ਕਹਾਣੀ 42
ਇਕ ਗਧੀ ਨੇ ਗੱਲ ਕੀਤੀ
ਕੀ ਤੁਸੀਂ ਕਦੇ ਕਿਸੇ ਗਧੀ ਨੂੰ ਗੱਲ ਕਰਦੇ ਸੁਣਿਆ ਹੈ? ਤੁਸੀਂ ਸ਼ਾਇਦ ਕਹੋ: ‘ਨਹੀਂ, ਜਾਨਵਰ ਕਿਹੜਾ ਸਾਡੇ ਵਾਂਗ ਗੱਲ ਕਰ ਸਕਦੇ?’ ਪਰ ਬਾਈਬਲ ਵਿਚ ਇਕ ਗਧੀ ਬਾਰੇ ਦੱਸਿਆ ਗਿਆ ਹੈ ਜਿਸ ਨੇ ਗੱਲ ਕੀਤੀ ਸੀ। ਆਓ ਆਪਾਂ ਉਸ ਬਾਰੇ ਪੜ੍ਹੀਏ।
ਇਹ ਉਸ ਸਮੇਂ ਦੀ ਗੱਲ ਹੈ ਜਦ ਇਸਰਾਏਲੀ ਕਨਾਨ ਦੇਸ਼ ਵਿਚ ਜਾਣ ਲਈ ਤਿਆਰੀ ਕਰ ਰਹੇ ਸਨ। ਮੋਆਬ ਦੇਸ਼ ਦੇ ਰਾਜੇ ਬਾਲਾਕ ਨੂੰ ਇਸਰਾਏਲੀਆਂ ਦਾ ਡਰ ਖਾਈ ਜਾ ਰਿਹਾ ਸੀ। ਇਸ ਲਈ ਉਸ ਨੇ ਬਿਲਆਮ ਨਾਂ ਦੇ ਚੁਸਤ ਤੇ ਚਲਾਕ ਬੰਦੇ ਨੂੰ ਸੱਦਾ ਘੱਲਿਆ ਕਿ ਉਹ ਆ ਕੇ ਇਸਰਾਏਲੀਆਂ ਨੂੰ ਸਰਾਪ ਦੇਵੇ। ਇਸ ਦੇ ਬਦਲੇ ਰਾਜੇ ਨੇ ਬਿਲਆਮ ਨੂੰ ਬਹੁਤ ਸਾਰਾ ਪੈਸਾ ਦੇਣ ਦਾ ਵਾਅਦਾ ਕੀਤਾ। ਬਿਲਆਮ ਆਪਣੀ ਗਧੀ ਤੇ ਸਵਾਰ ਹੋ ਕੇ ਰਾਜੇ ਨੂੰ ਮਿਲਣ ਵਾਸਤੇ ਨਿਕਲ ਤੁਰਿਆ।
ਯਹੋਵਾਹ ਨਹੀਂ ਚਾਹੁੰਦਾ ਸੀ ਕਿ ਬਿਲਆਮ ਇਸਰਾਏਲ ਦੇ ਲੋਕਾਂ ਨੂੰ ਸਰਾਪ ਦੇਵੇ। ਉਸ ਨੂੰ ਰੋਕਣ ਲਈ ਯਹੋਵਾਹ ਨੇ ਇਕ ਫ਼ਰਿਸ਼ਤਾ ਭੇਜਿਆ। ਇਹ ਫ਼ਰਿਸ਼ਤਾ ਤਲਵਾਰ ਲੈ ਕੇ ਬਿਲਆਮ ਦੇ ਰਾਹ ਵਿਚ ਖੜ੍ਹ ਗਿਆ। ਬਿਲਆਮ ਫ਼ਰਿਸ਼ਤੇ ਨੂੰ ਦੇਖ ਨਹੀਂ ਸਕਦਾ ਸੀ, ਪਰ ਉਸ ਦੀ ਗਧੀ ਦੇਖ ਸਕਦੀ ਸੀ। ਫ਼ਰਿਸ਼ਤੇ ਨੂੰ ਦੇਖ ਕੇ ਗਧੀ ਪਿਛਾਂਹ ਮੁੜ ਪੈਂਦੀ ਸੀ। ਗਧੀ ਜਦ ਇੱਦਾਂ ਕਰਦੀ ਸੀ, ਤਾਂ ਬਿਲਆਮ ਗੁੱਸੇ ਹੋ ਕੇ ਉਸ ਨੂੰ ਡੰਡੇ ਨਾਲ ਕੁੱਟਣ ਲੱਗ ਪੈਂਦਾ ਸੀ। ਹਾਰ ਕੇ ਗਧੀ ਥੱਲੇ ਬੈਠ ਗਈ। ਪਰ ਬਿਲਆਮ ਅਜੇ ਵੀ ਉਸ ਨੂੰ ਮਾਰਨੋਂ ਨਾ ਹਟਿਆ।
ਫਿਰ ਯਹੋਵਾਹ ਨੇ ਗਧੀ ਨੂੰ ਬੋਲਣ ਦੀ ਯੋਗਤਾ ਦੇ ਦਿੱਤੀ। ਇਸ ਲਈ ਗਧੀ ਨੇ ਬਿਲਆਮ ਨੂੰ ਕਿਹਾ: ‘ਭਲਾ, ਮੈਂ ਤੇਰਾ ਕੀ ਵਿਗਾੜਿਆ ਹੈ ਜੋ ਤੂੰ ਮੈਨੂੰ ਕੁੱਟ ਰਿਹਾਂ ਹੈ?’
ਬਿਲਆਮ ਨੇ ਜਵਾਬ ਦਿੱਤਾ: ‘ਤੂੰ ਮੇਰਾ ਮਖੌਲ ਉਡਾਇਆ ਹੈ ਤੇ ਜੇ ਕਿਤੇ ਮੇਰੇ ਹੱਥ ਤਲਵਾਰ ਹੁੰਦੀ, ਤਾਂ ਮੈਂ ਤੈਨੂੰ ਮਾਰ ਸੁੱਟਦਾ!’
ਗਧੀ ਨੇ ਪੁੱਛਿਆ: ‘ਕੀ ਕਦੇ ਮੈਂ ਪਹਿਲਾਂ ਤੇਰੇ ਨਾਲ ਇੱਦਾਂ ਕੀਤਾ ਹੈ?’
ਬਿਲਆਮ ਨੇ ਕਿਹਾ: ‘ਨਹੀਂ।’
ਯਹੋਵਾਹ ਨੇ ਬਿਲਆਮ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਤਾਂਕਿ ਉਹ ਵੀ ਰਾਹ ਵਿਚ ਖੜ੍ਹੇ ਫ਼ਰਿਸ਼ਤੇ ਨੂੰ ਦੇਖ ਸਕੇ। ਫ਼ਰਿਸ਼ਤੇ ਨੇ ਬਿਲਆਮ ਨੂੰ ਕਿਹਾ: ‘ਤੂੰ ਆਪਣੀ ਗਧੀ ਨੂੰ ਕਿਉਂ ਮਾਰਦਾ ਹੈਂ? ਮੈਂ ਤੇਰਾ ਰਾਹ ਰੋਕਣ ਲਈ ਆਇਆ ਹਾਂ, ਤਾਂਕਿ ਤੂੰ ਇਸਰਾਏਲ ਨੂੰ ਸਰਾਪ ਨਾ ਦੇ ਸਕੇ। ਜੇ ਤੇਰੀ ਗਧੀ ਮੇਰੇ ਵੱਲੋਂ ਨਾ ਮੁੜਦੀ, ਤਾਂ ਮੈਂ ਤੈਨੂੰ ਮਾਰ ਸੁੱਟਦਾ ਪਰ ਉਸ ਨੂੰ ਕੁਝ ਨਾ ਕਰਦਾ।’
ਬਿਲਆਮ ਨੇ ਕਿਹਾ: ‘ਮੈਂ ਪਾਪ ਕੀਤਾ ਹੈ। ਮੈਂ ਨਹੀਂ ਜਾਣਦਾ ਸੀ ਕਿ ਤੁਸੀਂ ਰਾਹ ਵਿਚ ਖੜ੍ਹੇ ਹੋ।’ ਫਿਰ ਫ਼ਰਿਸ਼ਤੇ ਨੇ ਬਿਲਆਮ ਨੂੰ ਜਾਣ ਦਿੱਤਾ। ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਬਿਲਆਮ ਬਾਲਾਕ ਨੂੰ ਮਿਲਣ ਗਿਆ ਅਤੇ ਉਸ ਨੇ ਇਸਰਾਏਲੀਆਂ ਨੂੰ ਸਰਾਪ ਦੇਣ ਦੀ ਕੋਸ਼ਿਸ਼ ਕੀਤੀ। ਪਰ ਯਹੋਵਾਹ ਨੇ ਉਸ ਦੇ ਮੂੰਹੋਂ ਇਸਰਾਏਲੀਆਂ ਨੂੰ ਤਿੰਨ ਵਾਰ ਬਰਕਤਾਂ ਦੁਆਈਆਂ।