Skip to content

Skip to table of contents

ਯਿਸੂ ਮਸੀਹ ਕੌਣ ਹੈ?

ਯਿਸੂ ਮਸੀਹ ਕੌਣ ਹੈ?

ਪਾਠ 3

ਯਿਸੂ ਮਸੀਹ ਕੌਣ ਹੈ?

ਯਿਸੂ ਨੂੰ ਪਰਮੇਸ਼ੁਰ ਦਾ “ਜੇਠਾ” ਪੁੱਤਰ ਕਿਉਂ ਆਖਿਆ ਜਾਂਦਾ ਹੈ? (1)

ਉਸ ਨੂੰ “ਸ਼ਬਦ” ਕਿਉਂ ਆਖਿਆ ਜਾਂਦਾ ਹੈ? (1)

ਯਿਸੂ ਇਕ ਮਨੁੱਖ ਦੇ ਰੂਪ ਵਿਚ ਧਰਤੀ ਉੱਤੇ ਕਿਉਂ ਆਇਆ ਸੀ? (2-4)

ਉਸ ਨੇ ਚਮਤਕਾਰ ਕਿਉਂ ਕੀਤੇ ਸਨ? (5)

ਯਿਸੂ ਨਿਕਟ ਭਵਿੱਖ ਵਿਚ ਕੀ ਕਰੇਗਾ? (6)

1. ਯਿਸੂ ਧਰਤੀ ਉੱਤੇ ਆਉਣ ਤੋਂ ਪਹਿਲਾਂ ਸਵਰਗ ਵਿਚ ਇਕ ਆਤਮਿਕ ਵਿਅਕਤੀ ਵਜੋਂ ਜੀ ਰਿਹਾ ਸੀ। ਉਹ ਪਰਮੇਸ਼ੁਰ ਦੀ ਪਹਿਲੀ ਸ੍ਰਿਸ਼ਟੀ ਸੀ, ਅਤੇ ਇਸ ਲਈ ਉਸ ਨੂੰ ਪਰਮੇਸ਼ੁਰ ਦਾ “ਜੇਠਾ” ਪੁੱਤਰ ਆਖਿਆ ਜਾਂਦਾ ਹੈ। (ਕੁਲੁੱਸੀਆਂ 1:15; ਪਰਕਾਸ਼ ਦੀ ਪੋਥੀ 3:14) ਯਿਸੂ ਹੀ ਇਕੱਲਾ ਪੁੱਤਰ ਹੈ ਜਿਸ ਨੂੰ ਖ਼ੁਦ ਪਰਮੇਸ਼ੁਰ ਨੇ ਸ੍ਰਿਸ਼ਟ ਕੀਤਾ। ਯਹੋਵਾਹ ਨੇ ਸਵਰਗ ਵਿਚ ਅਤੇ ਧਰਤੀ ਉੱਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਸ੍ਰਿਸ਼ਟ ਕਰਨ ਵਿਚ ਪੂਰਵ-ਮਾਨਵੀ ਯਿਸੂ ਨੂੰ ਆਪਣੇ “ਰਾਜ ਮਿਸਤਰੀ” ਵਜੋਂ ਇਸਤੇਮਾਲ ਕੀਤਾ। (ਕਹਾਉਤਾਂ 8:​22-31; ਕੁਲੁੱਸੀਆਂ 1:​16, 17) ਪਰਮੇਸ਼ੁਰ ਨੇ ਉਸ ਨੂੰ ਆਪਣੇ ਮੁੱਖ ਪ੍ਰਵਕਤਾ ਵਜੋਂ ਵੀ ਇਸਤੇਮਾਲ ਕੀਤਾ। ਇਸੇ ਲਈ ਯਿਸੂ ਨੂੰ “ਸ਼ਬਦ” ਆਖਿਆ ਜਾਂਦਾ ਹੈ।​—⁠ਯੂਹੰਨਾ 1:​1-3; ਪਰਕਾਸ਼ ਦੀ ਪੋਥੀ 19:⁠13.

2. ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਜੀਵਨ ਨੂੰ ਮਰਿਯਮ ਦੇ ਗਰਭ ਵਿਚ ਪਾਉਣ ਦੇ ਰਾਹੀਂ ਉਸ ਨੂੰ ਧਰਤੀ ਤੇ ਭੇਜਿਆ। ਸੋ ਯਿਸੂ ਦਾ ਕੋਈ ਮਾਨਵੀ ਪਿਤਾ ਨਹੀਂ ਸੀ। ਇਸੇ ਲਈ ਉਸ ਨੇ ਵਿਰਸੇ ਵਿਚ ਕੋਈ ਪਾਪ ਜਾਂ ਅਪੂਰਣਤਾ ਹਾਸਲ ਨਹੀਂ ਕੀਤੀ। ਪਰਮੇਸ਼ੁਰ ਨੇ ਯਿਸੂ ਨੂੰ ਧਰਤੀ ਉੱਤੇ ਤਿੰਨ ਕਾਰਨਾਂ ਲਈ ਭੇਜਿਆ: (1) ਸਾਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਉਣ ਲਈ (ਯੂਹੰਨਾ 18:37), (2) ਸੰਪੂਰਣ ਖਰਿਆਈ ਕਾਇਮ ਰੱਖਣ ਲਈ, ਜੋ ਸਾਡੇ ਵਾਸਤੇ ਅਨੁਕਰਣ ਕਰਨ ਲਈ ਇਕ ਨਮੂਨਾ ਬਣਿਆ (1 ਪਤਰਸ 2:21), ਅਤੇ (3) ਸਾਨੂੰ ਪਾਪ ਅਤੇ ਮੌਤ ਤੋਂ ਮੁਕਤ ਕਰਨ ਵਾਸਤੇ ਆਪਣਾ ਜੀਵਨ ਬਲੀਦਾਨ ਕਰਨ ਲਈ। ਇਸ ਦੀ ਜ਼ਰੂਰਤ ਕਿਉਂ ਸੀ?​—⁠ਮੱਤੀ 20:⁠28.

3. ਪਰਮੇਸ਼ੁਰ ਦੇ ਹੁਕਮ ਦੀ ਅਵੱਗਿਆ ਕਰਨ ਦੇ ਦੁਆਰਾ, ਪ੍ਰਥਮ ਮਨੁੱਖ, ਆਦਮ, ਨੇ ਉਹ ਕੰਮ ਕੀਤਾ ਜਿਸ ਨੂੰ ਬਾਈਬਲ “ਪਾਪ” ਆਖਦੀ ਹੈ। ਸੋ ਪਰਮੇਸ਼ੁਰ ਨੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ। (ਉਤਪਤ 3:​17-19) ਉਹ ਹੁਣ ਪਰਮੇਸ਼ੁਰ ਦੇ ਮਿਆਰਾਂ ਉੱਤੇ ਪੂਰਾ ਨਹੀਂ ਉਤਰਦਾ ਸੀ, ਇਸ ਲਈ ਉਹ ਸੰਪੂਰਣ ਨਹੀਂ ਰਿਹਾ। ਧੀਰੇ-ਧੀਰੇ ਉਹ ਬੁੱਢਾ ਹੋ ਕੇ ਮਰ ਗਿਆ। ਆਦਮ ਨੇ ਆਪਣੇ ਸਾਰੇ ਬੱਚਿਆਂ ਨੂੰ ਵਿਰਸੇ ਵਿਚ ਪਾਪ ਦਿੱਤਾ। ਇਸ ਲਈ ਅਸੀਂ ਵੀ ਬੁੱਢੇ ਹੁੰਦੇ, ਬੀਮਾਰ ਹੁੰਦੇ, ਅਤੇ ਮਰਦੇ ਹਾਂ। ਮਨੁੱਖਜਾਤੀ ਕਿਵੇਂ ਬਚਾਈ ਜਾ ਸਕਦੀ ਹੈ?​—⁠ਰੋਮੀਆਂ 3:23; 5:⁠12.

4. ਯਿਸੂ ਬਿਲਕੁਲ ਆਦਮ ਵਾਂਗ ਇਕ ਸੰਪੂਰਣ ਮਾਨਵ ਸੀ। ਪਰੰਤੂ, ਆਦਮ ਤੋਂ ਭਿੰਨ, ਯਿਸੂ ਸਭ ਤੋਂ ਵੱਡੀ ਅਜ਼ਮਾਇਸ਼ ਦੇ ਅਧੀਨ ਵੀ ਸੰਪੂਰਣ ਤੌਰ ਤੇ ਪਰਮੇਸ਼ੁਰ ਦਾ ਆਗਿਆਕਾਰ ਰਿਹਾ। ਇਸ ਕਰਕੇ ਉਹ ਆਦਮ ਦੇ ਪਾਪ ਦੀ ਕੀਮਤ ਚੁਕਾਉਣ ਲਈ ਆਪਣਾ ਸੰਪੂਰਣ ਮਾਨਵ ਜੀਵਨ ਬਲੀਦਾਨ ਕਰ ਸਕਦਾ ਸੀ। ਇਹ ਉਹ ਹੈ ਜਿਸ ਨੂੰ ਬਾਈਬਲ “ਰਿਹਾਈ-ਕੀਮਤ” ਦੇ ਤੌਰ ਤੇ ਜ਼ਿਕਰ ਕਰਦੀ ਹੈ। ਆਦਮ ਦਿਆਂ ਬੱਚਿਆਂ ਨੂੰ ਮੌਤ ਦੇ ਦੰਡ ਤੋਂ ਇਸ ਤਰ੍ਹਾਂ ਛੁਡਾਇਆ ਜਾ ਸਕਦਾ ਸੀ। ਸਭ ਜੋ ਯਿਸੂ ਵਿਚ ਨਿਹਚਾ ਰੱਖਦੇ ਹਨ, ਉਹ ਆਪਣੇ ਪਾਪਾਂ ਦੀ ਮਾਫ਼ੀ ਹਾਸਲ ਕਰ ਕੇ ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹਨ।​—⁠1 ਤਿਮੋਥਿਉਸ 2:​5, 6; ਯੂਹੰਨਾ 3:⁠16; ਰੋਮੀਆਂ 5:​18, 19.

5. ਜਦੋਂ ਯਿਸੂ ਧਰਤੀ ਉੱਤੇ ਸੀ, ਉਸ ਨੇ ਬੀਮਾਰਾਂ ਨੂੰ ਚੰਗਿਆਂ ਕੀਤਾ, ਭੁੱਖਿਆਂ ਨੂੰ ਖੁਆਇਆ, ਅਤੇ ਤੂਫ਼ਾਨਾਂ ਨੂੰ ਸ਼ਾਂਤ ਕੀਤਾ। ਉਸ ਨੇ ਮਰੇ ਹੋਇਆਂ ਨੂੰ ਵੀ ਜੀ ੳਠਾਇਆ। ਉਸ ਨੇ ਚਮਤਕਾਰ ਕਿਉਂ ਕੀਤੇ? (1) ਉਸ ਨੂੰ ਉਨ੍ਹਾਂ ਲੋਕਾਂ ਉੱਤੇ ਤਰਸ ਆਇਆ ਜੋ ਦੁੱਖ ਭੋਗ ਰਹੇ ਸਨ, ਅਤੇ ਉਹ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ। (2) ਉਸ ਦਿਆਂ ਚਮਤਕਾਰਾਂ ਨੇ ਸਾਬਤ ਕੀਤਾ ਕਿ ਉਹ ਪਰਮੇਸ਼ੁਰ ਦਾ ਪੁੱਤਰ ਸੀ। (3) ਇਨ੍ਹਾਂ ਨੇ ਦਿਖਾਇਆ ਕਿ ਉਹ ਆਗਿਆਕਾਰ ਮਨੁੱਖਜਾਤੀ ਲਈ ਕੀ ਕਰੇਗਾ ਜਦੋਂ ਉਹ ਰਾਜਾ ਵਜੋਂ ਧਰਤੀ ਉੱਤੇ ਰਾਜ ਕਰੇਗਾ।​—⁠ਮੱਤੀ 14:14; ਮਰਕੁਸ 2:​10-12; ਯੂਹੰਨਾ 5:​28, 29.

6. ਯਿਸੂ ਮਰ ਗਿਆ ਅਤੇ ਪਰਮੇਸ਼ੁਰ ਦੁਆਰਾ ਇਕ ਸ਼ਕਤੀਸ਼ਾਲੀ ਆਤਮਿਕ ਪ੍ਰਾਣੀ ਦੇ ਤੌਰ ਤੇ ਪੁਨਰ-ਉਥਿਤ ਕੀਤਾ ਗਿਆ, ਅਤੇ ਉਹ ਸਵਰਗ ਨੂੰ ਵਾਪਸ ਚਲਿਆ ਗਿਆ। (1 ਪਤਰਸ 3:18) ਉਸ ਮਗਰੋਂ, ਪਰਮੇਸ਼ੁਰ ਨੇ ਉਸ ਨੂੰ ਇਕ ਰਾਜਾ ਬਣਾਇਆ ਹੈ। ਜਲਦੀ ਹੀ ਯਿਸੂ ਇਸ ਧਰਤੀ ਤੋਂ ਸਾਰੀ ਦੁਸ਼ਟਤਾ ਅਤੇ ਦੁੱਖ ਹਟਾ ਦੇਵੇਗਾ।​—⁠ਜ਼ਬੂਰ 37:​9-11; ਕਹਾਉਤਾਂ 2:​21, 22.

[ਸਫ਼ਾ 7 ਉੱਤੇ ਤਸਵੀਰਾਂ]

ਯਿਸੂ ਦੀ ਸੇਵਕਾਈ ਵਿਚ ਸਿੱਖਿਆ ਦੇਣੀ, ਚਮਤਕਾਰ ਕਰਨੇ, ਅਤੇ ਇੱਥੋਂ ਤਕ ਕਿ ਸਾਡੇ ਲਈ ਆਪਣੇ ਜੀਵਨ ਨੂੰ ਬਲੀਦਾਨ ਕਰਨਾ ਵੀ ਸ਼ਾਮਲ ਸੀ