ਕਹਾਣੀ 18
ਯਾਕੂਬ ਹਾਰਾਨ ਨੂੰ ਗਿਆ
ਲੰਬਾ ਸਫ਼ਰ ਤੈਅ ਕਰਨ ਪਿੱਛੋਂ ਯਾਕੂਬ ਹਾਰਾਨ ਲਾਗੇ ਇਕ ਖੂਹ ਤੇ ਪਹੁੰਚਿਆ। ਉੱਥੇ ਉਹ ਕੁਝ ਆਦਮੀਆਂ ਨੂੰ ਮਿਲਿਆ ਜਿਨ੍ਹਾਂ ਨੂੰ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ। ਇਹ ਆਦਮੀ ਆਪਣੀਆਂ ਭੇਡਾਂ ਦੀ ਰਖਵਾਲੀ ਕਰ ਰਹੇ ਸਨ। ਯਾਕੂਬ ਨੇ ਪੁੱਛਿਆ, ‘ਤੁਸੀਂ ਕਿੱਥੋਂ ਦੇ ਹੋ?’
ਉਨ੍ਹਾਂ ਨੇ ਜਵਾਬ ਦਿੱਤਾ, ‘ਅਸੀਂ ਹਾਰਾਨ ਪਿੰਡ ਦੇ ਹਾਂ।’
ਯਾਕੂਬ ਨੇ ਅੱਗੇ ਪੁੱਛਿਆ, ‘ਕੀ ਤੁਸੀਂ ਲਾਬਾਨ ਨੂੰ ਜਾਣਦੇ ਹੋ?’
‘ਹਾਂ,’ ਉਨ੍ਹਾਂ ਨੇ ਉੱਤਰ ਦਿੱਤਾ। ‘ਵੇਖ, ਉਸ ਦੀ ਧੀ ਰਾਖੇਲ ਉਸ ਦੀਆਂ ਭੇਡਾਂ ਨਾਲ ਆ ਰਹੀ ਹੈ।’ ਕੀ ਤੁਸੀਂ ਰਾਖੇਲ ਨੂੰ ਤਸਵੀਰ ਵਿਚ ਦੇਖ ਸਕਦੇ ਹੋ?
ਰਾਖੇਲ ਨੂੰ ਆਉਂਦਿਆਂ ਦੇਖ ਕੇ ਯਾਕੂਬ ਨੇ ਖੂਹ ਤੋਂ ਪੱਥਰ ਰੋੜ੍ਹ ਦਿੱਤਾ ਤਾਂਕਿ ਭੇਡਾਂ ਪਾਣੀ ਪੀ ਸਕਣ। ਯਾਕੂਬ ਨੇ ਰਾਖੇਲ ਨਾਲ ਗੱਲ ਕੀਤੀ ਅਤੇ ਉਸ ਨੂੰ ਦੱਸਿਆ ਕਿ ਉਹ ਕੌਣ ਸੀ ਅਤੇ ਕਿੱਥੋਂ ਆਇਆ ਸੀ। ਉਹ ਯਾਕੂਬ ਨੂੰ ਮਿਲ ਕੇ ਬਹੁਤ ਖ਼ੁਸ਼ ਹੋਈ ਅਤੇ ਉਸ ਨੇ ਘਰ ਜਾ ਕੇ ਆਪਣੇ ਪਿਤਾ ਨੂੰ ਯਾਕੂਬ ਬਾਰੇ ਦੱਸਿਆ।
ਲਾਬਾਨ ਵੀ ਯਾਕੂਬ ਨੂੰ ਮਿਲ ਕੇ ਖ਼ੁਸ਼ ਹੋਇਆ ਅਤੇ ਉਸ ਨੇ ਯਾਕੂਬ ਨੂੰ ਆਪਣੇ ਘਰ ਰਹਿਣ ਲਈ ਕਿਹਾ। ਯਾਕੂਬ ਨੇ ਲਾਬਾਨ ਨੂੰ ਕਿਹਾ ਕਿ ਉਹ ਰਾਖੇਲ ਨਾਲ ਵਿਆਹ ਕਰਨਾ ਚਾਹੁੰਦਾ ਹੈ। ਲਾਬਾਨ ਨੇ ਇਕ ਸ਼ਰਤ ਤੇ ਹਾਂ ਕਰ ਦਿੱਤੀ। ਸ਼ਰਤ ਇਹ ਸੀ ਕਿ ਯਾਕੂਬ ਲਾਬਾਨ ਦੇ ਖੇਤਾਂ ਵਿਚ ਸੱਤ ਸਾਲ ਕੰਮ ਕਰੇ। ਰਾਖੇਲ ਨਾਲ ਵਿਆਹ ਕਰਾਉਣ ਲਈ ਸੱਤ ਸਾਲ ਤਾਂ ਯਾਕੂਬ ਲਈ ਮਾਮੂਲੀ ਜਿਹੀ ਗੱਲ ਸੀ ਕਿਉਂਕਿ ਉਹ ਰਾਖੇਲ ਨਾਲ ਬਹੁਤ ਪਿਆਰ ਕਰਦਾ ਸੀ। ਤੁਹਾਨੂੰ ਪਤਾ ਹੈ ਕਿ ਸੱਤ ਸਾਲ ਬਾਅਦ ਕੀ ਹੋਇਆ?
ਲਾਬਾਨ ਨੇ ਯਾਕੂਬ ਦਾ ਵਿਆਹ ਰਾਖੇਲ ਦੀ ਬਜਾਇ ਆਪਣੀ ਵੱਡੀ ਕੁੜੀ ਲੇਆਹ ਨਾਲ ਕਰ ਦਿੱਤਾ। ਉਸ ਨੇ ਯਾਕੂਬ ਨੂੰ ਕਿਹਾ: ‘ਜੇ ਤੂੰ ਮੇਰੇ ਲਈ ਸੱਤ ਸਾਲ ਹੋਰ ਕੰਮ ਕਰੇ ਤਾਂ ਮੈਂ ਤੇਰਾ ਵਿਆਹ ਰਾਖੇਲ ਨਾਲ ਕਰ ਦੇਵਾਂਗਾ।’ ਜਦ ਯਾਕੂਬ ਹੋਰ ਸੱਤ ਸਾਲ ਕੰਮ ਕਰਨ ਲਈ ਰਾਜ਼ੀ ਹੋ ਗਿਆ, ਤਾਂ ਲਾਬਾਨ ਨੇ ਉਸ ਦਾ ਵਿਆਹ ਰਾਖੇਲ ਨਾਲ ਵੀ ਕਰ ਦਿੱਤਾ। ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਨੇ ਬੰਦਿਆਂ ਨੂੰ ਇਕ ਤੋਂ ਜ਼ਿਆਦਾ ਤੀਵੀਆਂ ਨਾਲ ਵਿਆਹ ਕਰਵਾਉਣ ਤੋਂ ਨਹੀਂ ਰੋਕਿਆ ਸੀ। ਪਰ ਅੱਜ ਪਰਮੇਸ਼ੁਰ ਦਾ ਬਚਨ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਿ ਆਦਮੀ ਨੂੰ ਸਿਰਫ਼ ਇਕ ਤੀਵੀਂ ਨਾਲ ਹੀ ਵਿਆਹ ਕਰਵਾਉਣਾ ਚਾਹੀਦਾ ਹੈ।