Skip to content

ਪ੍ਰਬੰਧਕ ਸਭਾ ਤੋਂ ਚਿੱਠੀ—2017

ਪ੍ਰਬੰਧਕ ਸਭਾ ਤੋਂ ਚਿੱਠੀ—2017

ਪਿਆਰੇ ਭੈਣੋ ਤੇ ਭਰਾਵੋ:

ਸੱਤਵੀਂ ਸਦੀ ਈ.ਪੂ. ਵਿਚ ਹਿਜ਼ਕੀਏਲ ਨਬੀ ਨੇ ਇਕ ਸ਼ਾਨਦਾਰ ਦਰਸ਼ਣ ਦੇਖਿਆ ਸੀ। ਉਸ ਨੇ ਇਕ ਬਹੁਤ ਵੱਡਾ ਸਵਰਗੀ ਰਥ ਦੇਖਿਆ ਜਿਸ ਨੂੰ ਦੁਨੀਆਂ ਦਾ ਸਿਰਜਣਹਾਰ ਚਲਾ ਰਿਹਾ ਸੀ। ਰਥ ਦੀ ਸਭ ਤੋਂ ਬਿਹਤਰੀਨ ਗੱਲ ਸੀ ਕਿ ਇਹ ਕਿਵੇਂ ਚੱਲਦਾ ਸੀ। ਇਹ ਰਥ ਬਿਜਲੀ ਦੀ ਰਫ਼ਤਾਰ ਜਿੰਨਾ ਤੇਜ਼ ਚੱਲਦਾ ਸੀ ਤੇ ਪਲਕ ਝਪਕਦਿਆਂ ਹੀ ਜਿੱਧਰ ਚਾਹੇ, ਉੱਧਰ ਮੁੜ ਜਾਂਦਾ ਸੀ, ਪਰ ਇਸ ਦੀ ਰਫ਼ਤਾਰ ਹੌਲੀ ਨਹੀਂ ਸੀ ਹੁੰਦੀ।​—ਹਿਜ਼. 1:4, 9, 12, 14, 16-27.

ਇਸ ਦਰਸ਼ਣ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਸੰਗਠਨ ਦਾ ਸਵਰਗੀ ਹਿੱਸਾ ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ। ਧਰਤੀ ਉੱਤੇ ਯਹੋਵਾਹ ਦੇ ਸੰਗਠਨ ਦੇ ਹਿੱਸੇ ਬਾਰੇ ਕੀ? ਪਿਛਲੇ ਸੇਵਾ ਸਾਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਧਰਤੀ ’ਤੇ ਆਪਣੇ ਸੰਗਠਿਤ ਲੋਕਾਂ ਨੂੰ ਵੀ ਵਧੀਆ ਰਫ਼ਤਾਰ ’ਤੇ ਚਲਾ ਰਿਹਾ ਹੈ।

ਅਮਰੀਕਾ ਵਿਚ ਬੈਥਲ ਪਰਿਵਾਰ ਦੇ ਮੈਂਬਰ ਬਰੁਕਲਿਨ ਤੋਂ ਵਾਰਵਿਕ, ਨਿਊਯਾਰਕ ਵਿਚ ਬਣੇ ਨਵੇਂ ਹੈੱਡ-ਕੁਆਟਰ ਤੇ ਹੋਰ ਇਮਾਰਤਾਂ ਵਿਚ ਜਾਣ ਵਿਚ ਰੁੱਝੇ ਹੋਏ ਹਨ। ਨਾਲੇ ਕਈ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਨ ਲਈ ਭੇਜਿਆ ਗਿਆ ਹੈ। ਦੁਨੀਆਂ ਭਰ ਦੇ ਸ਼ਾਖ਼ਾ ਦਫ਼ਤਰਾਂ ਵਿਚ ਭੈਣ-ਭਰਾ ਇਮਾਰਤਾਂ ਬਣਾਉਣ, ਮੁਰੰਮਤ ਕਰਨ ਜਾਂ ਨਵੀਆਂ ਥਾਵਾਂ ’ਤੇ ਜਾਣ ਵਿਚ ਰੁੱਝੇ ਹੋਏ ਹਨ। ਤੁਹਾਡੇ ਬਾਰੇ ਕੀ? ਭਾਵੇਂ ਕਿ ਤੁਸੀਂ ਖ਼ੁਦ ਕਿਤੇ ਜਾਣ ਵਿਚ ਰੁੱਝੇ ਹੋਏ ਨਹੀਂ ਹੋ, ਪਰ ਬਿਨਾਂ ਸ਼ੱਕ ਤੁਸੀਂ ਹੋਰ ਤਰੀਕਿਆਂ ਨਾਲ ਰੁੱਝੇ ਹੋਏ ਹੋਣੇ।

ਪ੍ਰਬੰਧਕ ਸਭਾ ਨੂੰ ਇਹ ਦੇਖ ਕੇ ਹੌਸਲਾ ਮਿਲਿਆ ਹੈ ਤੇ ਬਹੁਤ ਖ਼ੁਸ਼ ਹੈ ਕਿ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਲੋਕ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਰੁੱਝੇ ਹੋਏ ਹਨ ਤਾਂਕਿ ਉਹ ਯਹੋਵਾਹ ਦੇ ਸੰਗਠਨ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਸਕਣ। ਬਹੁਤ ਸਾਰੇ ਲੋਕ ਉੱਥੇ ਸੇਵਾ ਕਰਨ ਗਏ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਕਈਆਂ ਨੇ ਹੋਰ ਤਰੀਕਿਆਂ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਸ਼ੁਰੂ ਕੀਤੀ ਹੈ, ਜਿਵੇਂ ਕੋਈ ਨਵੀਂ ਭਾਸ਼ਾ ਸਿੱਖਣੀ। ਕਈਆਂ ਨੇ ਪ੍ਰਚਾਰ ਕਰਨ ਦੇ ਉਹ ਤਰੀਕੇ ਵਰਤੇ ਹਨ ਜੋ ਉਨ੍ਹਾਂ ਲਈ ਨਵੇਂ ਸਨ ਜਾਂ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਸੀ। ਕਈਆਂ ਨੇ ਹੋਰ ਤਰੀਕਿਆਂ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਜ਼ੋਰ-ਸ਼ੋਰ ਨਾਲ ਹਿੱਸਾ ਲਿਆ ਹੈ। ਸਾਰੇ ਵਫ਼ਾਦਾਰ ਮਸੀਹੀ, ਜਿਨ੍ਹਾਂ ਵਿਚ ਬਜ਼ੁਰਗ ਤੇ ਬੀਮਾਰ ਵੀ ਹਨ, ਵਫ਼ਾਦਾਰੀ ਨਾਲ ਜ਼ਿੰਦਗੀ ਦੀ ਦੌੜ ਦੌੜ ਰਹੇ ਹਨ। ਉਹ ਯਹੋਵਾਹ ਦੀ ਸੇਵਾ ਵਿਚ ਅੱਗੇ ਵਧ ਰਹੇ ਹਨ ਅਤੇ ਸ਼ੈਤਾਨ ਨੂੰ ਝੂਠਾ ਸਾਬਤ ਕਰ ਰਹੇ ਹਨ।​—1 ਕੁਰਿੰ. 9:24.

ਇਸ ਗੱਲ ਦਾ ਯਕੀਨ ਰੱਖੋ ਕਿ ਤੁਹਾਡੇ ਵੱਲੋਂ ਕੀਤੇ ਜਾਂਦੇ ਕੰਮ ਯਹੋਵਾਹ ਦੀਆਂ ਨਜ਼ਰਾਂ ਤੋਂ ਲੁਕੇ ਹੋਏ ਨਹੀਂ ਹਨ। (ਇਬ. 6:10) ਤੁਸੀਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਨ ਲਈ ਤਿਆਰ ਹੋ, ਇਸ ਤੋਂ ਸਾਨੂੰ ਅਬਰਾਹਾਮ ਤੇ ਸਾਰਾਹ ਦੀ ਮਿਸਾਲ ਚੇਤੇ ਆਉਂਦੀ ਹੈ। 75 ਕੁ ਸਾਲਾਂ ਦੀ ਉਮਰ ਵਿਚ ਅਬਰਾਹਾਮ ਕਸਦੀਆਂ ਦੇ ਸ਼ਹਿਰ ਊਰ ਤੋਂ ਨਿਕਲਿਆ ਅਤੇ ਆਪਣੇ ਪਰਿਵਾਰ ਨਾਲ ਦੂਰ ਦੇਸ਼ ਕਨਾਨ ਨੂੰ ਚਲਾ ਗਿਆ ਜਿੱਥੇ ਉਸ ਨੇ ਆਪਣੀ ਬਾਕੀ ਦੀ ਜ਼ਿੰਦਗੀ ਤੰਬੂਆਂ ਵਿਚ ਗੁਜ਼ਾਰਨੀ ਸੀ। ਉਸ ਨੇ ਅਤੇ ਉਸ ਦੀ ਪਤਨੀ ਨੇ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦੀ ਕਿੰਨੀ ਹੀ ਵਧੀਆ ਮਿਸਾਲ ਰੱਖੀ!​—ਉਤ. 11:31; ਰਸੂ. 7:2, 3.

ਕੀ ਤੁਸੀਂ ਵੀ ਇੱਦਾਂ ਹੀ ਕਰਦੇ ਹੋ? ਇਨ੍ਹਾਂ ਔਖਿਆਂ ਸਮਿਆਂ ਵਿਚ ਵਫ਼ਾਦਾਰੀ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰ ਕੇ ਤੁਸੀਂ ਯਿਸੂ ਮਸੀਹ ਦਾ ਕਹਿਣਾ ਮੰਨ ਰਹੇ ਹੋ। ਉਸ ਨੇ ਕਿਹਾ: “ਇਸ ਲਈ, ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ’ਤੇ, ਪੁੱਤਰ ਦੇ ਨਾਂ ’ਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ ਦਿਓ।”​—ਮੱਤੀ 28:19.

ਯਿਸੂ ਦੇ ਵਰਤੇ “ਜਾਓ” ਸ਼ਬਦ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਇਸ ਕੰਮ ਵਿਚ ਜੋਸ਼ ਨਾਲ ਹਿੱਸਾ ਲੈਣਾ ਚਾਹੀਦਾ ਹੈ। ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਪਿਛਲੇ ਸਾਲ ਦੌਰਾਨ ਮਸੀਹ ਦੇ ਜੋਸ਼ੀਲੇ ਚੇਲਿਆਂ ਨੇ ਕਿੰਨਾ ਕੰਮ ਕੀਤਾ! ਅਸੀਂ ਇਹ ਸੌਖਿਆਂ ਹੀ ਦੇਖ ਸਕਦੇ ਹਾਂ ਕਿ ਕੌਮਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕੰਮ ’ਤੇ ਯਹੋਵਾਹ ਆਪਣੇ ਬਲਵੰਤ ਹੱਥਾਂ ਨਾਲ ਬਰਕਤ ਪਾ ਰਿਹਾ ਹੈ।​—ਮਰ. 13:10.

ਬਹੁਤ ਸਾਰਿਆਂ ਨੇ ਇਸ ਸੰਦੇਸ਼ ਪ੍ਰਤੀ ਹੁੰਗਾਰਾ ਭਰਿਆ ਹੈ। ਪਿਛਲੇ ਸਾਲ ਪ੍ਰਚਾਰਕਾਂ ਦੀ ਕੁੱਲ ਗਿਣਤੀ 83,40,847 ਸੀ ਅਤੇ ਹਰ ਮਹੀਨੇ ਲਗਭਗ 1,01,15,264 ਬਾਈਬਲ ਸਟੱਡੀਆਂ ਕਰਵਾਈਆਂ ਗਈਆਂ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਵਰਗੀ ਰਥ ਅੱਗੇ ਵਧ ਰਿਹਾ ਹੈ ਅਤੇ ਤੁਸੀਂ ਵੀ। ਯਹੋਵਾਹ ਜਲਦੀ ਹੀ ਮੁਕਤੀ ਦਾ ਦਰਵਾਜ਼ਾ ਬੰਦ ਕਰਨ ਵਾਲਾ ਹੈ। ਇਸ ਲਈ ਜੋ ਥੋੜ੍ਹਾ ਜਿਹਾ ਸਮਾਂ ਬਚਿਆ ਹੈ, ਉਸ ਵਿਚ ਚੰਗੇ ਕੰਮ ਕਰਦੇ ਰਹੋ।

ਇਸ ਲਈ 2017 ਲਈ ਇਕ ਢੁਕਵਾਂ ਹਵਾਲਾ ਚੁਣਿਆ ਗਿਆ ਹੈ: “ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ।” (ਜ਼ਬੂ. 37:3) ਇਨ੍ਹਾਂ ਸ਼ਬਦਾਂ ਮੁਤਾਬਕ ਜਦੋਂ ਤੁਸੀਂ ਯਹੋਵਾਹ ਦੀ ਸੇਵਾ ਕਰਦਿਆਂ ਸਹੀ ਕੰਮ ਕਰਦੇ ਰਹਿੰਦੇ ਹੋ, ਤਾਂ ਤੁਸੀਂ ਉਸ ’ਤੇ ਆਪਣਾ ਭਰੋਸਾ ਜ਼ਾਹਰ ਕਰਦੇ ਹੋ। ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਇਕੱਲੇ ਨਹੀਂ ਹੋ। ਯਿਸੂ ਦੇ ਇਹ ਸ਼ਬਦ ਸਾਡੇ ਲਈ ਹਨ: “ਦੇਖੋ! ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।”​—ਮੱਤੀ 28:20.

ਇਸ ਗੱਲ ਦਾ ਯਕੀਨ ਰੱਖੋ ਕਿ ਯਹੋਵਾਹ ਵਫ਼ਾਦਾਰੀ ਨਾਲ ਕੀਤੀ ਤੁਹਾਡੀ ਸੇਵਾ ’ਤੇ ਬਰਕਤ ਪਾਉਂਦਾ ਰਹੇਗਾ। ਭਾਵੇਂ ਤੁਸੀਂ ਥੋੜ੍ਹਾ ਕਰਦੇ ਹੋ ਜਾਂ ਜ਼ਿਆਦਾ, ਪਰ ਯਹੋਵਾਹ ਲਈ ਇਹ ਗੱਲ ਮਾਅਨੇ ਰੱਖਦੀ ਹੈ ਕਿ ਤੁਸੀਂ ਇਹ ਕੰਮ ਦਿਲੋਂ-ਜਾਨ ਅਤੇ ਸਹੀ ਇਰਾਦੇ ਨਾਲ ਕਰਦੇ ਹੋ। ਤੁਹਾਡੇ ਵੱਲੋਂ ਕੀਤੇ ਜਾਂਦੇ ਵਧੀਆ ਕੰਮ ਉਸ ਦੇ ਦਿਲ ਨੂੰ ਛੋਹ ਜਾਂਦੇ ਹਨ ਅਤੇ ਉਸ ਦੀ ਮਿਹਰ ਤੁਹਾਡੇ ’ਤੇ ਹੁੰਦੀ ਹੈ। (2 ਕੁਰਿੰ. 9:6, 7) ਇਸ ਲਈ ਪ੍ਰਾਰਥਨਾ ਕਰ ਕੇ, ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰ ਕੇ, ਮਸੀਹੀ ਸਭਾਵਾਂ ਵਿਚ ਹਾਜ਼ਰ ਹੋ ਕੇ ਅਤੇ ਪ੍ਰਚਾਰ ਵਿਚ ਹਿੱਸਾ ਲੈ ਕੇ ਲਗਾਤਾਰ ਆਪਣੇ ਪਿਆਰੇ ਪਿਤਾ ਦੇ ਨੇੜੇ ਜਾਂਦੇ ਰਹੋ।

ਸ਼ੈਤਾਨ ਕੋਲ “ਥੋੜ੍ਹਾ ਹੀ” ਸਮਾਂ ਰਹਿ ਗਿਆ ਹੈ। ਇਸ ਲਈ ਉਸ ਦੁਸ਼ਟ ਬਾਗ਼ੀ ਨੇ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਨੂੰ ਤੋੜਨ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ। (ਪ੍ਰਕਾ. 12:12) ਯਹੋਵਾਹ ਦੇ ਨੇੜੇ ਰਹੋ। ਸ਼ੈਤਾਨ ਆਪਣੀ ਹਰ ਚਾਲ ਵਿਚ ਨਾਕਾਮਯਾਬ ਹੋਵੇਗਾ। (ਜ਼ਬੂ. 16:8) ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਤੇ ਇਨ੍ਹਾਂ ਆਖ਼ਰੀ ਦਿਨਾਂ ਵਿਚ ਸਾਡੇ ਪ੍ਰਭੂ ਦੇ ਰਾਜ ਨਾਲ ਜੁੜੇ ਕੰਮ ਕਰਨ ਵਿਚ ਤੁਸੀਂ ਜੋ ਮਦਦ ਕਰ ਰਹੇ ਹੋ, ਅਸੀਂ ਉਸ ਦੀ ਕਦਰ ਕਰਦੇ ਹਾਂ।

ਤੁਹਾਡੇ ਭਰਾ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ