ਕਹਾਣੀ 52
ਗਿਦਾਊਨ ਅਤੇ ਉਸ ਦੇ 300 ਆਦਮੀ
ਤੁਹਾਨੂੰ ਪਤਾ ਤਸਵੀਰ ਵਿਚ ਕੀ ਹੋ ਰਿਹਾ ਹੈ? ਇਹ ਸਾਰੇ ਇਸਰਾਏਲੀ ਫ਼ੌਜੀ ਹਨ ਅਤੇ ਪਾਣੀ ਕੋਲ ਖੜ੍ਹਾ ਨਿਆਈ ਗਿਦਾਊਨ ਹੈ। ਉਹ ਦੇਖ ਰਿਹਾ ਹੈ ਕਿ ਕੌਣ ਕਿਸ ਤਰੀਕੇ ਨਾਲ ਪਾਣੀ ਪੀ ਰਿਹਾ ਹੈ।
ਤਸਵੀਰ ਵੱਲ ਦੇਖੋ। ਕਈ ਆਦਮੀ ਪੂਰੀ ਤਰ੍ਹਾਂ ਝੁੱਕ ਕੇ ਪਾਣੀ ਪੀ ਰਹੇ ਹਨ। ਪਰ ਇਕ ਬੰਦਾ ਪੂਰੀ ਤਰ੍ਹਾਂ ਝੁਕਿਆ ਨਹੀਂ ਹੈ ਤੇ ਉਹ ਹੱਥ ਨਾਲ ਪਾਣੀ ਪੀ ਰਿਹਾ ਹੈ। ਪਾਣੀ ਪੀਂਦਾ-ਪੀਂਦਾ ਉਹ ਚਾਰੇ ਪਾਸੇ ਨਜ਼ਰ ਵੀ ਰੱਖ ਰਿਹਾ ਹੈ। ਗਿਦਾਊਨ ਬੰਦਿਆਂ ਨੂੰ ਧਿਆਨ ਨਾਲ ਇਸ ਲਈ ਦੇਖ ਰਿਹਾ ਸੀ ਕਿਉਂਕਿ ਯਹੋਵਾਹ ਨੇ ਉਸ ਨੂੰ ਕਿਹਾ ਸੀ ਕਿ ‘ਤੂੰ ਸਿਰਫ਼ ਉਨ੍ਹਾਂ ਬੰਦਿਆਂ ਨੂੰ ਹੀ ਲੜਾਈ ਵਿਚ ਲੈ ਕੇ ਜਾਈਂ ਜੋ ਪਾਣੀ ਪੀਂਦੇ ਹੋਏ ਚਾਰੇ ਪਾਸੇ ਨਜ਼ਰ ਵੀ ਰੱਖਣ।’ ਪਰਮੇਸ਼ੁਰ ਨੇ ਗਿਦਾਊਨ ਨੂੰ ਕਿਹਾ, ‘ਤੂੰ ਬਾਕੀ ਦੇ ਲੋਕਾਂ ਨੂੰ ਘਰ ਭੇਜ ਦੇਈਂ।’ ਆਓ ਦੇਖੀਏ ਯਹੋਵਾਹ ਨੇ ਇੱਦਾਂ ਕਿਉਂ ਕਿਹਾ ਸੀ।
ਇਸਰਾਏਲੀ ਇਕ ਵਾਰ ਫਿਰ ਮੁਸੀਬਤ ਵਿਚ ਸਨ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੀ ਗੱਲ ਨਹੀਂ ਮੰਨੀ ਸੀ। ਇਸਰਾਏਲ ਮਿਦਯਾਨੀ ਲੋਕਾਂ ਦੇ ਕਬਜ਼ੇ ਹੇਠ ਸੀ ਅਤੇ ਉਹ ਇਸਰਾਏਲੀਆਂ ਨੂੰ ਬਹੁਤ ਸਤਾ ਰਹੇ ਸਨ। ਇਸਰਾਏਲੀਆਂ ਨੇ ਫਿਰ ਤੋਂ ਮਦਦ ਲਈ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਉਨ੍ਹਾਂ ਦੀ ਸੁਣੀ।
ਇਸਰਾਏਲ ਤੇ ਚੜ੍ਹਾਈ ਕਰ ਰਹੀ ਸੈਨਾ ਵਿਚ 1,35,000 ਆਦਮੀ ਸਨ। ਯਹੋਵਾਹ ਨੇ ਵੀ ਗਿਦਾਊਨ ਨੂੰ ਇਕ ਸੈਨਾ ਤਿਆਰ ਕਰਨ ਲਈ ਕਿਹਾ। ਗਿਦਾਊਨ ਨੇ ਇਸਰਾਏਲ ਵਿੱਚੋਂ 32,000 ਫ਼ੌਜੀਆਂ ਨੂੰ ਇਕੱਠਾ ਕੀਤਾ। ਪਰ ਯਹੋਵਾਹ ਨੇ ਉਸ ਨੂੰ ਕਿਹਾ, ‘ਤੇਰੇ ਕੋਲ ਬਹੁਤ ਜ਼ਿਆਦਾ ਆਦਮੀ ਹਨ।’ ਭਲਾ ਯਹੋਵਾਹ ਨੇ ਇਸ ਤਰ੍ਹਾਂ ਕਿਉਂ ਕਿਹਾ?
ਯਹੋਵਾਹ ਨਹੀਂ ਚਾਹੁੰਦਾ ਸੀ ਕਿ ਇਸਰਾਏਲੀ ਇਹ ਸੋਚਣ ਕਿ ਲੜਾਈ ਉਨ੍ਹਾਂ ਨੇ ਆਪਣੇ ਬਲ ਤੇ ਜਿੱਤੀ ਸੀ ਤੇ ਉਨ੍ਹਾਂ ਨੂੰ ਯਹੋਵਾਹ ਦੀ ਕੋਈ ਲੋੜ ਨਹੀਂ ਸੀ। ਇਸ ਲਈ ਯਹੋਵਾਹ ਨੇ ਗਿਦਾਊਨ ਨੂੰ ਕਿਹਾ: ‘ਤੂੰ ਸਾਰੇ ਆਦਮੀਆਂ ਨੂੰ ਕਹਿ, ਜਿਹੜੇ-ਜਿਹੜੇ ਡਰਦੇ ਹਨ ਉਹ ਆਪਣੇ ਘਰਾਂ ਨੂੰ ਚਲੇ ਜਾਣ।’ ਇਹ ਗੱਲ ਸੁਣ ਕੇ 22,000 ਆਦਮੀ ਵਾਪਸ ਚਲੇ ਗਏ। ਹੁਣ ਸਿਰਫ਼ 10,000 ਆਦਮੀ ਰਹਿ ਗਏ ਸਨ ਜਿਨ੍ਹਾਂ ਨੇ 1,35,000 ਫ਼ੌਜੀਆਂ ਦਾ ਮੁਕਾਬਲਾ ਕਰਨਾ ਸੀ।
‘ਤੇਰੇ ਕੋਲ ਅਜੇ ਵੀ ਬਹੁਤ ਆਦਮੀ ਹਨ,’ ਯਹੋਵਾਹ ਨੇ ਗਿਦਾਊਨ ਨੂੰ ਕਿਹਾ। ‘ਇਸ ਲਈ ਤੂੰ ਸਾਰੇ ਆਦਮੀਆਂ ਨੂੰ ਨਦੀ ਵਿੱਚੋਂ ਪਾਣੀ ਪੀਣ ਲਈ ਕਹਿ। ਜੋ ਕੋਈ ਵੀ ਪੂਰਾ ਝੁੱਕ ਕੇ ਨਦੀ ਵਿੱਚੋਂ ਪਾਣੀ ਪੀਂਦਾ ਹੈ ਉਸ ਨੂੰ ਤੂੰ ਘਰ ਭੇਜ ਦੇਈਂ।’ ਇਸ ਤਰ੍ਹਾਂ ਕਰਨ ਨਾਲ ਸਿਰਫ਼ 300 ਆਦਮੀ ਰਹਿ ਗਏ। ਫਿਰ ਯਹੋਵਾਹ ਨੇ ਗਿਦਾਊਨ ਨਾਲ ਵਾਅਦਾ ਕੀਤਾ: ‘ਮੈਂ ਤੈਨੂੰ ਇਨ੍ਹਾਂ 300 ਆਦਮੀਆਂ ਨਾਲ ਜਿੱਤ ਦੁਆਵਾਂਗਾ ਜਿਨ੍ਹਾਂ ਨੇ ਪਾਣੀ ਪੀਂਦੇ ਸਮੇਂ ਚਾਰੇ ਪਾਸੇ ਨਜ਼ਰ ਰੱਖੀ।’
ਲੜਾਈ ਵਿਚ ਜਾਣ ਦਾ ਸਮਾਂ ਆ ਪਹੁੰਚਿਆ। ਗਿਦਾਊਨ ਨੇ 300 ਆਦਮੀਆਂ ਦੇ ਤਿੰਨ ਟੋਲੇ ਬਣਾਏ। ਗਿਦਾਊਨ ਨੇ ਹਰ ਆਦਮੀ ਨੂੰ ਤੁਰ੍ਹੀ ਅਤੇ ਘੜਾ ਦਿੱਤਾ। ਹਰ ਘੜੇ ਵਿਚ ਉਸ ਨੇ ਇਕ-ਇਕ ਮਸ਼ਾਲ ਰੱਖੀ। ਅੱਧੀ ਰਾਤ ਨੂੰ ਉਨ੍ਹਾਂ ਨੇ ਆਪਣੇ ਦੁਸ਼ਮਣਾਂ ਨੂੰ ਘੇਰਾ ਪਾ ਲਿਆ। ਸਾਰਿਆਂ ਨੇ ਇੱਕੋ ਸਮੇਂ ਤੇ ਆਪਣੀਆਂ ਤੁਰ੍ਹੀਆਂ ਵਜਾਈਆਂ ਅਤੇ ਘੜਿਆਂ ਨੂੰ ਭੰਨ ਸੁੱਟਿਆ। ਅਤੇ ਉਹ ਉੱਚੀ-ਉੱਚੀ ਚਿਲਾਉਣ ਲੱਗੇ, ‘ਲੜਾਈ ਯਹੋਵਾਹ ਤੇ ਗਿਦਾਊਨ ਦੀ!’ ਦੁਸ਼ਮਣ ਫ਼ੌਜੀਆਂ ਦੀ ਜਦ ਅੱਖ ਖੁੱਲ੍ਹੀ, ਤਾਂ ਉਹ ਘਬਰਾ ਗਏ। ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਹੋ ਰਿਹਾ ਹੈ। ਉਹ ਇੱਧਰ-ਉੱਧਰ ਭੱਜਣ ਲੱਗੇ ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਹਰਾ ਦਿੱਤਾ।