Skip to content

Skip to table of contents

ਕਹਾਣੀ 58

ਦਾਊਦ ਅਤੇ ਗੋਲਿਅਥ

ਦਾਊਦ ਅਤੇ ਗੋਲਿਅਥ

ਫਲਿਸਤੀ ਇਕ ਵਾਰ ਫਿਰ ਇਸਰਾਏਲੀਆਂ ਨਾਲ ਲੜਾਈ ਕਰਨ ਆ ਗਏ। ਦਾਊਦ ਦੇ ਤਿੰਨ ਵੱਡੇ ਭਰਾ ਵੀ ਫਲਿਸਤੀਆਂ ਨਾਲ ਲੜਨ ਗਏ ਸਨ ਕਿਉਂਕਿ ਉਹ ਸ਼ਾਊਲ ਦੀ ਫ਼ੌਜ ਵਿਚ ਭਰਤੀ ਸਨ। ਦਾਊਦ ਦੇ ਪਿਤਾ ਨੇ ਉਸ ਨੂੰ ਕਿਹਾ: ‘ਜਾ, ਆਪਣੇ ਭਰਾਵਾਂ ਨੂੰ ਕੁਝ ਦਾਣੇ ਅਤੇ ਰੋਟੀਆਂ ਦੇ ਆ। ਨਾਲੇ ਇਹ ਵੀ ਪਤਾ ਕਰ ਆਈਂ ਕਿ ਉਹ ਕਿਵੇਂ ਹਨ।’

ਫ਼ੌਜ ਦੇ ਡੇਹਰੇ ਕੋਲ ਪਹੁੰਚ ਕੇ ਦਾਊਦ ਆਪਣੇ ਭਰਾਵਾਂ ਨੂੰ ਜੰਗ ਦੇ ਮੈਦਾਨ ਵਿਚ ਲੱਭਣ ਚਲੇ ਗਿਆ। ਗੋਲਿਅਥ ਨਾਂ ਦਾ ਇਕ ਫਲਿਸਤੀ ਦੈਂਤ ਮੈਦਾਨ ਵਿਚ ਆ ਕੇ ਇਸਰਾਏਲੀਆਂ ਦਾ ਮਜ਼ਾਕ ਉਡਾਉਣ ਲੱਗ ਪਿਆ। ਉਹ ਪਿਛਲੇ 40 ਦਿਨਾਂ ਤੇ 40 ਰਾਤਾਂ ਤੋਂ ਇੰਜ ਕਰ ਰਿਹਾ ਸੀ। ਉਹ ਉੱਚੀ-ਉੱਚੀ ਚਿਲਾਉਣ ਲੱਗਾ ਕਿ ‘ਆਪਣੇ ਕਿਸੇ ਵੀ ਇਕ ਆਦਮੀ ਨੂੰ ਮੇਰੇ ਨਾਲ ਲੜਨ ਲਈ ਚੁਣੋ। ਜੇ ਉਹ ਜਿੱਤੇ ਅਤੇ ਮੈਨੂੰ ਮਾਰ ਸੁੱਟੇ, ਤਾਂ ਅਸੀਂ ਤੁਹਾਡੇ ਗ਼ੁਲਾਮ ਹੋ ਜਾਵਾਂਗੇ। ਪਰ ਜੇ ਮੈਂ ਜਿੱਤਿਆ ਅਤੇ ਉਸ ਨੂੰ ਮਾਰ ਸੁੱਟਿਆ, ਤਾਂ ਤੁਸੀਂ ਸਾਡੇ ਗ਼ੁਲਾਮ ਹੋਵੋਗੇ। ਜੇ ਕਿਸੇ ਦਾ ਜਿਗਰਾ ਹੈ, ਤਾਂ ਉਹ ਨੂੰ ਮੇਰੇ ਨਾਲ ਲੜਨ ਲਈ ਭੇਜੋ।’

ਦਾਊਦ ਨੇ ਕੁਝ ਫ਼ੌਜੀਆਂ ਨੂੰ ਪੁੱਛਿਆ: ‘ਉਸ ਆਦਮੀ ਨੂੰ ਕੀ ਮਿਲੇਗਾ ਜੋ ਇਸ ਫਲਿਸਤੀ ਨੂੰ ਮਾਰੇਗਾ ਅਤੇ ਇਸਰਾਏਲ ਨੂੰ ਇਸ ਸ਼ਰਮਿੰਦਗੀ ਤੋਂ ਮੁਕਤ ਕਰਾਏਗਾ?’

ਫ਼ੌਜੀਆਂ ਨੇ ਕਿਹਾ: ‘ਸ਼ਾਊਲ ਉਸ ਆਦਮੀ ਨੂੰ ਬਹੁਤ ਸਾਰਾ ਧਨ ਦੇਵੇਗਾ ਅਤੇ ਉਹ ਆਪਣੀ ਧੀ ਵੀ ਉਸ ਨਾਲ ਵਿਆਹ ਦੇਵੇਗਾ।’

ਪਰ ਇਸਰਾਏਲੀਆਂ ਵਿਚ ਗੋਲਿਅਥ ਦਾ ਸਾਮ੍ਹਣਾ ਕਰਨ ਦੀ ਹਿੰਮਤ ਨਹੀਂ ਸੀ ਕਿਉਂਕਿ ਉਹ ਬਹੁਤ ਹੀ ਤਕੜਾ ਅਤੇ ਉੱਚਾ-ਲੰਬਾ ਸੀ। ਉਹ 9 ਫੁੱਟ (ਲਗਭਗ 3 ਮੀਟਰ) ਤੋਂ ਵੀ ਜ਼ਿਆਦਾ ਲੰਬਾ ਸੀ। ਉਹ ਦੇ ਨਾਲ ਇਕ ਫ਼ੌਜੀ ਵੀ ਖੜ੍ਹਾ ਸੀ ਜਿਸ ਦੇ ਹੱਥ ਵਿਚ ਗੋਲਿਅਥ ਦੀ ਢਾਲ ਸੀ।

ਕੁਝ ਫ਼ੌਜੀਆਂ ਨੇ ਸ਼ਾਊਲ ਨੂੰ ਜਾ ਕੇ ਦੱਸਿਆ ਕਿ ਦਾਊਦ ਗੋਲਿਅਥ ਦਾ ਸਾਮ੍ਹਣਾ ਕਰਨਾ ਚਾਹੁੰਦਾ ਸੀ। ਪਰ ਸ਼ਾਊਲ ਨੇ ਦਾਊਦ ਨੂੰ ਕਿਹਾ: ‘ਤੂੰ ਇਸ ਫਲਿਸਤੀ ਨਾਲ ਨਹੀਂ ਲੜ ਸਕਦਾ। ਤੂੰ ਤਾਂ ਅਜੇ ਮੁੰਡਾ ਹੀ ਹੈਂ ਤੇ ਉਸ ਨੇ ਆਪਣੀ ਸਾਰੀ ਜ਼ਿੰਦਗੀ ਲੜਾਈ ਦੇ ਮੈਦਾਨ ਵਿਚ ਗੁਜ਼ਾਰੀ ਹੈ।’ ਦਾਊਦ ਨੇ ਜਵਾਬ ਦਿੱਤਾ: ‘ਮੈਂ ਇਕ ਰਿੱਛ ਅਤੇ ਇਕ ਸ਼ੇਰ ਨੂੰ ਮਾਰ ਚੁੱਕਾ ਹਾਂ ਜੋ ਮੇਰੇ ਪਿਤਾ ਦੀਆਂ ਭੇਡਾਂ ਉਠਾ ਕੇ ਲੈ ਗਏ ਸਨ। ਇਹ ਫਲਿਸਤੀ ਵੀ ਉਨ੍ਹਾਂ ਵਾਂਗ ਹੋ ਜਾਵੇਗਾ। ਯਹੋਵਾਹ ਮੇਰੀ ਮਦਦ ਕਰੇਗਾ।’ ਇਹ ਸੁਣ ਕੇ ਸ਼ਾਊਲ ਨੇ ਕਿਹਾ: ‘ਜਾ, ਅਤੇ ਯਹੋਵਾਹ ਤੇਰੇ ਨਾਲ ਹੋਵੇ।’

ਦਾਊਦ ਨਦੀ ਦੇ ਕਿਨਾਰੇ ਗਿਆ ਅਤੇ ਉੱਥੋਂ ਪੰਜ ਪੱਥਰ ਚੁੱਕ ਕੇ ਆਪਣੀ ਥੈਲੀ ਵਿਚ ਪਾ ਲਏ। ਫਿਰ ਉਸ ਨੇ ਆਪਣੀ ਗੁਲੇਲ ਹੱਥ ਵਿਚ ਲਈ ਅਤੇ ਗੋਲਿਅਥ ਨਾਲ ਲੜਨ ਲਈ ਤੁਰ ਪਿਆ। ਜਦ ਗੋਲਿਅਥ ਨੇ ਦਾਊਦ ਨੂੰ ਦੇਖਿਆ, ਤਾਂ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਾ ਆਇਆ। ਉਸ ਨੇ ਮਨ ਹੀ ਮਨ ਵਿਚ ਸੋਚਿਆ ਕਿ ਦਾਊਦ ਨੂੰ ਤਾਂ ਉਹ ਪਲ ਵਿਚ ਹੀ ਖ਼ਤਮ ਕਰ ਦੇਵੇਗਾ।

ਉਸ ਨੇ ਦਾਊਦ ਨੂੰ ਕਿਹਾ: ‘ਜ਼ਰਾ ਮੇਰੇ ਕੋਲ ਤਾਂ ਆ, ਤੈਨੂੰ ਮਾਰ ਕੇ ਮੈਂ ਤੇਰਾ ਮਾਸ ਪੰਛੀਆਂ ਅਤੇ ਦਰਿੰਦਿਆਂ ਨੂੰ ਖਾਣ ਲਈ ਦਿਆਂਗਾ।’ ਦਾਊਦ ਨੇ ਜਵਾਬ ਦਿੱਤਾ: ‘ਤੂੰ ਤਲਵਾਰ ਅਤੇ ਬਰਛੀ ਲੈ ਕੇ ਮੇਰੇ ਨਾਲ ਲੜਨ ਆਇਆ ਹੈਂ। ਪਰ ਦੇਖ, ਮੈਂ ਯਹੋਵਾਹ ਦੇ ਨਾਂ ਤੇ ਤੇਰੇ ਨਾਲ ਲੜਨ ਆਇਆ ਹਾਂ। ਅੱਜ ਯਹੋਵਾਹ ਤੈਨੂੰ ਮੇਰੇ ਹੱਥ ਵਿਚ ਦੇ ਦੇਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ।’

ਇੰਨੀ ਗੱਲ ਕਹਿਣ ਤੋਂ ਬਾਅਦ ਦਾਊਦ ਗੋਲਿਅਥ ਵੱਲ ਨੱਠਣ ਲੱਗ ਪਿਆ। ਉਸ ਨੇ ਆਪਣੀ ਥੈਲੀ ਵਿੱਚੋਂ ਇਕ ਪੱਥਰ ਕੱਢਿਆ। ਫਿਰ ਉਸ ਨੇ ਗੁਲੇਲ ਵਿਚ ਪੱਥਰ ਪਾਇਆ ਅਤੇ ਗੋਲਿਅਥ ਉੱਤੇ ਨਿਸ਼ਾਨਾ ਬੰਨ੍ਹ ਕੇ ਪੂਰੇ ਜ਼ੋਰ ਨਾਲ ਉਸ ਦੇ ਪੱਥਰ ਮਾਰਿਆ। ਪੱਥਰ ਸਿੱਧਾ ਜਾ ਕੇ ਗੋਲਿਅਥ ਦੇ ਸਿਰ ਵਿਚ ਵੱਜਾ ਤੇ ਉਹ ਮਰ ਗਿਆ! ਜਦ ਫਲਿਸਤੀਆਂ ਨੇ ਆਪਣੇ ਸੂਰਬੀਰ ਨੂੰ ਮਰਿਆ ਦੇਖਿਆ, ਤਾਂ ਉਹ ਮੈਦਾਨ ਛੱਡ ਕੇ ਭੱਜ ਗਏ। ਇਸਰਾਏਲੀ ਵੀ ਉਨ੍ਹਾਂ ਦੇ ਪਿੱਛੇ ਭੱਜੇ ਅਤੇ ਲੜਾਈ ਜਿੱਤ ਗਏ।