Skip to content

Skip to table of contents

ਪਾਠ 54

ਯਹੋਵਾਹ ਨੇ ਯੂਨਾਹ ਨਾਲ ਧੀਰਜ ਦਿਖਾਇਆ

ਯਹੋਵਾਹ ਨੇ ਯੂਨਾਹ ਨਾਲ ਧੀਰਜ ਦਿਖਾਇਆ

ਅੱਸ਼ੂਰ ਦੇ ਨੀਨਵਾਹ ਸ਼ਹਿਰ ਦੇ ਲੋਕ ਬਹੁਤ ਬੁਰੇ ਸਨ। ਯਹੋਵਾਹ ਨੇ ਯੂਨਾਹ ਨਬੀ ਨੂੰ ਕਿਹਾ ਕਿ ਉਹ ਨੀਨਵਾਹ ਜਾ ਕੇ ਲੋਕਾਂ ਨੂੰ ਚੇਤਾਵਨੀ ਦੇਵੇ ਕਿ ਉਹ ਆਪਣੇ ਬੁਰੇ ਕੰਮ ਛੱਡ ਦੇਣ। ਪਰ ਯੂਨਾਹ ਹੋਰ ਪਾਸੇ ਚਲਾ ਗਿਆ। ਉਹ ਤਰਸ਼ੀਸ਼ ਜਾਣ ਵਾਲੇ ਸਮੁੰਦਰੀ ਜਹਾਜ਼ ʼਤੇ ਚੜ੍ਹ ਗਿਆ।

ਜਦੋਂ ਜਹਾਜ਼ ਸਮੁੰਦਰ ਵਿਚ ਗਿਆ, ਤਾਂ ਬਹੁਤ ਜ਼ੋਰਦਾਰ ਤੂਫ਼ਾਨ ਆਇਆ। ਜਹਾਜ਼ ਚਲਾਉਣ ਵਾਲੇ ਬਹੁਤ ਡਰ ਗਏ। ਉਨ੍ਹਾਂ ਨੇ ਆਪਣੇ ਦੇਵਤਿਆਂ ਨੂੰ ਪ੍ਰਾਰਥਨਾ ਕੀਤੀ: ‘ਇੱਦਾਂ ਕਿਉਂ ਹੋ ਰਿਹਾ ਹੈ?’ ਅਖ਼ੀਰ ਯੂਨਾਹ ਨੇ ਉਨ੍ਹਾਂ ਨੂੰ ਦੱਸਿਆ: ‘ਇਹ ਸਾਰਾ ਕੁਝ ਮੇਰੇ ਕਰਕੇ ਹੋ ਰਿਹਾ। ਮੈਂ ਉਹ ਕੰਮ ਕਰਨ ਤੋਂ ਭੱਜ ਰਿਹਾ ਹਾਂ ਜੋ ਯਹੋਵਾਹ ਨੇ ਮੈਨੂੰ ਕਰਨ ਨੂੰ ਕਿਹਾ ਸੀ। ਮੈਨੂੰ ਸਮੁੰਦਰ ਵਿਚ ਸੁੱਟ ਦਿਓ। ਤੂਫ਼ਾਨ ਸ਼ਾਂਤ ਹੋ ਜਾਵੇਗਾ।’ ਉਹ ਯੂਨਾਹ ਨੂੰ ਸੁੱਟਣਾ ਨਹੀਂ ਚਾਹੁੰਦੇ ਸਨ, ਪਰ ਉਸ ਨੇ ਜ਼ੋਰ ਪਾਇਆ। ਜਦੋਂ ਉਨ੍ਹਾਂ ਨੇ ਯੂਨਾਹ ਨੂੰ ਸਮੁੰਦਰ ਵਿਚ ਸੁੱਟ ਦਿੱਤਾ, ਤਾਂ ਤੂਫ਼ਾਨ ਸ਼ਾਂਤ ਹੋ ਗਿਆ।

ਯੂਨਾਹ ਨੇ ਸੋਚਿਆ ਕਿ ਉਹ ਮਰ ਜਾਵੇਗਾ। ਜਿੱਦਾਂ-ਜਿੱਦਾਂ ਉਹ ਸਮੁੰਦਰ ਹੇਠਾਂ ਜਾ ਰਿਹਾ ਸੀ, ਉਹ ਯਹੋਵਾਹ ਨੂੰ ਪ੍ਰਾਰਥਨਾ ਕਰ ਰਿਹਾ ਸੀ। ਫਿਰ ਯਹੋਵਾਹ ਨੇ ਇਕ ਵੱਡੀ ਮੱਛੀ ਭੇਜੀ। ਉਸ ਨੇ ਯੂਨਾਹ ਨੂੰ ਨਿਗਲ਼ ਲਿਆ, ਪਰ ਉਹ ਮਰਿਆ ਨਹੀਂ। ਮੱਛੀ ਦੇ ਅੰਦਰੋਂ ਯੂਨਾਹ ਨੇ ਪ੍ਰਾਰਥਨਾ ਕੀਤੀ: ‘ਮੈਂ ਹਮੇਸ਼ਾ ਤੇਰਾ ਕਹਿਣਾ ਮੰਨਣ ਦਾ ਵਾਅਦਾ ਕਰਦਾ ਹਾਂ।’ ਯਹੋਵਾਹ ਨੇ ਯੂਨਾਹ ਨੂੰ ਤਿੰਨ ਦਿਨਾਂ ਤਕ ਮੱਛੀ ਦੇ ਢਿੱਡ ਵਿਚ ਸੁਰੱਖਿਅਤ ਰੱਖਿਆ। ਫਿਰ ਬਾਅਦ ਵਿਚ ਮੱਛੀ ਨੇ ਸੁੱਕੀ ਜ਼ਮੀਨ ʼਤੇ ਉਸ ਨੂੰ ਉਗਲੱਛ ਦਿੱਤਾ।

ਯਹੋਵਾਹ ਨੇ ਯੂਨਾਹ ਨੂੰ ਬਚਾ ਲਿਆ ਸੀ। ਪਰ ਕੀ ਇਸ ਦਾ ਮਤਲਬ ਸੀ ਕਿ ਉਸ ਨੂੰ ਹੁਣ ਨੀਨਵਾਹ ਨਹੀਂ ਜਾਣਾ ਪੈਣਾ ਸੀ? ਨਹੀਂ। ਯਹੋਵਾਹ ਨੇ ਦੁਬਾਰਾ ਉਸ ਨੂੰ ਉੱਥੇ ਜਾਣ ਲਈ ਕਿਹਾ। ਇਸ ਵਾਰ ਯੂਨਾਹ ਨੇ ਕਹਿਣਾ ਮੰਨਿਆ। ਉਹ ਉੱਥੇ ਗਿਆ ਅਤੇ ਉਸ ਨੇ ਬੁਰੇ ਲੋਕਾਂ ਨੂੰ ਕਿਹਾ: ‘ਚਾਲੀ ਦਿਨਾਂ ਬਾਅਦ ਨੀਨਵਾਹ ਨੂੰ ਨਾਸ਼ ਕਰ ਦਿੱਤਾ ਜਾਵੇਗਾ।’ ਫਿਰ ਇਕ ਦਿਨ ਇਕ ਅਜੀਬ ਗੱਲ ਹੋਈ​—ਨੀਨਵਾਹ ਦੇ ਲੋਕਾਂ ਨੇ ਉਸ ਦੀ ਗੱਲ ਸੁਣ ਕੇ ਆਪਣੇ ਆਪ ਨੂੰ ਬਦਲ ਲਿਆ। ਨੀਨਵਾਹ ਦੇ ਰਾਜੇ ਨੇ ਲੋਕਾਂ ਨੂੰ ਕਿਹਾ: ‘ਪਰਮੇਸ਼ੁਰ ਨੂੰ ਪੁਕਾਰੋ ਅਤੇ ਤੋਬਾ ਕਰੋ। ਸ਼ਾਇਦ ਉਹ ਸਾਨੂੰ ਨਾਸ਼ ਨਾ ਕਰੇ।’ ਜਦੋਂ ਯਹੋਵਾਹ ਨੇ ਦੇਖਿਆ ਕਿ ਲੋਕਾਂ ਨੇ ਤੋਬਾ ਕੀਤੀ ਹੈ, ਤਾਂ ਉਸ ਨੇ ਨੀਨਵਾਹ ਨੂੰ ਨਾਸ਼ ਨਹੀਂ ਕੀਤਾ।

ਸ਼ਹਿਰ ਦਾ ਨਾਸ਼ ਨਾ ਹੋਣ ਕਰਕੇ ਯੂਨਾਹ ਨੂੰ ਗੁੱਸਾ ਚੜ੍ਹ ਗਿਆ। ਜ਼ਰਾ ਸੋਚੋ: ਯਹੋਵਾਹ ਨੇ ਯੂਨਾਹ ਨਾਲ ਧੀਰਜ ਦਿਖਾਇਆ ਅਤੇ ਉਸ ʼਤੇ ਦਇਆ ਕੀਤੀ, ਪਰ ਯੂਨਾਹ ਨੇ ਨੀਨਵਾਹ ਦੇ ਲੋਕਾਂ ʼਤੇ ਦਇਆ ਨਹੀਂ ਕੀਤੀ। ਉਹ ਸ਼ਹਿਰ ਤੋਂ ਬਾਹਰ ਘੀਏ ਦੀ ਵੇਲ ਦੀ ਛਾਂਵੇਂ ਮੱਥੇ ਵੱਟ ਪਾ ਕੇ ਬੈਠ ਗਿਆ। ਫਿਰ ਵੇਲ ਸੁੱਕ ਗਈ ਅਤੇ ਯੂਨਾਹ ਨੂੰ ਗੁੱਸਾ ਆ ਗਿਆ। ਯਹੋਵਾਹ ਨੇ ਉਸ ਨੂੰ ਕਿਹਾ: ‘ਤੈਨੂੰ ਨੀਨਵਾਹ ਦੇ ਲੋਕਾਂ ਨਾਲੋਂ ਇਸ ਵੇਲ ਦੀ ਜ਼ਿਆਦਾ ਪਰਵਾਹ ਹੈ। ਮੈਂ ਉਨ੍ਹਾਂ ʼਤੇ ਦਇਆ ਕੀਤੀ ਤੇ ਉਹ ਬਚ ਗਏ।’ ਯਹੋਵਾਹ ਕੀ ਸਿਖਾਉਣਾ ਚਾਹੁੰਦਾ ਸੀ? ਨੀਨਵਾਹ ਦੇ ਲੋਕ ਕਿਸੇ ਵੀ ਬੂਟੇ ਨਾਲੋਂ ਜ਼ਿਆਦਾ ਅਨਮੋਲ ਸਨ।

“ਯਹੋਵਾਹ . . . ਤੁਹਾਡੇ ਨਾਲ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।”​—2 ਪਤਰਸ 3:9