Skip to content

Skip to table of contents

ਅਧਿਆਇ ਪੰਦਰਾਂ

ਆਪਣੇ ਬਿਰਧ ਮਾਪਿਆਂ ਦਾ ਆਦਰ ਕਰਨਾ

ਆਪਣੇ ਬਿਰਧ ਮਾਪਿਆਂ ਦਾ ਆਦਰ ਕਰਨਾ

1. ਅਸੀਂ ਆਪਣੇ ਮਾਪਿਆਂ ਦੇ ਕਿਵੇਂ ਦੇਣਦਾਰ ਹਨ, ਅਤੇ ਇਸ ਕਰਕੇ ਸਾਨੂੰ ਉਨ੍ਹਾਂ ਦੇ ਪ੍ਰਤੀ ਕਿਵੇਂ ਮਹਿਸੂਸ ਕਰਨਾ ਅਤੇ ਵਰਤਾਉ ਕਰਨਾ ਚਾਹੀਦਾ ਹੈ?

“ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ,” ਬਹੁਤ ਸਮਾਂ ਪਹਿਲਾਂ ਦੇ ਇਕ ਬੁੱਧੀਮਾਨ ਮਨੁੱਖ ਨੇ ਸਲਾਹ ਦਿੱਤੀ। (ਕਹਾਉਤਾਂ 23:22) ‘ਮੈਂ ਤਾਂ ਕਦੇ ਵੀ ਨਾ ਇਵੇਂ ਕਰਾਂ!’ ਤੁਸੀਂ ਸ਼ਾਇਦ ਕਹੋ। ਆਪਣੀਆਂ ਮਾਵਾਂ—ਜਾਂ ਆਪਣੇ ਪਿਤਾਵਾਂ—ਨੂੰ ਤੁੱਛ ਜਾਣਨ ਦੀ ਬਜਾਇ ਸਾਡੇ ਵਿੱਚੋਂ ਅਧਿਕ­ਤਰ ਵਿਅਕਤੀ ਉਨ੍ਹਾਂ ਦੇ ਲਈ ਗਹਿਰਾ ਪ੍ਰੇਮ ਮਹਿਸੂਸ ਕਰਦੇ ਹਨ। ਅਸੀਂ ਸਵੀਕਾਰ ਕਰਦੇ ਹਾਂ ਕਿ ਅਸੀਂ ਕਾਫ਼ੀ ਚੀਜ਼ਾਂ ਲਈ ਉਨ੍ਹਾਂ ਦੇ ਦੇਣਦਾਰ ਹਾਂ। ਸਭ ਤੋਂ ਪਹਿਲਾਂ, ਸਾਡੇ ਮਾਪਿਆਂ ਨੇ ਸਾਨੂੰ ਜੀਵਨ ਦਿੱਤਾ। ਜਦ ਕਿ ਯਹੋਵਾਹ ਜੀਵਨ ਦਾ ਸ੍ਰੋਤ ਹੈ, ਅਸੀਂ ਆਪਣੇ ਮਾਪਿਆਂ ਤੋਂ ਬਿਨਾਂ ਹੋਂਦ ਵਿਚ ਹੀ ਨਾ ਹੁੰਦੇ। ਅਸੀਂ ਆਪਣੇ ਮਾਪਿਆਂ ਨੂੰ ਕੁਝ ਵੀ ਇੰਨੀ ਕੀਮਤੀ ਚੀਜ਼ ਨਹੀਂ ਦੇ ਸਕਦੇ ਹਾਂ ਜਿੰਨਾ ਕਿ ਖ਼ੁਦ ਜੀਵਨ ਕੀਮਤੀ ਹੈ। ਫਿਰ, ਉਸ ਆਤਮ-ਬਲੀਦਾਨ, ਚਿੰਤਾਤੁਰ ਦੇਖ-ਭਾਲ, ਖ਼ਰਚ, ਅਤੇ ਪ੍ਰੇਮਮਈ ਧਿਆਨ ਬਾਰੇ ਜ਼ਰਾ ਸੋਚੋ ਜੋ ਇਕ ਬੱਚੇ ਨੂੰ ਬਾਲ-ਅਵਸਥਾ ਤੋਂ ਬਾਲਗੀ ਦੇ ਰਾਹ ਉੱਤੇ ਜਾਣ ਲਈ ਮਦਦ ਕਰਨ ਵਿਚ ਸ਼ਾਮਲ ਹੁੰਦਾ ਹੈ। ਕਿੰਨਾ ਤਰਕਸੰਗਤ ਹੈ ਕਿ ਪਰਮੇਸ਼ੁਰ ਦਾ ਬਚਨ ਸਲਾਹ ਦਿੰਦਾ ਹੈ: “ਆਪਣੇ ਮਾਂ ਪਿਉ ਦਾ ਆਦਰ ਕਰ ਭਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ”!—ਅਫ਼ਸੀਆਂ 6:2.

ਭਾਵਾਤਮਕ ਜ਼ਰੂਰਤਾਂ ਨੂੰ ਪਛਾਣਨਾ

2. ਵੱਡੇ ਹੋਏ ਬੱਚੇ ਆਪਣੇ ਮਾਪਿਆਂ ਦਾ “ਹੱਕ” ਕਿਵੇਂ ਅਦਾ ਕਰ ਸਕਦੇ ਹਨ?

2 ਰਸੂਲ ਪੌਲੁਸ ਨੇ ਮਸੀਹੀਆਂ ਨੂੰ ਲਿਖਿਆ: “[ਬਾਲਕ ਅਥਵਾ ਪੋਤਰੇ ਦੇਹਤਰੇ] ਪਹਿਲਾਂ ਆਪਣੇ ਘਰਾਣੇ ਨਾਲ ਧਰਮ ਕਮਾਉਣ ਅਤੇ ਆਪਣੇ ਮਾਪਿਆਂ [“ਮਾਪਿਆਂ ਅਤੇ ਦਾਦੇ-ਦਾਦੀਆਂ,” ਨਿਵ] ਦਾ ਹੱਕ ਅਦਾ ਕਰਨ ਕਿਉਂ ਜੋ ਪਰਮੇਸ਼ੁਰ ਦੇ ਹਜ਼ੂਰ ਇਹੋ ਪਰਵਾਨ ਹੈ।” (1 ਤਿਮੋਥਿਉਸ 5:4) ਵੱਡੇ ਹੋਏ ਬੱਚੇ ਆਪਣੇ ਮਾਪਿਆਂ ਅਤੇ ਦਾਦੇ-ਦਾਦੀਆਂ ਵੱਲੋਂ ਉਨ੍ਹਾਂ ਉੱਤੇ ਵਾਰੇ ਗਏ ਸਾਲਾਂ ਦੇ ਪ੍ਰੇਮ, ਮਿਹਨਤ, ਅਤੇ ਦੇਖ-ਭਾਲ ਦੇ ਲਈ ਕਦਰ ਪ੍ਰਦਰਸ਼ਿਤ ਕਰ ਕੇ ਇਹ “ਹੱਕ” ਅਦਾ ਕਰਦੇ ਹਨ। ਇਕ ਤਰੀਕਾ ਜਿਸ ਦੁਆਰਾ ਬੱਚੇ ਇਹ ਕਰ ਸਕਦੇ ਹਨ ਉਹ ਹੈ ਇਹ ਪਛਾਣ­ਨਾ ਕਿ ਹੋਰ ਸਾਰਿਆਂ ਦੇ ਵਾਂਗ, ਬਿਰਧ ਜਣਿਆਂ ਨੂੰ ਪ੍ਰੇਮ ਅਤੇ ਭਰੋਸੇ ਦੀ ਲੋੜ ਹੁੰਦੀ ਹੈ—ਅਕਸਰ ਬੇਹੱਦ ਲੋੜ ਹੁੰਦੀ ਹੈ। ਸਾਡੇ ਸਾਰਿਆਂ ਵਾਂਗ, ਉਨ੍ਹਾਂ ਨੂੰ ਬਹੁਮੁੱਲੇ ਮਹਿਸੂਸ ਕਰਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੂੰ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੇ ਜੀਵਨ ਲਾਭਕਾਰੀ ਹਨ।

3. ਅਸੀਂ ਮਾਪਿਆਂ ਅਤੇ ਦਾਦੇ-ਦਾਦੀਆਂ ਦਾ ਕਿਵੇਂ ਆਦਰ ਕਰ ਸਕਦੇ ਹਾਂ?

3 ਸੋ ਅਸੀਂ ਆਪਣੇ ਮਾਪਿਆਂ ਅਤੇ ਦਾਦੇ-ਦਾਦੀਆਂ ਨੂੰ ਇਹ ਦੱਸਦਿਆਂ ਕਿ ਅਸੀਂ ਉਨ੍ਹਾਂ ਨਾਲ ਪ੍ਰੇਮ ਕਰਦੇ ਹਾਂ ਉਨ੍ਹਾਂ ਦਾ ਆਦਰ ਕਰ ਸਕਦੇ ਹਾਂ। (1 ਕੁਰਿੰਥੀਆਂ 16:14) ਜੇਕਰ ਸਾਡੇ ਮਾਪੇ ਸਾਡੇ ਨਾਲ ਨਹੀਂ ਰਹਿ ਰਹੇ ਹਨ, ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਵੱਲੋਂ ਸੰਚਾਰ ਉਨ੍ਹਾਂ ਲਈ ਬਹੁਮੁੱਲਾ ਹੋ ਸਕਦਾ ਹੈ। ਇਕ ਆਨੰਦਦਾਇਕ ਪੱਤਰ, ਇਕ ਫ਼ੋਨ ਕਾਲ, ਜਾਂ ਇਕ ਮੁਲਾਕਾਤ ਉਨ੍ਹਾਂ ਦੀ ਖ਼ੁਸ਼ੀ ਨੂੰ ਕਾਫ਼ੀ ਵਧਾ ਸਕਦੇ ਹਨ। ਮੀਓ, ਜੋ ਜਪਾਨ ਵਿਚ ਰਹਿੰਦੀ ਹੈ, ਨੇ 82 ਸਾਲ ਦੀ ਉਮਰ ਵਿਚ ਲਿਖਿਆ: “ਮੇਰੀ ਧੀ [ਜਿਸ ਦਾ ਪਤੀ ਇਕ ਸਫ਼ਰੀ ਸੇਵਕ ਹੈ] ਮੈਨੂੰ ਦੱਸਦੀ ਹੈ: ‘ਮਾਂ, ਮਿਹਰਬਾਨੀ ਨਾਲ ਸਾਡੇ ਸੰਗ “ਸਫ਼ਰ” ਕਰ।’ ਉਹ ਮੈਨੂੰ ਹਰ ਹਫ਼ਤੇ ਦਾ ਆਪਣਾ ਅਨੁਸੂਚਿਤ ਰਾਹ ਅਤੇ ਟੈਲੀਫ਼ੋਨ ਨੰਬਰ ਭੇਜਦੀ ਹੈ। ਮੈਂ ਆਪਣਾ ਨਕਸ਼ਾ ਖੋਲ੍ਹ ਕੇ ਕਹਿ ਸਕਦੀ ਹਾਂ: ‘ਆਹਾ। ਹੁਣ ਉਹ ਇੱਥੇ ਹਨ!’ ਅਜਿਹੀ ਬੇਟੀ ਹੋਣ ਦੀ ਬਰਕਤ ਲਈ ਮੈਂ ਹਮੇਸ਼ਾ ਯਹੋਵਾਹ ਦਾ ਧੰਨਵਾਦ ਕਰਦੀ ਹਾਂ।”

ਭੌਤਿਕ ਜ਼ਰੂਰਤਾਂ ਵਿਚ ਮਦਦ ਕਰਨੀ

4. ਯਹੂਦੀ ਧਾਰਮਿਕ ਰੀਤ ਨੇ ਬਿਰਧ ਮਾਪਿਆਂ ਦੇ ਪ੍ਰਤੀ ਬੇਰਹਿਮੀ ਨੂੰ ਕਿਵੇਂ ਉਤਸ਼ਾਹਿਤ ਕੀਤਾ?

4 ਕੀ ਆਪਣੇ ਮਾਪਿਆਂ ਦਾ ਆਦਰ ਕਰਨ ਵਿਚ ਉਨ੍ਹਾਂ ਦੀਆਂ ਭੌਤਿਕ ਜ਼ਰੂਰਤਾਂ ਨੂੰ ਪੂਰਾ ਕਰਨਾ ਵੀ ਸ਼ਾਮਲ ਹੁੰਦਾ ਹੈ? ਜੀ ਹਾਂ। ਇਹ ਅਕਸਰ ਸ਼ਾਮਲ ਹੁੰਦਾ ਹੈ। ਯਿਸੂ ਦੇ ਦਿਨਾਂ ਵਿਚ, ਯਹੂਦੀ ਧਾਰਮਿਕ ਆਗੂਆਂ ਨੇ ਇਸ ਰੀਤ ਨੂੰ ਸਮਰਥਨ ਦਿੱਤਾ ਕਿ ਜੇਕਰ ਇਕ ਵਿਅਕਤੀ ਨੇ ਘੋਸ਼ਿਤ ਕੀਤਾ ਹੋਵੇ ਕਿ ਉਸ ਦਾ ਪੈਸਾ ਜਾਂ ਜਾਇਦਾਦ “ਪਰਮੇਸ਼ੁਰ ਨੂੰ ਇਕ ਸਮਰਪਿਤ ਕੀਤਾ ਭੇਟ” (ਨਿਵ) ਸੀ, ਤਾਂ ਉਹ ਉਸ ਨੂੰ ਆਪਣੇ ਮਾਪਿਆਂ ਦੀ ਦੇਖ-ਭਾਲ ਕਰਨ ਲਈ ਇਸਤੇਮਾਲ ਕਰਨ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਂਦਾ ਸੀ। (ਮੱਤੀ 15:3-6) ਕਿੰਨਾ ਬੇਰਹਿਮ! ਅਸਲ ਵਿਚ, ਉਹ ਧਾਰਮਿਕ ਆਗੂ ਲੋਕਾਂ ਨੂੰ ਆਪਣੇ ਮਾਪਿਆਂ ਦਾ ਆਦਰ ਕਰਨ ਲਈ ਨਹੀਂ ਬਲਕਿ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਖ਼ੁਦਗਰਜ਼ੀ ਨਾਲ ਇਨਕਾਰ ਕਰਨ ਦੁਆਰਾ ਉਨ੍ਹਾਂ ਦੇ ਪ੍ਰਤੀ ਘਿਰਣਾ ਨਾਲ ਵਰਤਾਉ ਕਰਨ ਲਈ ਉਤਸ਼ਾਹਿਤ ਕਰ ਰਹੇ ਸਨ। ਅਸੀਂ ਕਦੇ ਵੀ ਇੰਜ ਕਰਨਾ ਨਹੀਂ ਚਾਹੁੰਦੇ ਹਾਂ!—ਬਿਵਸਥਾ ਸਾਰ 27:16.

5. ਕੁਝ ਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਪ੍ਰਬੰਧ ਕੀਤੇ ਜਾਣ ਦੇ ਬਾਵਜੂਦ, ਕਦੇ-ਕਦਾਈਂ ਆਪਣੇ ਮਾਪਿਆਂ ਦਾ ਆਦਰ ਕਰਨ ਵਿਚ ਮਾਇਕ ਮਦਦ ਦੇਣਾ ਕਿਉਂ ਸ਼ਾਮਲ ਹੁੰਦਾ ਹੈ?

5 ਅੱਜ ਅਨੇਕ ਦੇਸ਼ਾਂ ਵਿਚ, ਸਰਕਾਰ ਵੱਲੋਂ ਸਮਰਥਨ ਪ੍ਰਾਪਤ ਸਮਾਜਕ ਕਾਰਜਕ੍ਰਮ ਬਿਰਧ ਵਿਅਕਤੀਆਂ ਦੀਆਂ ਕੁਝ ਭੌਤਿਕ ਲੋੜਾਂ ਜਿਵੇਂ ਕਿ ਰੋਟੀ, ਕੱਪੜਾ, ਅਤੇ ਮਕਾਨ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ, ਬਿਰਧ ਵਿਅਕਤੀ ਸ਼ਾਇਦ ਖ਼ੁਦ ਹੀ ਆਪਣੇ ਬੁਢਾਪੇ ਲਈ ਕੋਈ ਪ੍ਰਬੰਧ ਕਰ ਸਕੇ ਹੋਣ। ਪਰੰਤੂ ਜੇਕਰ ਇਹ ਸਾਧਨ ਮੁੱਕ ਜਾਣ ਜਾਂ ਉਹ ਨਾਕਾਫ਼ੀ ਸਾਬਤ ਹੋਣ, ਤਾਂ ਬੱਚੇ ਮਾਪਿਆਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਵਿਚ ਜੋ ਵੀ ਕਰ ਸਕਣ ਕਰ ਕੇ ਆਪਣੇ ਮਾਪਿਆਂ ਦਾ ਆਦਰ ਕਰਦੇ ਹਨ। ਅਸਲ ਵਿਚ, ਬਿਰਧ ਮਾਪਿਆਂ ਦੀ ਦੇਖ-ਭਾਲ ਕਰਨੀ ਈਸ਼ਵਰੀ ਭਗਤੀ ਦਾ ਇਕ ਸਬੂਤ ਹੈ, ਅਰਥਾਤ, ਯਹੋਵਾਹ ਪਰਮੇਸ਼ੁਰ, ਪਰਿਵਾਰਕ ਇੰਤਜ਼ਾਮ ਦੇ ਆਰੰਭਕਰਤਾ, ਦੇ ਪ੍ਰਤੀ ਆਪਣੀ ਭਗਤੀ ਦਾ ਸਬੂਤ।

ਪ੍ਰੇਮ ਅਤੇ ਆਤਮ-ਬਲੀਦਾਨ

6. ਕਈਆਂ ਨੇ ਆਪਣਿਆਂ ਮਾਪਿਆਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਲਈ ਕਿਹੜੇ ਰਿਹਾਇਸ਼ ਇੰਤਜ਼ਾਮ ਕੀਤੇ ਹਨ?

6 ਬਹੁਤੇਰੇ ਬਾਲਗ ਬੱਚਿਆਂ ਨੇ ਆਪਣੇ ਕਮਜ਼ੋਰ ਮਾਪਿਆਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਪ੍ਰੇਮ ਅਤੇ ਆਤਮ-ਬਲੀਦਾਨ ਨਾਲ ਪ੍ਰਤਿਕ੍ਰਿਆ ਦਿਖਾਈ ਹੈ। ਕੁਝ ਆਪਣੇ ਮਾਪਿਆਂ ਨੂੰ ਆਪਣੇ ਹੀ ਘਰਾਂ ਵਿਚ ਲੈ ਆਏ ਹਨ ਜਾਂ ਉਨ੍ਹਾਂ ਦੇ ਨਜ਼ਦੀਕ ਹੋਣ ਲਈ ਮਕਾਨ ਬਦਲਿਆ ਹੈ। ਦੂਜੇ ਆਪਣੇ ਮਾਪਿਆਂ ਦੇ ਨਾਲ ਹੀ ਰਹਿਣ ਲੱਗ ਪਏ ਹਨ। ਅਕਸਰ, ਅਜਿਹੇ ਇੰਤਜ਼ਾਮ ਦੋਹਾਂ ਮਾਪਿਆਂ ਅਤੇ ਬੱਚਿਆਂ ਦੇ ਲਈ ਇਕ ਬਰਕਤ ਸਾਬਤ ਹੋਏ ਹਨ।

7. ਬਿਰਧ ਮਾਪਿਆਂ ਦੇ ਸੰਬੰਧ ਵਿਚ ਕਾਹਲੀ ਵਿਚ ਫ਼ੈਸਲੇ ਨਾ ਕਰਨਾ ਬੁੱਧੀਮਾਨੀ ਕਿਉਂ ਹੈ?

7 ਪਰੰਤੂ, ਕਦੇ-ਕਦਾਈਂ, ਅਜਿਹੀਆਂ ਬਦਲੀਆਂ ਸਫ਼ਲ ਨਹੀਂ ਹੁੰਦੀਆਂ। ਕਿਉਂ? ਕਿਉਂਕਿ ਸ਼ਾਇਦ ਫ਼ੈਸਲੇ ਬਹੁਤ ਕਾਹਲੀ ਵਿਚ ਜਾਂ ਕੇਵਲ ਜੋਸ਼ ਵਿਚ ਆ ਕੇ ਹੀ ਕੀਤੇ ਜਾਂਦੇ ਹਨ। “ਸਿਆਣਾ ਵੇਖ ਭਾਲ ਕੇ ਚੱਲਦਾ ਹੈ,” ਬਾਈਬਲ ਬੁੱਧ ਨਾਲ ਸਾਵਧਾਨ ਕਰਦੀ ਹੈ। (ਕਹਾਉਤਾਂ 14:15) ਉਦਾਹਰਣ ਵਜੋਂ, ਫ਼ਰਜ਼ ਕਰੋ ਕਿ ਤੁਹਾਡੀ ਬਿਰਧ ਮਾਤਾ ਨੂੰ ਇਕੱਲੀ ਰਹਿਣਾ ਕਠਿਨ ਲੱਗ ਰਿਹਾ ਹੈ ਅਤੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਨਾਲ ਰਹਿਣਾ ਉਸ ਲਈ ਲਾਭਦਾਇਕ ਹੋਵੇਗਾ। ਸਿਆਣਪ ਨਾਲ ਆਪਣੀ ਕ੍ਰਿਆ-ਵਿਧੀ ਉੱਤੇ ਵਿਚਾਰ ਕਰਦੇ ਹੋਏ, ਤੁਸੀਂ ਨਿਮਨਲਿਖਿਤ ਗੱਲਾਂ ਬਾਰੇ ਗੌਰ ਕਰ ਸਕਦੇ ਹੋ: ਉਸ ਦੀਆਂ ਅਸਲੀ ਜ਼ਰੂਰਤਾਂ ਕੀ ਹਨ? ਕੀ ਗ਼ੈਰ-ਸਰਕਾਰੀ ਜਾਂ ਸਰਕਾਰੀ ਸੇਵਾਵਾਂ ਹਨ ਜੋ ਇਕ ਸਵੀਕਾਰਯੋਗ ਵਿਕਲਪਕ ਸੁਲਝਾਉ ਪੇਸ਼ ਕਰਦੀਆਂ ਹਨ? ਕੀ ਉਹ ਘਰ ਬਦਲਣਾ ਚਾਹੁੰਦੀ ਹੈ? ਜੇਕਰ ਉਹ ਚਾਹੁੰਦੀ ਹੈ, ਤਾਂ ਉਸ ਦਾ ਜੀਵਨ ਕਿਹੜਿਆਂ ਤਰੀਕਿਆਂ ਤੋਂ ਪ੍ਰਭਾਵਿਤ ਹੋਵੇਗਾ? ਕੀ ਉਸ ਨੂੰ ਸਹੇਲੀਆਂ ਪਿੱਛੇ ਛੱਡਣੀਆਂ ਪੈਣਗੀਆਂ? ਇਹ ਜਜ਼ਬਾਤੀ ਤੌਰ ਤੇ ਉਸ ਉੱਤੇ ਸ਼ਾਇਦ ਕਿਵੇਂ ਅਸਰ ਕਰੇਗਾ? ਕੀ ਤੁਸੀਂ ਇਨ੍ਹਾਂ ਗੱਲਾਂ ਬਾਰੇ ਉਸ ਦੇ ਨਾਲ ਚਰਚਾ ਕੀਤੀ ਹੈ? ਅਜਿਹੀ ਬਦਲੀ ਤੁਹਾਡੇ ਉੱਤੇ, ਤੁਹਾਡੇ ਸਾਥੀ ਉੱਤੇ, ਤੁਹਾਡੇ ਬੱਚਿਆਂ ਉੱਤੇ ਕੀ ਅਸਰ ਪਾਵੇਗੀ? ਜੇਕਰ ਤੁਹਾਡੀ ਮਾਤਾ ਨੂੰ ਦੇਖ-ਭਾਲ ਦੀ ਜ਼ਰੂਰਤ ਹੈ, ਤਾਂ ਇਹ ਕੌਣ ਪ੍ਰਦਾਨ ਕਰੇਗਾ? ਕੀ ਜ਼ਿੰਮੇਵਾਰੀ ਸਾਂਝੀ ਕੀਤੀ ਜਾ ਸਕਦੀ ਹੈ? ਕੀ ਤੁਸੀਂ ਉਨ੍ਹਾਂ ਸਾਰਿਆਂ ਸਿੱਧੇ ਤੌਰ ਤੇ ਅੰਤਰਗ੍ਰਸਤ ਸਦੱਸਾਂ ਦੇ ਨਾਲ ਮਾਮਲੇ ਦੀ ਚਰਚਾ ਕੀਤੀ ਹੈ?

8. ਇਹ ਫ਼ੈਸਲਾ ਕਰਦੇ ਸਮੇਂ ਕਿ ਆਪਣੇ ਬਿਰਧ ਮਾਪਿਆਂ ਦੀ ਕਿਵੇਂ ਮਦਦ ਕਰਨੀ ਹੈ ਤੁਸੀਂ ਕਿਨ੍ਹਾਂ ਤੋਂ ਮਸ਼ਵਰਾ ਲੈ ਸਕਦੇ ਹੋ?

8 ਕਿਉਂਕਿ ਦੇਖ-ਭਾਲ ਦੀ ਜ਼ਿੰਮੇਵਾਰੀ ਇਕ ਪਰਿਵਾਰ ਦੇ ਸਾਰੇ ਬੱਚਿਆਂ ਉੱਤੇ ਠਹਿਰਦੀ ਹੈ, ਇਕ ਪਰਿਵਾਰਕ ਕਾਨਫ਼ਰੰਸ ਕਰਨਾ ਸ਼ਾਇਦ ਬੁੱਧੀਮਾਨੀ ਹੋਵੇਗੀ ਤਾਂਕਿ ਸਾਰੇ ਵਿਅਕਤੀ ਫ਼ੈਸਲੇ ਕਰਨ ਵਿਚ ਹਿੱਸਾ ਲੈ ਸਕਣ। ਮਸੀਹੀ ਕਲੀਸਿਯਾ ਵਿਚ ਉਨ੍ਹਾਂ ਬਜ਼ੁਰਗਾਂ ਜਾਂ ਦੋਸਤ-ਮਿੱਤਰਾਂ ਦੇ ਨਾਲ ਗੱਲਬਾਤ ਕਰਨੀ ਜੋ ਇਕ ਸਮਰੂਪ ਪਰਿਸਥਿਤੀ ਦਾ ਸਾਮ੍ਹਣਾ ਕਰ ਚੁੱਕੇ ਹਨ ਵੀ ਸਹਾਇਕ ਹੋ ਸਕਦਾ ਹੈ। “ਜੇ ਸਲਾਹ ਨਾ ਮਿਲੇ ਤਾਂ ਪਰੋਜਨ ਰੁੱਕ ਜਾਂਦੇ ਹਨ,” ਬਾਈਬਲ ਚੇਤਾਵਨੀ ਦਿੰਦੀ ਹੈ, “ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਓਹ ਕਾਇਮ ਹੋ ਜਾਂਦੇ ਹਨ।”—ਕਹਾਉਤਾਂ 15:22.

ਸਮਾਨ-ਅਨੁਭੂਤੀ ਵਾਲੇ ਅਤੇ ਸਮਝਦਾਰ ਬਣੋ

9, 10. (ੳ) ਉਨ੍ਹਾਂ ਦੀ ਵਧਦੀ ਆਯੂ ਦੇ ਬਾਵਜੂਦ, ਬਿਰਧ ਵਿਅਕਤੀਆਂ ਨੂੰ ਕੀ ਲਿਹਾਜ਼ ਦਿਖਾਇਆ ਜਾਣਾ ਚਾਹੀਦਾ ਹੈ? (ਅ) ਇਕ ਬਾਲਗ ਸੰਤਾਨ ਆਪਣੇ ਮਾਪਿਆਂ ਦੇ ਨਿਮਿੱਤ ਭਾਵੇਂ ਜੋ ਵੀ ਕੋਈ ਕਦਮ ਚੁੱਕਦੀ ਹੈ, ਉਸ ਨੂੰ ਹਮੇਸ਼ਾ ਉਨ੍ਹਾਂ ਨੂੰ ਕੀ ਦੇਣਾ ਚਾਹੀਦਾ ਹੈ?

9 ਆਪਣੇ ਬਿਰਧ ਮਾਪਿਆਂ ਦਾ ਆਦਰ ਕਰਨਾ ਸਮਾਨ-ਅਨੁਭੂਤੀ ਅਤੇ ਸਮਝਦਾਰੀ ਲੋੜਦਾ ਹੈ। ਜਿਉਂ-ਜਿਉਂ ਬੀਤਦੇ ਸਾਲ ਆਪਣੇ ਹੀ ਵਿਗਾੜ ਲਿਆਉਂਦੇ ਹਨ, ਬਿਰਧ ਵਿਅਕਤੀਆਂ ਲਈ ਸ਼ਾਇਦ ਤੁਰਨਾ ਫਿਰਨਾ, ਖਾਣਾ, ਅਤੇ ਯਾਦ ਕਰਨਾ ਜ਼ਿਆਦਾ ਕਠਿਨ ਹੁੰਦਾ ਜਾਵੇ। ਉਨ੍ਹਾਂ ਨੂੰ ਸ਼ਾਇਦ ਮਦਦ ਦੀ ਜ਼ਰੂਰਤ ਹੋਵੇ। ਅਕਸਰ ਬੱਚੇ ਸੁਰੱਖਿਅਕ ਬਣ ਜਾਂਦੇ ਹਨ ਅਤੇ ਮਾਰਗ-ਦਰਸ਼ਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰੰਤੂ ਬਿਰਧ ਵਿਅਕਤੀ ਬਾਲਗ ਹਨ, ਜਿਨ੍ਹਾਂ ਕੋਲ ਜੀਵਨ ਭਰ ਦੀ ਸੰਚਿਤ ਕੀਤੀ ਬੁੱਧ ਅਤੇ ਤਜਰਬਾ ਹੈ, ਜੀਵਨ ਭਰ ਉਨ੍ਹਾਂ ਨੇ ਆਪਣੇ ਆਪ ਦੀ ਦੇਖ-ਭਾਲ ਕੀਤੀ ਹੈ ਅਤੇ ਆਪਣੇ ਫ਼ੈਸਲੇ ਖ਼ੁਦ ਕੀਤੇ ਹਨ। ਉਨ੍ਹਾਂ ਦੀ ਸ਼ਨਾਖਤ ਅਤੇ ਆਤਮ-ਸਨਮਾਨ ਸ਼ਾਇਦ ਉਨ੍ਹਾਂ ਦੀ ਮਾਪੇ ਅਤੇ ਬਾਲਗ ਵਜੋਂ ਭੂਮਿਕਾ ਉੱਤੇ ਕੇਂਦ੍ਰਿਤ ਹੋਣ। ਮਾਪੇ ਜੋ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਜੀਵਨ ਦਾ ਨਿਯੰਤ੍ਰਣ ਆਪਣਿਆਂ ਬੱਚਿਆਂ ਦੇ ਵਸ ਵਿਚ ਸੌਂਪਣ ਲਈ ਮਜ਼ਬੂਰ ਹਨ ਸ਼ਾਇਦ ਨਿਰਾਸ਼ ਜਾਂ ਕ੍ਰੋਧਿਤ ਹੋਣ। ਕੁਝ ਉਸ ਦਾ ਬੁਰਾ ਮਨਾਉਂਦੇ ਅਤੇ ਵਿਰੋਧ ਕਰਦੇ ਹਨ ਜਿਸ ਨੂੰ ਉਹ ਆਪਣੀ ਸੁਤੰਤਰਤਾ ਚੁਰਾਉਣ ਦੇ ਜਤਨ ਸਮਝਦੇ ਹਨ।

10 ਅਜਿਹੀਆਂ ਸਮੱਸਿਆਵਾਂ ਦੇ ਕੋਈ ਸੌਖੇ ਹੱਲ ਨਹੀਂ ਹਨ, ਪਰੰਤੂ ਜਿਸ ਹੱਦ ਤਕ ਸੰਭਵ ਹੋਵੇ ਬਿਰਧ ਮਾਪਿਆਂ ਨੂੰ ਆਪਣੇ ਆਪ ਦੀ ਦੇਖ-ਭਾਲ ਕਰਨ ਅਤੇ ਖ਼ੁਦ ਦੀਆਂ ਸਲਾਹਾਂ ਬਣਾ ਲੈਣ ਦੇਣਾ ਇਕ ਦਿਆਲਤਾ ਹੈ। ਆਪਣੇ ਮਾਪਿਆਂ ਦੇ ਨਾਲ ਪਹਿਲਾਂ ਤੋਂ ਗੱਲਬਾਤ ਕੀਤੇ ਬਿਨਾਂ ਨਿਰਣੇ ਕਰਨੇ ਕਿ ਉਨ੍ਹਾਂ ਲਈ ਸਭ ਤੋਂ ਬਿਹਤਰ ਕੀ ਹੈ ਬੁੱਧੀਮਤਾ ਨਹੀਂ ਹੈ। ਉਨ੍ਹਾਂ ਨੇ ਸ਼ਾਇਦ ਕਾਫ਼ੀ ਕੁਝ ਖੋਹਿਆ ਹੋਵੇ। ਉਨ੍ਹਾਂ ਨੂੰ ਉਹ ਰੱਖ ਲੈਣ ਦਿਓ ਜੋ ਹਾਲੇ ਵੀ ਉਨ੍ਹਾਂ ਕੋਲ ਹੈ। ਤੁਸੀਂ ਸ਼ਾਇਦ ਇਹ ਪਾਓਗੇ ਕਿ ਜਿੰਨਾ ਘੱਟ ਤੁਸੀਂ ਆਪਣੇ ਮਾਪਿਆਂ ਦੇ ਜੀਵਨਾਂ ਨੂੰ ਨਿਯੰਤ੍ਰਣ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਨ੍ਹਾਂ ਦੇ ਨਾਲ ਤੁਹਾਡਾ ਰਿਸ਼ਤਾ ਉੱਨਾ ਹੀ ਬਿਹਤਰ ਹੋਵੇਗਾ। ਉਹ ਵੀ ਖ਼ੁਸ਼ ਹੋਣਗੇ, ਅਤੇ ਤੁਸੀਂ ਵੀ ਖ਼ੁਸ਼ ਹੋਵੋਗੇ। ਉਨ੍ਹਾਂ ਦੇ ਫ਼ਾਇਦੇ ਲਈ ਜੇਕਰ ਖ਼ਾਸ ਚੀਜ਼ਾਂ ਉੱਤੇ ਜ਼ੋਰ ਦੇਣਾ ਆਵੱਸ਼ਕ ਹੈ, ਤਾਂ ਵੀ ਆਪਣੇ ਮਾਪਿਆਂ ਦਾ ਆਦਰ ਕਰਨਾ ਇਹ ਲੋੜਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਉਹ ਮਾਣ ਅਤੇ ਇੱਜ਼ਤ ਦਿਓ ਜਿਸ ਦੇ ਉਹ ਯੋਗ ਹਨ। ਪਰਮੇਸ਼ੁਰ ਦਾ ਬਚਨ ਸਲਾਹ ਦਿੰਦਾ ਹੈ: ‘ਤੈਨੂੰ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ ਚਾਹੀਦਾ ਹੈ।’—ਲੇਵੀਆਂ 19:32.

ਸਹੀ ਰਵੱਈਆ ਕਾਇਮ ਰੱਖਣਾ

11-13. ਜੇਕਰ ਅਤੀਤ ਵਿਚ ਇਕ ਬਾਲਗ ਬੱਚੇ ਦਾ ਆਪਣੇ ਮਾਪਿਆਂ ਦੇ ਨਾਲ ਰਿਸ਼ਤਾ ਚੰਗਾ ਨਹੀਂ ਰਿਹਾ ਸੀ, ਤਾਂ ਉਹ ਫਿਰ ਵੀ ਉਨ੍ਹਾਂ ਦੀ ਬਿਰਧ ਆਯੂ ਵਿਚ ਦੇਖ-ਭਾਲ ਕਰਨ ਦੀ ਚੁਣੌਤੀ ਨਾਲ ਕਿਵੇਂ ਨਿਭ ਸਕਦਾ ਹੈ?

11 ਆਪਣੇ ਬਿਰਧ ਮਾਪਿਆਂ ਦਾ ਆਦਰ ਕਰਨ ਵਿਚ ਇਕ ਸਮੱਸਿਆ ਜਿਸ ਦਾ ਕਦੇ-ਕਦਾਈਂ ਬਾਲਗ ਬੱਚੇ ਸਾਮ੍ਹਣਾ ਕਰਦੇ ਹਨ, ਉਹ ਉਸ ਰਿਸ਼ਤੇ ਨਾਲ ­ਸੰਬੰਧਿਤ ਹੈ ਜੋ ਉਹ ਛੋਟੇ ਹੁੰਦਿਆਂ ਆਪਣੇ ਮਾਪਿਆਂ ਦੇ ਨਾਲ ਰੱਖਦੇ ਸਨ। ਸ਼ਾਇਦ ਤੁਹਾਡਾ ਪਿਤਾ ਰੁੱਖਾ ਅਤੇ ਨਿਰਮੋਹਾ ਸੀ, ਅਤੇ ਤੁਹਾਡੀ ਮਾਤਾ ਧੱਕੜ ਅਤੇ ਕਠੋਰ। ਤੁਸੀਂ ਸ਼ਾਇਦ ਹਾਲੇ ਵੀ ਨਿਰਾਸ਼ਾ, ਕ੍ਰੋਧ, ਜਾਂ ਠੇਸ ਮਹਿਸੂਸ ਕਰਦੇ ਹੋਵੋ ਕਿਉਂਕਿ ਉਹ ਉਹੋ ਜਿਹੇ ਮਾਪੇ ਨਹੀਂ ਸਨ ਜਿਵੇਂ ਤੁਸੀਂ ਚਾਹੁੰਦੇ ਸੀ। ਕੀ ਤੁਸੀਂ ਅਜਿਹਿਆਂ ਜਜ਼ਬਾਤਾਂ ਉੱਤੇ ਜੇਤੂ ਹੋ ਸਕਦੇ ਹੋ? *

12 ਬਾੱਸ, ਜੋ ਕਿ ਫ਼ਿਨਲੈਂਡ ਵਿਚ ਜੰਮ-ਪਲਿਆ ਸੀ, ਬਿਆਨ ਕਰਦਾ ਹੈ: “ਮੇਰਾ ਮਤਰੇਆ ਪਿਤਾ ਨਾਜ਼ੀ ਜਰਮਨੀ ਵਿਚ ਇਕ ਐੱਸ ਐੱਸ ਅਫਸਰ ਰਿਹਾ ਸੀ। ਉਹ ਝਟਪਟ ਕ੍ਰੋਧਿਤ ਹੋ ਜਾਂਦਾ ਸੀ, ਅਤੇ ਫਿਰ ਉਹ ਖ਼ਤਰਨਾਕ ਹੁੰਦਾ ਸੀ। ਉਸ ਨੇ ਮੇਰੀਆਂ ਅੱਖਾਂ ਦੇ ਸਾਮ੍ਹਣੇ ਮੇਰੀ ਮਾਤਾ ਨੂੰ ਕਈ ਵਾਰੀ ਮਾਰਿਆ-ਕੁੱਟਿਆ। ਇਕ ਵਾਰ ਜਦੋਂ ਉਹ ਮੇਰੇ ਨਾਲ ਗੁੱਸੇ ਸੀ, ਉਸ ਨੇ ਆਪਣੀ ਬੈੱਲਟ ਘੁਮਾ ਕੇ ਮਾਰੀ ਅਤੇ ਬੱਕਲ ਮੇਰੇ ਮੂੰਹ ਤੇ ਵੱਜਿਆ। ਉਹ ਮੇਰੇ ਇੰਨੇ ਜ਼ੋਰ ਨਾਲ ਵੱਜਿਆ ਕਿ ਮੈਂ ਬਿਸਤਰ ਦੇ ਪਾਰ ਜਾ ਡਿਗਿਆ।”

13 ਪਰ ਫਿਰ, ਉਸ ਦੇ ਸੁਭਾਅ ਦਾ ਇਕ ਦੂਜਾ ਪਾਸਾ ਵੀ ਸੀ। ਬਾੱਸ ਅੱਗੇ ਕਹਿੰਦਾ ਹੈ: “ਦੂਜੇ ਪਾਸੇ, ਉਹ ਬਹੁਤ ਹੀ ਸਖ਼ਤ ਮਿਹਨਤ ਕਰਦਾ ਸੀ ਅਤੇ ਪਰਿਵਾਰ ਦੀ ਭੌਤਿਕ ਤੌਰ ਤੇ ਦੇਖ-ਭਾਲ ਕਰਨ ਵਿਚ ਆਪਣੇ ਆਪ ਨੂੰ ਵਾਰ ਦਿੰਦਾ ਸੀ। ਉਸ ਨੇ ਮੇਰੇ ਲਈ ਕਦੇ ਵੀ ਪਿਤਾ ਵਾਲਾ ਸਨੇਹ ਪ੍ਰਦਰਸ਼ਿਤ ਨਹੀਂ ਕੀਤਾ, ਲੇਕਨ ਮੈਨੂੰ ਮਾਲੂਮ ਸੀ ਕਿ ਉਹ ਜਜ਼ਬਾਤੀ ਤੌਰ ਤੇ ਜ਼ਖਮੀ ਸੀ। ਉਸ ਦੀ ਮਾਤਾ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਜਦੋਂ ਉਹ ਛੋਟੀ ਉਮਰ ਦਾ ਹੀ ਸੀ। ਉਹ ਲੜਾਈ-ਝਗੜੇ ਕਰਦਾ ਵੱਡਾ ਹੋਇਆ ਅਤੇ ਇਕ ਨੌਜਵਾਨ ਵਜੋਂ ਯੁੱਧ ਵਿਚ ਪ੍ਰਵੇਸ਼ ਹੋਇਆ। ਮੈਂ ਕੁਝ ਹੱਦ ਤਕ ਸਮਝ ਸਕਦਾ ਸੀ ਅਤੇ ਉਸ ਨੂੰ ਦੋਸ਼ ਨਹੀਂ ਦਿੰਦਾ ਸੀ। ਜਦੋਂ ਮੈਂ ਵੱਡਾ ਹੋਇਆ, ਮੈਂ ਉਸ ਦੀ ਮੌਤ ਤਕ ਜਿੰਨਾ ਵੀ ਮੇਰੇ ਲਈ ਸੰਭਵ ਸੀ ਉਸ ਦੀ ਮਦਦ ਕਰਨਾ ਚਾਹੁੰਦਾ ਸੀ। ਇਹ ਸੌਖਾ ਨਹੀਂ ਸੀ, ਪਰੰਤੂ ਜੋ ਕੁਝ ਮੈਂ ਕਰ ਸਕਦਾ ਸੀ ਸੋ ਕੀਤਾ। ਮੈਂ ਅਖ਼ੀਰ ਤਕ ਇਕ ਚੰਗਾ ਪੁੱਤਰ ਸਾਬਤ ਹੋਣ ਦਾ ਜਤਨ ਕੀਤਾ, ਅਤੇ ਮੈਨੂੰ ਲੱਗਦਾ ਹੈ ਕਿ ਉਸ ਨੇ ਮੈਨੂੰ ਇਵੇਂ ਹੀ ਸਵੀਕਾਰ ਕੀਤਾ।”

14. ਕਿਹੜਾ ਸ਼ਾਸਤਰਵਚਨ ਸਾਰੀਆਂ ਪਰਿਸਥਿਤੀਆਂ ਵਿਚ ਲਾਗੂ ਹੁੰਦਾ ਹੈ, ਜਿਨ੍ਹਾਂ ਵਿਚ ਉਹ ਵੀ ਸ਼ਾਮਲ ਹਨ ਜੋ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਦੌਰਾਨ ਪੈਦਾ ਹੁੰਦੀਆਂ ਹਨ?

14 ਜਿਵੇਂ ਹੋਰ ਮਾਮਲਿਆਂ ਵਿਚ, ਉਵੇਂ ਪਰਿਵਾਰਕ ਪਰਿਸਥਿਤੀਆਂ ਵਿਚ ਵੀ ਬਾਈਬਲ ਦੀ ਸਲਾਹ ਲਾਗੂ ਹੁੰਦੀ ਹੈ: “ਤੁਸੀਂ . . . ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।”—ਕੁਲੁੱਸੀਆਂ 3:12, 13.

ਦੇਖ-ਭਾਲ ਕਰਨ ਵਾਲਿਆਂ ਨੂੰ ਵੀ ਦੇਖ-ਭਾਲ ਦੀ ਜ਼ਰੂਰਤ ਹੁੰਦੀ ਹੈ

15. ਮਾਪਿਆਂ ਦੀ ਦੇਖ-ਭਾਲ ਕਰਨਾ ਕਦੇ-ਕਦਾਈਂ ਕਸ਼ਟਮਈ ਕਿਉਂ ਹੁੰਦਾ ਹੈ?

15 ਇਕ ਕਮਜ਼ੋਰ ਮਾਤਾ ਜਾਂ ਪਿਤਾ ਦੀ ਦੇਖ-ਭਾਲ ਕਰਨਾ ਸਖ਼ਤ ਮਿਹਨਤ ਦਾ ਕੰਮ ਹੁੰਦਾ ਹੈ, ਜਿਸ ਵਿਚ ਅਨੇਕ ਕਾਰਜ, ਕਾਫ਼ੀ ਜ਼ਿੰਮੇਵਾਰੀ, ਅਤੇ ਲੰਬਾ ਸਮਾਂ ਸ਼ਾਮਲ ਹੁੰਦਾ ਹੈ। ਪਰੰਤੂ ਸਭ ਤੋਂ ਕਠਿਨ ਹਿੱਸਾ ਅਕਸਰ ਭਾਵਾਤਮਕ ਹੁੰਦਾ ਹੈ। ਆਪਣੇ ਮਾਪਿਆਂ ਨੂੰ ਉਨ੍ਹਾਂ ਦੀ ਸਿਹਤ, ਯਾਦ-ਸ਼ਕਤੀ, ਅਤੇ ਸੁਤੰਤਰਤਾ ਗੁਆਉਂਦੇ ਹੋਏ ਦੇਖਣਾ ਕਸ਼ਟਮਈ ਹੁੰਦਾ ਹੈ। ਸੈਂਡੀ, ਜੋ ਪੋਰਟੋ ਰੀਕੋ ਤੋਂ ਹੈ, ਬਿਆਨ ਕਰਦੀ ਹੈ: “ਮੇਰੀ ਮਾਂ ਸਾਡੇ ਪਰਿਵਾਰ ਦਾ ਕੇਂਦਰ ਸੀ। ਉਸ ਦੀ ਦੇਖ-ਭਾਲ ਕਰਨਾ ਬਹੁਤ ਹੀ ਦੁਖਦਾਈ ਅਨੁਭਵ ਸੀ। ਪਹਿਲਾਂ ਉਹ ਲੰਗੜਾਉਣ ਲੱਗ ਪਈ; ਫਿਰ ਉਸ ਨੂੰ ਇਕ ਲਾਠੀ ਦੀ ਜ਼ਰੂਰਤ ਪਈ, ਫਿਰ ਤੁਰਨ ਲਈ ਆਸਰੇ ਵਾਲਾ ਫ਼ਰੇਮ, ਫਿਰ ਇਕ ਪਹੀਏਦਾਰ ਕੁਰਸੀ। ਉਸ ਤੋਂ ਬਾਅਦ ਉਸ ਦੀ ਹਾਲਤ ਵਿਗੜਦੀ ਗਈ ਜਦ ਤਕ ਕਿ ਉਸ ਦਾ ਦੇਹਾਂਤ ਨਹੀਂ ਹੋ ਗਿਆ। ਉਸ ਨੇ ਹੱਡੀਆਂ ਦੀ ਕੈਂਸਰ ਸਹੇੜ ਲਈ ਸੀ ਅਤੇ ਉਸ ਨੂੰ ਲਗਾਤਾਰ—ਦਿਨ ਰਾਤ ਦੇਖ-ਭਾਲ ਦੀ ਜ਼ਰੂਰਤ ਸੀ। ਅਸੀਂ ਉਸ ਨੂੰ ਨਹਾਇਆ ਅਤੇ ਖੁਆਇਆ ਅਤੇ ਉਸ ਲਈ ਪਠਨ ਕੀਤਾ। ਇਹ ਬਹੁਤ ਹੀ ਕਠਿਨ ਸੀ—ਖ਼ਾਸ ਕਰਕੇ ਭਾਵਾਤਮਕ ਤੌਰ ਤੇ। ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਮਾਂ ਮਰ ਰਹੀ ਸੀ, ਤਾਂ ਮੈਂ ਬਹੁਤ ਰੋਈ ਕਿਉਂਕਿ ਮੈਂ ਉਸ ਨਾਲ ਇੰਨਾ ਪ੍ਰੇਮ ਕਰਦੀ ਸੀ।”

16, 17. ਦੇਖ-ਭਾਲ ਕਰਨ ਵਾਲੇ ਨੂੰ ਇਕ ਸੰਤੁਲਿਤ ਦ੍ਰਿਸ਼ਟੀ ਰੱਖਣ ਵਿਚ ਕਿਹੜੀ ਸਲਾਹ ਮਦਦ ਕਰ ਸਕਦੀ ਹੈ?

16 ਜੇਕਰ ਤੁਸੀਂ ਖ਼ੁਦ ਨੂੰ ਇਕ ਸਮਰੂਪ ਪਰਿਸਥਿਤੀ ਵਿਚ ਪਾਉਂਦੇ ਹੋ, ਤਾਂ ਤੁਸੀਂ ਨਿਭਣ ਲਈ ਕੀ ਕਰ ਸਕਦੇ ਹੋ? ਬਾਈਬਲ ਪਠਨ ਦੁਆਰਾ ਯਹੋਵਾਹ ਦੀ ਸੁਣਨਾ ਅਤੇ ਪ੍ਰਾਰਥਨਾ ਦੁਆਰਾ ਉਸ ਦੇ ਨਾਲ ਬੋਲਣਾ ਤੁਹਾਨੂੰ ਕਾਫ਼ੀ ਮਦਦ ਕਰੇਗਾ। (ਫ਼ਿਲਿੱਪੀਆਂ 4:6, 7) ਇਕ ਵਿਵਹਾਰਕ ਤਰੀਕੇ ਤੋਂ, ਇਹ ਨਿਸ਼ਚਿਤ ਕਰੋ ਕਿ ਤੁਸੀਂ ਸੰਤੁਲਿਤ ਭੋਜਨ ਖਾ ਰਹੇ ਹੋ ਅਤੇ ਲੋੜੀਂਦੀ ਨੀਂਦ ਵੀ ਲੈਣ ਦੀ ਕੋਸ਼ਿਸ਼ ਕਰੋ। ਇਹ ਕਰਨ ਨਾਲ ਤੁਸੀਂ ਦੋਵੇਂ ਭਾਵਾਤਮਕ ਅਤੇ ਸਰੀਰਕ ਤੌਰ ਤੇ ਆਪਣੇ ਪਿਆਰੇ ਜਣੇ ਦੀ ਦੇਖ-ਭਾਲ ਕਰਨ ਲਈ ਬਿਹਤਰ ਹਾਲਤ ਵਿਚ ਹੋਵੋਗੇ। ਤੁਸੀਂ ਸ਼ਾਇਦ ਰੋਜ਼ਾਨਾ ਨਿੱਤ-ਕਰਮ ਤੋਂ ਕਦੀ-ਕਦਾਈਂ ਛੁੱਟੀ ਲੈਣ ਦਾ ਇੰਤਜ਼ਾਮ ਕਰ ਸਕਦੇ ਹੋ। ਭਾਵੇਂ ਕਿ ਇਕ ਛੁੱਟੀ ਨਾ ਵੀ ਸੰਭਵ ਹੋਵੇ, ਤਾਂ ਵੀ ਆਰਾਮ ਲਈ ਕੁਝ ਸਮਾਂ ਅਨੁਸੂਚਿਤ ਕਰਨਾ ਬੁੱਧੀਮਤਾ ਹੈ। ਛੁੱਟੀ ਲੈਣ ਲਈ, ਤੁਸੀਂ ਸ਼ਾਇਦ ਆਪਣੀ ਦੁਰਬਲ ਮਾਤਾ ਜਾਂ ਪਿਤਾ ਦੇ ਨਾਲ ਕਿਸੇ ਹੋਰ ਦੇ ਰਹਿਣ ਦਾ ਇੰਤਜ਼ਾਮ ਕਰ ਸਕਦੇ ਹੋ।

17 ਬਾਲਗ ਦੇਖ-ਭਾਲ ਕਰਨ ਵਾਲਿਆਂ ਨੂੰ ਖ਼ੁਦ ਤੋਂ ਅਨੁਚਿਤ ਆਸਾਂ ਰੱਖਣੀਆਂ ਕੋਈ ਅਨੋਖੀ ਗੱਲ ਨਹੀਂ ਹੈ। ਪਰੰਤੂ ਉਸ ਲਈ ਦੋਸ਼ੀ ਨਾ ਮਹਿਸੂਸ ਕਰੋ ਜੋ ਤੁਸੀਂ ਨਹੀਂ ਕਰ ਸਕਦੇ ਹੋ। ਕੁਝ ਹਾਲਾਤਾਂ ਵਿਚ ਤੁਹਾਨੂੰ ਆਪਣੇ ਪਿਆਰੇ ਜਣੇ ਨੂੰ ਸ਼ਾਇਦ ਨਰਸਿੰਗ ਹੋਮ ਦੀ ਦੇਖ-ਭਾਲ ਵਿਚ ਸੌਂਪਣਾ ਪਵੇ। ਜੇਕਰ ਤੁਸੀਂ ਦੇਖ-ਭਾਲ ਕਰਨ ਵਾਲੇ ਹੋ, ਤਾਂ ਆਪਣੇ ਤੋਂ ਤਰਕਸੰਗਤ ਆਸਾਂ ਰੱਖੋ। ਤੁਹਾਨੂੰ ਸਿਰਫ਼ ਆਪਣੇ ਮਾਪਿਆਂ ਦੀ ਹੀ ਨਹੀਂ ਪਰੰਤੂ ਆਪਣੇ ਬੱਚਿਆਂ, ਆਪਣੇ ਸਾਥੀ, ਅਤੇ ਖ਼ੁਦ ਦੀਆਂ ਜ਼ਰੂਰਤਾਂ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ।

ਸਾਧਾਰਣ ਨਾਲੋਂ ਵਧੇਰੇ ਸ਼ਕਤੀ

18, 19. ਯਹੋਵਾਹ ਨੇ ਸਮਰਥਨ ਦਾ ਕੀ ਵਾਅਦਾ ਕੀਤਾ ਹੈ, ਅਤੇ ਕਿਹੜਾ ਅਨੁਭਵ ਪ੍ਰਦਰਸ਼ਿਤ ਕਰਦਾ ਹੈ ਕਿ ਉਹ ਇਹ ਵਾਅਦਾ ਪੂਰਾ ਕਰਦਾ ਹੈ?

18 ਆਪਣੇ ਬਚਨ, ਬਾਈਬਲ ਦੁਆਰਾ ਯਹੋਵਾਹ ਪ੍ਰੇਮਪੂਰਵਕ ਉਹ ਮਾਰਗ-ਦਰਸ਼ਨ ਪ੍ਰਦਾਨ ਕਰਦਾ ਹੈ ਜੋ ਇਕ ਵਿਅਕਤੀ ਨੂੰ ਬਿਰਧ ਹੋ ਰਹੇ ਮਾਪਿਆਂ ਦੀ ਦੇਖ-ਭਾਲ ਕਰਨ ਵਿਚ ਕਾਫ਼ੀ ਮਦਦ ਕਰ ਸਕਦਾ ਹੈ, ਪਰੰਤੂ ਉਹ ਸਿਰਫ਼ ਇਹ ਹੀ ਮਦਦ ਨਹੀਂ ਪ੍ਰਦਾਨ ਕਰਦਾ ਹੈ। “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ,” ਜ਼ਬੂਰਾਂ ਦੇ ਲਿਖਾਰੀ ਨੇ ਪ੍ਰੇਰਣਾ ਦੇ ਅਧੀਨ ਲਿਖਿਆ। “ਉਹ . . . ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ।” ਯਹੋਵਾਹ ਆਪਣੇ ਵਫ਼ਾਦਾਰ ਉਪਾਸਕਾਂ ਨੂੰ ਸਭ ਤੋਂ ਕਠਿਨ ਪਰਿਸਥਿਤੀਆਂ ਵਿੱਚੋਂ ਵੀ ਬਚਾਵੇਗਾ, ਜਾਂ ਕਾਇਮ ਰੱਖੇਗਾ।—ਜ਼ਬੂਰ 145:18, 19.

19 ਫਿਲਿੱਪੀਨ ਵਿਚ, ਮੱਰਨਾ, ਆਪਣੀ ਮਾਤਾ ਦੀ ਦੇਖ-ਭਾਲ ਕਰਦੇ ਸਮੇਂ, ਜੋ ਇਕ ਦੌਰੇ ਦੁਆਰਾ ਨਿਤਾਣੀ ਹੋ ਗਈ ਸੀ, ਨੇ ਇਹ ਸਿੱਖਿਆ। “ਇਸ ਤੋਂ ਜ਼ਿਆਦਾ ਕੁਝ ਵੀ ਹੋਰ ਇੰਨਾ ਨਿਰਾਸ਼ਾਜਨਕ ਨਹੀਂ ਹੈ ਜਿੰਨਾ ਕਿ ਆਪਣੇ ਪਿਆਰੇ ਜਣੇ ਨੂੰ ਕਸ਼ਟ ਪਾਉਂਦੇ ਦੇਖਣਾ, ਜੋ ਤੁਹਾਨੂੰ ਇਹ ਨਾ ਦੱਸ ਸਕੇ ਕਿ ਕਿੱਥੇ ਦਰਦ ਹੁੰਦੀ ਹੈ,” ਮੱਰਨਾ ਲਿਖਦੀ ਹੈ। “ਇਹ ਉਸ ਨੂੰ ਸਹਿਜੇ-ਸਹਿਜੇ ਡੁੱਬਦੀ ਦੇਖਣ ਦੇ ਸਮਾਨ ਸੀ, ਅਤੇ ਮੈਂ ਕੁਝ ਵੀ ਨਹੀਂ ਕਰ ਸਕਦੀ ਸੀ। ਕਈ ਵਾਰ ਮੈਂ ਗੋਡਿਆਂ ਭਾਰ ਯਹੋਵਾਹ ਦੇ ਨਾਲ ਗੱਲਾਂ ਕਰਦੀ ਕਿ ਮੈਂ ਕਿੰਨੀ ਥੱਕੀ ਹੋਈ ਸੀ। ਮੈਂ ਦਾਊਦ ਦੇ ਵਾਂਗ ਕਲਪੀ, ਜਿਸ ਨੇ ਯਹੋਵਾਹ ਨੂੰ ਉਸ ਦੇ ਅੰਝੂਆਂ ਨੂੰ ਇਕ ਕੁੱਪੀ ਵਿਚ ਰੱਖਣ ਲਈ ਅਤੇ ਉਸ ਨੂੰ ਯਾਦ ਰੱਖਣ ਲਈ ਅਰਜ਼ ਕੀਤਾ। [ਜ਼ਬੂਰ 56:8] ਅਤੇ ਜਿਵੇਂ ਯਹੋਵਾਹ ਨੇ ਵਾਅਦਾ ਕੀਤਾ ਸੀ, ਉਸ ਨੇ ਮੈਨੂੰ ਉਹ ਸ਼ਕਤੀ ਦਿੱਤੀ ਜਿਸ ਦੀ ਮੈਨੂੰ ਜ਼ਰੂਰਤ ਸੀ। ‘ਯਹੋਵਾਹ ਮੇਰੀ ਟੇਕ ਬਣਿਆ।’”—ਜ਼ਬੂਰ 18:18.

20. ਕਿਹੜੇ ਬਾਈਬਲ ਵਾਅਦੇ ਦੇਖ-ਭਾਲ ਕਰਨ ਵਾਲਿਆਂ ਨੂੰ ਆਸ਼ਾਵਾਦੀ ਬਣੇ ਰਹਿਣ ਵਿਚ ਮਦਦ ਕਰਦੇ ਹਨ, ਭਾਵੇਂ ਕਿ ਜਿਸ ਦੀ ਦੇਖ-ਭਾਲ ਉਹ ਕਰ ਰਹੇ ਹਨ ਮਰ ਵੀ ਜਾਂਦਾ ਹੈ?

20 ਇਹ ਕਿਹਾ ਜਾਂਦਾ ਹੈ ਕਿ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨਾ ਇਕ “ਬਿਨਾਂ ਸ਼ੁਭ ਸਮਾਪਤੀ ਦੀ ਕਥਾ” ਹੈ। ਦੇਖ-ਭਾਲ ਕਰਨ ਦੇ ਸਭ ਤੋਂ ਬਿਹਤਰੀਨ ਜਤਨਾਂ ਦੇ ਬਾਵਜੂਦ ਵੀ, ਬਿਰਧ ਵਿਅਕਤੀ ਸ਼ਾਇਦ ਮਰ ਜਾਣ, ਜਿਵੇਂ ਮੱਰਨਾ ਦੀ ਮਾਤਾ ਮਰ ਗਈ। ਪਰੰਤੂ ਉਹ ਜੋ ਯਹੋਵਾਹ ਵਿਚ ਭਰੋਸਾ ਰੱਖਦੇ ਹਨ ਜਾਣਦੇ ਹਨ ਕਿ ਮੌਤ ਹੀ ਮਾਮਲੇ ਦਾ ਅੰਤ ਨਹੀਂ ਹੈ। ਰਸੂਲ ਪੌਲੁਸ ਨੇ ਕਿਹਾ: “[ਮੈਂ] ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ . . . ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਜਿਨ੍ਹਾਂ ਨੇ ਮੌਤ ਰਾਹੀਂ ਬਿਰਧ ਮਾਪੇ ਖੋਹੇ ਹਨ ਉਹ ਪੁਨਰ-ਉਥਾਨ ਦੀ ਉਮੀਦ ਤੋਂ, ਨਾਲੇ ਪਰਮੇਸ਼ੁਰ ਦੇ ਦੁਆਰਾ ਬਣਾਏ ਗਏ ਇਕ ਆਨੰਦਮਈ ਨਵੇਂ ਸੰਸਾਰ ਦੇ ਵਾਅਦੇ ਤੋਂ ਜਿਸ ਵਿਚ “ਮੌਤ ਨਾ ਹੋਵੇਗੀ,” ਦਿਲਾਸਾ ਲੈਂਦੇ ਹਨ।—ਪਰਕਾਸ਼ ਦੀ ਪੋਥੀ 21:4.

21. ਬਿਰਧ ਮਾਪਿਆਂ ਦਾ ਮਾਣ ਕਰਨ ਦੇ ਕਿਹੜੇ ਚੰਗੇ ਨਤੀਜੇ ਹੁੰਦੇ ਹਨ?

21 ਪਰਮੇਸ਼ੁਰ ਦੇ ਸੇਵਕ ਆਪਣੇ ਮਾਪਿਆਂ ਲਈ ਗਹਿਰਾ ਸਤਿਕਾਰ ਰੱਖਦੇ ਹਨ, ਭਾਵੇਂ ਕਿ ਉਹ ਸ਼ਾਇਦ ਬਿਰਧ ਹੋ ਗਏ ਹੋਣ। (ਕਹਾਉਤਾਂ 23:22-24) ਉਹ ਉਨ੍ਹਾਂ ਦਾ ਮਾਣ ਕਰਦੇ ਹਨ। ਇਹ ਕਰਨ ਨਾਲ, ਉਹ ਉਸ ਗੱਲ ਨੂੰ ਅਨੁਭਵ ਕਰਦੇ ਹਨ ਜੋ ਪ੍ਰੇਰਿਤ ਕਹਾਵਤ ਕਹਿੰਦੀ ਹੈ: “ਤੇਰੇ ਮਾਪੇ ਅਨੰਦ ਹੋਣ, ਤੇਰੀ ਜਣਨ ਵਾਲੀ ਖੁਸ਼ ਹੋਵੇ!” (ਕਹਾਉਤਾਂ 23:25) ਅਤੇ ਸਭ ਤੋਂ ਵੱਧ, ਉਹ ਜੋ ਆਪਣੇ ਬਿਰਧ ਮਾਪਿਆਂ ਦਾ ਮਾਣ ਕਰਦੇ ਹਨ ਯਹੋਵਾਹ ਨੂੰ ਵੀ ਪ੍ਰਸੰਨ ਕਰਦੇ ਹਨ ਅਤੇ ਉਸ ਲਈ ਮਾਣ ਦਿਖਾਉਂਦੇ ਹਨ।

^ ਪੈਰਾ 11 ਅਸੀਂ ਇੱਥੇ ਉਨ੍ਹਾਂ ਪਰਿਸਥਿਤੀਆਂ ਦੀ ਚਰਚਾ ਨਹੀਂ ਕਰ ਰਹੇ ਹਾਂ ਜਿਨ੍ਹਾਂ ਵਿਚ ਮਾਪੇ ਉਸ ਹੱਦ ਤਕ ਆਪਣੀ ਸ਼ਕਤੀ ਅਤੇ ਭਰੋਸੇ ਦੀ ਅਤਿਅੰਤ ਕੁਵਰਤੋਂ ਕਰਨ ਦੇ ਦੋਸ਼ੀ ਸਨ, ਜਿਸ ਨੂੰ ਅਪਰਾਧਕ ਹੱਦ ਵਿਚਾਰਿਆ ਜਾ ਸਕਦਾ ਹੈ।