Skip to content

Skip to table of contents

ਕਹਾਣੀ 19

ਯਾਕੂਬ ਦਾ ਵੱਡਾ ਪਰਿਵਾਰ

ਯਾਕੂਬ ਦਾ ਵੱਡਾ ਪਰਿਵਾਰ

ਕੀ ਤੁਹਾਨੂੰ ਪਤਾ ਹੈ ਕਿ ਤਸਵੀਰ ਵਿਚ ਇਹ ਕਿਸ ਦਾ ਪਰਿਵਾਰ ਹੈ? ਇਹ ਵੱਡਾ ਪਰਿਵਾਰ ਯਾਕੂਬ ਦਾ ਹੈ। ਯਾਕੂਬ ਦੇ 12 ਪੁੱਤਰ ਤੇ ਕਈ ਧੀਆਂ ਸਨ। ਕੀ ਤੁਹਾਨੂੰ ਯਾਕੂਬ ਦੇ ਬੱਚਿਆਂ ਦੇ ਨਾਮ ਪਤਾ ਹਨ? ਆਓ ਆਪਾਂ ਉਨ੍ਹਾਂ ਵਿੱਚੋਂ ਕੁਝ ਦੇ ਨਾਮ ਸਿੱਖੀਏ।

ਲੇਆਹ ਨੇ ਰਊਬੇਨ, ਸ਼ਿਮਓਨ, ਲੇਵੀ ਅਤੇ ਯਹੂਦਾਹ ਨੂੰ ਜਨਮ ਦਿੱਤਾ। ਪਰ ਰਾਖੇਲ ਦੇ ਕੋਈ ਬੱਚਾ ਨਹੀਂ ਸੀ। ਇਸ ਲਈ ਉਹ ਬਹੁਤ ਉਦਾਸ ਸੀ। ਉਸ ਨੇ ਯਾਕੂਬ ਨੂੰ ਆਪਣੀ ਨੌਕਰਾਣੀ ਬਿਲਹਾਹ ਦਿੱਤੀ। ਬਿਲਹਾਹ ਦੇ ਦੋ ਪੁੱਤਰ ਹੋਏ, ਦਾਨ ਤੇ ਨਫਤਾਲੀ। ਫਿਰ ਲੇਆਹ ਨੇ ਵੀ ਆਪਣੀ ਨੌਕਰਾਣੀ ਜਿਲਫਾਹ ਯਾਕੂਬ ਨੂੰ ਦੇ ਦਿੱਤੀ ਅਤੇ ਜਿਲਫਾਹ ਨੇ ਗਾਦ ਤੇ ਆਸ਼ੇਰ ਨੂੰ ਜਨਮ ਦਿੱਤਾ। ਫਿਰ ਲੇਆਹ ਦੇ ਦੋ ਹੋਰ ਪੁੱਤਰ ਹੋਏ, ਯਿੱਸਾਕਾਰ ਤੇ ਜ਼ਬੁਲੂਨ।

ਕਈ ਸਾਲਾਂ ਬਾਅਦ ਰਾਖੇਲ ਵੀ ਗਰਭਵਤੀ ਹੋਈ ਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਉਸ ਦਾ ਨਾਂ ਯੂਸੁਫ਼ ਸੀ। ਅਸੀਂ ਅਗਲੀਆਂ ਕਹਾਣੀਆਂ ਵਿਚ ਯੂਸੁਫ਼ ਬਾਰੇ ਹੋਰ ਸਿੱਖਾਂਗੇ। ਯਾਕੂਬ ਦੇ ਇਹ 11 ਪੁੱਤਰ ਉਦੋਂ ਹੋਏ ਜਦ ਉਹ ਆਪਣੇ ਸਹੁਰੇ ਘਰ ਰਹਿ ਰਿਹਾ ਸੀ।

ਯਾਕੂਬ ਦੀਆਂ ਕਈ ਧੀਆਂ ਵੀ ਸਨ, ਪਰ ਬਾਈਬਲ ਵਿਚ ਸਿਰਫ਼ ਇਕ ਦਾ ਨਾਂ ਦਿੱਤਾ ਗਿਆ ਹੈ। ਉਸ ਦਾ ਨਾਮ ਦੀਨਾਹ ਸੀ।

ਯਾਕੂਬ ਨੇ ਹਾਰਾਨ ਸ਼ਹਿਰ ਨੂੰ ਛੱਡ ਕੇ ਕਨਾਨ ਦੇਸ਼ ਵਿਚ ਵੱਸਣ ਦਾ ਫ਼ੈਸਲਾ ਕੀਤਾ। ਉਹ ਆਪਣੇ ਪਰਿਵਾਰ, ਭੇਡਾਂ-ਬੱਕਰੀਆਂ ਦੇ ਵੱਡੇ ਇੱਜੜ ਅਤੇ ਹੋਰਨਾਂ ਡੰਗਰਾਂ ਨੂੰ ਲੈ ਕੇ ਕਨਾਨ ਨੂੰ ਤੁਰ ਪਿਆ।

ਕਨਾਨ ਵਿਚ ਕੁਝ ਸਮਾਂ ਲੰਘਣ ਤੇ ਰਾਖੇਲ ਨੇ ਇਕ ਹੋਰ ਪੁੱਤਰ ਨੂੰ ਜਨਮ ਦਿੱਤਾ। ਰਾਖੇਲ ਦੇ ਇਸ ਪੁੱਤਰ ਦਾ ਜਨਮ ਇਕ ਸਫ਼ਰ ਦੌਰਾਨ ਹੋਇਆ ਸੀ ਤੇ ਇਸ ਦਾ ਜਨਮ ਹੁੰਦਿਆਂ ਹੀ ਉਹ ਦਮ ਤੋੜ ਗਈ। ਯਾਕੂਬ ਨੇ ਇਸ ਪੁੱਤਰ ਦਾ ਨਾਮ ਬਿਨਯਾਮੀਨ ਰੱਖਿਆ।

ਯਾਕੂਬ ਦੇ 12 ਪੁੱਤਰਾਂ ਦੇ ਨਾਮ ਸਿੱਖਣੇ ਜ਼ਰੂਰੀ ਹਨ ਕਿਉਂਕਿ ਇਸਰਾਏਲ ਦੀ ਪੂਰੀ ਕੌਮ ਇਨ੍ਹਾਂ ਤੋਂ ਪੈਦਾ ਹੋਈ ਸੀ। ਇਸਰਾਏਲ ਦੇ 12 ਗੋਤਾਂ ਦੇ ਨਾਮ ਯਾਕੂਬ ਦੇ 10 ਪੁੱਤਰਾਂ ਅਤੇ ਯੂਸੁਫ਼ ਦੇ 2 ਪੁੱਤਰਾਂ ਦੇ ਨਾਵਾਂ ਤੋਂ ਪਏ ਸਨ। ਜ਼ਰਾ ਸੋਚੋ ਇਸਹਾਕ ਆਪਣੇ ਪੋਤਿਆਂ ਨੂੰ ਦੇਖ ਕੇ ਕਿੰਨਾ ਖ਼ੁਸ਼ ਹੋਇਆ ਹੋਣਾ! ਪਰ ਆਓ ਆਪਾਂ ਦੇਖੀਏ ਉਸ ਦੀ ਪੋਤੀ ਦੀਨਾਹ ਨਾਲ ਕੀ ਹੋਇਆ।