Skip to content

Skip to table of contents

ਕਹਾਣੀ 59

ਦਾਊਦ ਨੂੰ ਕਿਉਂ ਭੱਜਣਾ ਪਿਆ

ਦਾਊਦ ਨੂੰ ਕਿਉਂ ਭੱਜਣਾ ਪਿਆ

ਗੋਲਿਅਥ ਦੇ ਮਰਨ ਤੋਂ ਬਾਅਦ ਸੈਨਾਪਤੀ ਅਬਨੇਰ ਦਾਊਦ ਨੂੰ ਸ਼ਾਊਲ ਕੋਲ ਲੈ ਗਿਆ। ਦਾਊਦ ਦੇ ਕਾਰਨਾਮੇ ਬਾਰੇ ਸੁਣ ਕੇ ਸ਼ਾਊਲ ਬਹੁਤ ਖ਼ੁਸ਼ ਹੋਇਆ। ਉਸ ਨੇ ਦਾਊਦ ਨੂੰ ਆਪਣੀ ਸੈਨਾ ਦਾ ਸੈਨਾਪਤੀ ਬਣਾ ਦਿੱਤਾ ਅਤੇ ਉਸ ਨੂੰ ਰਹਿਣ ਲਈ ਆਪਣੇ ਮਹਿਲ ਵਿਚ ਜਗ੍ਹਾ ਦਿੱਤੀ।

ਬਾਅਦ ਵਿਚ ਜਦ ਇਕ ਵਾਰ ਫਿਰ ਸੈਨਾ ਫਲਿਸਤੀਆਂ ਨੂੰ ਹਰਾ ਕੇ ਵਾਪਸ ਆਈ, ਤਾਂ ਔਰਤਾਂ ਨੇ ਜਿੱਤ ਦੀ ਖ਼ੁਸ਼ੀ ਵਿਚ ਗੀਤ ਗਾਇਆ: ‘ਸ਼ਾਊਲ ਨੇ ਹਜ਼ਾਰਾਂ ਨੂੰ ਮਾਰਿਆ, ਪਰ ਦਾਊਦ ਨੇ ਲੱਖਾਂ ਨੂੰ।’ ਇਹ ਸੁਣ ਕੇ ਸ਼ਾਊਲ ਗੁੱਸੇ ਨਾਲ ਸੜ-ਭੁੱਜ ਗਿਆ ਕਿਉਂਕਿ ਔਰਤਾਂ ਸ਼ਾਊਲ ਨਾਲੋਂ ਜ਼ਿਆਦਾ ਦਾਊਦ ਦੀ ਵਡਿਆਈ ਕਰ ਰਹੀਆਂ ਸਨ। ਪਰ ਸ਼ਾਊਲ ਦਾ ਪੁੱਤਰ ਯੋਨਾਥਾਨ ਦਾਊਦ ਨਾਲ ਈਰਖਾ ਨਹੀਂ ਕਰਦਾ ਸੀ। ਉਹ ਤਾਂ ਦਾਊਦ ਨੂੰ ਬਹੁਤ ਪਿਆਰ ਕਰਦਾ ਸੀ। ਦਾਊਦ ਵੀ ਯੋਨਾਥਾਨ ਨੂੰ ਪਿਆਰ ਕਰਦਾ ਸੀ। ਇਸ ਲਈ ਇਨ੍ਹਾਂ ਦੋਵਾਂ ਨੇ ਇਕ-ਦੂਜੇ ਨਾਲ ਵਾਅਦਾ ਕੀਤਾ ਕਿ ਉਹ ਹਮੇਸ਼ਾ-ਹਮੇਸ਼ਾ ਦੋਸਤ ਰਹਿਣਗੇ।

ਦਾਊਦ ਬਹੁਤ ਵਧੀਆ ਢੰਗ ਨਾਲ ਵੀਣਾ ਵਜਾਉਂਦਾ ਸੀ ਅਤੇ ਸ਼ਾਊਲ ਉਸ ਦਾ ਸੰਗੀਤ ਸੁਣਨਾ ਪਸੰਦ ਕਰਦਾ ਸੀ। ਪਰ ਸ਼ਾਊਲ ਦਾਊਦ ਤੋਂ ਬਹੁਤ ਜਲ਼ਦਾ ਵੀ ਸੀ। ਇਕ ਦਿਨ ਜਦ ਦਾਊਦ ਵੀਣਾ ਵਜਾ ਰਿਹਾ ਸੀ, ਤਾਂ ਸ਼ਾਊਲ ਨੇ ਬਰਛਾ ਚੁੱਕ ਕੇ ਦਾਊਦ ਵੱਲ ਸੁੱਟਿਆ ਤੇ ਕਿਹਾ: ‘ਮੈਂ ਤੈਨੂੰ ਦੀਵਾਰ ਨਾਲ ਵਿੰਨ੍ਹ ਸੁੱਟਾਂਗਾ!’ ਪਰ ਦਾਊਦ ਥੱਲੇ ਨੂੰ ਝੁੱਕ ਗਿਆ ਤੇ ਬਰਛਾ ਉਸ ਦੇ ਉੱਪਰ ਦੀ ਲੰਘ ਕੇ ਕੰਧ ਵਿਚ ਜਾ ਵੱਜਾ। ਬਾਅਦ ਵਿਚ ਸ਼ਾਊਲ ਨੇ ਇਕ ਵਾਰ ਫਿਰ ਦਾਊਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਫਿਰ ਬਚ ਗਿਆ। ਦਾਊਦ ਨੂੰ ਹੁਣ ਪਤਾ ਲੱਗ ਗਿਆ ਸੀ ਕਿ ਉਸ ਨੂੰ ਖ਼ਬਰਦਾਰ ਰਹਿਣਾ ਹੋਵੇਗਾ।

ਤੁਹਾਨੂੰ ਯਾਦ ਹੈ ਸ਼ਾਊਲ ਨੇ ਕੀ ਵਾਅਦਾ ਕੀਤਾ ਸੀ? ਉਸ ਨੇ ਕਿਹਾ ਸੀ ਕਿ ਜੋ ਵੀ ਆਦਮੀ ਗੋਲਿਅਥ ਨੂੰ ਮਾਰ ਦੇਵੇਗਾ, ਉਸ ਦਾ ਵਿਆਹ ਉਹ ਆਪਣੀ ਧੀ ਨਾਲ ਕਰਾ ਦੇਵੇਗਾ। ਵਾਅਦਾ ਨਿਭਾਉਣ ਦੀ ਬਜਾਇ ਸ਼ਾਊਲ ਨੇ ਦਾਊਦ ਨੂੰ ਕਿਹਾ ਕਿ ਉਹ ਉਸ ਦਾ ਵਿਆਹ ਆਪਣੀ ਧੀ ਨਾਲ ਤਾਂ ਹੀ ਕਰਾਵੇਗਾ ਜੇ ਦਾਊਦ ਪਹਿਲਾਂ 100 ਫਲਿਸਤੀਆਂ ਨੂੰ ਮਾਰ ਦੇਵੇ। ਸ਼ਾਊਲ ਬੜਾ ਚਲਾਕ ਸੀ। ਉਹ ਚਾਹੁੰਦਾ ਸੀ ਕਿ ਫਲਿਸਤੀ ਦਾਊਦ ਨੂੰ ਲੜਾਈ ਵਿਚ ਮਾਰ ਦੇਣ। ਪਰ ਦਾਊਦ ਮਾਰਿਆ ਨਹੀਂ ਗਿਆ। ਸ਼ਾਊਲ ਨੂੰ ਆਪਣੀ ਧੀ ਦਾ ਵਿਆਹ ਦਾਊਦ ਨਾਲ ਕਰਾਉਣਾ ਹੀ ਪਿਆ।

ਇਕ ਦਿਨ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਕੁਝ ਸੇਵਕਾਂ ਦੇ ਸਾਮ੍ਹਣੇ ਕਿਹਾ ਕਿ ਉਹ ਦਾਊਦ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ। ਯੋਨਾਥਾਨ ਨੇ ਆਪਣੇ ਪਿਤਾ ਨੂੰ ਕਿਹਾ: ‘ਦਾਊਦ ਨੂੰ ਦੁੱਖ ਨਾ ਪਹੁੰਚਾਓ। ਉਸ ਨੇ ਤੁਹਾਡਾ ਕੀ ਵਿਗਾੜਿਆ? ਸਗੋਂ ਉਸ ਨੇ ਜੋ ਕੁਝ ਵੀ ਕੀਤਾ ਹੈ ਉਸ ਤੋਂ ਤੁਹਾਨੂੰ ਹੀ ਫ਼ਾਇਦਾ ਹੋਇਆ ਹੈ। ਉਸ ਨੇ ਆਪਣੀ ਜ਼ਿੰਦਗੀ ਖ਼ਤਰੇ ਵਿਚ ਪਾ ਕੇ ਗੋਲਿਅਥ ਨੂੰ ਮਾਰਿਆ। ਉਸ ਦੀ ਬਹਾਦਰੀ ਦੇਖ ਕੇ ਤੁਸੀਂ ਹੀ ਖ਼ੁਸ਼ ਹੋਏ ਸੀ।’

ਸ਼ਾਊਲ ਨੇ ਆਪਣੇ ਪੁੱਤਰ ਦੀ ਗੱਲ ਮੰਨ ਲਈ ਤੇ ਉਸ ਨਾਲ ਵਾਅਦਾ ਕੀਤਾ ਕਿ ਉਹ ਦਾਊਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵੇਗਾ। ਇਸ ਲਈ ਦਾਊਦ ਫਿਰ ਤੋਂ ਸ਼ਾਊਲ ਦੇ ਮਹਿਲ ਵਿਚ ਰਹਿਣ ਲੱਗ ਪਿਆ। ਉਹ ਪਹਿਲਾਂ ਵਾਂਗ ਹੀ ਸ਼ਾਊਲ ਦੀ ਸੇਵਾ ਕਰਨ ਲੱਗ ਪਿਆ। ਪਰ ਫਿਰ ਇਕ ਦਿਨ ਜਦ ਦਾਊਦ ਵੀਣਾ ਵਜਾ ਰਿਹਾ ਸੀ, ਤਾਂ ਸ਼ਾਊਲ ਨੇ ਫਿਰ ਉਸ ਤੇ ਵਾਰ ਕੀਤਾ। ਦਾਊਦ ਇਕ ਪਾਸੇ ਨੂੰ ਹਟ ਗਿਆ ਤੇ ਬਰਛਾ ਕੰਧ ਵਿਚ ਜਾ ਵੱਜਿਆ। ਇਹ ਤੀਜੀ ਵਾਰੀ ਸ਼ਾਊਲ ਨੇ ਦਾਊਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ! ਦਾਊਦ ਹੁਣ ਜਾਣ ਗਿਆ ਸੀ ਕਿ ਉਸ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਹੀ ਪਵੇਗਾ।

ਉਸ ਰਾਤ ਦਾਊਦ ਆਪਣੇ ਘਰ ਚਲਾ ਗਿਆ। ਸ਼ਾਊਲ ਨੇ ਉਸ ਨੂੰ ਮਾਰਨ ਵਾਸਤੇ ਉਸ ਪਿੱਛੇ ਆਪਣੇ ਆਦਮੀ ਘੱਲੇ। ਸ਼ਾਊਲ ਦੀ ਧੀ ਮੀਕਲ ਆਪਣੇ ਪਿਤਾ ਦੇ ਇਰਾਦਿਆਂ ਬਾਰੇ ਜਾਣਦੀ ਸੀ। ਇਸ ਲਈ ਉਸ ਨੇ ਆਪਣੇ ਪਤੀ ਨੂੰ ਕਿਹਾ: ‘ਜੇ ਤੁਸੀਂ ਅੱਜ ਰਾਤ ਨੂੰ ਇੱਥੋਂ ਨਾ ਭੱਜੇ, ਤਾਂ ਇਹ ਲੋਕ ਤੁਹਾਨੂੰ ਮਾਰ ਦੇਣਗੇ।’ ਉਸ ਰਾਤ ਮੀਕਲ ਨੇ ਦਾਊਦ ਦੀ ਭੱਜਣ ਵਿਚ ਮਦਦ ਕੀਤੀ। ਤਕਰੀਬਨ ਸੱਤ ਸਾਲਾਂ ਤਕ ਦਾਊਦ ਸ਼ਾਊਲ ਤੋਂ ਆਪਣੀ ਜਾਨ ਬਚਾਉਣ ਲਈ ਜਗ੍ਹਾ-ਜਗ੍ਹਾ ਭੱਜਦਾ ਰਿਹਾ।