Skip to content

Skip to table of contents

ਅਧਿਆਇ ਦੋ

ਇਕ ਸਫ਼ਲ ਵਿਆਹ ਲਈ ਤਿਆਰੀ ਕਰਨੀ

ਇਕ ਸਫ਼ਲ ਵਿਆਹ ਲਈ ਤਿਆਰੀ ਕਰਨੀ

1, 2. (ੳ) ਯਿਸੂ ਨੇ ਯੋਜਨਾ ਬਣਾਉਣ ਦੀ ਮਹੱਤਤਾ ਉੱਤੇ ਕਿਵੇਂ ਜ਼ੋਰ ਦਿੱਤਾ ਸੀ? (ਅ) ਕਿਸ ਖੇਤਰ ਵਿਚ ਖ਼ਾਸ ਕਰਕੇ ਯੋਜਨਾ ਬਣਾਉਣੀ ਅਤਿ-ਮਹੱਤਵਪੂਰਣ ਹੈ?

ਇਕ ਇਮਾਰਤ ਨੂੰ ਉਸਾਰਨ ਲਈ ਧਿਆਨਪੂਰਵਕ ਤਿਆਰੀ ਦੀ ਲੋੜ ਹੁੰਦੀ ਹੈ। ਨੀਂਹ ਨੂੰ ਧਰਨ ਤੋਂ ਪਹਿਲਾਂ, ਜਗ੍ਹਾ ਪ੍ਰਾਪਤ ਕਰ ਕੇ ਨਕਸ਼ੇ ਬਣਾਉਣੇ ਜ਼ਰੂਰੀ ਹੁੰਦੇ ਹਨ। ਪਰ ਫਿਰ, ਇਕ ਹੋਰ ਚੀਜ਼ ਅਤਿ-ਮਹੱਤਵਪੂਰਣ ਹੈ। ਯਿਸੂ ਨੇ ਕਿਹਾ: “ਤੁਹਾਡੇ ਵਿੱਚੋਂ ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ ਭਈ ਮੇਰੇ ਕੋਲ ਉਹ ਦੇ ਪੂਰਾ ਕਰਨ ਜੋਗਾ ਹੈ ਕਿ ਨਹੀਂ?”—ਲੂਕਾ 14:28.

2 ਜਿਹੜੀ ਗੱਲ ਇਕ ਇਮਾਰਤ ਨੂੰ ਉਸਾਰਨ ਬਾਰੇ ਸੱਚ ਹੈ ਉਹ ਇਕ ਸਫ਼ਲ ਵਿਆਹ ਨੂੰ ਉਸਾਰਨ ਉੱਤੇ ਵੀ ਲਾਗੂ ਹੁੰਦੀ ਹੈ। ਬਹੁਤੇਰੇ ਕਹਿੰਦੇ ਹਨ: “ਮੈਂ ਵਿਆਹ ਕਰਾਉਣਾ ਚਾਹੁੰਦਾ ਹਾਂ।” ਪਰੰਤੂ ਕਿੰਨੇ ਵਿਅਕਤੀ ਰੁਕ ਕੇ ਕੀਮਤ ਆਂਕਦੇ ਹਨ? ਭਾਵੇਂ ਕਿ ਬਾਈਬਲ ਵਿਆਹ ਦੇ ਹੱਕ ਵਿਚ ਜ਼ਿਕਰ ਕਰਦੀ ਹੈ, ਇਹ ਉਨ੍ਹਾਂ ਚੁਣੌਤੀਆਂ ਵੱਲ ਵੀ ਧਿਆਨ ਖਿੱਚਦੀ ਹੈ ਜੋ ਵਿਆਹ ਪੇਸ਼ ਕਰਦਾ ਹੈ। (ਕਹਾਉਤਾਂ 18:22; 1 ਕੁਰਿੰਥੀਆਂ 7:28) ਇਸ ਕਰਕੇ, ਜੋ ਵਿਆਹ ਬਾਰੇ ਵਿਚਾਰ ਕਰ ਰਹੇ ਹਨ ਉਨ੍ਹਾਂ ਨੂੰ ਇਸ ਦੀਆਂ ਬਰਕਤਾਂ ਨਾਲੇ ਕੀਮਤ ਦੋਹਾਂ ਬਾਰੇ ਯਥਾਰਥਕ ਦ੍ਰਿਸ਼ਟੀ ਰੱਖਣ ਦੀ ਜ਼ਰੂਰਤ ਹੈ।

3.ਵਿਆਹ ਦੀ ਯੋਜਨਾ ਬਣਾਉਣ ਵਾਲਿਆਂ ਲਈ ਬਾਈਬਲ ਇਕ ਬਹੁਮੁੱਲੀ ਸਹਾਇਕ ਕਿਉਂ ਹੈ, ਅਤੇ ਇਹ ਸਾਨੂੰ ਕਿਹੜੇ ਤਿੰਨ ਸਵਾਲਾਂ ਦੇ ਜਵਾਬ ਦੇਣ ਵਿਚ ਮਦਦ ਕਰੇਗੀ?

3 ਬਾਈਬਲ ਮਦਦ ਕਰ ਸਕਦੀ ਹੈ। ਇਸ ਦੀ ਸਲਾਹ ਵਿਆਹ ਦੇ ਆਰੰਭਕਰਤਾ, ਯਹੋਵਾਹ ਪਰਮੇਸ਼ੁਰ ਦੁਆਰਾ ਪ੍ਰੇਰਿਤ ਕੀਤੀ ਗਈ ਹੈ। (ਅਫ਼ਸੀਆਂ 3:14, 15; 2 ਤਿਮੋਥਿਉਸ 3:16) ਇਸ ਪ੍ਰਾਚੀਨ, ਪਰੰਤੂ ਅਤਿ ਤਤਕਾਲੀਨ ਸੂਚਨਾ-ਪੁਸਤਕ ਵਿਚ ਪਾਏ ਜਾਂਦੇ ਸਿਧਾਂਤਾਂ ਨੂੰ ਇਸਤੇਮਾਲ ਕਰਦੇ ਹੋਏ, ਆਓ ਅਸੀਂ ਨਿਸ਼ਚਿਤ ਕਰੀਏ (1) ਕਿਵੇਂ ਇਕ ਵਿਅਕਤੀ ਜਾਣ ਸਕਦਾ ਜਾਂ ਸਕਦੀ ਹੈ ਕਿ ਉਹ ਵਿਆਹ ਲਈ ਤਿਆਰ ਹੈ ਜਾਂ ਨਹੀਂ? (2) ਇਕ ਸਾਥੀ ਵਿਚ ਕੀ ਭਾਲਿਆ ਜਾਣਾ ਚਾਹੀਦਾ ਹੈ? ਅਤੇ (3) ਆਸ਼ਨਾਈ ਕਿਵੇਂ ਆਦਰਯੋਗ ਰੱਖੀ ਜਾ ਸਕਦੀ ਹੈ?

ਕੀ ਤੁਸੀਂ ਵਿਆਹ ਲਈ ਤਿਆਰ ਹੋ?

4.ਇਕ ਸਫ਼ਲ ਵਿਆਹ ਕਾਇਮ ਰੱਖਣ ਲਈ ਇਕ ਅਤਿ-ਮਹੱਤਵਪੂਰਣ ਵਿਸ਼ੇਸ਼ਤਾ ਕੀ ਹੈ, ਅਤੇ ਕਿਉਂ?

4 ਇਕ ਇਮਾਰਤ ਨੂੰ ਉਸਾਰਨਾ ਸ਼ਾਇਦ ਮਹਿੰਗਾ ਹੋਵੇ, ਪਰੰਤੂ ਉਸ ਦੀ ਦੀਰਘਕਾਲੀ ਦੇਖ-ਭਾਲ ਵੀ ਮਹਿੰਗੀ ਹੁੰਦੀ ਹੈ। ਵਿਆਹ ਦੇ ਸੰਬੰਧ ਵਿਚ ਵੀ ਸਮਰੂਪ ਸਥਿਤੀ ਹੈ। ਵਿਆਹ ਕਰਾਉਣਾ ਹੀ ਖ਼ੁਦ ਵਿਚ ਚੁਣੌਤੀ ਭਰਿਆ ਜਾਪਦਾ ਹੈ, ਪਰ ਫਿਰ, ਇਕ ਵਿਵਾਹਕ ਸੰਬੰਧ ਨੂੰ ਸਾਲ ਪ੍ਰਤਿ ਸਾਲ ਕਾਇਮ ਰੱਖਣ ਉੱਤੇ ਵੀ ਵਿਚਾਰ ਕਰਨ ਦੀ ਜ਼ਰੂਰਤ ਹੈ। ਅਜਿਹੇ ਸੰਬੰਧ ਨੂੰ ਕਾਇਮ ਰੱਖਣ ਵਿਚ ਕੀ ਕੁਝ ਸ਼ਾਮਲ ਹੈ? ਪੂਰੇ ਦਿਲ ਨਾਲ ਵਚਨਬੱਧਤਾ ਇਕ ਅਤਿ-ਮਹੱਤਵਪੂਰਣ ਵਿਸ਼ੇਸ਼ਤਾ ਹੈ। ਬਾਈਬਲ ਵਿਵਾਹਕ ਸੰਬੰਧ ਨੂੰ ਇਸ ਤਰੀਕੇ ਨਾਲ ਵਰਣਨ ਕਰਦੀ ਹੈ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” (ਉਤਪਤ 2:24) ਯਿਸੂ ਮਸੀਹ ਨੇ ਮੁੜ-ਵਿਆਹ ਦੀ ਸੰਭਾਵਨਾ ਨਾਲ, ਤਲਾਕ ਲਈ ਇੱਕੋ-ਇਕ ਸ਼ਾਸਤਰ ਸੰਬੰਧੀ ਆਧਾਰ ਦਿੱਤਾ—“ਵਿਭਚਾਰ,” ਅਰਥਾਤ, ਵਿਆਹ ਤੋਂ ਬਾਹਰ ਨਾਜਾਇਜ਼ ਸੰਭੋਗ। (ਮੱਤੀ 19:9, ਨਿਵ) ਜੇਕਰ ਤੁਸੀਂ ਵਿਆਹ ਬਾਰੇ ਵਿਚਾਰ ਕਰ ਰਹੇ ਹੋ, ਤਾਂ ਇਨ੍ਹਾਂ ਸ਼ਾਸਤਰ ਸੰਬੰਧੀ ਮਿਆਰਾਂ ਨੂੰ ਧਿਆਨ ਵਿਚ ਰੱਖੋ। ਜੇਕਰ ਤੁਸੀਂ ਇਸ ਗੰਭੀਰ ਵਚਨਬੱਧਤਾ ਲਈ ਤਿਆਰ ਨਹੀਂ ਹੋ, ਤਾਂ ਫਿਰ ਤੁਸੀਂ ਵਿਆਹ ਲਈ ਵੀ ਤਿਆਰ ਨਹੀਂ ਹੋ।—ਬਿਵਸਥਾ ਸਾਰ 23:21; ਉਪਦੇਸ਼ਕ ਦੀ ਪੋਥੀ 5:4, 5.

5.ਹਾਲਾਂਕਿ ਵਿਆਹ ਦੀ ਗੰਭੀਰ ਵਚਨਬੱਧਤਾ ਕੁਝ ਵਿਅਕਤੀਆਂ ਨੂੰ ਡਰਾ ਦਿੰਦੀ ਹੈ, ਪਰੰਤੂ ਵਿਆਹ ਕਰਨ ਦਾ ਇਰਾਦਾ ਰੱਖਣ ਵਾਲਿਆਂ ਨੂੰ ਇਸ ਨੂੰ ਅਤਿਅੰਤ ਮਹੱਤਤਾ ਕਿਉਂ ਦੇਣੀ ਚਾਹੀਦੀ ਹੈ?

5 ਇਕ ਗੰਭੀਰ ਵਚਨਬੱਧਤਾ ਦਾ ਵਿਚਾਰ ਕਈਆਂ ਨੂੰ ਡਰਾ ਦਿੰਦਾ ਹੈ। “ਇਹ ਜਾਣਦੇ ਹੋਏ ਕਿ ਅਸੀਂ ਦੋਵੇਂ ਇਕ ਦੂਜੇ ਨਾਲ ਜੀਵਨ ਭਰ ਲਈ ਬੱਝੇ ਹੋਏ ਸਨ, ਮੈਂ ਇਕ ਖੂੰਜੇ ਵਿਚ ਧੱਕਿਆ ਹੋਇਆ, ਸਾਰੇ ਪਾਸਿਓਂ ਘੇਰਿਆ ਹੋਇਆ, ਬਿਲਕੁਲ ਕੈਦ ਹੋਇਆ ਮਹਿਸੂਸ ਕੀਤਾ,” ਇਕ ਜਵਾਨ ਆਦਮੀ ਨੇ ਕਬੂਲ ਕੀਤਾ। ਪਰੰਤੂ ਜੇਕਰ ਤੁਸੀਂ ਸੱਚ-ਮੁੱਚ ਹੀ ਉਸ ਵਿਅਕਤੀ ਨੂੰ ਪ੍ਰੇਮ ਕਰਦੇ ਹੋ ਜਿਸ ਦੇ ਨਾਲ ਤੁਸੀਂ ਵਿਆਹ ਦਾ ਇਰਾਦਾ ਰੱਖਦੇ ਹੋ, ਤਾਂ ਵਚਨਬੱਧਤਾ ਇਕ ਬੋਝ ਨਹੀਂ ਜਾਪੇਗੀ। ਇਸ ਦੀ ਬਜਾਇ, ਇਸ ਨੂੰ ਸੁਰੱਖਿਆ ਦਾ ਇਕ ਸ੍ਰੋਤ ਵਿਚਾਰਿਆ ਜਾਵੇਗਾ। ਵਿਆਹ ਦੀ ਅੰਤਰਨਿਹਿਤ ਵਚਨਬੱਧਤਾ ਦੀ ਭਾਵਨਾ ਇਕ ਜੋੜੇ ਨੂੰ ਸੁਖ-ਦੁੱਖ ਵਿਚ ਇਕੱਠੇ ਰਹਿਣ ਅਤੇ ਇਕ ਦੂਜੇ ਨੂੰ ਹਰ ਹਾਲਤ ਵਿਚ ਸਮਰ­ਥਨ ਦੇਣ ਦੇ ਲਈ ਇੱਛੁਕ ਬਣਾਵੇਗੀ। ਮਸੀਹੀ ਰਸੂਲ ਪੌਲੁਸ ਨੇ ਲਿਖਿਆ ਕਿ ਪ੍ਰੇਮ “ਸਭ ਕੁਝ ਝੱਲ ਲੈਂਦਾ” ਅਤੇ “ਸਭ ਕੁਝ ਸਹਿ ਲੈਂਦਾ” ਹੈ। (1 ਕੁਰਿੰਥੀਆਂ 13:4, 7) “ਵਿਆਹ ਦੀ ਵਚਨਬੱਧਤਾ ਮੈਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਾਉਂਦੀ ਹੈ,” ਇਕ ਔਰਤ ਕਹਿੰਦੀ ਹੈ। “ਮੈਨੂੰ ਇਹ ਤਸੱਲੀ ਅਤਿ ਪ੍ਰਿਅ ਹੈ ਕਿ ਅਸੀਂ ਆਪਣੇ ਅਤੇ ਸੰਸਾਰ ਦੇ ਸਾਮ੍ਹਣੇ ਕਬੂਲ ਕੀਤਾ ਹੈ ਕਿ ਅਸੀਂ ਇਕੱਠੇ ਬੱਝੇ ਰਹਿਣ ਦਾ ਇਰਾਦਾ ਰੱਖਦੇ ਹਾਂ।”—ਉਪਦੇਸ਼ਕ ਦੀ ਪੋਥੀ 4:9-12.

6.ਛੋਟੀ ਉਮਰ ਵਿਚ ਵਿਆਹ ਦੀ ਕਾਹਲੀ ਨਾ ਕਰਨੀ ਸਭ ਤੋਂ ਬਿਹਤਰ ਕਿਉਂ ਹੈ?

6 ਅਜਿਹੀ ਵਚਨਬੱਧਤਾ ਤੇ ਪੂਰੇ ਉਤਰਨਾ ਪ੍ਰੌੜ੍ਹਤਾ ਦੀ ਮੰਗ ਕਰਦਾ ਹੈ। ਇਸ ਕਰਕੇ, ਪੌਲੁਸ ਸਲਾਹ ਦਿੰਦਾ ਹੈ ਕਿ ਮਸੀਹੀਆਂ ਲਈ ਬਿਹਤਰ ਹੈ ਕਿ ਉਹ ਉਦੋਂ ਤਕ ਵਿਆਹ ਨਾ ਕਰਨ ਜਦ ਤਕ ਉਹ ‘ਆਪਣੀ ਜੁਆਨੀ ਦੀ ਉਮਰੋਂ ਲੰਘ ਗਏ’ ਨਾ ਹੋਣ, ਅਰਥਾਤ ਉਹ ਸਮਾਂ ਜਦੋਂ ਲਿੰਗੀ ਇੱਛਾਵਾਂ ਜ਼ੋਰਦਾਰ ਹੁੰਦੀਆਂ ਹਨ ਅਤੇ ਇਕ ਵਿਅਕਤੀ ਦੀ ਸੂਝ ਨੂੰ ਵਿਗਾੜ ਸਕਦੀਆਂ ਹਨ। (1 ਕੁਰਿੰਥੀਆਂ 7:36) ਜਵਾਨ ਲੋਕ ਤੇਜ਼ੀ ਨਾਲ ਤਬਦੀਲ ਹੁੰਦੇ ਹਨ ਜਿਉਂ-ਜਿਉਂ ਉਹ ਵੱਡੇ ਹੁੰਦੇ ਹਨ। ਅਨੇਕ ਜੋ ਛੋਟੀ ਉਮਰ ਵਿਚ ਵਿਆਹ ਕਰਦੇ ਹਨ ਇਹ ਪਾਉਂਦੇ ਹਨ ਕਿ ਕੁਝ ਹੀ ਸਾਲਾਂ ਬਾਅਦ ਉਨ੍ਹਾਂ ਦੀਆਂ ਨਾਲੇ ਉਨ੍ਹਾਂ ਦੇ ਸਾਥੀ ਦੀਆਂ ਜ਼ਰੂਰਤਾਂ ਅਤੇ ਕਾਮਨਾਵਾਂ ਬਦਲ ਗਈਆਂ ਹਨ। ਅੰਕੜੇ ਪ੍ਰਗਟ ਕਰਦੇ ਹਨ ਕਿ ਜੋ ਕਿਸ਼ੋਰ ਵਿਆਹ ਕਰਦੇ ਹਨ, ਉਨ੍ਹਾਂ ਦੀ ਨਾ-ਖ਼ੁਸ਼ ਹੋਣ ਅਤੇ ਤਲਾਕ ਭਾਲਣ ਦੀ ਸੰਭਾਵਨਾ ਉਨ੍ਹਾਂ ਨਾਲੋਂ ਜ਼ਿਆਦਾ ਹੈ ਜੋ ਹੋਰ ਥੋੜ੍ਹੀ ਦੇਰ ਉਡੀਕ ਕਰਦੇ ਹਨ। ਇਸ ਲਈ ਵਿਆਹ ਦੀ ਕਾਹਲੀ ਨਾ ਕਰੋ। ਇਕ ਜਵਾਨ, ਕੁਆਰੇ ਬਾਲਗ ਦੇ ਤੌਰ ਤੇ ਕੁਝ ਸਾਲ ਬਤੀਤ ਕਰਨਾ ਤੁਹਾਨੂੰ ਇਕ ਅਣਮੋਲ ਅਨੁਭਵ ਮੁਹੱਈਆ ਕਰ ਸਕਦਾ ਹੈ ਜੋ ਤੁਹਾਨੂੰ ਜ਼ਿਆਦਾ ਪ੍ਰੌੜ੍ਹ ਬਣਾਵੇਗਾ ਅਤੇ ਇਕ ਢੁਕਵਾਂ ਸਾਥੀ ਹੋਣ ਦੇ ਜ਼ਿਆਦਾ ਲਾਇਕ ਬਣਾਵੇਗਾ। ਵਿਆਹ ਕਰਾਉਣ ਵਿਚ ਕੁਝ ਦੇਰ ਇੰਤਜ਼ਾਰ ਕਰਨਾ ਤੁਹਾਨੂੰ ਖ਼ੁਦ ਨੂੰ ਬਿਹਤਰ ਸਮਝਣ ਵਿਚ ਮਦਦ ਕਰੇਗਾ—ਇਕ ਅਤਿ-ਆਵੱਸ਼ਕ ਗੱਲ ਜੇਕਰ ਤੁਸੀਂ ਆਪਣੇ ਵਿਆਹ ਵਿਚ ਇਕ ਸਫ਼ਲ ਸੰਬੰਧ ਵਿਕਸਿਤ ਕਰਨਾ ਹੈ।

ਪਹਿਲਾਂ ਖ਼ੁਦ ਨੂੰ ਜਾਣੋ

7.ਵਿਆਹ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਪਹਿਲਾਂ ਖ਼ੁਦ ਨੂੰ ਕਿਉਂ ਜਾਂਚਣਾ ਚਾਹੀਦਾ ਹੈ?

7 ਕੀ ਤੁਹਾਨੂੰ ਉਨ੍ਹਾਂ ਗੁਣਾਂ ਦੀ ਸੂਚੀ ਬਣਾਉਣੀ ਸੌਖੀ ਲੱਗਦੀ ਹੈ ਜੋ ਤੁਸੀਂ ਇਕ ਸਾਥੀ ਵਿਚ ਚਾਹੁੰਦੇ ਹੋ? ਜ਼ਿਆਦਾਤਰ ਵਿਅਕਤੀਆਂ ਨੂੰ ਸੌਖੀ ਲੱਗਦੀ ਹੈ। ਪਰੰਤੂ, ਤੁਹਾਡੇ ਖ਼ੁਦ ਦੇ ਗੁਣਾਂ ਬਾਰੇ ਕੀ? ਤੁਹਾਡੇ ਵਿਚ ਕੀ ਵਿਸ਼ੇਸ਼ ਗੁਣ ਹਨ ਜੋ ਤੁਹਾਨੂੰ ਇਕ ਸਫ਼ਲ ਵਿਆਹ ਨੂੰ ਯੋਗਦਾਨ ਦੇਣ ਵਿਚ ਮਦਦ ਕਰਨਗੇ? ਤੁਸੀਂ ਕਿਸ ਤਰ੍ਹਾਂ ਦੇ ਪਤੀ ਜਾਂ ਪਤਨੀ ਹੋਵੋਗੇ? ਮਿਸਾਲ ਲਈ, ਕੀ ਤੁਸੀਂ ਆਪਣੀਆਂ ਗ਼ਲਤੀਆਂ ਨੂੰ ਖੁੱਲ੍ਹ ਨਾਲ ਕਬੂਲ ਕਰਦੇ ਹੋ ਅਤੇ ਸਲਾਹ ਸਵੀਕਾਰ ਕਰਦੇ ਹੋ, ਜਾਂ ਕੀ ਤੁਸੀਂ ਹਮੇਸ਼ਾ ਸੁਧਾਰੇ ਜਾਣ ਤੇ ਸਫ਼ਾਈ ਪੇਸ਼ ਕਰਦੇ ਹੋ? ਕੀ ਤੁਸੀਂ ਆਮ ਤੌਰ ਤੇ ਹਸਮੁਖ ਅਤੇ ਆਸ਼ਾਵਾਦੀ ਹੋ, ਜਾਂ ਕੀ ਤੁਸੀਂ ਸ਼ੋਕਮਈ, ਅਕਸਰ ਸ਼ਿਕਾਇਤੀ ਹੋ? (ਕਹਾਉਤਾਂ 8:33; 15:15) ਯਾਦ ਰੱਖੋ ਕਿ ਵਿਆਹ ਤੁਹਾਡੇ ਵਿਅਕਤਿੱਤਵ ਨੂੰ ਤਬਦੀਲ ਨਹੀਂ ਕਰੇਗਾ। ਜੇਕਰ ਤੁਸੀਂ ਕੁਆਰੇ ਹੁੰਦਿਆਂ ਘਮੰਡੀ, ਅਤਿ-ਸੰਵੇਦਨਸ਼ੀਲ ਜਾਂ ਬੇਹੱਦ ਨਿਰਾਸ਼ਾਵਾਦੀ ਹੋ, ਤਾਂ ਵਿਆਹ ਤੋਂ ਬਾਅਦ ਵੀ ਤੁਸੀਂ ਉਹੀ ਹੋਵੋਗੇ। ਕਿਉਂਕਿ ਖ਼ੁਦ ਨੂੰ ਉਨ੍ਹਾਂ ਨਜ਼ਰਾਂ ਦੇ ਨਾਲ ਦੇਖਣਾ ਮੁਸ਼ਕਲ ਹੈ ਜਿਨ੍ਹਾਂ ਦੇ ਨਾਲ ਦੂਜੇ ਦੇਖਦੇ ਹਨ, ਕਿਉਂ ਨਾ ਮਾਤਾ ਜਾਂ ਪਿਤਾ ਜਾਂ ਇਕ ਅਜਿਹੇ ਮਿੱਤਰ ਨੂੰ ਜਿਸ ਉੱਤੇ ਤੁਹਾਨੂੰ ਇਤਬਾਰ ਹੈ, ਨਿਰਛਲ ਟਿੱਪਣੀ ਅਤੇ ਸੁਝਾਵਾਂ ਦੇਣ ਲਈ ਆਖੋ? ਜੇਕਰ ਤੁਹਾਨੂੰ ਉਨ੍ਹਾਂ ਤਬਦੀਲੀਆਂ ਬਾਰੇ ਪਤਾ ਚੱਲੇ ਜੋ ਕੀਤੀਆਂ ਜਾ ਸਕਦੀਆਂ ਹਨ, ਤਾਂ ਵਿਆਹ ਕਰਨ ਲਈ ਕਦਮ ਚੁੱਕਣ ਤੋਂ ਪਹਿਲਾਂ ਇਨ੍ਹਾਂ ਉੱਤੇ ਮਿਹਨਤ ਕਰੋ।

ਜਦ ਕਿ ਹਾਲੇ ਕੁਆਰੇ ਹੋ, ਉਨ੍ਹਾਂ ਗੁਣਾਂ, ਆਦਤਾਂ, ਅਤੇ ਯੋਗਤਾਵਾਂ ਨੂੰ ਵਿਕਸਿਤ ਕਰੋ ਜੋ ਵਿਆਹ ਵਿਚ ਤੁਹਾਡੇ ਠੀਕ ਕੰਮ ਆਉਣਗੇ

8-10. ਬਾਈਬਲ ਕਿਹੜੀ ਸਲਾਹ ਦਿੰਦੀ ਹੈ ਜੋ ਇਕ ਵਿਅਕਤੀ ਨੂੰ ਵਿਆਹ ਲਈ ਤਿਆਰੀ ਕਰਨ ਵਿਚ ਮਦਦ ਕਰੇਗੀ?

8 ਬਾਈਬਲ ਸਾਨੂੰ ਉਤਸ਼ਾਹ ਦਿੰਦੀ ਹੈ ਕਿ ਅਸੀਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਆਪਣੇ ਵਿਚ ਕੰਮ ਕਰਨ ਦੇਈਏ, ਜੋ “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ” ਵਰਗੇ ਗੁਣਾਂ ਨੂੰ ਪੈਦਾ ਕਰਦੀ ਹੈ। ਇਹ ਸਾਨੂੰ ਇਹ ਵੀ ਕਹਿੰਦੀ ਹੈ ਕਿ “ਆਪਣੇ ਮਨ ਦੇ ਸੁਭਾਉ ਵਿੱਚ ਨਵੇਂ ਬਣੋ” ਅਤੇ “ਨਵੀਂ ਇਨਸਾਨੀਅਤ [“ਨਵੇਂ ਵਿਅਕਤਿੱਤਵ,” ਨਿਵ] ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।” (ਗਲਾਤੀਆਂ 5:22, 23; ਅਫ਼ਸੀਆਂ 4:23, 24) ਇਸ ਸਲਾਹ ਨੂੰ ਲਾਗੂ ਕਰਨਾ ਜਦ ਕਿ ਤੁਸੀਂ ਹਾਲੇ ਕੁਆਰੇ ਹੀ ਹੋ, ਬੈਂਕ ਵਿਚ ਪੈਸੇ ਜਮ੍ਹਾ ਕਰਾਉਣ ਦੇ ਬਰਾਬਰ ਹੈ—ਅਜਿਹੀ ਚੀਜ਼ ਜੋ ਭਵਿੱਖ ਵਿਚ ਕਾਫ਼ੀ ਕੀਮਤੀ ਸਾਬਤ ਹੋਵੇਗੀ, ਜਦੋਂ ਤੁਸੀਂ ਵਿਆਹ ਕਰੋਗੇ।

9 ਉਦਾਹਰਣ ਲਈ, ਜੇਕਰ ਤੁਸੀਂ ਇਕ ਇਸਤਰੀ ਹੋ, ਤਾਂ ਆਪਣੀ ਜਿਸਮਾਨੀ ਦਿੱਖ ਨਾਲੋਂ “ਮਨ ਦੀ ਗੁਪਤ ਇਨਸਾਨੀਅਤ” ਉੱਤੇ ਜ਼ਿਆਦਾ ਧਿਆਨ ਦੇਣਾ ਸਿੱਖੋ। (1 ਪਤਰਸ 3:3, 4) ਲਾਜ ਅਤੇ ਸੰਜਮ ਤੁਹਾਨੂੰ ਬੁੱਧ ਹਾਸਲ ਕਰਨ ਵਿਚ ਮਦਦ ਕਰਨਗੇ, ਜੋ ਕਿ ਇਕ ਅਸਲੀ “ਸੁਹੱਪਣ ਦਾ ਮੁਕਟ” ਹੈ। (ਕਹਾਉਤਾਂ 4:9; 31:10, 30; 1 ਤਿਮੋਥਿਉਸ 2:9, 10) ਜੇਕਰ ਤੁਸੀਂ ਇਕ ਪੁਰਸ਼ ਹੋ, ਤਾਂ ਇਸਤਰੀਆਂ ਦੇ ਨਾਲ ਦਿਆਲੂ ਅਤੇ ਆਦਰਪੂਰਣ ਤਰੀਕੇ ਵਿਚ ਵਰਤਾਉ ਕਰਨਾ ਸਿੱਖੋ। (1 ਤਿਮੋਥਿਉਸ 5:1, 2) ਨਿਰਣੇ ਕਰਨ ਅਤੇ ਜ਼ਿੰਮੇਵਾਰੀ ਉਠਾਉਣ ਨੂੰ ਸਿੱਖਣ ਦੇ ਨਾਲ-ਨਾਲ, ਨਿਮਰ ਅਤੇ ਦੀਨ ਬਣਨਾ ਵੀ ਸਿੱਖੋ। ਇਕ ਅਤਿਆਚਾਰੀ ਰਵੱਈਆ ਵਿਆਹ ਵਿਚ ਸਮੱਸਿਆ ਪੈਦਾ ਕਰੇਗਾ।—ਕਹਾਉਤਾਂ 29:23; ਮੀਕਾਹ 6:8; ਅਫ਼ਸੀਆਂ 5:28, 29.

10 ਭਾਵੇਂ ਕਿ ਇਨ੍ਹਾਂ ਮਾਮਲਿਆਂ ਵਿਚ ਮਨ ਨੂੰ ਬਦਲਣਾ ਸੌਖਾ ਨਹੀਂ ਹੈ, ਇਹ ਇਕ ਅਜਿਹੀ ਚੀਜ਼ ਹੈ ਜਿਸ ਉੱਤੇ ਸਾਰੇ ਮਸੀਹੀਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ। ਅਤੇ ਇਹ ਤੁਹਾਨੂੰ ਇਕ ਬਿਹਤਰ ਵਿਆਹੁਤਾ ਸਾਥੀ ਬਣਨ ਵਿਚ ਮਦਦ ਕਰੇਗਾ।

ਇਕ ਸਾਥੀ ਵਿਚ ਕੀ ਭਾਲਣਾ ਚਾਹੀਦਾ ਹੈ

11, 12. ਦੋ ਵਿਅਕਤੀ ਕਿਵੇਂ ਪਤਾ ਕਰ ਸਕਦੇ ਹਨ ਕਿ ਉਹ ਇਕ ਦੂਜੇ ਦੇ ਲਈ ਅਨੁਕੂਲ ਹਨ ਜਾਂ ਨਹੀਂ?

11 ਜਿੱਥੇ ਤੁਸੀਂ ਰਹਿੰਦੇ ਹੋ ਕੀ ਉੱਥੇ ਇਕ ਵਿਅਕਤੀ ਦੇ ਲਈ ਆਪਣਾ ਖ਼ੁਦ ਦਾ ਵਿਆਹੁਤਾ ਸਾਥੀ ਜਾਂ ਸਾਥਣ ਚੁਣਨਾ ਰਿਵਾਜੀ ਹੈ? ਜੇਕਰ ਹੈ, ਤਾਂ ਤੁਹਾਨੂੰ ਅੱਗੇ ਕਿਵੇਂ ਕਦਮ ਚੁੱਕਣੇ ਚਾਹੀਦੇ ਹਨ ਜੇਕਰ ਤੁਹਾਨੂੰ ਵਿਪਰੀਤ ਲਿੰਗ ਦਾ ਇਕ ਵਿਅਕਤੀ ਆਕਰਸ਼ਕ ਲੱਗੇ? ਪਹਿਲਾਂ, ਖ਼ੁਦ ਨੂੰ ਪੁੱਛੋ, ‘ਕੀ ਮੇਰਾ ਇਰਾਦਾ ਸੱਚ-ਮੁੱਚ ਹੀ ਵਿਆਹ ਕਰਨਾ ਹੈ?’ ਝੂਠੀਆਂ ਆਸਾਂ ਨੂੰ ਉਤਸ਼ਾਹਿਤ ਕਰ ਕੇ ਦੂਜੇ ­ਵਿਅਕਤੀ ਦਿਆਂ ਜਜ਼ਬਾਤਾਂ ਦੇ ਨਾਲ ਖੇਡਣਾ ਕਰੂਰ ਹੈ। (ਕਹਾਉਤਾਂ 13:12) ਫਿਰ, ਖ਼ੁਦ ਨੂੰ ਪੁੱਛੋ, ‘ਕੀ ਮੈਂ ਵਿਆਹ ਕਰਾਉਣ ਦੀ ਸਥਿਤੀ ਵਿਚ ਹਾਂ?’ ਜੇਕਰ ਦੋਹਾਂ ਸਵਾਲਾਂ ਦੇ ਜਵਾਬ ਹਾਂ ਹਨ, ਤਾਂ ਜੋ ਕਦਮ ਤੁਸੀਂ ਅੱਗੇ ਚੁੱਕਦੇ ਹੋ, ਉਹ ਸਥਾਨਕ ਰਿਵਾਜਾਂ ਉੱਤੇ ਨਿਰਭਰ ਕਰਦੇ ਹੋਏ ਭਿੰਨ ਹੋਣਗੇ। ਕਈ ਦੇਸ਼ਾਂ ਵਿਚ, ਕੁਝ ਸਮੇਂ ਪ੍ਰੇਖਣ ਤੋਂ ਬਾਅਦ, ਤੁਸੀਂ ਸ਼ਾਇਦ ਉਸ ਵਿਅਕਤੀ ਕੋਲ ਜਾ ਕੇ ­ਬਿਹਤਰ ਪਰਿਚਿਤ ਹੋਣ ਦੀ ਇੱਛਾ ਪ੍ਰਗਟ ਕਰੋਗੇ। ਜੇਕਰ ਜਵਾਬ ਨਾ ਹੋਵੇ, ਤਾਂ ਇਤਰਾਜ਼ਯੋਗ ਹੋਣ ਦੀ ਹੱਦ ਤਕ ਗੱਲ ਨੂੰ ਅੱਗੇ ਨਾ ਵਧਾਓ। ਯਾਦ ਰੱਖੋ ਕਿ ਇਸ ਮਾਮਲੇ ਵਿਚ ਦੂਜਾ ਵਿਅਕਤੀ ਵੀ ਨਿਰਣਾ ਬਣਾਉਣ ਦਾ ਹੱਕ ਰੱਖਦਾ ਹੈ। ਪਰੰਤੂ, ਜੇਕਰ ਜਵਾਬ ਹਾਂ ਹੋਵੇ, ਤਾਂ ਤੁਸੀਂ ਗੁਣਕਾਰੀ ਸਰਗਰਮੀਆਂ ਵਿਚ ਇਕੱਠੇ ਸਮਾਂ ਬਤੀਤ ਕਰਨ ਦਾ ਇੰਤਜ਼ਾਮ ਕਰ ਸਕਦੇ ਹੋ। ਇਹ ਤੁਹਾਨੂੰ ਇਹ ਦੇਖਣ ਦਾ ਮੌਕਾ ਦੇਵੇਗਾ ਕਿ ਉਸ ਵਿਅਕਤੀ ਦੇ ਨਾਲ ਵਿਆਹ ਬੁੱਧੀਮਤਾ ਹੋਵੇਗਾ ਜਾਂ ਨਹੀਂ। * ਇਸ ਮਕਾਮ ਤੇ ਤੁਹਾਨੂੰ ਕਿਨ੍ਹਾਂ ਚੀਜ਼ਾਂ ਨੂੰ ਭਾਲਣਾ ਚਾਹੀਦਾ ਹੈ?

12 ਇਸ ਸਵਾਲ ਦੇ ਜਵਾਬ ਲਈ, ਦੋ ਸੰਗੀਤ ਸਾਜ਼ਾਂ ਦੀ ਕਲਪਨਾ ਕਰੋ, ਸ਼ਾਇਦ ਇਕ ਪਿਆਨੋ ਅਤੇ ਇਕ ਗਿਟਾਰ। ਜੇਕਰ ਉਹ ਸਹੀ ਤਰ੍ਹਾਂ ਦੇ ਨਾਲ ਟਿਊਨ ਕੀਤੇ ਗਏ ਹੋਣ, ਤਾਂ ਦੋਹਾਂ ਵਿੱਚੋਂ ਕੋਈ ਵੀ ਸੁੰਦਰ ਏਕਲ ਸੰਗੀਤ ਪੈਦਾ ਕਰ ਸਕਦਾ ਹੈ। ਪਰ ਫਿਰ, ਉਦੋਂ ਕੀ ਹੁੰਦਾ ਹੈ ਜਦੋਂ ਇਹ ਸਾਜ਼ ਇਕੱਠੇ ਵਜਾਏ ਜਾਂਦੇ ਹਨ? ਹੁਣ ਉਨ੍ਹਾਂ ਨੂੰ ਇਕ ਦੂਜੇ ਦੇ ਨਾਲ ਇਕਸੁਰ ਹੋਣਾ ਚਾਹੀਦਾ ਹੈ। ਇਹੋ ਗੱਲ ਤੁਹਾਡੇ ਅਤੇ ਇਕ ਸੰਭਾਵੀ ਸਾਥੀ ਦੇ ਨਾਲ ਵੀ ਸੱਚ ਹੈ। ਤੁਸੀਂ ਦੋਹਾਂ ਨੇ ਸ਼ਾਇਦ ਵਿਅਕਤੀਗਤ ਤੌਰ ਤੇ ਆਪਣੇ ਵਿਅਕਤਿੱਤਵ ਦਿਆਂ ਵਿਸ਼ੇਸ਼ ਗੁਣਾਂ ਨੂੰ “ਟਿਊਨ” ਕਰਨ ਵਿਚ ਮਿਹਨਤ ਕੀਤੀ ਹੋਵੇ। ਪਰੰਤੂ ਸਵਾਲ ਹੁਣ ਇਹ ਹੈ: ਕੀ ਤੁਸੀਂ ਇਕ ਦੂਜੇ ਦੇ ਨਾਲ ਇਕਸੁਰਤਾ ਵਿਚ ਹੋ? ਦੂਜੇ ਸ਼ਬਦਾਂ ਵਿਚ, ਕੀ ਤੁਸੀਂ ਇਕ ਦੂਜੇ ਦੇ ਲਈ ਅਨੁਕੂਲ ਹੋ?

13. ਅਜਿਹੇ ਕਿਸੇ ਵਿਅਕਤੀ ਦੇ ਨਾਲ ਆਸ਼ਨਾਈ ਕਰਨੀ ਜਿਸ ਦੀ ਤੁਹਾਡੇ ਵਰਗੀ ਨਿਹਚਾ ਨਹੀਂ ਹੈ ਕਿਉਂ ਅਤਿ ਮੂਰਖਤਾਪੂਰਣ ਹੈ?

13 ਇਹ ਮਹੱਤਵਪੂਰਣ ਹੈ ਕਿ ਤੁਹਾਡੇ ਦੋਹਾਂ ਦੇ ਸਾਂਝੇ ਵਿਸ਼ਵਾਸ ਅਤੇ ਸਿਧਾਂਤ ਹੋਣ। ਰਸੂਲ ਪੌਲੁਸ ਨੇ ਲਿਖਿਆ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ।” (2 ਕੁਰਿੰਥੀਆਂ 6:14; 1 ਕੁਰਿੰਥੀਆਂ 7:39) ਅਜਿਹੇ ਕਿਸੇ ਵਿਅਕਤੀ ਦੇ ਨਾਲ ਵਿਆਹ ਕਰਨਾ, ਜਿਸ ਦੀ ਪਰਮੇਸ਼ੁਰ ਵਿਚ ਤੁਹਾਡੇ ਵਰਗੀ ਨਿਹਚਾ ਨਹੀਂ ਹੈ, ਜ਼ਿਆਦਾ ਸੰਭਵ ਬਣਾਉਂਦਾ ਹੈ ਕਿ ਗੰਭੀਰ ਅਸੰਗਤੀ ਉਤਪੰਨ ਹੋਵੇਗੀ। ਦੂਜੇ ਪਾਸੇ, ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਸਾਂਝੀ ਭਗਤੀ ਏਕਤਾ ਦੇ ਲਈ ਸਭ ਤੋਂ ਮਜ਼ਬੂਤ ਆਧਾਰ ਹੈ। ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਖ਼ੁਸ਼ ਰਹੋ ਅਤੇ ਜਿਸ ਵਿਅਕਤੀ ਦੇ ਨਾਲ ਵਿਆਹ ਕਰੋ, ਉਸ ਨਾਲ ਜਿੰਨਾ ਸੰਭਵ ਹੋਵੇ ਸਭ ਤੋਂ ਨਜ਼ਦੀਕੀ ਸੰਬੰਧ ਦਾ ਆਨੰਦ ਮਾਣੋ। ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਨਾਲ ਅਤੇ ਇਕ ਦੂਜੇ ਦੇ ਨਾਲ ਪ੍ਰੇਮ ਦੀ ਤੇਹਰੀ ਰੱਸੀ ਦੇ ਬੰਧਨ ਵਿਚ ਬੰਨ੍ਹੇ ਜਾਓ।—ਉਪਦੇਸ਼ਕ ਦੀ ਪੋਥੀ 4:12.

14, 15. ਕੀ ਸਮਰੂਪ ਨਿਹਚਾ ਦਾ ਹੋਣਾ ਵਿਆਹ ਵਿਚ ਏਕਤਾ ਦੀ ਇੱਕੋ-ਇਕ ਵਿਸ਼ੇਸ਼ਤਾ ਹੈ? ਵਿਆਖਿਆ ਕਰੋ।

14 ਭਾਵੇਂ ਕਿ ਇਕੱਠੇ ਮਿਲ ਕੇ ਪਰਮੇਸ਼ੁਰ ਦੀ ਉਪਾਸਨਾ ਕਰਨੀ ਏਕਤਾ ਦੀ ਸਭ ਤੋਂ ਮਹੱਤਵਪੂਰਣ ਵਿਸ਼ੇਸ਼ਤਾ ਹੈ, ਇਸ ਵਿਚ ਹੋਰ ਕੁਝ ਵੀ ਸ਼ਾਮਲ ਹੈ। ਇਕ ਦੂਜੇ ਦੇ ਨਾਲ ਇਕਸੁਰ ਹੋਣ ਲਈ, ਤੁਹਾਡੇ ਅਤੇ ਤੁਹਾਡੇ ਸੰਭਾਵੀ ਸਾਥੀ ਦੇ ਸਮਰੂਪ ਟੀਚੇ ਹੋਣੇ ਚਾਹੀਦੇ ਹਨ। ਤੁਹਾਡੇ ਟੀਚੇ ਕੀ ਹਨ? ਉਦਾਹਰਣ ਲਈ, ਤੁਸੀਂ ਦੋਵੇਂ ਬੱਚੇ ਪੈਦਾ ਕਰਨ ਬਾਰੇ ਕਿਵੇਂ ਮਹਿਸੂਸ ਕਰਦੇ ਹੋ? ਤੁਹਾਡੇ ਜੀਵਨ ਵਿਚ ਕਿਹੜੀਆਂ ਚੀਜ਼ਾਂ ਪਹਿਲੀ ਥਾਂ ਰੱਖਦੀਆਂ ਹਨ? * (ਮੱਤੀ 6:33) ਇਕ ਵਾਕਈ ਸਫ਼ਲ ਵਿਆਹ ਵਿਚ, ਜੋੜਾ ਅੱਛੇ ਮਿੱਤਰ ਹੁੰਦੇ ਹਨ ਅਤੇ ਇਕ ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਹਨ। (ਕਹਾਉਤਾਂ 17:17) ਇਸ ਲਈ, ਉਨ੍ਹਾਂ ਦੀਆਂ ਸਾਂਝੀਆਂ ਦਿਲਚਸਪੀਆਂ ਹੋਣੀਆਂ ਜ਼ਰੂਰੀ ਹੈ। ਜਦੋਂ ਇਹ ਨਹੀਂ ਹੁੰਦੀਆਂ ਹਨ, ਤਾਂ ਇਕ ਨਜ਼ਦੀਕੀ ਮਿੱਤਰਤਾ ਨੂੰ ਕਾਇਮ ਰੱਖਣਾ ਮੁਸ਼ਕਲ ਹੁੰਦਾ ਹੈ—ਇਕ ਵਿਆਹ ਨੂੰ ਕਾਇਮ ਰੱਖਣਾ ਤਾਂ ਦੂਰ ਦੀ ਗੱਲ ਹੈ। ਫਿਰ ਵੀ, ਜੇਕਰ ਤੁਹਾਡਾ ਸੰਭਾਵੀ ਸਾਥੀ ਇਕ ਖ਼ਾਸ ਸਰਗਰਮੀ ਦਾ ਆਨੰਦ ਮਾਣਦਾ ਹੈ, ਜਿਵੇਂ ਕਿ ਪੈਦਲ ਸੈਰ, ਅਤੇ ਤੁਸੀਂ ਨਹੀਂ ਮਾਣਦੇ ਹੋ, ਤਾਂ ਕੀ ਇਸ ਦਾ ਇਹ ਅਰਥ ਹੈ ਕਿ ਤੁਹਾਨੂੰ ਦੋਹਾਂ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ ਹੈ? ਜ਼ਰੂਰੀ ਨਹੀਂ। ਸ਼ਾਇਦ ਤੁਸੀਂ ਦੂਜੀਆਂ, ਜ਼ਿਆਦਾ ਮਹੱਤਵਪੂਰਣ ਦਿਲਚਸਪੀਆਂ ਵਿਚ ਸਾਂਝੇ ਹੋ। ਇਸ ਦੇ ਇਲਾਵਾ, ਤੁਸੀਂ ਅਜਿਹੀਆਂ ਗੁਣਕਾਰ ਸਰਗਰਮੀਆਂ, ਜਿਸ ਤੋਂ ਤੁਹਾਡੇ ਸੰਭਾਵੀ ਸਾਥੀ ਨੂੰ ਆਨੰਦ ਮਿਲਦਾ ਹੈ, ਵਿਚ ਭਾਗ ਲੈਣ ਦੁਆਰਾ ਉਸ ਨੂੰ ਖ਼ੁਸ਼ੀ ਦੇ ਸਕਦੇ ਹੋ।—ਰਸੂਲਾਂ ਦੇ ਕਰਤੱਬ 20:35.

15 ਸੱਚ-ਮੁੱਚ ਹੀ, ਕਾਫ਼ੀ ਹੱਦ ਤਕ, ਅਨੁਕੂਲਤਾ ਇਸ ਤੋਂ ਨਿਸ਼ਚਿਤ ਕੀਤੀ ਜਾਂਦੀ ਹੈ ਕਿ ਤੁਸੀਂ ਦੋਵੇਂ ਕਿੰਨੇ ਢਲਣਯੋਗ ਹੋ, ਨਾ ਕਿ ਤੁਸੀਂ ਕਿੰਨੇ ਸਮਰੂਪੀ ਹੋ। ਇਹ ਪੁੱਛਣ ਦੀ ਬਜਾਇ, “ਕੀ ਅਸੀਂ ਹਰੇਕ ਗੱਲ ਉੱਤੇ ਸਹਿਮਤ ਹੁੰਦੇ ਹਾਂ?” ਕੁਝ ਬਿਹਤਰ ਸਵਾਲ ਹੋ ਸਕਦੇ ਹਨ: “ਜਦੋਂ ਅਸੀਂ ਅਸਹਿਮਤ ਹੁੰਦੇ ਹਾਂ, ਉਦੋਂ ਕੀ ਹੁੰਦਾ ਹੈ? ਕੀ ਅਸੀਂ ਇਕ ਦੂਜੇ ਨੂੰ ਮਾਣ ਅਤੇ ਸਤਿਕਾਰ ਦਿੰਦੇ ਹੋਏ, ਸ਼ਾਂਤੀ ਦੇ ਨਾਲ ਮਾਮਲਿਆਂ ਦੀ ਚਰਚਾ ਕਰ ਸਕਦੇ ਹਾਂ? ਜਾਂ ਕੀ ਚਰਚੇ ਅਕਸਰ ਹੀ ਗੁਸੈਲੀਆਂ ਬਹਿਸਾਂ ਵਿਚ ਵਿਗੜ ਜਾਂਦੇ ਹਨ?” (ਅਫ਼ਸੀਆਂ 4:29, 31) ਜੇਕਰ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ, ਤਾਂ ਉਸ ਕਿਸੇ ਵੀ ਵਿਅਕਤੀ ਤੋਂ ਸਾਵਧਾਨ ਰਹੋ ਜੋ ਘਮੰਡੀ ਅਤੇ ਆਪਹੁਦਰਾ ਹੈ, ਜੋ ਕਦੇ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ, ਜਾਂ ਜੋ ਹਮੇਸ਼ਾ ਆਪਣੀ ਹੀ ਮਰਜ਼ੀ ਪੂਰੀ ਕਰਨੀ ਮੰਗਦਾ ਅਤੇ ਮਨਸੂਬਾ ਬੰਨ੍ਹਦਾ ਹੈ।

ਪਹਿਲਾਂ ਤੋਂ ਹੀ ਪਤਾ ਲਗਾਓ

16, 17. ਇਕ ਸੰਭਾਵੀ ਵਿਆਹੁਤਾ ਸਾਥੀ ਬਾਰੇ ਵਿਚਾਰਦਿਆਂ ਸਮੇਂ ਇਕ ਪੁਰਸ਼ ਜਾਂ ਇਸਤਰੀ ਕਿਨ੍ਹਾਂ ਗੱਲਾਂ ਨੂੰ ਭਾਲ ਸਕਦੇ ਹਨ?

16 ਮਸੀਹੀ ਕਲੀਸਿਯਾ ਵਿਚ, ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ, ਉਨ੍ਹਾਂ ਨੂੰ ‘ਪਹਿਲਾਂ ਪਰਤਾਇਆ ਜਾਣਾ’ ਹੈ। (1 ਤਿਮੋਥਿਉਸ 3:10) ਤੁਸੀਂ ਵੀ ਇਸ ਸਿਧਾਂਤ ਨੂੰ ਪ੍ਰਯੋਗ ਕਰ ਸਕਦੇ ਹੋ। ਉਦਾਹਰਣ ਲਈ, ਇਕ ਇਸਤਰੀ ਸ਼ਾਇਦ ਪੁੱਛੇ, “ਇਸ ਪੁਰਸ਼ ਦੀ ਕਿਸ ਤਰ੍ਹਾਂ ਦੀ ਨੇਕਨਾਮੀ ਹੈ? ਉਸ ਦੇ ਮਿੱਤਰ ਕੌਣ ਹਨ? ਕੀ ਉਹ ਆਤਮ-ਸੰਜਮ ਪ੍ਰਗਟ ਕਰਦਾ ਹੈ? ਉਹ ਬਜ਼ੁਰਗ ਵਿਅਕਤੀਆਂ ਨਾਲ ਕਿਵੇਂ ਵਰਤਾਉ ਕਰਦਾ ਹੈ? ਉਹ ਕਿਸ ਪ੍ਰਕਾਰ ਦੇ ਪਰਿਵਾਰ ਤੋਂ ਆਇਆ ਹੈ? ਉਹ ਉਨ੍ਹਾਂ ਦੇ ਨਾਲ ਕਿਵੇਂ ਵਰਤਾਉ ਕਰਦਾ ਹੈ? ਪੈਸਿਆਂ ਦੇ ਪ੍ਰਤੀ ਉਸ ਦਾ ਕੀ ਰਵੱਈਆ ਹੈ? ਕੀ ਉਹ ਸ਼ਰਾਬ ਪਦਾਰਥਾਂ ਦੀ ਕੁਵਰਤੋਂ ਕਰਦਾ ਹੈ? ਕੀ ਉਹ ਗੁੱਸੇਖ਼ੋਰ, ਇੱਥੋਂ ਤਕ ਕਿ ਹਿੰਸਕ ਵੀ ਹੈ? ਉਸ ਕੋਲ ਕਿਹੜੀਆਂ ਕਲੀਸਿਯਾ ਜ਼ਿੰਮੇਵਾਰੀਆਂ ਹਨ, ਅਤੇ ਉਹ ਉਨ੍ਹਾਂ ਨੂੰ ਕਿਵੇਂ ਨਿਭਾਉਂਦਾ ਹੈ? ਕੀ ਮੈਂ ਉਸ ਦਾ ਗਹਿਰੀ ਤਰ੍ਹਾਂ ਆਦਰ ਕਰ ਸਕਦੀ ਹਾਂ?”—ਲੇਵੀਆਂ 19:32; ਕਹਾਉਤਾਂ 22:29; 31:23; ਅਫ਼ਸੀਆਂ 5:3-5, 33; 1 ਤਿਮੋਥਿਉਸ 5:8; 6:10; ਤੀਤੁਸ 2:6, 7.

17 ਇਕ ਪੁਰਸ਼ ਸ਼ਾਇਦ ਪੁੱਛੇ, “ਕੀ ਇਹ ਇਸਤਰੀ ਪਰਮੇਸ਼ੁਰ ਲਈ ਪ੍ਰੇਮ ਅਤੇ ਆਦਰ ਪ੍ਰਦਰਸ਼ਿਤ ਕਰਦੀ ਹੈ? ਕੀ ਉਹ ਇਕ ਘਰ ਦੀ ਦੇਖ-ਭਾਲ ਕਰਨ ਦੇ ਯੋਗ ਹੈ? ਉਸ ਦਾ ਪਰਿਵਾਰ ਸਾਡੇ ਤੋਂ ਕੀ ਆਸ ਰੱਖੇਗਾ? ਕੀ ਉਹ ਬੁੱਧਵਾਨ, ­ਮਿਹਨਤੀ, ਅਤੇ ਕਿਫ਼ਾਇਤੀ ਹੈ? ਉਹ ਕਿਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰਦੀ ਹੈ? ਕੀ ਉਹ ਸੱਚ-ਮੁੱਚ ਹੀ ਦੂਜਿਆਂ ਦੀ ਕਲਿਆਣ ਬਾਰੇ ਚਿੰਤਾਤੁਰ ਹੈ, ਜਾਂ ਕੀ ਉਹ ਆਤਮ-ਕੇਂਦ੍ਰਿਤ, ਦੂਜਿਆਂ ਦੇ ਕੰਮਾਂ ਵਿਚ ਲੱਤ ਅੜਾਉਣ ਵਾਲੀ ਹੈ? ਕੀ ਉਹ ਭਰੋਸੇਯੋਗ ਹੈ? ਕੀ ਉਹ ਸਰਦਾਰੀ ਦੇ ਅਧੀਨ ਹੋਣ ਲਈ ਰਜ਼ਾਮੰਦ ਹੈ, ਜਾਂ ਕੀ ਉਹ ਹਠਧਰਮੀ ਹੈ, ਸ਼ਾਇਦ ਇੱਥੋਂ ਤਕ ਕਿ ਵਿਦਰੋਹੀ ਵੀ?”—ਕਹਾਉਤਾਂ 31:10-31; ਲੂਕਾ 6:45; ਅਫ਼ਸੀਆਂ 5:22, 23; 1 ਤਿਮੋਥਿਉਸ 5:13; 1 ਪਤਰਸ 4:15.

18. ਜੇਕਰ ਆਸ਼ਨਾਈ ਦੇ ਦੌਰਾਨ ਛੋਟੀਆਂ-ਮੋਟੀਆਂ ਕਮਜ਼ੋਰੀਆਂ ਨਜ਼ਰ ਆ ਜਾਂਦੀਆਂ ਹਨ, ਤਾਂ ਕੀ ਧਿਆਨ ਵਿਚ ਰੱਖਣਾ ਚਾਹੀਦਾ ਹੈ?

18 ਇਹ ਨਾ ਭੁੱਲੋ ਕਿ ਤੁਸੀਂ ਆਦਮ ਦੀ ਇਕ ਅਪੂਰਣ ਸੰਤਾਨ ਦੇ ਨਾਲ ਵਰਤਾਉ ਕਰ ਰਹੇ ਹੋ, ਨਾ ਕਿ ਇਕ ਰੋਮਾਂਟਿਕ ਨਾਵਲ ਵਿੱਚੋਂ ਕਿਸੇ ਆਦਰਸ਼ਕ ਹੀਰੋ ਜਾਂ ਹੀਰੋਇਨ ਦੇ ਨਾਲ। ਸਾਰਿਆਂ ਵਿਚ ਕਮੀਆਂ ਹੁੰਦੀਆਂ ਹਨ, ਅਤੇ ਇਨ੍ਹਾਂ ਵਿੱਚੋਂ ਕਈਆਂ ਨੂੰ ਨਜ਼ਰਅੰਦਾਜ਼ ਕਰਨਾ ਪਵੇਗਾ—ਦੋਵੇਂ ਆਪਣੀਆਂ ਅਤੇ ਤੁਹਾਡੇ ਸੰਭਾਵੀ ਸਾਥੀ ਦੀਆਂ। (ਰੋਮੀਆਂ 3:23; ਯਾਕੂਬ 3:2) ਇਸ ਦੇ ਇਲਾਵਾ, ਨਜ਼ਰ ਵਿਚ ਆਈ ਇਕ ਕਮਜ਼ੋਰੀ, ਅਧਿਆਤਮਿਕ ਤੌਰ ਤੇ ਵਧਣ ਦਾ ਮੌਕਾ ਪੇਸ਼ ਕਰ ਸਕਦੀ ਹੈ। ਉਦਾਹਰਣ ਲਈ, ਫ਼ਰਜ਼ ਕਰੋ ਕਿ ਆਸ਼ਨਾਈ ਦੇ ਦੌਰਾਨ ਤੁਹਾਡੀ ਅਣਬਣ ਹੋ ਜਾਂਦੀ ਹੈ। ਇਸ ਉੱਤੇ ਵਿਚਾਰ ਕਰੋ: ਸਮੇਂ-ਸਮੇਂ ਤੇ ਉਹ ਲੋਕ ਵੀ ਅਸਹਿਮਤ ਹੁੰਦੇ ਹਨ ਜੋ ਇਕ ਦੂਜੇ ਨੂੰ ਪ੍ਰੇਮ ਅਤੇ ਆਦਰ ਕਰਦੇ ਹਨ। (ਤੁਲਨਾ ਕਰੋ ਉਤਪਤ 30:2; ਰਸੂਲਾਂ ਦੇ ਕਰਤੱਬ 15:39.) ਕੀ ਇਹ ਹੋ ਸਕਦਾ ਹੈ ਕਿ ਤੁਹਾਨੂੰ ਦੋਹਾਂ ਨੂੰ ਕੇਵਲ “ਆਪਣੀ ਰੂਹ ਉੱਤੇ ਵੱਸ” ਰੱਖਣ ਦੀ ਹੀ ਥੋੜ੍ਹੀ ਹੋਰ ਜ਼ਰੂਰਤ ਹੋਵੇ ਅਤੇ ਇਹ ਸਿੱਖਣ ਦੀ ਜ਼ਰੂਰਤ ਹੋਵੇ ਕਿ ਮਾਮਲਿਆਂ ਨੂੰ ਕਿਵੇਂ ਜ਼ਿਆਦਾ ਸ਼ਾਂਤੀ ਨਾਲ ਨਿਪਟਣਾ ਹੈ? (ਕਹਾਉਤਾਂ 25:28) ਕੀ ਤੁਹਾਡਾ ਸੰਭਾਵੀ ਸਾਥੀ ਸੁਧਰਨ ਦੀ ਇੱਛਾ ਰੱਖਦਾ ਹੈ? ਕੀ ਤੁਸੀਂ ਰੱਖਦੇ ਹੋ? ਕੀ ਤੁਸੀਂ ਘੱਟ ਸੰਵੇਦਨਸ਼ੀਲ, ਘੱਟ ਚਿੜਚਿੜੇ ਹੋਣਾ ਸਿੱਖ ਸਕਦੇ ਹੋ? (ਉਪਦੇਸ਼ਕ ਦੀ ਪੋਥੀ 7:9) ਸਮੱਸਿਆਵਾਂ ਨਾਲ ਨਿਪਟਣ ਬਾਰੇ ਸਿੱਖਣਾ, ਖਰੇ ਸੰਚਾਰ ਦਾ ਨਮੂਨਾ ਸਥਾਪਿਤ ਕਰ ਸਕਦਾ ਹੈ ਜੋ ਅਤਿ-ਆਵੱਸ਼ਕ ਹੈ ਜੇਕਰ ਤੁਸੀਂ ਦੋਵੇਂ ਵਿਆਹ ਕਰ ਲੈਂਦੇ ਹੋ।—ਕੁਲੁੱਸੀਆਂ 3:13.

19. ਆਸ਼ਨਾਈ ਦੇ ਦੌਰਾਨ ਜੇਕਰ ਗੰਭੀਰ ਸਮੱਸਿਆਵਾਂ ਪ੍ਰਗਟ ਹੋਣ ਤਾਂ ਕਿਹੜੀ ਕ੍ਰਿਆ-ਵਿਧੀ ਬੁੱਧੀਮਤਾ ਹੋਵੇਗੀ?

19 ਪਰੰਤੂ, ਉਦੋਂ ਕੀ ਜੇਕਰ ਤੁਹਾਨੂੰ ਅਜਿਹੀਆਂ ਚੀਜ਼ਾਂ ਨਜ਼ਰ ਆਉਣ ਜੋ ਤੁਹਾਨੂੰ ਗਹਿਰੀ ਤਰ੍ਹਾਂ ਨਾਲ ਚਿੰਤਿਤ ਕਰਦੀਆਂ ਹਨ? ਅਜਿਹੀਆਂ ਸ਼ੰਕਾਵਾਂ ਉੱਤੇ ਧਿਆਨਪੂਰਵਕ ਗੌਰ ਕਰਨਾ ਚਾਹੀਦਾ ਹੈ। ਤੁਸੀਂ ਭਾਵੇਂ ਕਿੰਨੇ ਹੀ ਰੋਮਾਂਟਿਕ ਮਹਿਸੂਸ ਕਿਉਂ ਨਾ ਕਰੋ ਜਾਂ ਵਿਆਹ ਕਰਾਉਣ ਲਈ ਕਿੰਨੇ ਹੀ ਚਿੰਤਾਤੁਰ ਕਿਉਂ ਨਾ ਹੋਵੋ, ਗੰਭੀਰ ਨੁਕਸਾਂ ਨੂੰ ਨਜ਼ਰਅੰਦਾਜ਼ ਨਾ ਕਰੋ। (ਕਹਾਉਤਾਂ 22:3; ਉਪਦੇਸ਼ਕ ਦੀ ਪੋਥੀ 2:14) ਜੇਕਰ ਤੁਹਾਡਾ ਇਕ ਅਜਿਹੇ ਵਿਅਕਤੀ ਦੇ ਨਾਲ ਸੰਬੰਧ ਹੈ ਜਿਸ ਬਾਰੇ ਤੁਹਾਨੂੰ ਗੰਭੀਰ ਸੰਕੋਚ ਹੈ, ਰਿਸ਼ਤੇ ਨੂੰ ਰੋਕ ਦੇਣਾ ਅਤੇ ਇਕ ਚਿਰ­ਸਥਾਈ ਵਚਨਬੱਧਤਾ ਬਣਾਉਣ ਤੋਂ ਪਰਹੇਜ਼ ਕਰਨਾ ਬੁੱਧੀਮਤਾ ਹੈ।

ਆਪਣੀ ਆਸ਼ਨਾਈ ਨੂੰ ਆਦਰਯੋਗ ਰੱਖੋ

20. ਇਕ ਆਸ਼ਨਾਈ ਕਰ ਰਿਹਾ ਜੋੜਾ ਆਪਣੇ ਨੈਤਿਕ ਆਚਰਣ ਨੂੰ ਕਿਵੇਂ ਦੋਸ਼-ਰਹਿਤ ਰੱਖ ਸਕਦਾ ਹੈ?

20 ਤੁਸੀਂ ਆਪਣੀ ਆਸ਼ਨਾਈ ਨੂੰ ਕਿਸ ਤਰ੍ਹਾਂ ਆਦਰਯੋਗ ਰੱਖ ਸਕਦੇ ਹੋ? ਪਹਿਲਾਂ, ਇਹ ਨਿਸ਼ਚਿਤ ਕਰੋ ਕਿ ਤੁਹਾਡਾ ਨੈਤਿਕ ਆਚਰਣ ਦੋਸ਼-ਰਹਿਤ ਹੈ। ਜਿੱਥੇ ਤੁਸੀਂ ਰਹਿੰਦੇ ਹੋ, ਕੀ ਅਵਿਵਾਹਿਤ ਜੋੜਿਆਂ ਲਈ ਹੱਥ ਫੜਨੇ, ਚੁੰਮਣਾ, ਜਾਂ ਗੱਲਵਕੜੀ ਪਾਉਣੀ ਉਚਿਤ ਵਿਵਹਾਰ ਸਮਝਿਆ ਜਾਂਦਾ ਹੈ? ਜੇਕਰ ਸਨੇਹ ਦੇ ਅਜਿਹੇ ਪ੍ਰਗਟਾਵੇ ਦੂਜਿਆਂ ਨੂੰ ਨਾ ਵੀ ਨਾਰਾਜ਼ ਕਰਨ, ਉਨ੍ਹਾਂ ਨੂੰ ਕੇਵਲ ਉਦੋਂ ਹੀ ਇਜਾਜ਼ਤ ਦੇਣੀ ਚਾਹੀਦੀ ਹੈ ਜਦੋਂ ਰਿਸ਼ਤਾ ਉਸ ਮਕਾਮ ਤੇ ਪਹੁੰਚ ਗਿਆ ਹੈ ਜਿੱਥੇ ਵਿਆਹ ਦੀ ਨਿਸ਼ਚਿਤ ਯੋਜਨਾ ਹੈ। ਧਿਆਨ ਰੱਖੋ ਕਿ ਸਨੇਹ ਦੇ ਪ੍ਰਗਟਾਵੇ ਅਸ਼ੁੱਧ ਆਚਰਣ ਜਾਂ ਵਿਭਚਾਰ ਤਾਈਂ ਨਾ ਵੱਧ ਜਾਣ। (ਅਫ਼ਸੀਆਂ 4:18, 19; ਤੁਲਨਾ ਕਰੋ ਸਰੇਸ਼ਟ ਗੀਤ 1:2; 2:6; 8:5, 9, 10.) ਕਿਉਂਕਿ ਦਿਲ ਧੋਖੇਬਾਜ਼ ਹੈ, ਤੁਹਾਡੇ ਦੋਹਾਂ ਲਈ ਇਕ ਘਰ, ਇਕ ਅਪਾਟਮੰਟ, ਇਕ ਖੜ੍ਹੀ ਗੱਡੀ ਵਿਚ, ਜਾਂ ਹੋਰ ਕਿਸੇ ਵੀ ਅਜਿਹੇ ਸਥਾਨ ਜੋ ਗ਼ਲਤ ਆਚਰਣ ਲਈ ਮੌਕਾ ਪੇਸ਼ ਕਰੇ, ਇਕੱਲੇ ਹੋਣ ਤੋਂ ਪਰਹੇਜ਼ ਕਰਨਾ ਬੁੱਧੀਮਤਾ ਹੋਵੇਗਾ। (ਯਿਰਮਿਯਾਹ 17:9) ਆਪਣੀ ਆਸ਼ਨਾਈ ਨੂੰ ਨੈਤਿਕ ਤੌਰ ਤੇ ਸ਼ੁੱਧ ਰੱਖਣਾ ਸਪੱਸ਼ਟ ਸਬੂਤ ਦਿੰਦਾ ਹੈ ਕਿ ਤੁਹਾਡੇ ਕੋਲ ਆਤਮ-ਸੰਜਮ ਹੈ ਅਤੇ ਕਿ ਤੁਸੀਂ ਦੂਜੇ ਵਿਅਕਤੀ ਦੀ ਕਲਿਆਣ ਲਈ ਨਿਰਸੁਆਰ­ਥੀ ਚਿੰਤਾ ਨੂੰ ਆਪਣੀਆਂ ਇੱਛਾਵਾਂ ਤੋਂ ਮੋਹਰੇ ਰੱਖਦੇ ਹੋ। ਸਭ ਤੋਂ ਮਹੱਤਵਪੂਰਣ, ਇਕ ਸ਼ੁੱਧ ਆਸ਼ਨਾਈ ਯਹੋਵਾਹ ਪਰਮੇਸ਼ੁਰ ਨੂੰ ਪ੍ਰਸੰਨ ਕਰੇਗੀ, ਜੋ ਆਪਣੇ ਸੇਵਕਾਂ ਨੂੰ ਅਸ਼ੁੱਧਤਾ ਅਤੇ ਵਿਭਚਾਰ ਤੋਂ ਪਰਹੇਜ਼ ਕਰਨ ਦਾ ਹੁਕਮ ਦਿੰਦਾ ਹੈ।—ਗਲਾਤੀਆਂ 5:19-21.

21. ਆਸ਼ਨਾਈ ਨੂੰ ਆਦਰਯੋਗ ਰੱਖਣ ਲਈ ਕਿਹੜੇ ਸੁਹਿਰਦ ਸੰਚਾਰ ਦੀ ਸ਼ਾਇਦ ਜ਼ਰੂਰਤ ਹੋਵੇ?

21 ਦੂਜਾ, ਇਕ ਆਦਰਯੋਗ ਆਸ਼ਨਾਈ ਵਿਚ ਸੁਹਿਰਦ ਸੰਚਾਰ ਵੀ ਸ਼ਾਮਲ ਹੈ। ਜਿਉਂ-ਜਿਉਂ ਤੁਹਾਡੀ ਆਸ਼ਨਾਈ ਵਿਆਹ ਵੱਲ ਵਧਦੀ ਜਾਂਦੀ ਹੈ, ਖ਼ਾਸ ਗੱਲਾਂ ਉੱਤੇ ਖੁੱਲ੍ਹੇ ਤੌਰ ਤੇ ਚਰਚਾ ਕਰਨ ਦੀ ਜ਼ਰੂਰਤ ਹੋਵੇਗੀ। ਤੁਸੀਂ ਕਿੱਥੇ ਰਹੋਗੇ? ਕੀ ਤੁਸੀਂ ਦੋਵੇਂ ਨੌਕਰੀ ਕਰੋਗੇ? ਕੀ ਤੁਸੀਂ ਔਲਾਦ ਪੈਦਾ ਕਰਨਾ ਚਾਹੁੰਦੇ ਹੋ? ਨਾਲੇ, ਇਹ ਕੇਵਲ ਵਾਜਬ ਹੀ ਹੈ ਕਿ, ਸ਼ਾਇਦ ਇਕ ਵਿਅਕਤੀ ਦੇ ਅਤੀਤ ਵਿਚ ਹੋਈਆਂ, ਉਨ੍ਹਾਂ ਗੱਲਾਂ ਨੂੰ ਪ੍ਰਗਟ ਕੀਤਾ ਜਾਵੇ ਜੋ ਵਿਆਹ ਤੇ ਅਸਰ ਪਾ ਸਕਦੀਆਂ ਹਨ। ਇਨ੍ਹਾਂ ਵਿਚ ਵੱਡੇ ਕਰਜ਼ੇ ਜਾਂ ਫ਼ਰਜ਼ ਜਾਂ ਸਿਹਤ ਮਾਮਲੇ ਸ਼ਾਮਲ ਹੋ ਸਕਦੇ ਹਨ, ਜਿਵੇਂ ਕਿ ਕੋਈ ਗੰਭੀਰ ਬੀਮਾਰੀ ਜਾਂ ਹਾਲਤ ਜਿਸ ਨਾਲ ਤੁਸੀਂ ਪੀੜਿਤ ਹੋ। ਕਿਉਂਕਿ ਬਹੁਤੇਰੇ ਵਿਅਕਤੀ ਜਿਨ੍ਹਾਂ ਨੂੰ ਐੱਚਆਈਵੀ (ਉਹ ਵਿਸ਼ਾਣੂ ਜੋ ਏਡਜ਼ ਪੈਦਾ ਕਰਦਾ ਹੈ) ਦੀ ਛੂਤ ਹੈ ਤੁਰੰਤ ਸੰਕੇਤ ਪ੍ਰਗਟ ਨਹੀਂ ਕਰਦੇ ਹਨ, ਇਕ ਵਿਅਕਤੀ ਲਈ ਜਾਂ ਪਰਵਾਹ ਕਰਨ ਵਾਲੇ ਮਾਂ-ਪਿਉ ਲਈ ਉਸ ਵਿਅਕਤੀ ਤੋਂ ਇਕ ਏਡਜ਼ ਲਹੂ ਟੈਸਟ ਦਰਖ਼ਾਸਤ ਕਰਨਾ ਗ਼ਲਤ ਨਹੀਂ ਹੋਵੇਗਾ ਜਿਸ ਨੇ ਅਤੀਤ ਵਿਚ ਖੁੱਲ੍ਹੇ ਜਿਨਸੀ ਸੰਬੰਧ ਰੱਖੇ ਸਨ ਜਾਂ ਜੋ ਅੰਤਰ-ਨਸੀ ਨਸ਼ੀਲੀਆਂ-ਦਵਾਈਆਂ ਦਾ ਇਕ ਅਮਲੀ ਸੀ। ਜੇਕਰ ਟੈਸਟ ਪਾਜ਼ਿਟਿਵ ਸਾਬਤ ਹੋਵੇ, ਤਾਂ ਛੂਤ ਲੱਗੇ ਵਿਅਕਤੀ ਨੂੰ ਮੰਗੇਤਰ ਨਾਲ ਰਿਸ਼ਤਾ ਜਾਰੀ ਰੱਖਣ ਲਈ ਦਬਾਉ ਨਹੀਂ ਪਾਉਣਾ ਚਾਹੀਦਾ ਹੈ ਜੇਕਰ ਉਹ ਇਸ ਨੂੰ ਤੋੜਨਾ ਚਾਹੇ। ਦਰਅਸਲ, ਕੋਈ ਵੀ ਵਿਅਕਤੀ ਲਈ, ਜਿਸ ਦਾ ਜੀਵਨ-ਢੰਗ ਖ਼ਤਰੇ-ਭਰਿਆ ਰਿਹਾ ਹੈ, ਇਕ ਆਸ਼ਨਾਈ ਸ਼ੁਰੂ ਕਰਨ ਤੋਂ ਪਹਿਲਾਂ ਸਵੈ-ਇੱਛਾ ਪੂਰਵਕ ਆਪਣਾ ਏਡਜ਼ ਲਹੂ ਟੈਸਟ ਕਰਾਉਣਾ ਬਿਹਤਰ ਰਹੇਗਾ।

ਵਿਆਹ-ਉਤਸਵ ਤੋਂ ਅਗਾਹਾਂ ਦੇਖਣਾ

22, 23. (ੳ) ਇਕ ਵਿਆਹ-ਉਤਸਵ ਦੀ ਤਿਆਰੀ ਕਰਦਿਆਂ ਸਮੇਂ ਸੰਤੁਲਨ ਕਿਵੇਂ ਗੁਆਇਆ ਜਾ ਸਕਦਾ ਹੈ? (ਅ) ਵਿਆਹ-ਉਤਸਵ ਅਤੇ ਵਿਆਹ ਬਾਰੇ ਗੌਰ ਕਰਦਿਆਂ ਸਮੇਂ ਕਿਹੜੀ ਸੰਤੁਲਿਤ ਦ੍ਰਿਸ਼ਟੀ ਨੂੰ ਕਾਇਮ ਰੱਖਣਾ ਚਾਹੀਦਾ ਹੈ?

22 ਵਿਆਹ ਤੋਂ ਪਹਿਲਾਂ ਆਖ਼ਰੀ ਮਹੀਨਿਆਂ ਦੇ ਦੌਰਾਨ, ਸੰਭਵ ਹੈ ਕਿ ਤੁਸੀਂ ਦੋਵੇਂ ਵਿਆਹ-ਉਤਸਵ ਲਈ ਪ੍ਰਬੰਧ ਕਰਨ ਵਿਚ ਬਹੁਤ ਵਿਅਸਤ ਹੋਵੋਗੇ। ਸੰਤੁਲਨ ਨੂੰ ਅਪਣਾ ਕੇ ਤੁਸੀਂ ਤਣਾਉ ਨੂੰ ਕਾਫ਼ੀ ਘਟਾ ਸਕਦੇ ਹੋ। ਇਕ ਬਾ-ਕਮਾਲ ਵਿਆਹ-ਉਤਸਵ ਸ਼ਾਇਦ ਰਿਸ਼ਤੇਦਾਰਾਂ ਅਤੇ ਬਰਾਦਰੀ ਨੂੰ ਪ੍ਰਸੰਨ ਕਰੇ, ਪਰੰਤੂ ਇਹ ਸ਼ਾਇਦ ਨਵੇਂ-ਵਿਆਹਿਆਂ ਅਤੇ ਉਨ੍ਹਾਂ ਦਿਆਂ ਪਰਿਵਾਰਾਂ ਨੂੰ ਸਰੀਰਕ ਤੌਰ ਤੇ ਥਕਾ ਦੇਵੇ ਅਤੇ ਮਾਇਕ ਤੌਰ ਤੇ ਕੰਗਾਲ ਕਰ ਦੇਵੇ। ਸਥਾਨਕ ਰਿਵਾਜਾਂ ਦੀ ਥੋੜ੍ਹੀ-ਬਹੁਤੀ ਪਾਲਣਾ ਤਰਕਸੰਗਤ ਹੈ, ਪਰੰਤੂ ਗ਼ੁਲਾਮਾਨਾ ਅਤੇ ਸ਼ਾਇਦ ਪ੍ਰਤਿ­ਯੋਗੀ ਅਨੁਪਾਲਣ ਉਸ ਉਤਸਵ ਦੇ ਅਰਥ ਉੱਤੇ ਮਾਂਦ ਪਾ ਸਕਦਾ ਹੈ ਅਤੇ ਤੁਹਾਨੂੰ ਉਸ ਆਨੰਦ ਤੋਂ ਵੰਚਿਤ ਕਰ ਸਕਦਾ ਹੈ ਜੋ ਤੁਹਾਨੂੰ ਮਿਲਣਾ ਚਾਹੀਦਾ ਹੈ। ਭਾਵੇਂ ਕਿ ਦੂਜਿਆਂ ਦਿਆਂ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ, ਪ੍ਰਾਥਮਿਕ ਤੌਰ ਤੇ ਲਾੜਾ ਇਸ ਦੇ ਲਈ ਜ਼ਿੰਮੇਵਾਰ ਹੁੰਦਾ ਹੈ ਕਿ ਵਿਆਹ-ਉਤਸਵ ਤੇ ਕੀ ਕੁਝ ਵਾਪਰਦਾ ਹੈ।—ਯੂਹੰਨਾ 2:9.

23 ਯਾਦ ਰੱਖੋ ਕਿ ਤੁਹਾਡਾ ਵਿਆਹ-ਉਤਸਵ ਕੇਵਲ ਇਕ ਦਿਨ ਲਈ ਹੀ ਹੁੰਦਾ ਹੈ, ਪਰੰਤੂ ਤੁਹਾਡਾ ਵਿਆਹ ਜੀਵਨ-ਕਾਲ ਲਈ ਹੈ। ਵਿਆਹ ਕਰਾਉਣ ਦੀ ਕ੍ਰਿਆ ਉੱਤੇ ਅਧਿਕ ਧਿਆਨ ਕੇਂਦ੍ਰਿਤ ਕਰਨ ਤੋਂ ਪਰਹੇਜ਼ ਕਰੋ। ਇਸ ਦੀ ਬਜਾਇ, ਯਹੋਵਾਹ ਪਰਮੇਸ਼ੁਰ ਤੋਂ ਨਿਰਦੇਸ਼ਨ ਭਾਲੋ, ਅਤੇ ਵਿਵਾਹਿਤ ਹੋਣ ਦੇ ਜੀਵਨ ਲਈ ਅੱਗੇ ਯੋਜਨਾ ਬਣਾਓ। ਫਿਰ ਤੁਸੀਂ ਇਕ ਸਫ਼ਲ ਵਿਆਹ ਲਈ ਚੰਗੀ ਤਿਆਰੀ ਕੀਤੀ ਹੋਵੇਗੀ।

^ ਪੈਰਾ 11 ਇਹ ਉਨ੍ਹਾਂ ਦੇਸ਼ਾਂ ਵਿਚ ਲਾਗੂ ਹੋਵੇਗਾ ਜਿੱਥੇ ਮਸੀਹੀਆਂ ਲਈ ਆਸ਼ਨਾਈ ਮਿਲਣ ਉਚਿਤ ਸਮਝਿਆ ਜਾਂਦਾ ਹੈ।

^ ਪੈਰਾ 14 ਮਸੀਹੀ ਕਲੀਸਿਯਾ ਵਿਚ ਵੀ ਕੁਝ ਅਜਿਹੇ ਵਿਅਕਤੀ ਹੋ ਸਕਦੇ ਹਨ ਜੋ ਮਾਨੋ ਕੰਢਿਆਂ ਤੇ ਰਹਿੰਦੇ ਹਨ। ਪੂਰੇ ਦਿਲ ਨਾਲ ਪਰਮੇਸ਼ੁਰ ਦੇ ਸੇਵਕ ਹੋਣ ਦੀ ਬਜਾਇ, ਉਹ ਸ਼ਾਇਦ ਸੰਸਾਰ ਦੇ ਰਵੱਈਏ ਅਤੇ ਆਚਰਣ ਦੁਆਰਾ ਪ੍ਰਭਾਵਿਤ ਹੋਣ।—ਯੂਹੰਨਾ 17:16; ਯਾਕੂਬ 4:4.