Skip to content

Skip to table of contents

ਕਹਾਣੀ 56

ਇਸਰਾਏਲ ਦਾ ਪਹਿਲਾ ਰਾਜਾ—ਸ਼ਾਊਲ

ਇਸਰਾਏਲ ਦਾ ਪਹਿਲਾ ਰਾਜਾ—ਸ਼ਾਊਲ

ਦੇਖੋ, ਸਮੂਏਲ ਇਸ ਆਦਮੀ ਦੇ ਸਿਰ ਤੇ ਤੇਲ ਪਾ ਰਿਹਾ ਹੈ। ਤੁਹਾਨੂੰ ਪਤਾ ਉਹ ਇੱਦਾਂ ਕਿਉਂ ਕਰ ਰਿਹਾ ਹੈ? ਪੁਰਾਣੇ ਜ਼ਮਾਨੇ ਵਿਚ ਜਦੋਂ ਕਿਸੇ ਨੂੰ ਰਾਜੇ ਵਜੋਂ ਚੁਣਿਆ ਜਾਂਦਾ ਸੀ, ਤਾਂ ਉਸ ਦੇ ਸਿਰ ਤੇ ਖ਼ਾਸ ਕਿਸਮ ਦਾ ਤੇਲ ਪਾਇਆ ਜਾਂਦਾ ਸੀ। ਯਹੋਵਾਹ ਨੇ ਸਮੂਏਲ ਨੂੰ ਸ਼ਾਊਲ ਦੇ ਸਿਰ ਤੇ ਇਹ ਤੇਲ ਪਾਉਣ ਲਈ ਕਿਹਾ ਸੀ।

ਸ਼ਾਊਲ ਸੋਚਦਾ ਸੀ ਕਿ ਉਹ ਮਾਮੂਲੀ ਜਿਹਾ ਆਦਮੀ ਰਾਜਾ ਕਿਵੇਂ ਬਣ ਸਕਦਾ ਹੈ? ਉਸ ਨੇ ਸਮੂਏਲ ਨੂੰ ਕਿਹਾ: ‘ਮੈਂ ਤਾਂ ਇਸਰਾਏਲ ਦੇ ਸਭ ਤੋਂ ਛੋਟੇ ਗੋਤ ਬਿਨਯਾਮੀਨ ਤੋਂ ਹਾਂ। ਫਿਰ ਤੁਸੀਂ ਮੈਨੂੰ ਕਿਉਂ ਰਾਜਾ ਬਣਾਉਣਾ ਚਾਹੁੰਦੇ ਹੋ?’ ਪਰ ਯਹੋਵਾਹ ਸ਼ਾਊਲ ਨੂੰ ਹੀ ਰਾਜਾ ਬਣਾਉਣਾ ਚਾਹੁੰਦਾ ਸੀ ਕਿਉਂਕਿ ਸ਼ਾਊਲ ਆਪਣੇ ਆਪ ਨੂੰ ਵੱਡਾ ਨਹੀਂ ਸਮਝਦਾ ਸੀ। ਉਹ ਨਿਮਰ ਇਨਸਾਨ ਸੀ।

ਸ਼ਾਊਲ ਕੋਈ ਮਾਮੂਲੀ ਜਾਂ ਗ਼ਰੀਬ ਬੰਦਾ ਨਹੀਂ ਸੀ। ਉਹ ਅਮੀਰ ਪਰਿਵਾਰ ਵਿੱਚੋਂ ਸੀ ਅਤੇ ਸੋਹਣਾ-ਸੁਨੱਖਾ ਤੇ ਉੱਚਾ-ਲੰਬਾ ਵੀ ਸੀ। ਸਾਰੇ ਇਸਰਾਏਲ ਵਿਚ ਉਸ ਵਰਗਾ ਕੋਈ ਨਹੀਂ ਸੀ। ਸ਼ਾਊਲ ਕਾਫ਼ੀ ਤਕੜਾ ਆਦਮੀ ਸੀ ਅਤੇ ਬਹੁਤ ਤੇਜ਼ ਦੌੜ ਲੈਂਦਾ ਸੀ। ਲੋਕ ਖ਼ੁਸ਼ ਸਨ ਕਿ ਯਹੋਵਾਹ ਨੇ ਸ਼ਾਊਲ ਨੂੰ ਉਨ੍ਹਾਂ ਦਾ ਰਾਜਾ ਚੁਣਿਆ। ਉਹ ਸਾਰੇ ਰਲ ਕੇ ਨਾਅਰੇ ਲਾਉਣ ਲੱਗੇ: ‘ਰਾਜਾ ਜੁੱਗੋ ਜੁੱਗ ਜੀਉਂਦਾ ਰਹੇ!’

ਇਸਰਾਏਲੀਆਂ ਦੇ ਦੁਸ਼ਮਣ ਬਹੁਤ ਤਾਕਤਵਰ ਸਨ। ਉਹ ਹਾਲੇ ਵੀ ਇਸਰਾਏਲੀਆਂ ਨੂੰ ਤੰਗ ਕਰਦੇ ਸਨ। ਸ਼ਾਊਲ ਦੇ ਰਾਜਾ ਬਣਨ ਤੋਂ ਥੋੜ੍ਹੇ ਚਿਰ ਬਾਅਦ ਅੰਮੋਨੀ ਲੋਕ ਇਸਰਾਏਲੀਆਂ ਨਾਲ ਲੜਾਈ ਕਰਨ ਆਏ। ਪਰ ਸ਼ਾਊਲ ਨੇ ਵੱਡੀ ਸੈਨਾ ਇਕੱਠੀ ਕੀਤੀ ਅਤੇ ਅੰਮੋਨੀਆਂ ਨੂੰ ਹਰਾ ਦਿੱਤਾ। ਸ਼ਾਊਲ ਦੇ ਜਿੱਤ ਜਾਣ ਤੇ ਲੋਕ ਹੋਰ ਵੀ ਖ਼ੁਸ਼ ਸਨ ਕਿ ਉਹ ਉਨ੍ਹਾਂ ਦਾ ਰਾਜਾ ਸੀ।

ਸਾਲ ਬੀਤਦੇ ਗਏ ਅਤੇ ਸ਼ਾਊਲ ਨੇ ਇਸਰਾਏਲ ਦੇ ਕਈ ਦੁਸ਼ਮਣਾਂ ਨੂੰ ਹਰਾਇਆ। ਸ਼ਾਊਲ ਦਾ ਇਕ ਬਹਾਦਰ ਮੁੰਡਾ ਸੀ ਯੋਨਾਥਾਨ। ਉਸ ਨੇ ਵੀ ਇਸਰਾਏਲ ਲਈ ਕਈ ਲੜਾਈਆਂ ਜਿੱਤੀਆਂ। ਪਰ ਅਜੇ ਵੀ ਇਸਰਾਏਲ ਦੇ ਸਭ ਤੋਂ ਵੱਡੇ ਦੁਸ਼ਮਣ ਫਲਿਸਤੀ ਸਨ। ਇਕ ਦਿਨ ਹਜ਼ਾਰਾਂ ਫਲਿਸਤੀ ਇਸਰਾਏਲ ਨਾਲ ਲੜਾਈ ਕਰਨ ਆਏ।

ਸਮੂਏਲ ਨੇ ਸ਼ਾਊਲ ਨੂੰ ਕਿਹਾ: ‘ਤੇਰੇ ਲੜਾਈ ਵਿਚ ਜਾਣ ਤੋਂ ਪਹਿਲਾਂ ਮੈਂ ਆ ਕੇ ਯਹੋਵਾਹ ਅੱਗੇ ਬਲੀ ਚੜ੍ਹਾਵਾਂਗਾ। ਤੂੰ ਮੇਰਾ ਇੰਤਜ਼ਾਰ ਕਰੀਂ।’ ਪਰ ਸਮੂਏਲ ਨੂੰ ਆਉਣ ਵਿਚ ਦੇਰ ਹੋ ਗਈ। ਸ਼ਾਊਲ ਨੂੰ ਡਰ ਸੀ ਕਿ ਕਿਤੇ ਦੁਸ਼ਮਣ ਉਨ੍ਹਾਂ ਉੱਤੇ ਹਮਲਾ ਨਾ ਕਰ ਦੇਣ। ਇਸ ਲਈ ਉਸ ਨੇ ਖ਼ੁਦ ਬਲੀ ਚੜ੍ਹਾ ਦਿੱਤੀ। ਜਦ ਸਮੂਏਲ ਨੇ ਆ ਕੇ ਦੇਖਿਆ ਕਿ ਸ਼ਾਊਲ ਖ਼ੁਦ ਯਹੋਵਾਹ ਨੂੰ ਬਲੀ ਚੜ੍ਹਾ ਚੁੱਕਾ ਸੀ, ਤਾਂ ਉਸ ਨੇ ਸ਼ਾਊਲ ਨੂੰ ਕਿਹਾ: ‘ਤੂੰ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਇਸ ਲਈ ਯਹੋਵਾਹ ਇਸਰਾਏਲ ਉੱਤੇ ਕਿਸੇ ਹੋਰ ਨੂੰ ਰਾਜਾ ਬਣਾਵੇਗਾ।’

ਬਾਅਦ ਵਿਚ ਸ਼ਾਊਲ ਨੇ ਫਿਰ ਯਹੋਵਾਹ ਦੀ ਗੱਲ ਨਾ ਸੁਣੀ। ਇਸ ਲਈ ਸਮੂਏਲ ਨੇ ਉਸ ਨੂੰ ਕਿਹਾ: ‘ਸਭ ਤੋਂ ਵਧੀਆ ਭੇਡ ਦੀ ਬਲੀ ਚੜ੍ਹਾਉਣ ਨਾਲੋਂ ਯਹੋਵਾਹ ਦੀ ਆਗਿਆ ਮੰਨਣੀ ਬਿਹਤਰ ਹੈ। ਤੂੰ ਯਹੋਵਾਹ ਦੀ ਆਗਿਆ ਨਹੀਂ ਮੰਨੀ, ਯਹੋਵਾਹ ਤੇਰੇ ਤੋਂ ਇਸਰਾਏਲ ਦਾ ਰਾਜ ਲੈ ਲਵੇਗਾ।’

ਇਸ ਤੋਂ ਅਸੀਂ ਵਧੀਆ ਸਬਕ ਸਿੱਖ ਸਕਦੇ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹਮੇਸ਼ਾ ਯਹੋਵਾਹ ਦਾ ਕਹਿਣਾ ਮੰਨੀਏ। ਅਸੀਂ ਇਹ ਵੀ ਸਿੱਖਦੇ ਹਾਂ ਕਿ ਕਈ ਵਾਰ ਸ਼ਾਊਲ ਵਰਗੇ ਚੰਗੇ ਲੋਕ ਵੀ ਬੁਰੇ ਬਣ ਜਾਂਦੇ ਹਨ। ਪਰ ਅਸੀਂ ਹਮੇਸ਼ਾ ਚੰਗੇ ਬਣੇ ਰਹਿਣਾ ਚਾਹੁੰਦੇ ਹਾਂ।