ਕਹਾਣੀ 69
ਇਕ ਕੁੜੀ ਨੇ ਸੈਨਾਪਤੀ ਦੀ ਮਦਦ ਕੀਤੀ
ਤੁਹਾਨੂੰ ਪਤਾ ਇਹ ਕੁੜੀ ਇਸ ਔਰਤ ਨਾਲ ਕੀ ਗੱਲ ਕਰ ਰਹੀ ਹੈ? ਇਹ ਉਸ ਨੂੰ ਯਹੋਵਾਹ ਪਰਮੇਸ਼ੁਰ ਦੇ ਨਬੀ ਅਲੀਸ਼ਾ ਬਾਰੇ ਦੱਸ ਰਹੀ ਹੈ। ਉਸ ਨੇ ਇਸ ਔਰਤ ਨੂੰ ਅਲੀਸ਼ਾ ਦੇ ਉਨ੍ਹਾਂ ਚਮਤਕਾਰੀ ਕੰਮਾਂ ਬਾਰੇ ਦੱਸਿਆ ਜੋ ਉਸ ਨੇ ਯਹੋਵਾਹ ਪਰਮੇਸ਼ੁਰ ਦੀ ਮਦਦ ਨਾਲ ਕੀਤੇ ਸਨ। ਪਰ ਇਹ ਔਰਤ ਯਹੋਵਾਹ ਨੂੰ ਨਹੀਂ ਜਾਣਦੀ ਕਿਉਂਕਿ ਉਹ ਇਸਰਾਏਲੀ ਨਹੀਂ ਸੀ। ਆਓ ਪਹਿਲਾਂ ਦੇਖੀਏ ਕਿ ਇਹ ਛੋਟੀ ਜਿਹੀ ਕੁੜੀ ਇਸ ਔਰਤ ਦੇ ਘਰ ਆਈ ਕਿਵੇਂ।
ਇਹ ਔਰਤ ਸੀਰੀਆ ਦੇਸ਼ ਦੀ ਹੈ। ਇਸ ਦਾ ਪਤੀ ਨਅਮਾਨ ਫ਼ੌਜ ਦਾ ਸੈਨਾਪਤੀ ਹੈ। ਸੀਰੀਆ ਦੇ ਲੋਕਾਂ ਨੇ ਇਸ ਇਸਰਾਏਲੀ ਕੁੜੀ ਨੂੰ ਫੜ ਕੇ ਸੀਰੀਆ ਦੇਸ਼ ਵਿਚ ਲਿਆਂਦਾ ਸੀ। ਉੱਥੇ ਉਹ ਨਅਮਾਨ ਦੀ ਪਤਨੀ ਦੀ ਨੌਕਰਾਣੀ ਬਣ ਗਈ।
ਨਅਮਾਨ ਨੂੰ ਕੋੜ੍ਹ ਦੀ ਬੀਮਾਰੀ ਲੱਗੀ ਹੋਈ ਸੀ। ਇਸ ਬੀਮਾਰੀ ਕਰਕੇ ਰੋਗੀ ਦੇ ਕੁਝ ਅੰਗਾਂ ਦੀ ਚਮੜੀ ਝੜ ਸਕਦੀ ਹੈ। ਇਹ ਕੁੜੀ ਨਅਮਾਨ ਦੀ ਤੀਵੀਂ ਨੂੰ ਕਹਿ ਰਹੀ ਹੈ: ‘ਕਾਸ਼ ਮੇਰਾ ਸੁਆਮੀ ਇਸਰਾਏਲ ਵਿਚ ਯਹੋਵਾਹ ਦੇ ਨਬੀ ਕੋਲ ਜਾਂਦਾ, ਤਾਂ ਉਹ ਉਸ ਦੀ ਕੋੜ੍ਹ ਦੀ ਬੀਮਾਰੀ ਠੀਕ ਕਰ ਦਿੰਦਾ।’ ਇਹ ਗੱਲ ਨਅਮਾਨ ਨੂੰ ਵੀ ਦੱਸੀ ਗਈ।
ਨਅਮਾਨ ਠੀਕ ਹੋਣਾ ਚਾਹੁੰਦਾ ਸੀ, ਇਸ ਲਈ ਉਸ ਨੇ ਇਸਰਾਏਲ ਨੂੰ ਜਾਣ ਦਾ ਫ਼ੈਸਲਾ ਕੀਤਾ। ਇਸਰਾਏਲ ਪਹੁੰਚ ਕੇ ਉਹ ਅਲੀਸ਼ਾ ਦੇ ਘਰ ਗਿਆ। ਅਲੀਸ਼ਾ ਨੇ ਆਪਣੇ ਨੌਕਰ ਰਾਹੀਂ ਨਅਮਾਨ ਨੂੰ ਦੱਸਿਆ ਕਿ ਉਹ ਯਰਦਨ ਨਦੀ ਵਿਚ ਸੱਤ ਚੁੱਭੀਆਂ ਮਾਰੇ। ਇਹ ਸੁਣ ਕੇ ਨਅਮਾਨ ਨੂੰ ਬਹੁਤ ਗੁੱਸਾ ਆਇਆ। ਉਸ ਨੇ ਕਿਹਾ: ‘ਇਸਰਾਏਲ ਦੀ ਕਿਸੇ ਨਦੀ ਨਾਲੋਂ ਤਾਂ ਮੇਰੇ ਦੇਸ਼ ਦੀਆਂ ਨਦੀਆਂ ਕਈ ਗੁਣਾ ਚੰਗੀਆਂ ਹਨ!’ ਇਹ ਕਹਿ ਕੇ ਨਅਮਾਨ ਉੱਥੋਂ ਚਲਾ ਗਿਆ।
ਪਰ ਉਸ ਦੇ ਇਕ ਸੇਵਕ ਨੇ ਉਸ ਨੂੰ ਕਿਹਾ: ‘ਮਹਾਰਾਜ, ਜੇ ਅਲੀਸ਼ਾ ਤੁਹਾਨੂੰ ਕੋਈ ਔਖਾ ਕੰਮ ਕਰਨ ਨੂੰ ਕਹਿੰਦਾ, ਤਾਂ ਤੁਸੀਂ ਜ਼ਰੂਰ ਉਹ ਕੰਮ ਕਰਦੇ। ਤਾਂ ਫਿਰ ਤੁਸੀਂ ਉਸ ਦੇ ਕਹੇ ਮੁਤਾਬਕ ਨਹਾ ਕਿਉਂ ਨਹੀਂ ਲੈਂਦੇ?’ ਨਅਮਾਨ ਨੇ ਆਪਣੇ ਸੇਵਕ ਦੀ ਗੱਲ ਸੁਣੀ ਅਤੇ ਯਰਦਨ ਨਦੀ ਵਿਚ ਜਾ ਕੇ ਸੱਤ ਵਾਰ ਚੁੱਭੀ ਮਾਰੀ। ਇਸ ਤਰ੍ਹਾਂ ਕਰਨ ਨਾਲ ਉਸ ਦਾ ਕੋੜ੍ਹ ਦੂਰ ਹੋ ਗਿਆ ਅਤੇ ਉਹ ਬਿਲਕੁਲ ਠੀਕ ਹੋ ਗਿਆ।
ਨਅਮਾਨ ਬਹੁਤ ਖ਼ੁਸ਼ ਸੀ। ਉਹ ਵਾਪਸ ਅਲੀਸ਼ਾ ਕੋਲ ਗਿਆ ਤੇ ਉਸ ਨੂੰ ਕਿਹਾ: ‘ਹੁਣ ਮੈਂ ਜਾਣ ਗਿਆ ਹਾਂ ਕਿ ਇਸਰਾਏਲ ਦਾ ਪਰਮੇਸ਼ੁਰ ਹੀ ਸਾਰੀ ਧਰਤੀ ਉੱਤੇ ਸੱਚਾ ਪਰਮੇਸ਼ੁਰ ਹੈ। ਇਸ ਲਈ, ਮਿਹਰਬਾਨੀ ਕਰ ਕੇ ਇਹ ਤੋਹਫ਼ਾ ਸਵੀਕਾਰ ਕਰੋ।’ ਪਰ ਅਲੀਸ਼ਾ ਨੇ ਉੱਤਰ ਦਿੱਤਾ, ‘ਨਹੀਂ, ਮੈਂ ਇਹ ਨਹੀਂ ਲਵਾਂਗਾ।’ ਅਲੀਸ਼ਾ ਜਾਣਦਾ ਸੀ ਕਿ ਨਅਮਾਨ ਦਾ ਤੋਹਫ਼ਾ ਸਵੀਕਾਰ ਕਰਨਾ ਗ਼ਲਤ ਸੀ ਕਿਉਂਕਿ ਉਸ ਨੂੰ ਯਹੋਵਾਹ ਨੇ ਠੀਕ ਕੀਤਾ ਸੀ। ਪਰ ਅਲੀਸ਼ਾ ਦਾ ਨੌਕਰ ਗੇਹਾਜੀ ਤੋਹਫ਼ੇ ਲੈਣੇ ਚਾਹੁੰਦਾ ਸੀ।
ਇਸ ਲਈ ਨਅਮਾਨ ਦੇ ਜਾਣ ਪਿੱਛੋਂ ਗੇਹਾਜੀ ਉਸ ਦੇ ਮਗਰ-ਮਗਰ ਭੱਜਾ ਗਿਆ। ਉਸ ਕੋਲ ਪਹੁੰਚ ਕੇ ਉਸ ਨੇ ਨਅਮਾਨ ਨੂੰ ਕਿਹਾ: ‘ਅਲੀਸ਼ਾ ਨੇ ਮੈਨੂੰ ਤੁਹਾਨੂੰ ਇਹ ਦੱਸਣ ਲਈ ਭੇਜਿਆ ਹੈ ਕਿ ਹੁਣੇ-ਹੁਣੇ ਜੋ ਉਸ ਦੇ ਦੋਸਤ ਆਏ ਹਨ, ਉਨ੍ਹਾਂ ਲਈ ਉਹ ਤੁਹਾਡੇ ਤੋਹਫ਼ਿਆਂ ਵਿੱਚੋਂ ਕੁਝ ਚੀਜ਼ਾਂ ਲੈਣੀਆਂ ਚਾਹੁੰਦਾ ਹੈ।’ ਇਹ ਤਾਂ ਸਰਾਸਰ ਝੂਠ ਸੀ। ਪਰ ਨਅਮਾਨ ਨੂੰ ਪਤਾ ਨਹੀਂ ਸੀ ਕਿ ਗੇਹਾਜੀ ਝੂਠ ਬੋਲ ਰਿਹਾ ਸੀ। ਇਸ ਲਈ ਉਸ ਨੇ ਗੇਹਾਜੀ ਨੂੰ ਕੁਝ ਚੀਜ਼ਾਂ ਦੇ ਦਿੱਤੀਆਂ।
ਗੇਹਾਜੀ ਦੇ ਝੂਠ ਬਾਰੇ ਅਲੀਸ਼ਾ ਨੂੰ ਪਤਾ ਲੱਗ ਗਿਆ ਸੀ ਕਿਉਂਕਿ ਯਹੋਵਾਹ ਨੇ ਉਸ ਨੂੰ ਦੱਸ ਦਿੱਤਾ ਸੀ। ਇਸ ਲਈ ਜਦ ਗੇਹਾਜੀ ਘਰ ਆਇਆ, ਤਾਂ ਅਲੀਸ਼ਾ ਨੇ ਉਸ ਨੂੰ ਕਿਹਾ: ‘ਕਿਉਂਕਿ ਤੂੰ ਇਹ ਭੈੜਾ ਕੰਮ ਕੀਤਾ ਹੈ ਇਸ ਲਈ ਨਅਮਾਨ ਦਾ ਕੋੜ੍ਹ ਤੇਰੇ ਉੱਤੇ ਆ ਜਾਵੇਗਾ।’ ਉਸੇ ਵੇਲੇ ਗੇਹਾਜੀ ਨੂੰ ਕੋੜ੍ਹ ਹੋ ਗਿਆ।
ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਇਕ ਗੱਲ ਤਾਂ ਇਹ ਹੈ ਕਿ ਸਾਨੂੰ ਉਸ ਛੋਟੀ ਕੁੜੀ ਵਾਂਗ ਸਾਰਿਆਂ ਨੂੰ ਯਹੋਵਾਹ ਬਾਰੇ ਦੱਸਣਾ ਚਾਹੀਦਾ ਹੈ ਤਾਂਕਿ ਉਨ੍ਹਾਂ ਦਾ ਵੀ ਭਲਾ ਹੋ ਸਕੇ। ਦੂਜੀ ਗੱਲ, ਸਾਨੂੰ ਕਦੇ ਵੀ ਘਮੰਡੀ ਨਹੀਂ ਹੋਣਾ ਚਾਹੀਦਾ ਜਿਵੇਂ ਪਹਿਲਾਂ-ਪਹਿਲ ਨਅਮਾਨ ਘਮੰਡੀ ਸੀ। ਪਰ ਸਾਨੂੰ ਹਮੇਸ਼ਾ ਯਹੋਵਾਹ ਦੇ ਸੇਵਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਤੀਜੀ ਗੱਲ, ਸਾਨੂੰ ਗੇਹਾਜੀ ਵਾਂਗ ਝੂਠ ਨਹੀਂ ਬੋਲਣਾ ਚਾਹੀਦਾ। ਵਾਕਈ, ਅਸੀਂ ਬਾਈਬਲ ਪੜ੍ਹ ਕੇ ਬਹੁਤ ਕੁਝ ਸਿੱਖ ਸਕਦੇ ਹਾਂ!