਾ ਹੋਵੇਗੀ ਅਤੇ ਲੋਕ ਯਹੋਵਾਹ ਵੱਲ ਖਿੱਚੇ ਆਉਣਗੇ। ਜ਼ਰਾ ਸੋਚੋ! ਜੇ ਕੋਈ ਵਿਅਕਤੀ ਤੁਹਾਡਾ ਚੰਗਾ ਚਾਲ-ਚਲਣ ਦੇਖ ਕੇ ਬਾਈਬਲ ਵਿਚ ਦਿਲਚਸਪੀ ਲੈਣ ਲੱਗ ਪੈਂਦਾ ਹੈ, ਤਾਂ ਕੀ ਤੁਹਾਨੂੰ ਖ਼ੁਸ਼ੀ ਨਹੀਂ ਹੋਵੇਗੀ? ਨਾਲੇ ਆਪਣੇ ਚੰਗੇ ਚਾਲ-ਚਲਣ ਨਾਲ ਯਹੋਵਾਹ ਦੀ ਵਡਿਆਈ ਕਰਨੀ ਅਤੇ ਉਸ ਦਾ ਜੀ ਖ਼ੁਸ਼ ਕਰਨਾ ਸਾਡੇ ਲਈ ਕਿੰਨੇ ਮਾਣ ਦੀ ਗੱਲ ਹੈ!​—ਕਹਾਉਤਾਂ 27:11; 1 ਪਤਰਸ 2:12 ਪੜ੍ਹੋ।

ਸੋਚ-ਸਮਝ ਕੇ ਨੌਕਰੀ ਦੀ ਚੋਣ ਕਰੋ

14-16. ਨੌਕਰੀ ਸੰਬੰਧੀ ਫ਼ੈਸਲਾ ਕਰਦਿਆਂ ਸਾਨੂੰ ਕਿਹੜੇ ਦੋ ਖ਼ਾਸ ਸਵਾਲਾਂ ਉੱਤੇ ਵਿਚਾਰ ਕਰਨ ਦੀ ਲੋੜ ਹੈ?

14 ਬਾਈਬਲ ਵਿਚ ਕੋਈ ਲੰਬੀ-ਚੌੜੀ ਲਿਸਟ ਨਹੀਂ ਦਿੱਤੀ ਗਈ ਹੈ ਕਿ ਸਾਨੂੰ ਕਿਹੜਾ ਕੰਮ ਕਰਨਾ ਚਾਹੀਦਾ ਹੈ ਅਤੇ ਕਿਹੜਾ ਨਹੀਂ। ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਜਿਹੜਾ ਮਰਜ਼ੀ ਕੰਮ ਕਰ ਲਈਏ। ਬਾਈਬਲ ਸਹੀ ਕੰਮ ਦੀ ਚੋਣ ਕਰਨ ਅਤੇ ਗ਼ਲਤ ਕੰਮ ਤੋਂ ਦੂਰ ਰਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ। (ਕਹਾਉਤਾਂ 2:6) ਨੌਕਰੀ ਸੰਬੰਧੀ ਫ਼ੈਸਲਾ ਕਰਦਿਆਂ ਸਾਨੂੰ ਦੋ ਖ਼ਾਸ ਸਵਾਲਾਂ ਉੱਤੇ ਵਿਚਾਰ ਕਰਨ ਦੀ ਲੋੜ ਹੈ।

15 ਕੀ ਇਹ ਕੰਮ ਕਰ ਕੇ ਮੈਂ ਬਾਈਬਲ ਦੀ ਸਿੱਖਿਆ ਦੇ ਉਲਟ ਤਾਂ ਨਹੀਂ ਜਾਵਾਂਗਾ? ਪਰਮੇਸ਼ੁਰ ਦੇ ਬਚਨ ਵਿਚ ਚੋਰੀ ਕਰਨ, ਝੂਠ ਬੋਲਣ ਅਤੇ ਮੂਰਤੀਆਂ ਬਣਾਉਣ ਦੇ ਕੰਮ ਦੀ ਨਿੰਦਿਆ ਕੀਤੀ ਗਈ ਹੈ। (ਕੂਚ 20:4; ਰਸੂਲਾਂ ਦੇ ਕੰਮ 15:29; ਅਫ਼ਸੀਆਂ 4:28; ਪ੍ਰਕਾਸ਼ ਦੀ ਕਿਤਾਬ 21:8) ਯਹੋਵਾਹ ਨਾਲ ਪਿਆਰ ਕਰਨ ਕਰਕੇ ਅਸੀਂ ਅਜਿਹਾ ਕੋਈ ਵੀ ਕੰਮ ਨਹੀਂ ਕਰਾਂਗੇ ਜੋ ਉਸ ਦੇ ਬਚਨ ਦੇ ਖ਼ਿਲਾਫ਼ ਹੈ।​—1 ਯੂਹੰਨਾ 5:3 ਪੜ੍ਹੋ।

16 ਕੀ ਇਹ ਕੰਮ ਕਰ ਕੇ ਮੈਂ ਗ਼ਲਤ ਕੰਮ ਵਿਚ ਹਿੱਸਾ ਲਵਾਂਗਾ ਜਾਂ ਦੂਜਿਆਂ ਨੂੰ ਵੀ ਗ਼ਲਤ ਕੰਮ ਕਰਨ ਦੀ ਹੱਲਾਸ਼ੇਰੀ ਦੇਵਾਂਗਾ? ਇਕ ਮਿਸਾਲ ’ਤੇ ਗੌਰ ਕਰੋ। ਰਿਸੈਪਸ਼ਨਿਸਟ ਵਜੋਂ ਕੰਮ ਕਰਨਾ ਗ਼ਲਤ ਨਹੀਂ ਹੈ। ਪਰ ਜੇ ਕਿਸੇ ਮਸੀਹੀ ਨੂੰ ਅਜਿਹੀ ਕਲਿਨਿਕ ਵਿਚ ਰਿਸੈਪਸ਼ਨਿਸਟ ਦੀ ਨੌਕਰੀ ਮਿਲਦੀ ਹੈ ਜਿੱਥੇ ਗਰਭਪਾਤ ਕੀਤੇ ਜਾਂਦੇ ਹਨ, ਤਾਂ ਕੀ ਉਸ ਨੂੰ ਇਹ ਨੌਕਰੀ ਸਵੀਕਾਰ ਕਰ ਲੈਣੀ ਚਾਹੀਦੀ ਹੈ? ਮੰਨਿਆ ਕਿ ਉਸ ਦਾ ਕੰਮ ਗਰਭਪਾਤ ਕਰਨ ਵਿਚ ਡਾਕਟਰ ਦੀ ਮਦਦ ਕਰਨਾ ਨਹੀਂ ਹੈ। ਪਰ ਕਲਿਨਿਕ ਨੂੰ ਚਾਲੂ ਰੱਖਣ ਵਾਸਤੇ ਰਿਸੈਪਸ਼ਨਿਸਟ ਦਾ ਕੰਮ ਵੀ ਜ਼ਰੂਰੀ ਹੈ। ਤਾਂ ਫਿਰ, ਕੀ ਉਹ ਮਸੀਹੀ ਇਹ ਕੰਮ ਕਰ ਕੇ ਗਰਭਪਾਤ ਦੇ ਕੰਮ ਵਿਚ ਹਿੱਸਾ ਨਹੀਂ ਲੈ ਰਿਹਾ ਹੋਵੇਗਾ ਜੋ ਕਿ ਪਰਮੇਸ਼ੁਰ ਦੇ ਬਚਨ ਦੇ ਬਿਲਕੁਲ ਉਲਟ ਹੈ? (ਕੂਚ 21:22-24) ਯਹੋਵਾਹ ਨਾਲ ਪਿਆਰ ਕਰਨ ਕਰਕੇ ਅਸੀਂ ਗ਼ਲਤ ਕੰਮਾਂ ਵਿਚ ਕਿਸੇ ਵੀ ਤਰ੍ਹਾਂ ਹਿੱਸਾ ਨਹੀਂ ਲੈਣਾ ਚਾਹੁੰਦੇ।

17. (ੳ) ਕੰਮ ਸੰਬੰਧੀ ਫ਼ੈਸਲੇ ਕਰਦੇ ਵੇਲੇ ਸਾਨੂੰ ਕਿਹੜੀਆਂ ਗੱਲਾਂ ਉੱਤੇ ਵਿਚਾਰ ਕਰਨ ਦੀ ਲੋੜ ਹੈ? (“ ਕੀ ਮੈਂ ਇਹ ਨੌਕਰੀ ਕਰਾਂ?” ਡੱਬੀ ਦੇਖੋ।) (ਅ) ਪਰਮੇਸ਼ੁਰ ਦੀ ਇੱਛਾ ਅਨੁਸਾਰ ਫ਼ੈਸਲੇ ਕਰਨ ਵਿਚ ਸਾਡੀ ਜ਼ਮੀਰ ਕਿਵੇਂ ਸਾਡੀ ਮਦਦ ਕਰ ਸਕਦੀ ਹੈ?

17 ਪੰਦਰਵੇਂ ਅਤੇ ਸੋਲ੍ਹਵੇਂ ਪੈਰੇ ਵਿਚ ਦਿੱਤੇ ਦੋ ਖ਼ਾਸ ਸਵਾਲਾਂ ਉੱਤੇ ਗੌਰ ਕਰ ਕੇ ਅਸੀਂ ਦੇਖ ਸਕਦੇ ਹਾਂ ਕਿ ਸਾਨੂੰ ਕਿਹੜਾ ਕੰਮ ਕਰਨਾ ਚਾਹੀਦਾ ਹੈ ਅਤੇ ਕਿਹੜਾ ਨਹੀਂ। ਇਸ ਤੋਂ ਇਲਾਵਾ, ਸਾਨੂੰ ਹੋਰ ਕਈ ਗੱਲਾਂ ’ਤੇ ਵੀ ਵਿਚਾਰ ਕਰਨ ਦੀ ਲੋੜ ਹੈ। * ਸਾਨੂੰ ਯਹੋਵਾਹ ਦੇ ਸੰਗਠਨ ਤੋਂ ਕੰਮ ਦੇ ਮਾਮਲੇ ਵਿਚ ਉੱਠਣ ਵਾਲੇ ਹਰ ਸਵਾਲ ਦੇ ਜਵਾਬ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਇਸ ਲਈ ਸਾਨੂੰ ਆਪਣੀ ਸਮਝ ਵਰਤਣ ਦੀ ਲੋੜ ਹੈ। ਜਿਵੇਂ ਅਸੀਂ ਦੂਜੇ ਅਧਿਆਇ ਵਿਚ ਦੇਖਿਆ ਸੀ, ਸਾਨੂੰ ਬਾਈਬਲ ਦਾ ਅਧਿਐਨ ਕਰ ਕੇ ਸਹੀ ਸਮਝ ਹਾਸਲ ਕਰਨ ਦੀ ਲੋੜ ਹੈ। “ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ” ਸਾਡੀ ਜ਼ਮੀਰ ਕੰਮ ਸੰਬੰਧੀ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰ ਸਕੇਗੀ ਅਤੇ ਅਸੀਂ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖ ਪਾਵਾਂਗੇ।​—ਇਬਰਾਨੀਆਂ 5:14.

ਭਗਤੀ ਅਤੇ ਕੰਮ

18. ਅੱਜ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣੀ ਮੁਸ਼ਕਲ ਕਿਉਂ ਹੈ?

18 ਇਨ੍ਹਾਂ ‘ਮੁਸੀਬਤਾਂ ਨਾਲ ਭਰੇ ਆਖ਼ਰੀ ਦਿਨਾਂ’ ਵਿਚ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣੀ ਆਸਾਨ ਨਹੀਂ ਹੈ। (2 ਤਿਮੋਥਿਉਸ 3:1) ਅੱਜ-ਕੱਲ੍ਹ ਨੌਕਰੀ ਮਿਲਣੀ ਬਹੁਤ ਔਖੀ ਹੈ ਅਤੇ ਜੇ ਮਿਲ ਵੀ ਜਾਂਦੀ ਹੈ, ਤਾਂ ਇਸ ਦਾ ਕੋਈ ਭਰੋਸਾ ਨਹੀਂ ਕਿ ਇਹ ਰਹੇਗੀ। ਸੱਚੇ ਮਸੀਹੀ ਹੋਣ ਦੇ ਨਾਤੇ ਅਸੀਂ ਜਾਣਦੇ ਹਾਂ ਕਿ ਪਰਿਵਾਰ ਦੀ ਦੇਖ-ਭਾਲ ਕਰਨ ਲਈ ਕੰਮ ਕਰਨਾ ਜ਼ਰੂਰੀ ਹੈ। ਪਰ ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਅਸੀਂ ਕੰਮ ਦੇ ਬੋਝ ਕਰਕੇ ਜਾਂ ਪੈਸੇ ਦੇ ਪ੍ਰੇਮੀਆਂ ਦੇ ਮਗਰ ਲੱਗ ਕੇ ਪਰਮੇਸ਼ੁਰ ਦੇ ਕੰਮ ਕਰਨੇ ਛੱਡ ਦਿਆਂਗੇ। (1 ਤਿਮੋਥਿਉਸ 6:9, 10) ਆਓ ਆਪਾਂ ਦੇਖੀਏ ਕਿ ਅਸੀਂ “ਜ਼ਿਆਦਾ ਜ਼ਰੂਰੀ ਗੱਲਾਂ” ਵੱਲ ਕਿਵੇਂ ਧਿਆਨ ਦੇ ਸਕਦੇ ਹਾਂ।​—ਫ਼ਿਲਿੱਪੀਆਂ 1:10.

19. ਯਹੋਵਾਹ ਸਾਡੇ ਭਰੋਸੇ ਦੇ ਲਾਇਕ ਕਿਉਂ ਹੈ ਅਤੇ ਉਸ ਉੱਤੇ ਭਰੋਸਾ ਰੱਖਣ ਦਾ ਕੀ ਫ਼ਾਇਦਾ ਹੈ?

19 ਯਹੋਵਾਹ ਉੱਤੇ ਪੂਰਾ ਭਰੋਸਾ ਰੱਖੋ। (ਕਹਾਉਤਾਂ 3:5, 6 ਪੜ੍ਹੋ।) ਅਸੀਂ ਉਸ ਉੱਤੇ ਭਰੋਸਾ ਰੱਖ ਸਕਦੇ ਹਾਂ ਕਿਉਂਕਿ ਉਹ ਹਮੇਸ਼ਾ ਸਾਡਾ ਖ਼ਿਆਲ ਰੱਖਦਾ ਹੈ। (1 ਪਤਰਸ 5:7) ਉਸ ਨੂੰ ਸਾਡੀਆਂ ਲੋੜਾਂ ਬਾਰੇ ਪਤਾ ਹੈ ਅਤੇ ਲੋੜਾਂ ਪੂਰੀਆਂ ਕਰਨ ਵੇਲੇ ਉਹ ਆਪਣਾ ਹੱਥ ਪਿੱਛੇ ਨਹੀਂ ਖਿੱਚਦਾ। (ਜ਼ਬੂਰਾਂ ਦੀ ਪੋਥੀ 37:25) ਇਸ ਲਈ ਸਾਨੂੰ ਉਸ ਦੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ: “ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ। ਕਿਉਂਕਿ ਪਰਮੇਸ਼ੁਰ ਨੇ ਕਿਹਾ ਹੈ: ‘ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।’” (ਇਬਰਾਨੀਆਂ 13:5) ਜਿਹੜੇ ਸੇਵਕ ਪਾਇਨੀਅਰਿੰਗ, ਬੈਥਲ ਸੇਵਾ ਵਗੈਰਾ ਕਰਦੇ ਹਨ, ਉਹ ਇਸ ਗੱਲ ਦੀ ਹਾਮੀ ਭਰ ਸਕਦੇ ਹਨ ਕਿ ਯਹੋਵਾਹ ਨੇ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਜੇ ਸਾਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਹੈ, ਤਾਂ ਅਸੀਂ ਆਪਣੇ ਪਰਿਵਾਰ ਬਾਰੇ ਬਿਨਾਂ ਵਜ੍ਹਾ ਚਿੰਤਾ ਨਹੀਂ ਕਰਾਂਗੇ। (ਮੱਤੀ 6:25-32) ਅਸੀਂ ਆਪਣੀ ਨੌਕਰੀ ਕਰਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ, ਮੀਟਿੰਗਾਂ ਵਿਚ ਜਾਣਾ ਜਾਂ ਪਰਮੇਸ਼ੁਰ ਦੇ ਹੋਰ ਕੰਮ ਕਰਨੇ ਨਹੀਂ ਛੱਡਾਂਗੇ।​—ਮੱਤੀ 24:14; ਇਬਰਾਨੀਆਂ 10:24, 25.

20. ਆਪਣੀ ਅੱਖ ਇਕ ਨਿਸ਼ਾਨੇ ’ਤੇ ਟਿਕਾਈ ਰੱਖਣ ਦਾ ਕੀ ਮਤਲਬ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

20 ਆਪਣੀ ਅੱਖ ਇਕ ਨਿਸ਼ਾਨੇ ’ਤੇ ਟਿਕਾਈ ਰੱਖੋ। (ਮੱਤੀ 6:22, 23 ਪੜ੍ਹੋ।) ਇਸ ਦਾ ਮਤਲਬ ਹੈ ਜ਼ਿੰਦਗੀ ਸਾਦੀ ਰੱਖਣੀ। ਮਸੀਹੀਆਂ ਦੀ ਨਜ਼ਰ ਵਿਚ ਹਮੇਸ਼ਾ ਯਹੋਵਾਹ ਦਾ ਕੰਮ ਹੀ ਜ਼ਰੂਰੀ ਹੁੰਦਾ ਹੈ। ਇਸ ਕਰਕੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦੇ ਚੱਕਰਾਂ ਵਿਚ ਨਹੀਂ ਪਵਾਂਗੇ ਜਾਂ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਜੀਣ ਦੀ ਲਾਲਸਾ ਨਹੀਂ ਰੱਖਾਂਗੇ। ਅਸੀਂ ਮਸ਼ਹੂਰੀਆਂ ਦੇ ਭਰਮਾਵੇ ਵਿਚ ਆ ਕੇ ਨਵੀਆਂ ਤੋਂ ਨਵੀਆਂ ਚੀਜ਼ਾਂ ਨਹੀਂ ਖ਼ਰੀਦਾਂਗੇ ਅਤੇ ਇਹ ਨਹੀਂ ਸੋਚਾਂਗੇ ਕਿ ਇਨ੍ਹਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ। ਤੁਸੀਂ ਆਪਣੀ ਅੱਖ ਇਕ ਨਿਸ਼ਾਨੇ ’ਤੇ ਕਿਵੇਂ ਟਿਕਾਈ ਰੱਖ ਸਕਦੇ ਹੋ? ਬਿਨਾਂ ਵਜ੍ਹਾ ਕਰਜ਼ੇ ਹੇਠ ਨਾ ਆਓ। ਚੀਜ਼ਾਂ ਖ਼ਰੀਦ-ਖ਼ਰੀਦ ਕੇ ਆਪਣਾ ਘਰ ਨਾ ਭਰੋ ਕਿਉਂਕਿ ਇਨ੍ਹਾਂ ਦੀ ਸਾਂਭ-ਸੰਭਾਲ ਵਿਚ ਬਹੁਤ ਸਮਾਂ ਲੱਗਦਾ ਹੈ। ਸਾਨੂੰ ਬਾਈਬਲ ਦੀ ਇਸ ਸਲਾਹ ਨੂੰ ਨਹੀਂ ਭੁੱਲਣਾ ਚਾਹੀਦਾ: “ਜੇ ਸਾਡੇ ਕੋਲ ਰੋਟੀ, ਕੱਪੜਾ ਤੇ ਮਕਾਨ ਹੈ, ਤਾਂ ਸਾਨੂੰ ਇਸ ਵਿਚ ਸੰਤੋਖ ਰੱਖਣਾ ਚਾਹੀਦਾ ਹੈ।” (1 ਤਿਮੋਥਿਉਸ 6:8) ਇਸ ਲਈ, ਜਿੱਥੋਂ ਤਕ ਹੋ ਸਕੇ, ਆਪਣੀ ਜ਼ਿੰਦਗੀ ਸਾਦੀ ਰੱਖੋ।

21. ਜ਼ਰੂਰੀ ਕੰਮਾਂ ਨੂੰ ਪਹਿਲ ਦੇਣ ਦੀ ਕਿਉਂ ਲੋੜ ਹੈ ਅਤੇ ਸਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ?

21 ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦਿਓ। ਅਸੀਂ ਜ਼ਿੰਦਗੀ ਵਿਚ ਹਰ ਕੰਮ ਨਹੀਂ ਕਰ ਸਕਦੇ, ਇਸ ਲਈ ਸਾਨੂੰ ਦੇਖਣਾ ਚਾਹੀਦਾ ਹੈ ਕਿ ਕਿਹੜਾ ਕੰਮ ਜ਼ਰੂਰੀ ਹੈ ਅਤੇ ਕਿਹੜਾ ਨਹੀਂ। ਜੇ ਅਸੀਂ ਇਸ ਤਰ੍ਹਾਂ ਨਹੀਂ ਕਰਦੇ, ਤਾਂ ਸਾਡਾ ਸਾਰਾ ਸਮਾਂ ਫਜ਼ੂਲ ਕੰਮਾਂ ਵਿਚ ਚਲਾ ਜਾਵੇਗਾ ਅਤੇ ਜ਼ਰੂਰੀ ਕੰਮ ਰਹਿ ਜਾਣਗੇ। ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ? ਦੁਨੀਆਂ ਵਿਚ ਜ਼ਿਆਦਾਤਰ ਲੋਕ ਪੜ੍ਹ-ਲਿਖ ਕੇ ਕੁਝ ਬਣਨ ਉੱਤੇ ਜ਼ੋਰ ਦਿੰਦੇ ਹਨ। ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ‘ਪਰਮੇਸ਼ੁਰ ਦੇ ਰਾਜ ਨੂੰ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦੇਣ’ ਦੀ ਹੱਲਾਸ਼ੇਰੀ ਦਿੱਤੀ ਸੀ। (ਮੱਤੀ 6:33) ਜੀ ਹਾਂ, ਸੱਚੇ ਮਸੀਹੀ ਹੋਣ ਕਰਕੇ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਜ਼ਿੰਦਗੀ ਵਿਚ ਪਹਿਲਾਂ ਰੱਖਦੇ ਹਾਂ। ਸਾਡੇ ਟੀਚਿਆਂ, ਫ਼ੈਸਲਿਆਂ ਅਤੇ ਕੰਮਾਂ ਤੋਂ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੇ ਲਈ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਦੁਨੀਆਂ ਦੇ ਬਾਕੀ ਸਾਰੇ ਕੰਮਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ।

ਤਨ-ਮਨ ਲਾ ਕੇ ਪ੍ਰਚਾਰ ਕਰੋ

ਪ੍ਰਚਾਰ ਦੇ ਕੰਮ ਨੂੰ ਜ਼ਿੰਦਗੀ ਵਿਚ ਪਹਿਲ ਦੇ ਕੇ ਅਸੀਂ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ

22, 23. (ੳ) ਸੱਚੇ ਮਸੀਹੀਆਂ ਲਈ ਅੱਜ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ ਅਤੇ ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਇਹ ਕੰਮ ਸਾਡੇ ਲਈ ਅਹਿਮੀਅਤ ਰੱਖਦਾ ਹੈ? (“ ਅੱਜ ਮੈਂ ਆਪਣੇ ਫ਼ੈਸਲੇ ਤੋਂ ਬਹੁਤ ਖ਼ੁਸ਼ ਹਾਂ” ਡੱਬੀ ਦੇਖੋ।) (ਅ) ਨੌਕਰੀ ਸੰਬੰਧੀ ਤੁਹਾਡਾ ਇਰਾਦਾ ਕੀ ਹੈ?

22 ਅਸੀਂ ਅੰਤ ਦਿਆਂ ਦਿਨਾਂ ਵਿਚ ਰਹਿੰਦੇ ਹਾਂ, ਇਸ ਲਈ ਅਸੀਂ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਨੂੰ ਪਹਿਲ ਦਿੰਦੇ ਹਾਂ। (ਮੱਤੀ 24:14; 28:19, 20) ਆਪਣੇ ਗੁਰੂ ਯਿਸੂ ਵਾਂਗ ਅਸੀਂ ਵੀ ਜ਼ਿੰਦਗੀਆਂ ਬਚਾਉਣ ਦੇ ਕੰਮ ਵਿਚ ਰੁੱਝੇ ਰਹਿੰਦੇ ਹਾਂ। ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਇਹ ਕੰਮ ਸਾਡੇ ਲਈ ਬਹੁਤ ਅਹਿਮੀਅਤ ਰੱਖਦਾ ਹੈ? ਪਰਮੇਸ਼ੁਰ ਦੇ ਜ਼ਿਆਦਾਤਰ ਲੋਕ ਮੰਡਲੀ ਨਾਲ ਮਿਲ ਕੇ ਤਨ-ਮਨ ਲਾ ਕੇ ਪ੍ਰਚਾਰ ਦਾ ਕੰਮ ਕਰਦੇ ਹਨ। ਕੁਝ ਸੇਵਕ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਕੇ ਪਾਇਨੀਅਰਾਂ ਜਾਂ ਮਿਸ਼ਨਰੀਆਂ ਵਜੋਂ ਸੇਵਾ ਕਰਦੇ ਹਨ। ਕੀ ਰਾਜ ਦੇ ਜੋਸ਼ੀਲੇ ਪ੍ਰਚਾਰਕਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਦਾ ਹੈ? ਜੀ ਹਾਂ! ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰ ਕੇ ਜ਼ਿੰਦਗੀ ਵਿਚ ਖ਼ੁਸ਼ੀ, ਸੰਤੁਸ਼ਟੀ ਅਤੇ ਅਣਗਿਣਤ ਬਰਕਤਾਂ ਮਿਲਦੀਆਂ ਹਨ।​—ਕਹਾਉਤਾਂ 10:22 ਪੜ੍ਹੋ।

23 ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਵਾਸਤੇ ਕਈ-ਕਈ ਘੰਟੇ ਕੰਮ ਕਰਨਾ ਪੈਂਦਾ ਹੈ। ਯਾਦ ਰੱਖੋ ਕਿ ਯਹੋਵਾਹ ਚਾਹੁੰਦਾ ਹੈ ਕਿ ਸਾਨੂੰ ਆਪਣੇ ਕੰਮ ਤੋਂ ਖ਼ੁਸ਼ੀ ਮਿਲੇ। ਕੰਮ ਪ੍ਰਤੀ ਉਸ ਵਰਗਾ ਨਜ਼ਰੀਆ ਰੱਖ ਕੇ ਅਤੇ ਉਸ ਦੇ ਅਸੂਲਾਂ ਉੱਤੇ ਚੱਲ ਕੇ ਅਸੀਂ ਇਹ ਖ਼ੁਸ਼ੀ ਜ਼ਰੂਰ ਪਾ ਸਕਦੇ ਹਾਂ। ਇਸ ਲਈ ਆਓ ਆਪਾਂ ਇਹ ਪੱਕਾ ਇਰਾਦਾ ਕਰੀਏ ਕਿ ਅਸੀਂ ਕਦੀ ਵੀ ਆਪਣੀ ਨੌਕਰੀ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਕੰਮ ਵਿਚ ਰੁਕਾਵਟ ਨਹੀਂ ਬਣਨ ਦੇਵਾਂਗੇ। ਇਸ ਕੰਮ ਨੂੰ ਜ਼ਿੰਦਗੀ ਵਿਚ ਪਹਿਲ ਦੇ ਕੇ ਅਸੀਂ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ।

^ ਪੈਰਾ 17 ਕੰਮ ਬਾਰੇ ਫ਼ੈਸਲੇ ਕਰਨ ਲਈ ਹੋਰ ਜਾਣਕਾਰੀ ਵਾਸਤੇ ਪਹਿਰਾਬੁਰਜ 15 ਅਪ੍ਰੈਲ 1999, ਸਫ਼ੇ 28-29 ਦੇਖੋ।