Skip to content

Skip to table of contents

ਕਹਾਣੀ 77

ਉਨ੍ਹਾਂ ਨੇ ਮੱਥਾ ਨਾ ਟੇਕਿਆ

ਉਨ੍ਹਾਂ ਨੇ ਮੱਥਾ ਨਾ ਟੇਕਿਆ

ਇਹ ਤਿੰਨ ਮੁੰਡੇ ਦਾਨੀਏਲ ਦੇ ਦੋਸਤ ਸ਼ਦਰਕ, ਮੇਸ਼ਕ ਅਤੇ ਅਬੇਦ-ਨਗੋ ਹਨ। ਯਾਦ ਹੈ ਆਪਾਂ ਪਹਿਲਾਂ ਵੀ ਇਨ੍ਹਾਂ ਬਾਰੇ ਗੱਲ ਕੀਤੀ ਸੀ? ਇਹ ਉਹੀ ਮੁੰਡੇ ਹਨ ਜਿਨ੍ਹਾਂ ਨੇ ਸ਼ਾਹੀ ਭੋਜਨ ਖਾਣ ਤੋਂ ਇਨਕਾਰ ਕੀਤਾ ਸੀ। ਪਰ ਤਸਵੀਰ ਵਿਚ ਦੇਖੋ ਇਹ ਦੂਸਰੇ ਲੋਕਾਂ ਦੀ ਤਰ੍ਹਾਂ ਮੂਰਤੀ ਨੂੰ ਮੱਥਾ ਨਹੀਂ ਟੇਕ ਰਹੇ। ਆਓ ਦੇਖੀਏ ਕਿ ਇਨ੍ਹਾਂ ਨੇ ਮੂਰਤੀ ਨੂੰ ਮੱਥਾ ਕਿਉਂ ਨਹੀਂ ਟੇਕਿਆ ਸੀ।

ਕੀ ਤੁਹਾਨੂੰ ਉਹ ਦਸ ਹੁਕਮ ਯਾਦ ਹਨ ਜਿਹੜੇ ਯਹੋਵਾਹ ਨੇ ਖ਼ੁਦ ਲਿਖ ਕੇ ਇਸਰਾਏਲੀਆਂ ਨੂੰ ਦਿੱਤੇ ਸਨ? ਸਭ ਤੋਂ ਪਹਿਲਾਂ ਹੁਕਮ ਸੀ: ‘ਤੁਸੀਂ ਮੈਨੂੰ ਛੱਡ ਕਿਸੇ ਹੋਰ ਦੇਵਤੇ ਦੀ ਪੂਜਾ ਨਾ ਕਰਿਓ।’ ਤਸਵੀਰ ਵਿਚ ਇਹ ਨੌਜਵਾਨ ਇਸੇ ਹੁਕਮ ਕਰਕੇ ਮੂਰਤੀ ਨੂੰ ਮੱਥਾ ਨਹੀਂ ਟੇਕ ਰਹੇ। ਪਰ ਉਨ੍ਹਾਂ ਲਈ ਇੱਦਾਂ ਕਰਨਾ ਆਸਾਨ ਨਹੀਂ ਸੀ।

ਬਾਬਲ ਦੇ ਰਾਜਾ ਨਬੂਕਦਨੱਸਰ ਨੇ ਕਈ ਵੱਡੇ-ਵੱਡੇ ਲੋਕਾਂ ਨੂੰ ਇਸ ਮੂਰਤੀ ਦੀ ਪੂਜਾ ਕਰਨ ਲਈ ਸੱਦਿਆ ਸੀ। ਉਸ ਨੇ ਕਿਹਾ ਸੀ ਕਿ ‘ਜਦੋਂ ਤੁਸੀਂ ਤੁਰ੍ਹੀ, ਸਾਰੰਗੀ ਅਤੇ ਦੂਜੇ ਵਾਜਿਆਂ ਦੀ ਆਵਾਜ਼ ਸੁਣੋ, ਤਾਂ ਇਸ ਸੋਨੇ ਦੀ ਮੂਰਤ ਨੂੰ ਮੱਥਾ ਟੇਕਿਓ। ਅਤੇ ਜਿਹੜਾ ਬੰਦਾ ਇਸ ਹੁਕਮ ਨੂੰ ਨਾ ਮੰਨੇਗਾ, ਉਸ ਨੂੰ ਉਸੇ ਸਮੇਂ ਬਲਦੀ ਭੱਠੀ ਵਿਚ ਸੁੱਟ ਦਿੱਤਾ ਜਾਵੇਗਾ।’

ਨਬੂਕਦਨੱਸਰ ਨੂੰ ਜਦ ਪਤਾ ਲੱਗਾ ਕਿ ਸ਼ਦਰਕ, ਮੇਸ਼ਕ ਅਤੇ ਅਬੇਦ-ਨਗੋ ਨੇ ਮੂਰਤੀ ਨੂੰ ਮੱਥਾ ਨਹੀਂ ਟੇਕਿਆ, ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਉਨ੍ਹਾਂ ਨੂੰ ਆਪਣੇ ਕੋਲ ਸੱਦਿਆ ਅਤੇ ਉਨ੍ਹਾਂ ਨੂੰ ਮੂਰਤ ਅੱਗੇ ਮੱਥਾ ਟੇਕਣ ਦਾ ਇਕ ਹੋਰ ਮੌਕਾ ਦਿੱਤਾ। ਪਰ ਇਨ੍ਹਾਂ ਨੌਜਵਾਨਾਂ ਨੇ ਯਹੋਵਾਹ ਤੇ ਭਰੋਸਾ ਰੱਖਿਆ। ਉਨ੍ਹਾਂ ਨੇ ਕਿਹਾ: ‘ਸਾਡਾ ਪਰਮੇਸ਼ੁਰ ਜਿਸ ਦੀ ਅਸੀਂ ਭਗਤੀ ਕਰਦੇ ਹਾਂ, ਉਹ ਸਾਨੂੰ ਬਚਾ ਸਕਦਾ ਹੈ। ਅਤੇ ਜੇ ਉਹ ਨਾ ਵੀ ਬਚਾਵੇ, ਤਾਂ ਵੀ ਅਸੀਂ ਤੁਹਾਡੀ ਇਸ ਸੋਨੇ ਦੀ ਮੂਰਤੀ ਨੂੰ ਮੱਥਾ ਨਹੀਂ ਟੇਕਾਂਗੇ।’

ਇਹ ਸੁਣ ਕੇ ਤਾਂ ਨਬੂਕਦਨੱਸਰ ਦਾ ਗੁੱਸਾ ਹੋਰ ਭੜਕ ਉੱਠਿਆ। ਉਸ ਨੇ ਹੁਕਮ ਦਿੱਤਾ: ‘ਭੱਠੀ ਨੂੰ ਪਹਿਲਾਂ ਨਾਲੋਂ ਸੱਤ ਗੁਣਾ ਹੋਰ ਗਰਮ ਕਰ ਦਿਓ!’ ਫਿਰ ਉਸ ਨੇ ਆਪਣੇ ਸਭ ਤੋਂ ਤਕੜੇ ਆਦਮੀਆਂ ਨੂੰ ਕਿਹਾ ਕਿ ਉਹ ਸ਼ਦਰਕ, ਮੇਸ਼ਕ ਅਤੇ ਅਬੇਦ-ਨਗੋ ਨੂੰ ਬੰਨ੍ਹ ਕੇ ਭੱਠੀ ਵਿਚ ਸੁੱਟ ਦੇਣ। ਪਰ ਭੱਠੀ ਇੰਨੀ ਤਪਦੀ ਸੀ ਕਿ ਉਸ ਦੀਆਂ ਲਾਟਾਂ ਨੇ ਇਨ੍ਹਾਂ ਤਕੜੇ ਆਦਮੀਆਂ ਨੂੰ ਭਸਮ ਕਰ ਦਿੱਤਾ। ਹੁਣ ਆਓ ਆਪਾਂ ਦੇਖੀਏ ਕਿ ਉਨ੍ਹਾਂ ਤਿੰਨਾਂ ਨੌਜਵਾਨਾਂ ਨਾਲ ਕੀ ਹੋਇਆ ਜਿਨ੍ਹਾਂ ਨੂੰ ਭੱਠੀ ਵਿਚ ਸੁੱਟਿਆ ਗਿਆ ਸੀ।

ਰਾਜੇ ਨੇ ਜਦ ਭੱਠੀ ਅੰਦਰ ਝਾਕ ਕੇ ਦੇਖਿਆ, ਤਾਂ ਉਹ ਹੱਕਾ-ਬੱਕਾ ਰਹਿ ਗਿਆ। ਉਸ ਨੇ ਪੁੱਛਿਆ: ‘ਕੀ ਅਸੀਂ ਤਿੰਨ ਆਦਮੀਆਂ ਨੂੰ ਬੰਨ੍ਹ ਕੇ ਬਲਦੀ ਭੱਠੀ ਵਿਚ ਨਹੀਂ ਸੁੱਟਿਆ ਸੀ?’

ਉਸ ਦੇ ਸੇਵਕ ਨੇ ਜਵਾਬ ਦਿੱਤਾ: ‘ਜੀ ਹਾਂ, ਅਸੀਂ ਸੁੱਟਿਆ ਸੀ।’

ਫਿਰ ਰਾਜੇ ਨੇ ਜਵਾਬ ਦਿੱਤਾ: ‘ਪਰ ਮੈਂ ਤਾਂ ਅੱਗ ਵਿਚ ਚਾਰ ਆਦਮੀਆਂ ਨੂੰ ਤੁਰਦੇ-ਫਿਰਦੇ ਦੇਖਦਾ ਹਾਂ। ਉਹ ਨਾ ਬੰਨ੍ਹੇ ਹੋਏ ਹਨ ਅਤੇ ਨਾ ਹੀ ਅੱਗ ਦਾ ਉਨ੍ਹਾਂ ਤੇ ਕੋਈ ਅਸਰ ਪੈ ਰਿਹਾ ਹੈ। ਅਤੇ ਚੌਥਾ ਆਦਮੀ ਤਾਂ ਦੇਵਤੇ ਜਿਹਾ ਦਿੱਸਦਾ ਹੈ।’ ਰਾਜੇ ਨੇ ਭੱਠੀ ਦੇ ਦਰਵਾਜ਼ੇ ਕੋਲ ਜਾ ਕੇ ਆਵਾਜ਼ ਦਿੱਤੀ: ‘ਸ਼ਦਰਕ! ਮੇਸ਼ਕ! ਅਬੇਦ-ਨਗੋ! ਹੇ ਅੱਤ ਮਹਾਨ ਪਰਮੇਸ਼ੁਰ ਦੇ ਸੇਵਕੋ, ਬਾਹਰ ਆ ਜਾਓ!’

ਜਦ ਉਹ ਭੱਠੀ ਵਿੱਚੋਂ ਬਾਹਰ ਨਿਕਲੇ, ਤਾਂ ਸਾਰੇ ਲੋਕ ਦੇਖ ਸਕੇ ਕਿ ਅੱਗ ਨੇ ਉਨ੍ਹਾਂ ਦਾ ਕੁਝ ਵੀ ਨਹੀਂ ਵਿਗਾੜਿਆ। ਫਿਰ ਰਾਜੇ ਨੇ ਕਿਹਾ: ‘ਸ਼ਦਰਕ, ਮੇਸ਼ਕ ਅਤੇ ਅਬੇਦ-ਨਗੋ ਦਾ ਪਰਮੇਸ਼ੁਰ ਮੁਬਾਰਕ ਹੋਵੇ! ਉਸ ਨੇ ਆਪਣਾ ਫ਼ਰਿਸ਼ਤਾ ਭੇਜ ਕੇ ਉਨ੍ਹਾਂ ਨੂੰ ਬਚਾਇਆ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਤੋਂ ਸਿਵਾਇ ਕਿਸੇ ਹੋਰ ਦੇਵਤੇ ਅੱਗੇ ਮੱਥਾ ਨਹੀਂ ਟੇਕਿਆ ਅਤੇ ਨਾ ਹੀ ਪੂਜਾ ਕੀਤੀ ਹੈ।’

ਸਾਨੂੰ ਵੀ ਇਨ੍ਹਾਂ ਨੌਜਵਾਨਾਂ ਦੀ ਤਰ੍ਹਾਂ ਹਮੇਸ਼ਾ ਆਪਣੇ ਪਰਮੇਸ਼ੁਰ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ।