Skip to content

Skip to table of contents

ਪਾਠ 1

ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਬਣਾਏ

ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਬਣਾਏ

ਯਹੋਵਾਹ ਸਾਡਾ ਸਿਰਜਣਹਾਰ ਹੈ। ਉਸ ਨੇ ਦਿੱਸਣ ਤੇ ਨਾ ਦਿੱਸਣ ਵਾਲੀਆਂ ਸਾਰੀਆਂ ਚੀਜ਼ਾਂ ਬਣਾਈਆਂ। ਦਿੱਸਣ ਵਾਲੀਆਂ ਚੀਜ਼ਾਂ ਬਣਾਉਣ ਤੋਂ ਪਹਿਲਾਂ ਉਸ ਨੇ ਕਿੰਨੇ ਸਾਰੇ ਦੂਤ ਬਣਾਏ। ਤੁਹਾਨੂੰ ਪਤਾ ਦੂਤ ਕੌਣ ਹਨ? ਉਹ ਯਹੋਵਾਹ ਦੇ ਸੇਵਕ ਹਨ। ਉਹ ਪਰਮੇਸ਼ੁਰ ਵਰਗੇ ਹਨ। ਜਿੱਦਾਂ ਅਸੀਂ ਪਰਮੇਸ਼ੁਰ ਨੂੰ ਨਹੀਂ ਦੇਖ ਸਕਦੇ, ਉੱਦਾਂ ਹੀ ਅਸੀਂ ਉਨ੍ਹਾਂ ਨੂੰ ਵੀ ਨਹੀਂ ਦੇਖ ਸਕਦੇ। ਯਹੋਵਾਹ ਨੇ ਜਿਹੜਾ ਪਹਿਲਾ ਦੂਤ ਬਣਾਇਆ, ਉਸ ਨੇ ਪਰਮੇਸ਼ੁਰ ਨਾਲ ਮਿਲ ਕੇ ਹੋਰ ਚੀਜ਼ਾਂ ਬਣਾਈਆਂ ਜਿਵੇਂ ਤਾਰੇ, ਗ੍ਰਹਿ ਵਗੈਰਾ-ਵਗੈਰਾ। ਇਕ ਗ੍ਰਹਿ ਹੈ, ਸਾਡੀ ਸੋਹਣੀ ਧਰਤੀ।

ਫਿਰ ਯਹੋਵਾਹ ਨੇ ਧਰਤੀ ਨੂੰ ਇੱਦਾਂ ਬਣਾਇਆ ਜਿਸ ʼਤੇ ਜਾਨਵਰ ਅਤੇ ਇਨਸਾਨ ਰਹਿ ਸਕਣ। ਉਸ ਨੇ ਧਰਤੀ ʼਤੇ ਰੌਸ਼ਨੀ ਕਰਨ ਲਈ ਸੂਰਜ ਬਣਾਇਆ। ਉਸ ਨੇ ਪਹਾੜ, ਸਮੁੰਦਰ ਅਤੇ ਨਦੀਆਂ ਬਣਾਈਆਂ।

ਇਸ ਤੋਂ ਬਾਅਦ ਕੀ ਬਣਾਇਆ? ਯਹੋਵਾਹ ਨੇ ਕਿਹਾ: ‘ਮੈਂ ਘਾਹ, ਪੇੜ-ਪੌਦੇ ਅਤੇ ਦਰਖ਼ਤ ਲਾਵਾਂਗਾ।’ ਫਿਰ ਅਲੱਗ-ਅਲੱਗ ਤਰ੍ਹਾਂ ਦੇ ਫਲ, ਸਬਜ਼ੀਆਂ ਅਤੇ ਫੁੱਲ ਉੱਗਣ ਲੱਗ ਪਏ। ਇਸ ਤੋਂ ਬਾਅਦ, ਯਹੋਵਾਹ ਨੇ ਪੰਛੀ, ਪਾਣੀ ਵਾਲੇ ਜਾਨਵਰ ਅਤੇ ਰੀਂਗਣ ਤੇ ਤੁਰਨ ਵਾਲੇ ਜਾਨਵਰ ਬਣਾਏ। ਉਸ ਨੇ ਛੋਟੇ ਜਾਨਵਰ ਬਣਾਏ ਜਿਵੇਂ ਖ਼ਰਗੋਸ਼ ਅਤੇ ਵੱਡੇ ਜਾਨਵਰ ਵੀ ਬਣਾਏ ਜਿਵੇਂ ਹਾਥੀ। ਤੁਹਾਨੂੰ ਕਿਹੜਾ ਜਾਨਵਰ ਪਸੰਦ ਹੈ?

ਫਿਰ ਯਹੋਵਾਹ ਨੇ ਪਹਿਲੇ ਦੂਤ ਨੂੰ ਕਿਹਾ: “ਅਸੀਂ ਆਦਮੀ ਨੂੰ . . . ਬਣਾਈਏ।” ਇਨਸਾਨਾਂ ਨੇ ਜਾਨਵਰਾਂ ਤੋਂ ਵੱਖਰੇ ਹੋਣਾ ਸੀ। ਉਹ ਨਵੀਆਂ ਚੀਜ਼ਾਂ ਦੀ ਖੋਜ ਕਰ ਸਕਦੇ ਸਨ। ਉਹ ਹੱਸ ਤੇ ਬੋਲ ਸਕਦੇ ਸਨ। ਨਾਲੇ ਉਹ ਪਰਮੇਸ਼ੁਰ ਨੂੰ ਪ੍ਰਾਰਥਨਾ ਵੀ ਕਰ ਸਕਦੇ ਸਨ। ਉਨ੍ਹਾਂ ਨੇ ਧਰਤੀ ਅਤੇ ਜਾਨਵਰਾਂ ਦੀ ਦੇਖ-ਭਾਲ ਕਰਨੀ ਸੀ। ਕੀ ਤੁਹਾਨੂੰ ਪਤਾ ਪਹਿਲਾ ਆਦਮੀ ਕੌਣ ਸੀ? ਚਲੋ ਆਪਾਂ ਦੇਖੀਏ।

“ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।”​—ਉਤਪਤ 1:1