Skip to content

Skip to table of contents

ਪਾਠ 35

ਹੰਨਾਹ ਨੇ ਪ੍ਰਾਰਥਨਾ ਵਿਚ ਮੁੰਡਾ ਮੰਗਿਆ

ਹੰਨਾਹ ਨੇ ਪ੍ਰਾਰਥਨਾ ਵਿਚ ਮੁੰਡਾ ਮੰਗਿਆ

ਅਲਕਾਨਾਹ ਨਾਂ ਦੇ ਇਜ਼ਰਾਈਲੀ ਦੀਆਂ ਦੋ ਪਤਨੀਆਂ ਸਨ, ਹੰਨਾਹ ਅਤੇ ਪਨਿੰਨਾਹ। ਪਰ ਉਹ ਹੰਨਾਹ ਨੂੰ ਜ਼ਿਆਦਾ ਪਿਆਰ ਕਰਦਾ ਸੀ। ਹੰਨਾਹ ਦੇ ਕੋਈ ਬੱਚਾ ਨਹੀਂ ਸੀ, ਪਰ ਪਨਿੰਨਾਹ ਦੇ ਬਹੁਤ ਸਾਰੇ ਬੱਚੇ ਸਨ। ਇਸ ਲਈ ਉਹ ਹਮੇਸ਼ਾ ਹੰਨਾਹ ਦਾ ਮਜ਼ਾਕ ਉਡਾਉਂਦੀ ਸੀ। ਹਰ ਸਾਲ ਅਲਕਾਨਾਹ ਸ਼ੀਲੋਹ ਦੇ ਤੰਬੂ ਵਿਚ ਆਪਣੇ ਪਰਿਵਾਰ ਨਾਲ ਭਗਤੀ ਕਰਨ ਜਾਂਦਾ ਸੀ। ਇਕ ਵਾਰ ਜਦੋਂ ਉਹ ਉੱਥੇ ਸਨ, ਤਾਂ ਉਸ ਨੇ ਦੇਖਿਆ ਕਿ ਉਸ ਦੀ ਪਿਆਰੀ ਪਤਨੀ ਹੰਨਾਹ ਬਹੁਤ ਉਦਾਸ ਸੀ। ਉਸ ਨੇ ਕਿਹਾ: ‘ਹੰਨਾਹ, ਨਾ ਰੋ। ਮੈਂ ਤੇਰੇ ਨਾਲ ਹਾਂ। ਮੈਂ ਤੈਨੂੰ ਪਿਆਰ ਕਰਦਾ ਹਾਂ।’

ਬਾਅਦ ਵਿਚ ਹੰਨਾਹ ਇਕੱਲੀ ਪ੍ਰਾਰਥਨਾ ਕਰਨ ਚਲੀ ਗਈ। ਯਹੋਵਾਹ ਅੱਗੇ ਤਰਲੇ-ਮਿੰਨਤਾਂ ਕਰਦਿਆਂ ਉਹ ਆਪਣੇ ਹੰਝੂ ਨਾ ਰੋਕ ਸਕੀ। ਉਸ ਨੇ ਵਾਅਦਾ ਕੀਤਾ: ‘ਯਹੋਵਾਹ ਜੇ ਮੇਰੇ ਮੁੰਡਾ ਹੋਇਆ, ਤਾਂ ਮੈਂ ਉਸ ਨੂੰ ਤੈਨੂੰ ਦੇ ਦੇਵਾਂਗੀ ਅਤੇ ਉਹ ਸਾਰੀ ਉਮਰ ਤੇਰੀ ਸੇਵਾ ਕਰੇਗਾ।’

ਮਹਾਂ ਪੁਜਾਰੀ ਏਲੀ ਨੇ ਹੰਨਾਹ ਨੂੰ ਹਟਕੋਰੇ ਲੈਂਦੇ ਦੇਖਿਆ ਅਤੇ ਸੋਚਿਆ ਕਿ ਉਸ ਨੇ ਨਸ਼ਾ ਕੀਤਾ ਹੈ। ਹੰਨਾਹ ਨੇ ਜਵਾਬ ਦਿੱਤਾ: ‘ਨਹੀਂ, ਮੇਰੇ ਮਾਲਕ, ਮੈਂ ਕੋਈ ਨਸ਼ਾ ਨਹੀਂ ਕੀਤਾ। ਮੈਂ ਬਹੁਤ ਦੁਖੀ ਹਾਂ ਅਤੇ ਮੈਂ ਆਪਣਾ ਦੁੱਖ ਯਹੋਵਾਹ ਨੂੰ ਦੱਸ ਰਹੀ ਹਾਂ।’ ਏਲੀ ਨੂੰ ਅਹਿਸਾਸ ਹੋਇਆ ਕਿ ਉਸ ਨੇ ਗ਼ਲਤ ਕਿਹਾ ਸੀ। ਉਸ ਨੇ ਹੰਨਾਹ ਨੂੰ ਕਿਹਾ: ‘ਮੇਰੀ ਦੁਆ ਹੈ ਕਿ ਤੂੰ ਜੋ ਮੰਗਿਆ, ਯਹੋਵਾਹ ਤੈਨੂੰ ਦੇਵੇ।’ ਹੰਨਾਹ ਦਾ ਮਨ ਠੀਕ ਹੋ ਗਿਆ ਅਤੇ ਉਹ ਵਾਪਸ ਚਲੇ ਗਈ। ਕੁਝ ਸਮੇਂ ਬਾਅਦ ਹੰਨਾਹ ਦੇ ਮੁੰਡਾ ਹੋਇਆ ਜਿਸ ਦਾ ਨਾਂ ਉਸ ਨੇ ਸਮੂਏਲ ਰੱਖਿਆ। ਕੀ ਤੁਸੀਂ ਸੋਚ ਸਕਦੇ ਕਿ ਹੰਨਾਹ ਕਿੰਨੀ ਖ਼ੁਸ਼ ਹੋਈ ਹੋਣੀ?

ਹੰਨਾਹ ਯਹੋਵਾਹ ਨਾਲ ਕੀਤੇ ਆਪਣੇ ਵਾਅਦੇ ਨੂੰ ਭੁੱਲੀ ਨਹੀਂ। ਸਮੂਏਲ ਦਾ ਦੁੱਧ ਛੁਡਾਉਣ ਤੋਂ ਜਲਦੀ ਬਾਅਦ ਉਹ ਉਸ ਨੂੰ ਤੰਬੂ ਵਿਚ ਸੇਵਾ ਕਰਨ ਲਈ ਲੈ ਗਈ। ਉਸ ਨੇ ਏਲੀ ਨੂੰ ਕਿਹਾ: ‘ਮੈਂ ਇਸੇ ਮੁੰਡੇ ਬਾਰੇ ਪ੍ਰਾਰਥਨਾ ਕੀਤੀ ਸੀ। ਮੈਂ ਸਾਰੀ ਉਮਰ ਲਈ ਇਸ ਨੂੰ ਯਹੋਵਾਹ ਨੂੰ ਦਿੰਦੀ ਹਾਂ।’ ਅਲਕਾਨਾਹ ਤੇ ਹੰਨਾਹ ਹਰ ਸਾਲ ਸਮੂਏਲ ਨੂੰ ਮਿਲਣ ਜਾਂਦੇ ਸਨ ਤੇ ਉਸ ਲਈ ਬਿਨਾਂ ਬਾਹਾਂ ਵਾਲਾ ਨਵਾਂ ਕੁੜਤਾ ਲੈ ਕੇ ਜਾਂਦੇ ਸਨ। ਯਹੋਵਾਹ ਦੀ ਬਰਕਤ ਕਰਕੇ ਹੰਨਾਹ ਦੇ ਹੋਰ ਤਿੰਨ ਮੁੰਡੇ ਤੇ ਦੋ ਕੁੜੀਆਂ ਹੋਈਆਂ।

“ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ।”​—ਮੱਤੀ 7:7