Skip to content

Skip to table of contents

ਕਹਾਣੀ 33

ਉਨ੍ਹਾਂ ਨੇ ਲਾਲ ਸਮੁੰਦਰ ਪਾਰ ਕੀਤਾ

ਉਨ੍ਹਾਂ ਨੇ ਲਾਲ ਸਮੁੰਦਰ ਪਾਰ ਕੀਤਾ

ਦੇਖੋ ਤਸਵੀਰ ਵਿਚ ਕੀ ਹੋ ਰਿਹਾ ਹੈ। ਮੂਸਾ ਨੇ ਆਪਣੀ ਲਾਠੀ ਲਾਲ ਸਮੁੰਦਰ ਵੱਲ ਕੀਤੀ ਹੋਈ ਹੈ। ਉਸ ਦੇ ਨਾਲ ਖੜ੍ਹੇ ਲੋਕ ਇਸਰਾਏਲੀ ਹਨ। ਪਰ ਦੂਸਰੇ ਪਾਸੇ ਰਾਜਾ ਅਤੇ ਉਸ ਦੀ ਫ਼ੌਜ ਪਾਣੀ ਵਿਚ ਡੁੱਬ ਰਹੀ ਹੈ। ਆਓ ਆਪਾਂ ਦੇਖੀਏ ਇਹ ਸਭ ਕੁਝ ਕਿਵੇਂ ਹੋਇਆ।

ਪਿਛਲੀ ਕਹਾਣੀ ਵਿਚ ਆਪਾਂ ਪੜ੍ਹਿਆ ਸੀ ਕਿ ਦਸਾਂ ਬਿਪਤਾਵਾਂ ਤੋਂ ਬਾਅਦ ਰਾਜਾ ਇਸਰਾਏਲੀਆਂ ਨੂੰ ਮਿਸਰ ਤੋਂ ਭੇਜਣ ਲਈ ਰਾਜ਼ੀ ਹੋ ਗਿਆ ਸੀ। ਮਿਸਰ ਛੱਡ ਕੇ ਜਾ ਰਹੇ ਲੋਕਾਂ ਵਿਚ ਤਕਰੀਬਨ ਛੇ ਲੱਖ ਆਦਮੀ ਅਤੇ ਕਈ ਤੀਵੀਆਂ ਤੇ ਬੱਚੇ ਵੀ ਸਨ। ਇਸਰਾਏਲੀਆਂ ਦੀ ਇਸ ਵੱਡੀ ਭੀੜ ਵਿਚ ਕਈ ਮਿਸਰੀ ਲੋਕ ਵੀ ਸਨ ਜੋ ਯਹੋਵਾਹ ਦੀ ਭਗਤੀ ਕਰਨ ਲੱਗ ਪਏ ਸਨ। ਸਾਰਿਆਂ ਨੇ ਆਪਣੀਆਂ ਮੱਝਾਂ-ਗਾਵਾਂ, ਭੇਡਾਂ ਤੇ ਬੱਕਰੀਆਂ ਨੂੰ ਲਿਆ ਅਤੇ ਮਿਸਰ ਤੋਂ ਤੁਰ ਪਏ।

ਮਿਸਰ ਵਿੱਚੋਂ ਜਾਣ ਤੋਂ ਪਹਿਲਾਂ ਇਸਰਾਏਲੀਆਂ ਨੇ ਮਿਸਰੀ ਲੋਕਾਂ ਕੋਲੋਂ ਕੱਪੜੇ ਤੇ ਸੋਨੇ-ਚਾਂਦੀ ਦੀਆਂ ਚੀਜ਼ਾਂ ਮੰਗੀਆਂ। ਮਿਸਰੀਆਂ ਨੇ ਸਭ ਕੁਝ ਇਸਰਾਏਲੀਆਂ ਨੂੰ ਦੇ ਦਿੱਤਾ ਕਿਉਂਕਿ ਉਹ ਦਸਵੀਂ ਬਿਪਤਾ ਕਾਰਨ ਬਹੁਤ ਡਰ ਗਏ ਸਨ।

ਕੁਝ ਦਿਨਾਂ ਬਾਅਦ ਇਸਰਾਏਲੀ ਲਾਲ ਸਮੁੰਦਰ ਦੇ ਕੰਢੇ ਪਹੁੰਚ ਗਏ। ਉਹ ਉੱਥੇ ਆਰਾਮ ਕਰਨ ਲਈ ਰੁਕੇ। ਉੱਧਰ ਮਿਸਰ ਵਿਚ ਰਾਜਾ ਤੇ ਉਸ ਦੇ ਬੰਦੇ ਆਪਣੇ ਆਪ ਨੂੰ ਕੋਸ ਰਹੇ ਸਨ ਕਿ ‘ਅਸੀਂ ਆਪਣੇ ਗ਼ੁਲਾਮਾਂ ਨੂੰ ਕਿਉਂ ਜਾਣ ਦਿੱਤਾ ਹੈ?’

ਇਕ ਵਾਰ ਫਿਰ ਰਾਜੇ ਨੇ ਆਪਣਾ ਇਰਾਦਾ ਬਦਲ ਲਿਆ। ਉਸ ਨੇ ਫਟਾਫਟ ਆਪਣੀ ਸੈਨਾ ਅਤੇ ਰਥਾਂ ਨੂੰ ਤਿਆਰ ਕੀਤਾ। ਇਸ ਦੇ ਨਾਲ-ਨਾਲ ਉਸ ਨੇ 600 ਖ਼ਾਸ ਰਥਾਂ ਨੂੰ ਵੀ ਤਿਆਰ ਕਰਵਾਇਆ ਅਤੇ ਉਹ ਇਸਰਾਏਲੀਆਂ ਦਾ ਪਿੱਛਾ ਕਰਨ ਲੱਗਾ।

ਜਦ ਇਸਰਾਏਲੀਆਂ ਦੀ ਨਜ਼ਰ ਰਾਜੇ ਤੇ ਉਸ ਦੀ ਸੈਨਾ ਤੇ ਪਈ, ਤਾਂ ਉਹ ਘਬਰਾ ਗਏ। ਉਹ ਕਿਸੇ ਪਾਸੇ ਨੂੰ ਭੱਜ ਨਹੀਂ ਸਕਦੇ ਸਨ। ਉਨ੍ਹਾਂ ਦੇ ਮੋਹਰੇ ਪਾਣੀ ਤੇ ਪਿੱਛੇ ਸੈਨਾ ਸੀ। ਦੋਵੇਂ ਪਾਸੇ ਉਨ੍ਹਾਂ ਨੂੰ ਮੌਤ ਨਜ਼ਰ ਆ ਰਹੀ ਸੀ। ਪਰ ਯਹੋਵਾਹ ਨੇ ਇਸਰਾਏਲੀਆਂ ਅਤੇ ਮਿਸਰੀਆਂ ਵਿਚਕਾਰ ਬੱਦਲ ਖੜ੍ਹਾ ਕਰ ਦਿੱਤਾ। ਹੁਣ ਸੈਨਾ ਲਈ ਇਸਰਾਏਲੀਆਂ ਤੇ ਹਮਲਾ ਕਰਨਾ ਮੁਸ਼ਕਲ ਸੀ ਕਿਉਂਕਿ ਉਹ ਇਸਰਾਏਲੀਆਂ ਨੂੰ ਦੇਖ ਨਹੀਂ ਸਕਦੇ ਸਨ।

ਯਹੋਵਾਹ ਨੇ ਮੂਸਾ ਨੂੰ ਆਪਣੀ ਲਾਠੀ ਲਾਲ ਸਮੁੰਦਰ ਉੱਤੇ ਕਰਨ ਲਈ ਕਿਹਾ। ਮੂਸਾ ਦੇ ਇੰਜ ਕਰਨ ਦੀ ਦੇਰ ਸੀ ਕਿ ਯਹੋਵਾਹ ਨੇ ਪੂਰਬ ਵੱਲੋਂ ਇਕ ਤੇਜ਼ ਹਵਾ ਵਗਾਈ। ਫਿਰ ਦੇਖਦਿਆਂ ਹੀ ਦੇਖਦਿਆਂ ਸਮੁੰਦਰ ਦਾ ਪਾਣੀ ਦੋ ਹਿੱਸਿਆਂ ਵਿਚ ਵੰਡਿਆ ਗਿਆ। ਸਮੁੰਦਰ ਦੇ ਦੋਵਾਂ ਪਾਸਿਆਂ ਦਾ ਪਾਣੀ ਉੱਚੀਆਂ-ਉੱਚੀਆਂ ਦੀਵਾਰਾਂ ਵਾਂਗ ਖੜ੍ਹਾ ਹੋ ਗਿਆ।

ਫਿਰ ਇਸਰਾਏਲੀਆਂ ਨੇ ਸਮੁੰਦਰ ਦੀ ਸੁੱਕੀ ਜ਼ਮੀਨ ਉੱਪਰ ਦੀ ਲੰਘਣਾ ਸ਼ੁਰੂ ਕੀਤਾ। ਇਨ੍ਹਾਂ ਲੱਖਾਂ ਹੀ ਲੋਕਾਂ ਤੇ ਉਨ੍ਹਾਂ ਦੇ ਜਾਨਵਰਾਂ ਨੂੰ ਸਮੁੰਦਰ ਪਾਰ ਕਰਨ ਲਈ ਕਈ ਘੰਟੇ ਲੱਗੇ। ਹੁਣ ਦੂਜੇ ਪਾਸੇ ਮਿਸਰ ਦੀ ਸੈਨਾ ਇਸਰਾਏਲੀਆਂ ਨੂੰ ਸਮੁੰਦਰ ਪਾਰ ਕਰਦਿਆਂ ਦੇਖ ਸਕਦੀ ਸੀ। ਉਨ੍ਹਾਂ ਦੇ ਗ਼ੁਲਾਮ ਉਨ੍ਹਾਂ ਦੀਆਂ ਅੱਖਾਂ ਸਾਮ੍ਹਣੇ ਹੱਥੋਂ ਨਿਕਲਦੇ ਜਾ ਰਹੇ ਸਨ! ਇਸ ਲਈ ਉਹ ਅੰਨ੍ਹੇਵਾਹ ਸਮੁੰਦਰ ਵਿਚ ਜਾ ਵੜੇ।

ਉਨ੍ਹਾਂ ਦੇ ਵੜਦਿਆਂ ਸਾਰ ਪਰਮੇਸ਼ੁਰ ਨੇ ਉਨ੍ਹਾਂ ਦੇ ਰਥਾਂ ਦੇ ਪਹੀਏ ਲਾ ਸੁੱਟੇ। ਮਿਸਰੀ ਡਰ ਦੇ ਮਾਰੇ ਉੱਚੀ ਆਵਾਜ਼ ਵਿਚ ਕਹਿਣ ਲੱਗੇ, ‘ਯਹੋਵਾਹ ਇਸਰਾਏਲੀਆਂ ਲਈ ਸਾਡੇ ਵਿਰੁੱਧ ਲੜ ਰਿਹਾ ਹੈ। ਆਓ, ਅਸੀਂ ਇੱਥੋਂ ਨੱਠ ਚੱਲੀਏ!’ ਪਰ ਬਹੁਤ ਦੇਰ ਹੋ ਚੁੱਕੀ ਸੀ।

ਯਹੋਵਾਹ ਨੇ ਮੂਸਾ ਨੂੰ ਆਪਣੀ ਲਾਠੀ ਲਾਲ ਸਮੁੰਦਰ ਵੱਲ ਕਰਨ ਨੂੰ ਕਿਹਾ। ਦੇਖੋ ਤਸਵੀਰ ਵਿਚ ਮੂਸਾ ਬਿਲਕੁਲ ਇਹੀ ਕਰ ਰਿਹਾ ਹੈ। ਇੰਜ ਕਰਨ ਨਾਲ ਪਾਣੀ ਦੀਆਂ ਵੱਡੀਆਂ-ਵੱਡੀਆਂ ਕੰਧਾਂ ਥੱਲੇ ਡਿੱਗ ਪਈਆਂ। ਪਾਣੀ ਨੇ ਮਿਸਰੀਆਂ ਅਤੇ ਉਨ੍ਹਾਂ ਦੇ ਰਥਾਂ ਨੂੰ ਢੱਕ ਲਿਆ। ਮਿਸਰ ਦੀ ਸਾਰੀ ਸੈਨਾ ਪਾਣੀ ਵਿਚ ਡੁੱਬ ਗਈ ਤੇ ਉਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ।

ਯਹੋਵਾਹ ਦੇ ਲੋਕਾਂ ਦੀ ਖ਼ੁਸ਼ੀ ਦਾ ਅੰਦਾਜ਼ਾ ਲਗਾਓ! ਹੁਣ ਉਨ੍ਹਾਂ ਦੀਆਂ ਜਾਨਾਂ ਨੂੰ ਕੋਈ ਖ਼ਤਰਾ ਨਹੀਂ ਸੀ। ਯਹੋਵਾਹ ਦਾ ਸ਼ੁਕਰੀਆ ਕਰਨ ਲਈ ਆਦਮੀਆਂ ਨੇ ਇਕ ਗੀਤ ਗਾਇਆ: ‘ਯਹੋਵਾਹ ਨੇ ਇਕ ਮਹਾਨ ਜਿੱਤ ਹਾਸਲ ਕੀਤੀ ਹੈ। ਉਸ ਨੇ ਘੋੜਿਆਂ ਅਤੇ ਉਨ੍ਹਾਂ ਦੇ ਸਵਾਰਾਂ ਨੂੰ ਸਮੁੰਦਰ ਵਿਚ ਸੁੱਟ ਦਿੱਤਾ।’ ਮੂਸਾ ਦੀ ਭੈਣ ਮਿਰਯਮ ਅਤੇ ਸਾਰੀਆਂ ਔਰਤਾਂ ਨੇ ਆਪਣੀਆਂ ਡੱਫਲੀਆਂ ਲਈਆਂ ਤੇ ਜਿੱਤ ਦੀ ਖ਼ੁਸ਼ੀ ਵਿਚ ਨੱਚਣ ਲੱਗੀਆਂ। ਉਹ ਵੀ ਆਦਮੀਆਂ ਨਾਲ ਗਾਉਣ ਲੱਗੀਆਂ: ‘ਯਹੋਵਾਹ ਨੇ ਇਕ ਮਹਾਨ ਜਿੱਤ ਹਾਸਲ ਕੀਤੀ ਹੈ। ਉਸ ਨੇ ਘੋੜਿਆਂ ਅਤੇ ਉਨ੍ਹਾਂ ਦੇ ਸਵਾਰਾਂ ਨੂੰ ਸਮੁੰਦਰ ਵਿਚ ਸੁੱਟ ਦਿੱਤਾ।’