Skip to content

Skip to table of contents

ਪਾਠ 101

ਪੌਲੁਸ ਨੂੰ ਰੋਮ ਭੇਜਿਆ ਗਿਆ

ਪੌਲੁਸ ਨੂੰ ਰੋਮ ਭੇਜਿਆ ਗਿਆ

ਪੌਲੁਸ ਦੇ ਪ੍ਰਚਾਰ ਦਾ ਤੀਸਰਾ ਦੌਰਾ ਯਰੂਸ਼ਲਮ ਵਿਚ ਖ਼ਤਮ ਹੋ ਗਿਆ। ਇੱਥੇ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਰਾਤ ਨੂੰ ਉਸ ਨੂੰ ਇਕ ਦਰਸ਼ਣ ਦਿਖਾਈ ਦਿੱਤਾ ਅਤੇ ਯਿਸੂ ਨੇ ਉਸ ਨੂੰ ਕਿਹਾ: ‘ਤੂੰ ਰੋਮ ਨੂੰ ਜਾ ਅਤੇ ਉੱਥੇ ਪ੍ਰਚਾਰ ਕਰ।’ ਪੌਲੁਸ ਨੂੰ ਯਰੂਸ਼ਲਮ ਤੋਂ ਕੈਸਰੀਆ ਲਿਆਂਦਾ ਗਿਆ ਜਿੱਥੇ ਉਹ ਦੋ ਸਾਲ ਜੇਲ੍ਹ ਵਿਚ ਰਿਹਾ। ਜਦੋਂ ਉਸ ਨੂੰ ਫ਼ੇਸਤੁਸ ਦੇ ਸਾਮ੍ਹਣੇ ਪੇਸ਼ ਕੀਤਾ ਗਿਆ, ਤਾਂ ਪੌਲੁਸ ਨੇ ਕਿਹਾ: ‘ਮੇਰਾ ਨਿਆਂ ਰੋਮ ਵਿਚ ਸਮਰਾਟ ਨੂੰ ਕਰਨ ਦੇ।’ ਫ਼ੇਸਤੁਸ ਨੇ ਕਿਹਾ: “ਤੂੰ ਸਮਰਾਟ ਨੂੰ ਫ਼ਰਿਆਦ ਕੀਤੀ ਹੈ, ਇਸ ਲਈ ਤੂੰ ਸਮਰਾਟ ਕੋਲ ਹੀ ਜਾਵੇਂਗਾ।” ਪੌਲੁਸ ਨੂੰ ਸਮੁੰਦਰੀ ਜਹਾਜ਼ ਰਾਹੀਂ ਰੋਮ ਭੇਜਿਆ ਗਿਆ ਅਤੇ ਦੋ ਮਸੀਹੀ ਭਰਾ ਲੂਕਾ ਅਤੇ ਅਰਿਸਤਰਖੁਸ ਵੀ ਉਸ ਦੇ ਨਾਲ ਗਏ।

ਸਫ਼ਰ ਦੌਰਾਨ ਸਮੁੰਦਰ ਵਿਚ ਵੱਡਾ ਤੂਫ਼ਾਨ ਆਇਆ ਅਤੇ ਇਹ ਕਈ ਦਿਨ ਤਕ ਰਿਹਾ। ਸਾਰੇ ਸੋਚਣ ਲੱਗੇ ਕਿ ਉਹ ਹੁਣ ਮਰ ਜਾਣਗੇ। ਪਰ ਪੌਲੁਸ ਨੇ ਕਿਹਾ: ‘ਭਰਾਵੋ, ਇਕ ਦੂਤ ਨੇ ਮੈਨੂੰ ਸੁਪਨੇ ਵਿਚ ਕਿਹਾ: “ਪੌਲੁਸ, ਨਾ ਡਰ। ਤੂੰ ਰੋਮ ਜਾਵੇਂਗਾ ਅਤੇ ਜਹਾਜ਼ ʼਤੇ ਜਿੰਨੇ ਲੋਕ ਤੇਰੇ ਨਾਲ ਹਨ, ਉਨ੍ਹਾਂ ਵਿੱਚੋਂ ਕੋਈ ਨਹੀਂ ਮਰੇਗਾ।” ਹੌਸਲਾ ਰੱਖ! ਤੂੰ ਨਹੀਂ ਮਰੇਂਗਾ।’

ਤੂਫ਼ਾਨ 14 ਦਿਨਾਂ ਤਕ ਰਿਹਾ। ਅਖ਼ੀਰ ਉਹ ਜ਼ਮੀਨ ʼਤੇ ਪਹੁੰਚ ਗਏ। ਇਹ ਮਾਲਟਾ ਨਾਂ ਦਾ ਟਾਪੂ ਸੀ। ਜਹਾਜ਼ ਦਲਦਲੀ ਰੇਤ ਵਿਚ ਫਸ ਗਿਆ ਅਤੇ ਟੋਟੇ-ਟੋਟੇ ਹੋ ਗਿਆ, ਪਰ ਜਹਾਜ਼ ʼਤੇ ਸਵਾਰ 276 ਜਣੇ ਜ਼ਮੀਨ ʼਤੇ ਪਹੁੰਚ ਗਏ। ਕਈ ਜਣੇ ਤੈਰ ਕੇ ਪਹੁੰਚੇ ਤੇ ਕਈ ਜਣੇ ਜਹਾਜ਼ ਦੇ ਟੁੱਟੇ ਹੋਏ ਹਿੱਸਿਆਂ ਦੇ ਸਹਾਰੇ। ਮਾਲਟਾ ਦੇ ਲੋਕਾਂ ਨੇ ਉਨ੍ਹਾਂ ਦੀ ਦੇਖ-ਭਾਲ ਕੀਤੀ ਅਤੇ ਸੇਕਣ ਲਈ ਅੱਗ ਬਾਲ਼ੀ।

ਤਿੰਨ ਮਹੀਨਿਆਂ ਬਾਅਦ ਫ਼ੌਜੀ ਦੂਸਰੇ ਜਹਾਜ਼ ਰਾਹੀਂ ਪੌਲੁਸ ਨੂੰ ਰੋਮ ਲੈ ਗਏ। ਜਦੋਂ ਪੌਲੁਸ ਰੋਮ ਪਹੁੰਚਿਆ, ਤਾਂ ਭਰਾ ਉਸ ਨੂੰ ਮਿਲਣ ਆਏ। ਉਨ੍ਹਾਂ ਨੂੰ ਦੇਖ ਕੇ ਪੌਲੁਸ ਨੂੰ ਹੌਸਲਾ ਮਿਲਿਆ ਅਤੇ ਉਸ ਨੇ ਯਹੋਵਾਹ ਦਾ ਧੰਨਵਾਦ ਕੀਤਾ। ਭਾਵੇਂ ਪੌਲੁਸ ਕੈਦੀ ਸੀ, ਪਰ ਉਸ ਨੂੰ ਇਕ ਕਿਰਾਏ ਦੇ ਘਰ ਵਿਚ ਰਹਿਣ ਦੀ ਇਜਾਜ਼ਤ ਸੀ ਅਤੇ ਇਕ ਫ਼ੌਜੀ ਨੇ ਉਸ ਦੀ ਦੇਖ-ਰੇਖ ਕਰਨੀ ਸੀ। ਉਹ ਦੋ ਸਾਲ ਉੱਥੇ ਰਿਹਾ। ਲੋਕ ਉਸ ਨੂੰ ਮਿਲਣ ਆਉਂਦੇ ਸਨ। ਉਹ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਦਾ ਸੀ ਅਤੇ ਯਿਸੂ ਬਾਰੇ ਸਿੱਖਿਆ ਦਿੰਦਾ ਸੀ। ਪੌਲੁਸ ਨੇ ਏਸ਼ੀਆ ਮਾਈਨਰ ਅਤੇ ਯਹੂਦੀਆ ਦੀਆਂ ਮੰਡਲੀਆਂ ਨੂੰ ਚਿੱਠੀਆਂ ਵੀ ਲਿਖੀਆਂ। ਯਹੋਵਾਹ ਨੇ ਸੱਚ-ਮੁੱਚ ਕੌਮਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਪੌਲੁਸ ਨੂੰ ਵਰਤਿਆ।

“ਅਸੀਂ ਹਰ ਗੱਲ ਵਿਚ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ ਜਿਵੇਂ ਕਿ ਬਹੁਤ ਸਾਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਕੇ, ਕਸ਼ਟ ਸਹਿ ਕੇ, ਤੰਗੀਆਂ ਕੱਟ ਕੇ, ਮੁਸ਼ਕਲਾਂ ਸਹਿ ਕੇ।”​—2 ਕੁਰਿੰਥੀਆਂ 6:4