ਪੰਜਵਾਂ ਭਾਗ
ਬਾਬਲ ਦੀ ਕੈਦ ਤੋਂ ਲੈ ਕੇ ਯਰੂਸ਼ਲਮ ਦੀਆਂ ਕੰਧਾਂ ਨੂੰ ਮੁੜ ਬਣਾਉਣ ਤਕ
ਬਾਬਲ ਦੀ ਗ਼ੁਲਾਮੀ ਹੇਠ ਇਸਰਾਏਲੀਆਂ ਦੀ ਨਿਹਚਾ ਕਈ ਵਾਰ ਪਰਖੀ ਗਈ। ਸ਼ਦਰਕ, ਮੇਸ਼ਕ ਅਤੇ ਅਬੇਦ-ਨਗੋ ਨੂੰ ਬਲਦੀ ਭੱਠੀ ਵਿਚ ਸੁੱਟਿਆ ਗਿਆ, ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਚਾ ਲਿਆ। ਬਾਅਦ ਵਿਚ ਮਾਦੀਆਂ ਅਤੇ ਫ਼ਾਰਸੀਆਂ ਨੇ ਬਾਬਲ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕ ਦਾਨੀਏਲ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟ ਦਿੱਤਾ। ਪਰ ਯਹੋਵਾਹ ਨੇ ਦਾਨੀਏਲ ਨੂੰ ਸ਼ੇਰਾਂ ਕੋਲੋਂ ਬਚਾਇਆ।
ਇਸਰਾਏਲੀਆਂ ਨੇ ਬਾਬਲ ਵਿਚ 70 ਸਾਲ ਗ਼ੁਲਾਮੀ ਕੀਤੀ। ਇਸ ਮਗਰੋਂ ਫ਼ਾਰਸੀ ਰਾਜੇ ਖੋਰਸ ਨੇ ਉਨ੍ਹਾਂ ਨੂੰ ਆਜ਼ਾਦੀ ਦਿਵਾਈ। ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਨੇ ਯਰੂਸ਼ਲਮ ਵਿਚ ਆ ਕੇ ਸਭ ਤੋਂ ਪਹਿਲਾਂ ਯਹੋਵਾਹ ਦੀ ਹੈਕਲ ਬਣਾਉਣੀ ਸ਼ੁਰੂ ਕੀਤੀ। ਪਰ ਉਨ੍ਹਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਦਾ ਕੰਮ ਰੁਕਵਾ ਦਿੱਤਾ। ਆਜ਼ਾਦੀ ਮਿਲਣ ਤੋਂ 22 ਸਾਲ ਬਾਅਦ ਹੈਕਲ ਬਣਾਉਣ ਦਾ ਕੰਮ ਪੂਰਾ ਹੋਇਆ।
ਇਸ ਭਾਗ ਵਿਚ ਅਸੀਂ ਇਹ ਵੀ ਸਿੱਖਾਂਗੇ ਕਿ ਅਜ਼ਰਾ ਹੈਕਲ ਦੀ ਮੁਰੰਮਤ ਕਰਨ ਯਰੂਸ਼ਲਮ ਆਇਆ ਸੀ। ਇਹ ਗੱਲ ਹੈਕਲ ਦੇ ਬਣਨ ਤੋਂ ਕੁਝ 47 ਸਾਲ ਬਾਅਦ ਦੀ ਹੈ। ਅਜ਼ਰਾ ਦੇ ਯਰੂਸ਼ਲਮ ਆਉਣ ਤੋਂ 13 ਸਾਲ ਬਾਅਦ ਨਹਮਯਾਹ ਯਰੂਸ਼ਲਮ ਆਇਆ ਤੇ ਉਸ ਨੇ ਯਰੂਸ਼ਲਮ ਦੀਆਂ ਢੱਠੀਆਂ ਕੰਧਾਂ ਨੂੰ ਦੁਬਾਰਾ ਖੜ੍ਹਾ ਕੀਤਾ। ਪੰਜਵੇਂ ਭਾਗ ਵਿਚ 152 ਸਾਲਾਂ ਦਾ ਇਤਿਹਾਸ ਪਾਇਆ ਜਾਂਦਾ ਹੈ।