Skip to content

Skip to table of contents

ਪਾਠ 64

ਦਾਨੀਏਲ ਸ਼ੇਰਾਂ ਦੇ ਘੁਰਨੇ ਵਿਚ

ਦਾਨੀਏਲ ਸ਼ੇਰਾਂ ਦੇ ਘੁਰਨੇ ਵਿਚ

ਦਾਰਾ ਮਾਦੀ ਬਾਬਲ ਦਾ ਅਗਲਾ ਰਾਜਾ ਸੀ। ਦਾਰਾ ਨੇ ਦਾਨੀਏਲ ਵਿਚ ਕੁਝ ਖ਼ਾਸ ਦੇਖਿਆ। ਉਸ ਨੇ ਦਾਨੀਏਲ ਨੂੰ ਦੇਸ਼ ਦੇ ਸਭ ਤੋਂ ਅਹਿਮ ਆਦਮੀਆਂ ʼਤੇ ਨਿਗਰਾਨ ਠਹਿਰਾਇਆ। ਇਹ ਆਦਮੀ ਦਾਨੀਏਲ ਤੋਂ ਨਫ਼ਰਤ ਕਰਦੇ ਸਨ ਅਤੇ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਇਹ ਆਦਮੀ ਜਾਣਦੇ ਸਨ ਕਿ ਦਾਨੀਏਲ ਹਰ ਰੋਜ਼ ਤਿੰਨ ਵਾਰ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ। ਇਸ ਲਈ ਉਨ੍ਹਾਂ ਨੇ ਦਾਰਾ ਨੂੰ ਕਿਹਾ: ‘ਹੇ ਮਹਾਰਾਜ, ਤੁਹਾਨੂੰ ਇਕ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਮੁਤਾਬਕ ਸਾਰੇ ਜਣੇ ਸਿਰਫ਼ ਤੁਹਾਨੂੰ ਹੀ ਪ੍ਰਾਰਥਨਾ ਕਰਨ। ਜਿਹੜਾ ਇਹ ਕਾਨੂੰਨ ਨਾ ਮੰਨੇ, ਉਸ ਨੂੰ ਸ਼ੇਰਾਂ ਦੇ ਘੁਰਨੇ ਵਿਚ ਸੁੱਟਿਆ ਜਾਵੇ।’ ਦਾਰਾ ਨੂੰ ਇਹ ਗੱਲ ਵਧੀਆ ਲੱਗੀ ਤੇ ਉਸ ਨੇ ਕਾਨੂੰਨ ਬਣਾ ਦਿੱਤਾ।

ਜਦੋਂ ਦਾਨੀਏਲ ਨੇ ਇਹ ਕਾਨੂੰਨ ਸੁਣਿਆ, ਤਾਂ ਉਹ ਆਪਣੇ ਘਰ ਗਿਆ। ਉਸ ਨੇ ਤਾਕੀ ਖੋਲ੍ਹੀ ਤੇ ਗੋਡੇ ਟੇਕ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਜਿਹੜੇ ਆਦਮੀ ਉਸ ਨਾਲ ਨਫ਼ਰਤ ਕਰਦੇ ਸਨ, ਉਹ ਉਸ ਦੇ ਘਰ ਆ ਵੜੇ ਅਤੇ ਉਸ ਨੂੰ ਪ੍ਰਾਰਥਨਾ ਕਰਦਿਆਂ ਦੇਖਿਆ। ਉਹ ਦਾਰਾ ਕੋਲ ਗਏ ਅਤੇ ਕਿਹਾ: ‘ਦਾਨੀਏਲ ਨੇ ਤੇਰਾ ਕਹਿਣਾ ਨਹੀਂ ਮੰਨਿਆ। ਉਹ ਹਰ ਰੋਜ਼ ਤਿੰਨ ਵਾਰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹੈ।’ ਦਾਰਾ ਦਾਨੀਏਲ ਨੂੰ ਪਸੰਦ ਕਰਦਾ ਸੀ ਅਤੇ ਨਹੀਂ ਚਾਹੁੰਦਾ ਸੀ ਕਿ ਦਾਨੀਏਲ ਮਰੇ। ਸਾਰਾ ਦਿਨ ਉਹ ਦਾਨੀਏਲ ਨੂੰ ਬਚਾਉਣ ਦੇ ਤਰੀਕੇ ਸੋਚਦਾ ਰਿਹਾ। ਪਰ ਰਾਜਾ ਵੀ ਆਪਣੇ ਬਣਾਏ ਕਾਨੂੰਨ ਨੂੰ ਬਦਲ ਨਹੀਂ ਸਕਦਾ ਸੀ। ਉਸ ਨੂੰ ਆਪਣੇ ਆਦਮੀਆਂ ਨੂੰ ਹੁਕਮ ਦੇਣਾ ਪਿਆ ਕਿ ਉਹ ਦਾਨੀਏਲ ਨੂੰ ਸ਼ੇਰਾਂ ਦੇ ਘੁਰਨੇ ਵਿਚ ਸੁੱਟ ਦੇਣ।

ਰਾਜੇ ਨੂੰ ਦਾਨੀਏਲ ਦਾ ਬਹੁਤ ਫ਼ਿਕਰ ਸੀ ਜਿਸ ਕਰਕੇ ਉਹ ਸੌਂ ਨਾ ਸਕਿਆ। ਸਵੇਰੇ ਉਹ ਦੌੜ ਕੇ ਘੁਰਨੇ ʼਤੇ ਗਿਆ ਤੇ ਦਾਨੀਏਲ ਨੂੰ ਹਾਕ ਮਾਰ ਕੇ ਕਿਹਾ: ‘ਕੀ ਤੇਰੇ ਰੱਬ ਨੇ ਤੈਨੂੰ ਬਚਾ ਲਿਆ?’

ਦਾਰਾ ਨੇ ਇਕ ਆਵਾਜ਼ ਸੁਣੀ। ਇਹ ਦਾਨੀਏਲ ਦੀ ਸੀ। ਉਸ ਨੇ ਦਾਰਾ ਨੂੰ ਕਿਹਾ: ‘ਯਹੋਵਾਹ ਦੇ ਦੂਤ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ। ਉਨ੍ਹਾਂ ਨੇ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।’ ਦਾਰਾ ਬਹੁਤ ਖ਼ੁਸ਼ ਸੀ। ਉਸ ਨੇ ਹੁਕਮ ਦਿੱਤਾ ਕਿ ਦਾਨੀਏਲ ਨੂੰ ਘੁਰਨੇ ਵਿੱਚੋਂ ਕੱਢਿਆ ਜਾਵੇ। ਦਾਨੀਏਲ ਦੇ ਇਕ ਝਰੀਟ ਵੀ ਨਹੀਂ ਲੱਗੀ ਸੀ। ਫਿਰ ਰਾਜੇ ਨੇ ਹੁਕਮ ਦਿੱਤਾ: ‘ਦਾਨੀਏਲ ʼਤੇ ਦੋਸ਼ ਲਾਉਣ ਵਾਲਿਆਂ ਨੂੰ ਘੁਰਨੇ ਵਿਚ ਸੁੱਟ ਦਿਓ।’ ਜਦੋਂ ਉਨ੍ਹਾਂ ਨੂੰ ਸੁੱਟਿਆ ਗਿਆ, ਤਾਂ ਸ਼ੇਰਾਂ ਨੇ ਉਨ੍ਹਾਂ ਨੂੰ ਨਿਗਲ਼ ਲਿਆ।

ਦਾਰਾ ਨੇ ਆਪਣੇ ਲੋਕਾਂ ਨੂੰ ਇਹ ਹੁਕਮ ਦਿੱਤਾ: ‘ਹਰ ਕੋਈ ਦਾਨੀਏਲ ਦੇ ਰੱਬ ਤੋਂ ਡਰੇ ਕਿਉਂਕਿ ਉਸ ਨੇ ਦਾਨੀਏਲ ਨੂੰ ਸ਼ੇਰਾਂ ਤੋਂ ਬਚਾਇਆ।’

ਕੀ ਤੁਸੀਂ ਦਾਨੀਏਲ ਵਾਂਗ ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋ?

“ਯਹੋਵਾਹ ਭਗਤੀ ਕਰਨ ਵਾਲੇ ਲੋਕਾਂ ਨੂੰ ਅਜ਼ਮਾਇਸ਼ਾਂ ਵਿੱਚੋਂ ਕੱਢਣਾ ਜਾਣਦਾ ਹੈ।”​—2 ਪਤਰਸ 2:9