ਕਹਾਣੀ 81
ਪਰਮੇਸ਼ੁਰ ਤੇ ਭਰੋਸਾ ਰੱਖਣਾ
ਹਜ਼ਾਰਾਂ ਲੋਕਾਂ ਨੇ ਬਾਬਲ ਤੋਂ ਯਰੂਸ਼ਲਮ ਦਾ ਲੰਬਾ ਸਫ਼ਰ ਤੈਅ ਕੀਤਾ। ਯਰੂਸ਼ਲਮ ਪਹੁੰਚ ਕੇ ਇਸਰਾਏਲੀਆਂ ਨੇ ਦੇਖਿਆ ਕੇ ਸਾਰਾ ਸ਼ਹਿਰ ਵਿਰਾਨ ਪਿਆ ਸੀ। ਉਨ੍ਹਾਂ ਨੂੰ ਸਭ ਕੁਝ ਨਵੇਂ ਸਿਰਿਓਂ ਬਣਾਉਣਾ ਪੈਣਾ ਸੀ।
ਯਰੂਸ਼ਲਮ ਵਿਚ ਸਭ ਤੋਂ ਪਹਿਲਾਂ ਇਸਰਾਏਲੀਆਂ ਨੇ ਇਕ ਜਗਵੇਦੀ ਬਣਾਈ ਤਾਂਕਿ ਉਹ ਇਸ ਤੇ ਯਹੋਵਾਹ ਲਈ ਜਾਨਵਰਾਂ ਦੀਆਂ ਬਲੀਆਂ ਜਾਂ ਹੋਰ ਭੇਟਾਂ ਚੜ੍ਹਾ ਸਕਣ। ਫਿਰ ਉਨ੍ਹਾਂ ਨੇ ਥੋੜ੍ਹੇ ਕੁ ਮਹੀਨਿਆਂ ਬਾਅਦ ਹੈਕਲ ਬਣਾਉਣ ਦਾ ਕੰਮ ਚਾਲੂ ਕਰ ਦਿੱਤਾ। ਪਰ ਆਂਢ-ਗੁਆਂਢ ਦੇ ਦੇਸ਼ ਉਨ੍ਹਾਂ ਦਾ ਇਹ ਕੰਮ ਦੇਖ ਕੇ ਜ਼ਰਾ ਵੀ ਖ਼ੁਸ਼ ਨਹੀਂ ਸਨ। ਇਸ ਲਈ ਉਨ੍ਹਾਂ ਨੇ ਇਸਰਾਏਲੀਆਂ ਨੂੰ ਡਰਾ-ਧਮਕਾ ਕੇ ਕੰਮ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ। ਜਦ ਉਨ੍ਹਾਂ ਦੀ ਹਰ ਕੋਸ਼ਿਸ਼ ਬੇਕਾਰ ਗਈ, ਤਾਂ ਉਨ੍ਹਾਂ ਨੇ ਫ਼ਾਰਸ ਦੇ ਨਵੇਂ ਰਾਜੇ ਤੇ ਜ਼ੋਰ ਪਾ ਕੇ ਇਕ ਕਾਨੂੰਨ ਬਣਵਾ ਲਿਆ। ਇਸ ਕਾਨੂੰਨ ਮੁਤਾਬਕ ਇਸਰਾਏਲੀਆਂ ਨੂੰ ਆਪਣਾ ਕੰਮ ਰੋਕਣਾ ਪਿਆ।
ਇੱਦਾਂ ਹੀ ਕਈ ਸਾਲ ਲੰਘ ਗਏ। ਇਸਰਾਏਲੀਆਂ ਨੂੰ ਬਾਬਲ ਤੋਂ ਵਾਪਸ ਆਇਆਂ ਨੂੰ 17 ਸਾਲ ਹੋ ਚੁੱਕੇ ਸਨ। ਯਹੋਵਾਹ ਨੇ ਆਪਣੇ ਨਬੀ ਹੱਜਈ ਅਤੇ ਜ਼ਕਰਯਾਹ ਰਾਹੀਂ ਲੋਕਾਂ ਨੂੰ ਯਰੂਸ਼ਲਮ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਨੇ ਕਿਸੇ ਵੀ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਯਹੋਵਾਹ ਤੇ ਭਰੋਸਾ ਰੱਖਿਆ ਅਤੇ ਕੰਮ ਸ਼ੁਰੂ ਕਰ ਦਿੱਤਾ।
ਫ਼ਾਰਸ ਦੇ ਤਤਨਈ ਨਾਮ ਦੇ ਇਕ ਅਧਿਕਾਰੀ ਨੇ ਇਸਰਾਏਲੀਆਂ ਨੂੰ ਆ ਕੇ ਪੁੱਛਿਆ ਕਿ ‘ਤੁਹਾਨੂੰ ਇਹ ਕੰਮ ਕਰਨ ਦਾ ਕਿਸ ਨੇ ਹੱਕ ਦਿੱਤਾ ਹੈ?’ ਇਸਰਾਏਲੀਆਂ ਨੇ ਉਸ ਨੂੰ ਦੱਸਿਆ ਕਿ ਜਦ ਉਹ ਬਾਬਲ ਵਿਚ ਸਨ, ਤਾਂ ਖੋਰਸ ਰਾਜੇ ਨੇ ਉਨ੍ਹਾਂ ਨੂੰ ਕਿਹਾ ਸੀ: ‘ਯਰੂਸ਼ਲਮ ਨੂੰ ਜਾਓ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਹੈਕਲ ਬਣਾਓ।’
ਇਹ ਜਾਣਨ ਲਈ ਕਿ ਇਸਰਾਏਲੀਆਂ ਦੀ ਗੱਲ ਵਿਚ ਕਿੰਨੀ ਕੁ ਸੱਚਾਈ ਸੀ, ਤਤਨਈ ਨੇ ਫ਼ਾਰਸ ਦੇ ਰਾਜੇ ਨੂੰ ਚਿੱਠੀ ਲਿਖੀ। ਖੋਰਸ ਦੀ ਤਾਂ ਮੌਤ ਹੋ ਚੁੱਕੀ ਸੀ, ਪਰ ਉਸ ਦੀ ਥਾਂ ਤੇ ਰਾਜ ਕਰ ਰਹੇ ਰਾਜੇ ਨੇ ਤਤਨਈ ਨੂੰ ਵਾਪਸ ਚਿੱਠੀ ਲਿਖੀ। ਉਸ ਨੇ ਲਿਖਿਆ: ‘ਇਸਰਾਏਲੀਆਂ ਨੂੰ ਆਪਣੇ ਪਰਮੇਸ਼ੁਰ ਦੀ ਹੈਕਲ ਬਣਾਉਣ ਦਿਓ ਅਤੇ ਮੈਂ ਤੈਨੂੰ ਉਨ੍ਹਾਂ ਦੀ ਮਦਦ ਕਰਨ ਦਾ ਹੁਕਮ ਦਿੰਦਾ ਹਾਂ।’ ਫਿਰ ਤਕਰੀਬਨ ਚੌਹਾਂ ਸਾਲਾਂ ਵਿਚ ਹੈਕਲ ਦਾ ਕੰਮ ਖ਼ਤਮ ਹੋ ਗਿਆ। ਇਸ ਲਈ ਇਸਰਾਏਲੀ ਬਹੁਤ ਖ਼ੁਸ਼ ਸਨ।
ਸਮਾਂ ਲੰਘਦਾ ਗਿਆ। ਹੈਕਲ ਨੂੰ ਬਣੇ ਹੁਣ ਤਕਰੀਬਨ 48 ਸਾਲ ਹੋ ਚੁੱਕੇ ਸਨ। ਯਰੂਸ਼ਲਮ ਦੇ ਲੋਕ ਗ਼ਰੀਬੀ ਵਿਚ ਦਿਨ ਕੱਟ ਰਹੇ ਸਨ। ਸ਼ਹਿਰ ਅਤੇ ਹੈਕਲ ਦੀ ਵੀ ਬੜੀ ਮਾੜੀ ਹਾਲਤ ਹੋ ਗਈ ਸੀ। ਇਸ ਗੱਲ ਦੀ ਖ਼ਬਰ ਬਾਬਲ ਵਿਚ ਅਜ਼ਰਾ ਨਾਮ ਦੇ ਇਕ ਇਸਰਾਏਲੀ ਨੂੰ ਮਿਲੀ। ਜਦ ਉਸ ਨੂੰ ਪਤਾ ਲੱਗਾ ਕਿ ਯਹੋਵਾਹ ਦੀ ਹੈਕਲ ਦੀ ਮੁਰੰਮਤ ਕਰਨ ਦੀ ਲੋੜ ਹੈ, ਤਾਂ ਤੁਹਾਨੂੰ ਪਤਾ ਉਸ ਨੇ ਕੀ ਕੀਤਾ?
ਉਸ ਨੇ ਇਸ ਬਾਰੇ ਫ਼ਾਰਸ ਦੇ ਰਾਜੇ ਅਰਤਹਸ਼ਸ਼ਤਾ ਨਾਲ ਗੱਲ ਕੀਤੀ। ਇਸ ਚੰਗੇ ਰਾਜੇ ਨੇ ਅਜ਼ਰਾ ਨੂੰ ਹੈਕਲ ਦੀ ਮੁਰੰਮਤ ਕਰਨ ਲਈ ਕਾਫ਼ੀ ਚੀਜ਼ਾਂ ਦਿੱਤੀਆਂ। ਅਜ਼ਰਾ ਨੇ ਬਾਬਲ ਵਿਚ ਰਹਿ ਰਹੇ ਇਸਰਾਏਲੀਆਂ ਨੂੰ ਕਿਹਾ ਕਿ ਉਹ ਇਹ ਸਭ ਚੀਜ਼ਾਂ ਯਰੂਸ਼ਲਮ ਨੂੰ ਲੈ ਜਾਣ ਵਿਚ ਉਸ ਦੀ ਮਦਦ ਕਰਨ। ਲਗਭਗ 6,000 ਲੋਕ ਅਜ਼ਰਾ ਦੀ ਮਦਦ ਕਰਨ ਲਈ ਤਿਆਰ ਹੋ ਗਏ। ਉਨ੍ਹਾਂ ਕੋਲ ਸੋਨਾ, ਚਾਂਦੀ ਅਤੇ ਕਈ ਹੋਰ ਕੀਮਤੀ ਚੀਜ਼ਾਂ ਵੀ ਸਨ।
ਪਰ ਅਜ਼ਰਾ ਨੂੰ ਇਕ ਗੱਲ ਕਾਫ਼ੀ ਪਰੇਸ਼ਾਨ ਕਰ ਰਹੀ ਸੀ। ਉਸ ਨੂੰ ਡਰ ਸੀ ਕਿ ਰਾਹ ਵਿਚ ਚੋਰ ਕਿਤੇ ਉਨ੍ਹਾਂ ਨੂੰ ਲੁੱਟ ਕੇ ਮਾਰ ਨਾ ਦੇਣ। ਇਸ ਲਈ ਅਜ਼ਰਾ ਨੇ ਸਾਰੇ ਲੋਕਾਂ ਨੂੰ ਇਕੱਠੇ ਕੀਤਾ। ਤੁਸੀਂ ਉਨ੍ਹਾਂ ਸਾਰਿਆਂ ਨੂੰ ਤਸਵੀਰ ਵਿਚ ਦੇਖ ਸਕਦੇ ਹੋ। ਫਿਰ ਉਨ੍ਹਾਂ ਨੇ ਯਹੋਵਾਹ ਅੱਗੇ ਅਰਦਾਸ ਕੀਤੀ ਕਿ ਉਹ ਉਨ੍ਹਾਂ ਦੀ ਇਸ ਲੰਬੇ ਸਫ਼ਰ ਦੌਰਾਨ ਮਦਦ ਕਰੇ।
ਯਹੋਵਾਹ ਨੇ ਉਨ੍ਹਾਂ ਦੀ ਰੱਖਿਆ ਕੀਤੀ ਅਤੇ ਉਹ ਚਾਰ ਮਹੀਨਿਆਂ ਦਾ ਸਫ਼ਰ ਤੈਅ ਕਰ ਕੇ ਸਹੀ-ਸਲਾਮਤ ਯਰੂਸ਼ਲਮ ਪਹੁੰਚ ਗਏ। ਅਸੀਂ ਇਸ ਤੋਂ ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਦੀ ਰੱਖਿਆ ਕਰਦਾ ਹੈ ਜੋ ਉਸ ਤੇ ਭਰੋਸਾ ਰੱਖਦੇ ਹਨ।