Skip to content

Skip to table of contents

ਕਹਾਣੀ 83

ਯਰੂਸ਼ਲਮ ਦੀਆਂ ਕੰਧਾਂ

ਯਰੂਸ਼ਲਮ ਦੀਆਂ ਕੰਧਾਂ

ਸਾਰੇ ਲੋਕ ਦੇਖੋ ਕਿਸੇ ਨਾ ਕਿਸੇ ਕੰਮ ਵਿਚ ਰੁੱਝੇ ਹੋਏ ਹਨ। ਇਹ ਲੋਕ ਇਸਰਾਏਲੀ ਹਨ ਅਤੇ ਯਰੂਸ਼ਲਮ ਦੀਆਂ ਕੰਧਾਂ ਬਣਾ ਰਹੇ ਹਨ। ਨਬੂਕਦਨੱਸਰ ਨੇ ਜਦ 152 ਸਾਲ ਪਹਿਲਾਂ ਯਰੂਸ਼ਲਮ ਨੂੰ ਤਬਾਹ ਕੀਤਾ ਸੀ, ਉਦੋਂ ਉਸ ਨੇ ਯਰੂਸ਼ਲਮ ਦੀਆਂ ਕੰਧਾਂ ਨੂੰ ਵੀ ਢਾਹ ਦਿੱਤਾ ਸੀ ਅਤੇ ਫਾਟਕਾਂ ਨੂੰ ਸਾੜ ਸੁੱਟਿਆ ਸੀ। ਇਸਰਾਏਲੀ ਜਦ ਬਾਬਲ ਤੋਂ ਵਾਪਸ ਯਰੂਸ਼ਲਮ ਆਏ ਸਨ, ਤਾਂ ਉਨ੍ਹਾਂ ਨੇ ਯਰੂਸ਼ਲਮ ਦੀਆਂ ਕੰਧਾਂ ਨੂੰ ਨਹੀਂ ਬਣਾਇਆ।

ਕੰਧਾਂ ਨਾ ਹੋਣ ਕਰਕੇ ਸ਼ਹਿਰ ਉੱਤੇ ਕਿਸੇ ਵੀ ਵੇਲੇ ਕੋਈ ਦੁਸ਼ਮਣ ਹਮਲਾ ਕਰ ਸਕਦਾ ਸੀ। ਇਹੀ ਡਰ ਇਸਰਾਏਲੀਆਂ ਨੂੰ ਦਿਨ-ਰਾਤ ਖਾਈ ਜਾਂਦਾ ਸੀ। ਸ਼ਹਿਰ ਨੂੰ ਸੁਰੱਖਿਅਤ ਰੱਖਣ ਲਈ ਨਹਮਯਾਹ ਨੇ ਯਰੂਸ਼ਲਮ ਦੀਆਂ ਕੰਧਾਂ ਬਣਾਉਣੀਆਂ ਸ਼ੁਰੂ ਕੀਤੀਆਂ। ਪਰ ਤੁਹਾਨੂੰ ਪਤਾ ਨਹਮਯਾਹ ਕੌਣ ਸੀ?

ਨਹਮਯਾਹ ਇਕ ਇਸਰਾਏਲੀ ਸੀ ਜੋ ਸ਼ੂਸ਼ਨ ਸ਼ਹਿਰ ਵਿਚ ਰਹਿੰਦਾ ਸੀ। ਇਸੇ ਸ਼ਹਿਰ ਵਿਚ ਮਾਰਦਕਈ ਅਤੇ ਅਸਤਰ ਵੀ ਰਹਿੰਦੇ ਸਨ। ਨਹਮਯਾਹ ਰਾਜੇ ਦੇ ਮਹਿਲ ਵਿਚ ਕੰਮ ਕਰਿਆ ਕਰਦਾ ਸੀ। ਹੋ ਸਕਦਾ ਹੈ ਕਿ ਉਹ ਰਾਣੀ ਅਸਤਰ ਅਤੇ ਮਾਰਦਕਈ ਦਾ ਚੰਗਾ ਦੋਸਤ ਸੀ। ਪਰ ਬਾਈਬਲ ਇਹ ਨਹੀਂ ਕਹਿੰਦੀ ਕਿ ਨਹਮਯਾਹ ਅਸਤਰ ਦੇ ਪਤੀ ਰਾਜਾ ਅਹਸ਼ਵੇਰੋਸ਼ ਲਈ ਕੰਮ ਕਰਦਾ ਸੀ, ਬਲਕਿ ਉਹ ਉਸ ਤੋਂ ਅਗਲੇ ਰਾਜੇ ਅਰਤਹਸ਼ਸ਼ਤਾ ਲਈ ਕੰਮ ਕਰਦਾ ਸੀ।

ਕੀ ਤੁਹਾਨੂੰ ਅਰਤਹਸ਼ਸ਼ਤਾ ਬਾਰੇ ਯਾਦ ਹੈ? ਇਹ ਉਹੀ ਚੰਗਾ ਰਾਜਾ ਹੈ ਜਿਸ ਨੇ ਅਜ਼ਰਾ ਨੂੰ ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਦੀ ਮੁਰੰਮਤ ਕਰਨ ਲਈ ਬਹੁਤ ਸਾਰਾ ਪੈਸਾ ਦਿੱਤਾ ਸੀ। ਪਰ ਅਜ਼ਰਾ ਨੇ ਯਰੂਸ਼ਲਮ ਦੀਆਂ ਢੱਠੀਆਂ ਕੰਧਾਂ ਨੂੰ ਨਹੀਂ ਬਣਾਇਆ। ਆਓ ਦੇਖੀਏ ਨਹਮਯਾਹ ਨੇ ਇਸ ਕੰਮ ਨੂੰ ਕਿਵੇਂ ਪੂਰਾ ਕੀਤਾ ਸੀ।

ਅਰਤਹਸ਼ਸ਼ਤਾ ਨੇ ਕੁਝ 13 ਸਾਲ ਪਹਿਲਾਂ ਅਜ਼ਰਾ ਨੂੰ ਯਹੋਵਾਹ ਦੀ ਹੈਕਲ ਦੀ ਮੁਰੰਮਤ ਕਰਨ ਲਈ ਪੈਸੇ ਦਿੱਤੇ ਸਨ। ਨਹਮਯਾਹ ਅਰਤਹਸ਼ਸ਼ਤਾ ਦਾ ਪ੍ਰਮੁੱਖ ਸਾਕੀ ਸੀ ਜੋ ਕਿ ਇਕ ਭਾਰੀ ਜ਼ਿੰਮੇਵਾਰੀ ਸੀ। ਰਾਜੇ ਦੇ ਮੈ ਪੀਣ ਤੋਂ ਪਹਿਲਾਂ ਨਹਮਯਾਹ ਇਸ ਨੂੰ ਪੀਂਦਾ ਸੀ, ਤਾਂਕਿ ਕੋਈ ਵੀ ਮੈ ਵਿਚ ਜ਼ਹਿਰ ਮਿਲਾ ਕੇ ਰਾਜੇ ਨੂੰ ਮਾਰ ਨਾ ਦੇਵੇ।

ਇਕ ਦਿਨ ਕੀ ਹੋਇਆ ਕਿ ਨਹਮਯਾਹ ਦਾ ਭਰਾ ਹਨਾਨੀ ਅਤੇ ਉਸ ਨਾਲ ਕੁਝ ਹੋਰ ਇਸਰਾਏਲੀ ਨਹਮਯਾਹ ਨੂੰ ਮਿਲਣ ਵਾਸਤੇ ਯਰੂਸ਼ਲਮ ਤੋਂ ਸ਼ੂਸ਼ਨ ਆਏ। ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਇਸਰਾਏਲੀ ਯਰੂਸ਼ਲਮ ਵਿਚ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਜੇ ਤਕ ਕਿਸੇ ਨੇ ਵੀ ਸ਼ਹਿਰ ਦੀਆਂ ਕੰਧਾਂ ਨਹੀਂ ਬਣਾਈਆਂ ਸਨ। ਇਹ ਸਭ ਕੁਝ ਸੁਣ ਕੇ ਨਹਮਯਾਹ ਬਹੁਤ ਉਦਾਸ ਹੋਇਆ ਤੇ ਉਸ ਨੇ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ।

ਰਾਜੇ ਨੇ ਇਕ ਦਿਨ ਨਹਮਯਾਹ ਦੇ ਚਿਹਰੇ ਤੇ ਉਦਾਸੀ ਛਾਈ ਦੇਖੀ। ਉਸ ਨੇ ਉਸ ਨੂੰ ਪੁੱਛਿਆ: ‘ਤੂੰ ਇੰਨਾ ਉਦਾਸ ਕਿਉਂ ਹੈਂ?’ ਨਹਮਯਾਹ ਨੇ ਰਾਜੇ ਨੂੰ ਦੱਸਿਆ ਕਿ ‘ਮੇਰੀ ਉਦਾਸੀ ਦਾ ਕਾਰਨ ਯਰੂਸ਼ਲਮ ਸ਼ਹਿਰ ਹੈ। ਉੱਥੇ ਅਜੇ ਵੀ ਬਹੁਤ ਸਾਰਾ ਕੰਮ ਕਰਨ ਨੂੰ ਪਿਆ ਹੈ। ਅਤੇ ਕੰਧਾਂ ਡਿਗੀਆਂ ਪਈਆਂ ਹਨ।’ ਫਿਰ ਰਾਜੇ ਨੇ ਉਸ ਨੂੰ ਪੁੱਛਿਆ: ‘ਤੂੰ ਕੀ ਚਾਹੁੰਦਾ ਹੈਂ?’

ਨਹਮਯਾਹ ਨੇ ਜਵਾਬ ਦਿੱਤਾ ਕਿ ‘ਤੁਸੀਂ ਮੈਨੂੰ ਯਰੂਸ਼ਲਮ ਨੂੰ ਜਾਣ ਦਿਓ ਤਾਂਕਿ ਮੈਂ ਕੰਧਾਂ ਨੂੰ ਦੁਬਾਰਾ ਬਣਾ ਸਕਾਂ।’ ਅਰਤਹਸ਼ਸ਼ਤਾ ਬਹੁਤ ਚੰਗਾ ਰਾਜਾ ਸੀ। ਉਸ ਨੇ ਨਹਮਯਾਹ ਨੂੰ ਨਾ ਸਿਰਫ਼ ਜਾਣ ਦੀ ਇਜਾਜ਼ਤ ਦਿੱਤੀ, ਸਗੋਂ ਉਸ ਨੂੰ ਉਸਾਰੀ ਦੇ ਕੰਮ ਲਈ ਲੱਕੜਾਂ ਵੀ ਦਿੱਤੀਆਂ। ਇਸ ਤੋਂ ਜਲਦੀ ਬਾਅਦ ਨਹਮਯਾਹ ਯਰੂਸ਼ਲਮ ਨੂੰ ਆ ਗਿਆ ਅਤੇ ਉਸ ਨੇ ਲੋਕਾਂ ਨੂੰ ਆਪਣੇ ਇਰਾਦੇ ਬਾਰੇ ਦੱਸਿਆ। ਇਸ ਨੂੰ ਸੁਣ ਕੇ ਲੋਕ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਕਿਹਾ: ‘ਆਓ ਆਪਾਂ ਕੰਧਾਂ ਬਣਾਉਣ ਦਾ ਕੰਮ ਸ਼ੁਰੂ ਕਰੀਏ।’

ਜਦ ਇਸਰਾਏਲੀਆਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਕੰਧਾਂ ਬਣਾਉਂਦੇ ਦੇਖਿਆ, ਤਾਂ ਉਨ੍ਹਾਂ ਨੇ ਕਿਹਾ: ‘ਅਸੀਂ ਜਾ ਕੇ ਉਨ੍ਹਾਂ ਨੂੰ ਮਾਰ ਸੁੱਟਾਂਗੇ ਅਤੇ ਕੰਮ ਨੂੰ ਰੋਕ ਦਿਆਂਗੇ।’ ਪਰ ਨਹਮਯਾਹ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਉਸ ਨੇ ਮਜ਼ਦੂਰਾਂ ਨੂੰ ਤਲਵਾਰਾਂ ਅਤੇ ਬਰਛੀਆਂ ਦਿੱਤੀਆਂ ਅਤੇ ਕਿਹਾ: ‘ਆਪਣੇ ਦੁਸ਼ਮਣਾਂ ਤੋਂ ਨਾ ਡਰੋ। ਸਗੋਂ ਆਪਣੇ ਭਰਾਵਾਂ, ਆਪਣੇ ਬੱਚਿਆਂ, ਆਪਣੀਆਂ ਪਤਨੀਆਂ ਅਤੇ ਆਪਣੇ ਘਰਾਂ ਲਈ ਲੜੋ।’

ਲੋਕ ਹਥਿਆਰਾਂ ਨਾਲ ਆਪਣੇ ਦੁਸ਼ਮਣਾਂ ਦਾ ਸਾਮ੍ਹਣਾ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ। ਉਹ ਦਿਨ-ਰਾਤ ਉਸਾਰੀ ਦੇ ਕੰਮ ਵਿਚ ਲੱਗੇ ਰਹੇ। ਸਿਰਫ਼ 52 ਦਿਨਾਂ ਵਿਚ ਹੀ ਉਨ੍ਹਾਂ ਨੇ ਯਰੂਸ਼ਲਮ ਦੀਆਂ ਕੰਧਾਂ ਖੜ੍ਹੀਆਂ ਕਰ ਦਿੱਤੀਆਂ। ਹੁਣ ਲੋਕ ਸ਼ਹਿਰ ਵਿਚ ਸੁਰੱਖਿਅਤ ਸਨ। ਨਹਮਯਾਹ ਅਤੇ ਅਜ਼ਰਾ ਨੇ ਲੋਕਾਂ ਨੂੰ ਯਹੋਵਾਹ ਦੇ ਹੁਕਮਾਂ ਬਾਰੇ ਸਿਖਾਇਆ ਅਤੇ ਸਾਰੇ ਲੋਕ ਬਹੁਤ ਖ਼ੁਸ਼ ਸਨ।

ਪਰ ਇਸਰਾਏਲੀਆਂ ਦੀ ਹਾਲਤ ਅਜੇ ਵੀ ਪਹਿਲਾਂ ਵਰਗੀ ਨਹੀਂ ਸੀ। ਬਾਬਲ ਦੇ ਗ਼ੁਲਾਮ ਬਣਨ ਤੋਂ ਪਹਿਲਾਂ ਉਹ ਯਰੂਸ਼ਲਮ ਵਿਚ ਵਧੀਆ ਜ਼ਿੰਦਗੀ ਜੀ ਰਹੇ ਸਨ। ਪਰ ਹੁਣ ਲੋਕਾਂ ਨੂੰ ਫ਼ਾਰਸ ਦੇ ਰਾਜੇ ਦੀ ਹਕੂਮਤ ਅਧੀਨ ਰਹਿਣਾ ਪੈ ਰਿਹਾ ਸੀ। ਉਨ੍ਹਾਂ ਨੂੰ ਉਸ ਦਾ ਹਰ ਇਕ ਹੁਕਮ ਮੰਨਣਾ ਪੈਂਦਾ ਸੀ। ਪਰ ਯਹੋਵਾਹ ਨੇ ਇਸਰਾਏਲੀਆਂ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਲਈ ਇਕ ਨਵਾਂ ਰਾਜਾ ਚੁਣੇਗਾ। ਇਹ ਰਾਜਾ ਸਾਰੇ ਲੋਕਾਂ ਲਈ ਖ਼ੁਸ਼ੀਆਂ ਹੀ ਖ਼ੁਸ਼ੀਆਂ ਲਿਆਵੇਗਾ। ਪਰ ਇਹ ਰਾਜਾ ਕੌਣ ਹੋਵੇਗਾ ਅਤੇ ਧਰਤੀ ਤੇ ਖ਼ੁਸ਼ੀਆਂ ਕਿਵੇਂ ਲਿਆਵੇਗਾ? ਇਸ ਬਾਰੇ ਤਕਰੀਬਨ 450 ਸਾਲਾਂ ਤਕ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਸੀ। ਪਰ ਫਿਰ ਇਕ ਬੱਚੇ ਦਾ ਜਨਮ ਹੋਇਆ ਜੋ ਬਹੁਤ ਹੀ ਅਹਿਮ ਘਟਨਾ ਸੀ। ਇਸ ਬਾਰੇ ਅਸੀਂ ਅੱਗੇ ਜਾ ਕੇ ਹੋਰ ਸਿੱਖਾਂਗੇ।