Skip to content

Skip to table of contents

ਕਹਾਣੀ 34

ਇਕ ਨਵੀਂ ਕਿਸਮ ਦਾ ਖਾਣਾ

ਇਕ ਨਵੀਂ ਕਿਸਮ ਦਾ ਖਾਣਾ

ਕੀ ਤੁਸੀਂ ਦੱਸ ਸਕਦੇ ਹੋ ਕਿ ਲੋਕੀਂ ਕੀ ਇਕੱਠਾ ਕਰ ਰਹੇ ਹਨ? ਇਹ ਚਿੱਟੇ ਰੰਗ ਦੀ ਚੀਜ਼ ਦੇਖਣ ਨੂੰ ਕੋਰੇ ਵਾਂਗ ਲੱਗਦੀ ਹੈ, ਪਰ ਇਹ ਅਸਲ ਵਿਚ ਕੋਰਾ ਨਹੀਂ, ਬਲਕਿ ਖਾਣ ਵਾਲੀ ਚੀਜ਼ ਹੈ।

ਇਸਰਾਏਲੀਆਂ ਨੂੰ ਮਿਸਰ ਛੱਡੇ ਹੁਣ ਮਹੀਨਾ ਕੁ ਹੋ ਗਿਆ ਸੀ। ਉਜਾੜ ਵਿਚ ਖਾਣੇ ਦੀ ਘਾਟ ਦੇਖ ਕੇ ਲੋਕ ਯਹੋਵਾਹ ਅੱਗੇ ਬੁੜ-ਬੁੜ ਕਰਨ ਲੱਗ ਪਏ। ਉਹ ਮੂਸਾ ਨੂੰ ਕਹਿਣ ਲੱਗੇ, ‘ਚੰਗਾ ਹੁੰਦਾ ਕਿ ਯਹੋਵਾਹ ਸਾਨੂੰ ਮਿਸਰ ਵਿਚ ਹੀ ਮਾਰ ਸੁੱਟਦਾ। ਘੱਟੋ-ਘੱਟ ਉੱਥੇ ਸਾਨੂੰ ਪੇਟ ਭਰ ਕੇ ਖਾਣ ਨੂੰ ਤਾਂ ਮਿਲਦਾ ਸੀ।’

ਫਿਰ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ, ‘ਮੈਂ ਆਕਾਸ਼ੋਂ ਤੁਹਾਡੇ ਲਈ ਖਾਣਾ ਵਰਸਾਵਾਂਗਾ।’ ਅਗਲੇ ਦਿਨ ਯਹੋਵਾਹ ਨੇ ਇੰਜ ਹੀ ਕੀਤਾ। ਸਵੇਰ ਨੂੰ ਜਦ ਇਸਰਾਏਲੀਆਂ ਨੇ ਜ਼ਮੀਨ ਤੇ ਪਈ ਬਰਫ਼ ਜਿਹੀ ਦੇਖੀ, ਤਾਂ ਉਹ ਇਕ-ਦੂਸਰੇ ਨੂੰ ਪੁੱਛਣ ਲੱਗੇ: ‘ਭਲਾ, ਇਹ ਕੀ ਹੈ?’

ਮੂਸਾ ਨੇ ਕਿਹਾ: ‘ਇਹ ਖਾਣਾ ਹੈ ਜੋ ਯਹੋਵਾਹ ਨੇ ਤੁਹਾਨੂੰ ਦਿੱਤਾ।’ ਲੋਕਾਂ ਨੇ ਇਸ ਖਾਣੇ ਨੂੰ “ਮੰਨ” ਆਖਿਆ। ਇਹ ਦਾ ਸੁਆਦ ਸ਼ਹਿਤ ਵਿਚ ਪਕਾਏ ਹੋਏ ਪੂੜੇ ਵਰਗਾ ਸੀ।

ਮੂਸਾ ਨੇ ਲੋਕਾਂ ਨੂੰ ਕਿਹਾ, ‘ਤੁਸੀਂ ਉੱਨਾ ਹੀ ਇਕੱਠਾ ਕਰਿਓ ਜਿੰਨਾ ਦਿਨ ਵਿਚ ਖਾ ਸਕਦੇ ਹੋ।’ ਰੋਜ਼ ਸਵੇਰ ਨੂੰ ਲੋਕਾਂ ਨੇ ਇੱਦਾਂ ਹੀ ਕੀਤਾ। ਸੂਰਜ ਚੜ੍ਹਨ ਤੋਂ ਬਾਅਦ ਜਿੰਨਾ ਵੀ ਮੰਨ ਜ਼ਮੀਨ ਤੇ ਪਿਆ ਰਹਿੰਦਾ ਸੀ, ਉਹ ਗਰਮੀ ਕਰਕੇ ਪਿਘਲ ਜਾਂਦਾ ਸੀ।

ਮੂਸਾ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ‘ਕੋਈ ਵੀ ਅਗਲੇ ਦਿਨ ਤਕ ਕੁਝ ਮੰਨ ਬਚਾ ਕੇ ਨਾ ਰੱਖੇ।’ ਪਰ ਕੁਝ ਲੋਕਾਂ ਨੇ ਉਸ ਦੀ ਗੱਲ ਨਾ ਮੰਨੀ। ਤੁਹਾਨੂੰ ਪਤਾ ਕੀ ਹੋਇਆ? ਦੂਜੇ ਦਿਨ ਲਈ ਇਕੱਠੇ ਕੀਤੇ ਹੋਏ ਮੰਨ ਵਿਚ ਸੁੰਡੀਆਂ ਪੈ ਗਈਆਂ ਅਤੇ ਇਸ ਵਿੱਚੋਂ ਬਦਬੂ ਆਉਣ ਲੱਗ ਪਈ!

ਪਰ ਹਫ਼ਤੇ ਦੇ ਛੇਵੇਂ ਦਿਨ ਯਹੋਵਾਹ ਨੇ ਲੋਕਾਂ ਨੂੰ ਦੋ ਦਿਨਾਂ ਜੋਗਾ ਮੰਨ ਇਕੱਠਾ ਕਰਨ ਲਈ ਕਿਹਾ। ਯਹੋਵਾਹ ਨੇ ਕਿਹਾ ਕਿ ਉਹ ਸੱਤਵੇਂ ਦਿਨ ਮੰਨ ਨਹੀਂ ਵਰਸਾਵੇਗਾ। ਹੈਰਾਨੀ ਦੀ ਗੱਲ ਇਹ ਸੀ ਕਿ ਸੱਤਵੇਂ ਦਿਨ ਮੰਨ ਵਿਚ ਸੁੰਡੀਆਂ ਨਹੀਂ ਪੈਂਦੀਆਂ ਸਨ ਤੇ ਨਾ ਹੀ ਉਸ ਵਿੱਚੋਂ ਬਦਬੂ ਆਉਂਦੀ ਸੀ। ਹੈ ਨਾ ਇਹ ਵੀ ਇਕ ਚਮਤਕਾਰ?

ਜਿੰਨੇ ਸਾਲ ਇਸਰਾਏਲੀਆਂ ਨੇ ਉਜਾੜ ਵਿਚ ਕੱਟੇ, ਉੱਨੇ ਸਾਲ ਯਹੋਵਾਹ ਨੇ ਉਨ੍ਹਾਂ ਨੂੰ ਖਾਣ ਲਈ ਮੰਨ ਦਿੱਤਾ।