Skip to content

Skip to table of contents

ਕਹਾਣੀ 55

ਛੋਟੇ ਮੁੰਡੇ ਨੇ ਪਰਮੇਸ਼ੁਰ ਦੀ ਸੇਵਾ ਕੀਤੀ

ਛੋਟੇ ਮੁੰਡੇ ਨੇ ਪਰਮੇਸ਼ੁਰ ਦੀ ਸੇਵਾ ਕੀਤੀ

ਦੇਖੋ ਇਹ ਨਿੱਕਾ ਜਿਹਾ ਮੁੰਡਾ ਕਿੰਨਾ ਸੋਹਣਾ ਹੈ! ਇਸ ਦਾ ਨਾਂ ਸਮੂਏਲ ਹੈ। ਜਿਹੜੇ ਬੰਦੇ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਹੋਇਆ ਹੈ, ਉਹ ਏਲੀ ਹੈ। ਏਲੀ ਇਸਰਾਏਲ ਦਾ ਪ੍ਰਧਾਨ ਜਾਜਕ ਸੀ। ਸਮੂਏਲ ਦੇ ਨਾਲ ਉਸ ਦਾ ਪਿਤਾ ਅਲਕਾਨਾਹ ਅਤੇ ਮਾਤਾ ਹੰਨਾਹ ਵੀ ਹਨ। ਉਹ ਸਮੂਏਲ ਨੂੰ ਏਲੀ ਕੋਲ ਛੱਡਣ ਆਏ ਹਨ।

ਸਮੂਏਲ ਉਦੋਂ ਸਿਰਫ਼ 4-5 ਕੁ ਸਾਲਾਂ ਦਾ ਸੀ। ਉਹ ਡੇਹਰੇ ਵਿਚ ਏਲੀ ਅਤੇ ਦੂਸਰੇ ਜਾਜਕਾਂ ਨਾਲ ਰਹੇਗਾ। ਆਓ ਦੇਖੀਏ ਕਿ ਅਲਕਾਨਾਹ ਤੇ ਹੰਨਾਹ ਨੇ ਕਿਉਂ ਆਪਣੇ ਮੁੰਡੇ ਨੂੰ ਇੰਨੀ ਛੋਟੀ ਉਮਰ ਵਿਚ ਯਹੋਵਾਹ ਦੇ ਡੇਹਰੇ ਵਿਚ ਸੇਵਾ ਕਰਨ ਲਈ ਛੱਡਿਆ।

ਕੁਝ ਸਾਲ ਪਹਿਲਾਂ ਹੰਨਾਹ ਦੇ ਕੋਈ ਬੱਚਾ ਨਹੀਂ ਸੀ, ਇਸ ਲਈ ਉਹ ਬਹੁਤ ਦੁਖੀ ਰਹਿੰਦੀ ਸੀ। ਇਕ ਦਿਨ ਹੰਨਾਹ ਯਹੋਵਾਹ ਦੇ ਡੇਹਰੇ ਤੇ ਗਈ ਅਤੇ ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ: ‘ਹੇ ਯਹੋਵਾਹ, ਮੇਰੇ ਤੇ ਮਿਹਰ ਕਰ! ਜੇ ਤੂੰ ਮੈਨੂੰ ਇਕ ਪੁੱਤਰ ਦੇਵੇਂ, ਤਾਂ ਮੈਂ ਵਾਅਦਾ ਕਰਦੀ ਹਾਂ ਕਿ ਮੈਂ ਉਸ ਨੂੰ ਤੈਨੂੰ ਦੇ ਦਿਆਂਗੀ ਤਾਂ ਜੋ ਉਹ ਪੂਰੀ ਜ਼ਿੰਦਗੀ ਤੇਰੀ ਸੇਵਾ ਕਰੇ।’

ਯਹੋਵਾਹ ਨੇ ਉਹ ਦੀ ਸੁਣੀ ਅਤੇ ਕੁਝ ਮਹੀਨਿਆਂ ਬਾਅਦ ਉਸ ਦੇ ਘਰ ਸਮੂਏਲ ਨੇ ਜਨਮ ਲਿਆ। ਹੰਨਾਹ ਆਪਣੇ ਮੁੰਡੇ ਨਾਲ ਬਹੁਤ ਪਿਆਰ ਕਰਦੀ ਸੀ। ਛੋਟੀ ਉਮਰ ਤੋਂ ਹੀ ਹੰਨਾਹ ਨੇ ਸਮੂਏਲ ਨੂੰ ਯਹੋਵਾਹ ਬਾਰੇ ਸਿਖਾਇਆ। ਹੰਨਾਹ ਨੇ ਆਪਣੇ ਪਤੀ ਨੂੰ ਕਿਹਾ: ‘ਜਦ ਸਮੂਏਲ ਇੰਨਾ ਵੱਡਾ ਹੋ ਜਾਵੇ ਕਿ ਉਸ ਦਾ ਦੁੱਧ ਛੁਡਾਇਆ ਜਾਵੇ, ਤਾਂ ਮੈਂ ਉਸ ਨੂੰ ਯਹੋਵਾਹ ਦੀ ਸੇਵਾ ਕਰਨ ਲਈ ਡੇਹਰੇ ਤੇ ਲੈ ਜਾਵਾਂਗੀ।’

ਤਸਵੀਰ ਵਿਚ ਹੰਨਾਹ ਤੇ ਅਲਕਾਨਾਹ ਇਹੀ ਕਰ ਰਹੇ ਹਨ। ਸਮੂਏਲ ਛੋਟੀ ਉਮਰ ਤੋਂ ਹੀ ਯਹੋਵਾਹ ਬਾਰੇ ਸਿੱਖ ਰਿਹਾ ਸੀ, ਇਸ ਲਈ ਉਹ ਵੀ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੇ ਡੇਹਰੇ ਵਿਚ ਸੇਵਾ ਕਰਨੀ ਚਾਹੁੰਦਾ ਸੀ। ਹਰ ਸਾਲ ਸਮੂਏਲ ਦੇ ਮਾਤਾ-ਪਿਤਾ ਡੇਹਰੇ ਵਿਚ ਯਹੋਵਾਹ ਦੀ ਭਗਤੀ ਕਰਨ ਅਤੇ ਆਪਣੇ ਮੁੰਡੇ ਨੂੰ ਮਿਲਣ ਆਉਂਦੇ ਸਨ। ਹਰ ਸਾਲ ਸਮੂਏਲ ਦੀ ਮਾਂ ਉਸ ਲਈ ਇਕ ਨਵਾਂ ਚੋਗਾ ਲਿਆਉਂਦੀ ਸੀ।

ਸਮਾਂ ਗੁਜ਼ਰਦਾ ਗਿਆ ਅਤੇ ਸਮੂਏਲ ਲਗਨ ਨਾਲ ਯਹੋਵਾਹ ਦੇ ਡੇਹਰੇ ਵਿਚ ਸੇਵਾ ਕਰਦਾ ਰਿਹਾ। ਯਹੋਵਾਹ ਅਤੇ ਲੋਕ ਸਮੂਏਲ ਨੂੰ ਬਹੁਤ ਪਿਆਰ ਕਰਦੇ ਸਨ। ਪ੍ਰਧਾਨ ਜਾਜਕ ਏਲੀ ਦੇ ਮੁੰਡੇ ਹਾਫ਼ਨੀ ਅਤੇ ਫ਼ੀਨਹਾਸ ਵੀ ਜਾਜਕ ਸਨ। ਪਰ ਉਹ ਬਹੁਤ ਬੁਰੇ ਸਨ ਅਤੇ ਯਹੋਵਾਹ ਦੇ ਕਹਿਣੇ ਨਹੀਂ ਲੱਗਦੇ ਸਨ। ਉਹ ਦੂਸਰੇ ਲੋਕਾਂ ਤੋਂ ਵੀ ਬੁਰੇ ਕੰਮ ਕਰਵਾਉਂਦੇ ਸਨ। ਏਲੀ ਨੂੰ ਚਾਹੀਦਾ ਸੀ ਕਿ ਉਹ ਇਨ੍ਹਾਂ ਨੂੰ ਜਾਜਕਾਈ ਤੋਂ ਹਟਾ ਦਿੰਦਾ। ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ।

ਸਮੂਏਲ ਡੇਹਰੇ ਵਿਚ ਹੋ ਰਹੇ ਬੁਰੇ ਕੰਮ ਦੇਖ ਸਕਦਾ ਸੀ। ਪਰ ਫਿਰ ਵੀ ਉਸ ਨੇ ਇਨ੍ਹਾਂ ਕੰਮਾਂ ਕਰਕੇ ਯਹੋਵਾਹ ਦੀ ਭਗਤੀ ਕਰਨੀ ਨਹੀਂ ਛੱਡੀ। ਉਨ੍ਹਾਂ ਦਿਨਾਂ ਵਿਚ ਬਹੁਤ ਘੱਟ ਲੋਕ ਯਹੋਵਾਹ ਦੀ ਭਗਤੀ ਸੱਚੇ ਦਿਲੋਂ ਕਰ ਰਹੇ ਸਨ। ਇਸ ਲਈ ਯਹੋਵਾਹ ਨੇ ਲੰਬੇ ਸਮੇਂ ਤੋਂ ਕਿਸੇ ਇਨਸਾਨ ਨਾਲ ਗੱਲ ਨਹੀਂ ਕੀਤੀ ਸੀ। ਆਓ ਦੇਖੀਏ ਕਿ ਸਮੇਂ ਦੇ ਬੀਤਣ ਨਾਲ ਜਦ ਸਮੂਏਲ ਥੋੜ੍ਹਾ ਵੱਡਾ ਹੋ ਗਿਆ, ਤਾਂ ਇਕ ਦਿਨ ਉਸ ਨਾਲ ਕੀ ਹੋਇਆ।

ਸਮੂਏਲ ਡੇਹਰੇ ਵਿਚ ਸੁੱਤਾ ਪਿਆ ਸੀ ਤੇ ਅਚਾਨਕ ਉਸ ਨੂੰ ਇਕ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣ ਕੇ ਉਸ ਨੇ ਕਿਹਾ: ‘ਮੈਂ ਇੱਥੇ ਹਾਂ।’ ਤੇ ਫਿਰ ਉਹ ਭੱਜ ਕੇ ਏਲੀ ਕੋਲ ਚਲਾ ਗਿਆ। ਉਸ ਨੇ ਏਲੀ ਨੂੰ ਕਿਹਾ: ‘ਤੁਸੀਂ ਮੈਨੂੰ ਬੁਲਾਇਆ?’

ਏਲੀ ਨੇ ਜਵਾਬ ਦਿੱਤਾ: ‘ਮੈਂ ਤਾਂ ਤੈਨੂੰ ਨਹੀਂ ਬੁਲਾਇਆ। ਜਾ, ਜਾ ਕੇ ਸੌਂ ਜਾ।’ ਸਮੂਏਲ ਵਾਪਸ ਜਾ ਕੇ ਲੰਮਾ ਪੈ ਗਿਆ।

ਫਿਰ ਦੂਸਰੀ ਵਾਰ ਉਸ ਨੂੰ ਆਵਾਜ਼ ਸੁਣਾਈ ਦਿੱਤੀ: ‘ਸਮੂਏਲ!’ ਉਹ ਫਿਰ ਉੱਠਿਆ ਅਤੇ ਏਲੀ ਕੋਲ ਭੱਜ ਗਿਆ। ਉਸ ਨੇ ਏਲੀ ਨੂੰ ਕਿਹਾ: ‘ਤੁਸੀਂ ਮੈਨੂੰ ਬੁਲਾਇਆ?’ ਏਲੀ ਨੇ ਉੱਤਰ ਦਿੱਤਾ: ‘ਮੈਂ ਤਾਂ ਤੈਨੂੰ ਨਹੀਂ ਬੁਲਾਇਆ। ਜਾ ਪੁੱਤ ਜਾ ਕੇ ਸੌਂ ਜਾ।’ ਸਮੂਏਲ ਫਿਰ ਜਾ ਕੇ ਆਪਣੇ ਬਿਸਤਰੇ ਤੇ ਲੰਮਾ ਪੈ ਗਿਆ।

‘ਸਮੂਏਲ!’ ਤੀਜੀ ਵਾਰੀ ਆਵਾਜ਼ ਆਈ। ਸਮੂਏਲ ਫਿਰ ਉੱਠ ਕੇ ਏਲੀ ਕੋਲ ਭੱਜਾ ਗਿਆ। ਉਸ ਨੇ ਏਲੀ ਨੂੰ ਕਿਹਾ: ‘ਇਸ ਵਾਰ ਤਾਂ ਜ਼ਰੂਰ ਤੁਸੀਂ ਮੈਨੂੰ ਬੁਲਾਇਆ ਹੋਵੇਗਾ।’ ਏਲੀ ਨੂੰ ਹੁਣ ਪਤਾ ਲੱਗ ਗਿਆ ਸੀ ਕਿ ਜ਼ਰੂਰ ਯਹੋਵਾਹ ਸਮੂਏਲ ਨੂੰ ਬੁਲਾ ਰਿਹਾ ਹੈ। ਉਸ ਨੇ ਸਮੂਏਲ ਨੂੰ ਕਿਹਾ: ‘ਜਾ, ਜਾ ਕੇ ਫਿਰ ਲੰਮਾ ਪੈ ਜਾ ਅਤੇ ਜੇ ਤੈਨੂੰ ਫਿਰ ਤੋਂ ਆਵਾਜ਼ ਸੁਣਾਈ ਦੇਵੇ, ਤਾਂ ਤੂੰ ਇੰਜ ਕਹੀ: “ਹੇ ਯਹੋਵਾਹ, ਦੱਸੋ ਕਿਉਂਕਿ ਤੁਹਾਡਾ ਦਾਸ ਸੁਣ ਰਿਹਾ ਹੈ।”’

ਜਦ ਯਹੋਵਾਹ ਨੇ ਫਿਰ ਸਮੂਏਲ ਨੂੰ ਆਵਾਜ਼ ਮਾਰੀ, ਤਾਂ ਉਸ ਨੇ ਇਵੇਂ ਹੀ ਕੀਤਾ। ਯਹੋਵਾਹ ਨੇ ਸਮੂਏਲ ਨੂੰ ਦੱਸਿਆ ਕਿ ਉਹ ਏਲੀ ਅਤੇ ਉਸ ਦੇ ਮੁੰਡਿਆਂ ਨੂੰ ਸਜ਼ਾ ਦੇਵੇਗਾ। ਫਿਰ ਕੁਝ ਸਮੇਂ ਬਾਅਦ ਹਾਫ਼ਨੀ ਅਤੇ ਫ਼ੀਨਹਾਸ ਫਲਿਸਤੀਆਂ ਨਾਲ ਯੁੱਧ ਵਿਚ ਮਾਰੇ ਗਏ। ਜਦ ਇਹ ਖ਼ਬਰ ਏਲੀ ਨੇ ਸੁਣੀ, ਤਾਂ ਉਹ ਡਿੱਗ ਪਿਆ। ਡਿੱਗਣ ਨਾਲ ਉਸ ਦੀ ਧੌਣ ਟੁੱਟ ਗਈ ਅਤੇ ਉਹ ਉਸੇ ਵੇਲੇ ਮਰ ਗਿਆ। ਯਹੋਵਾਹ ਦੀ ਗੱਲ ਸੱਚ ਹੀ ਨਿਕਲੀ।

ਵੱਡਾ ਹੋ ਕੇ ਸਮੂਏਲ ਇਸਰਾਏਲ ਦਾ ਅਖ਼ੀਰਲਾ ਨਿਆਈ ਬਣਿਆ। ਸਿਆਣਾ ਹੋਣ ਤੇ ਲੋਕ ਉਸ ਨੂੰ ਕਹਿਣ ਲੱਗੇ, ‘ਸਾਡੇ ਉੱਤੇ ਇਕ ਰਾਜਾ ਠਹਿਰਾ।’ ਸਮੂਏਲ ਇੱਦਾਂ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਦਾ ਰਾਜਾ ਸਿਰਫ਼ ਯਹੋਵਾਹ ਹੈ। ਪਰ ਯਹੋਵਾਹ ਨੇ ਸਮੂਏਲ ਨੂੰ ਕਿਹਾ ਕਿ ਉਹ ਲੋਕਾਂ ਦੀ ਗੱਲ ਸੁਣੇ।