Skip to content

Skip to table of contents

ਕਹਾਣੀ 37

ਭਗਤੀ ਲਈ ਤੰਬੂ

ਭਗਤੀ ਲਈ ਤੰਬੂ

ਕੀ ਤੁਹਾਨੂੰ ਪਤਾ ਇਹ ਤਸਵੀਰ ਕਾਹਦੀ ਹੈ? ਇਹ ਯਹੋਵਾਹ ਦੀ ਭਗਤੀ ਕਰਨ ਲਈ ਇਕ ਤੰਬੂ ਹੈ। ਇਸ ਨੂੰ ਡੇਹਰਾ ਵੀ ਕਿਹਾ ਜਾਂਦਾ ਸੀ। ਮਿਸਰ ਛੱਡਣ ਤੋਂ ਇਕ ਸਾਲ ਬਾਅਦ ਇਸ ਨੂੰ ਬਣਾਇਆ ਗਿਆ ਸੀ। ਕੀ ਤੁਸੀਂ ਜਾਣਦੇ ਹੋ ਕਿ ਲੋਕਾਂ ਨੇ ਇਹ ਤੰਬੂ ਕਿਸ ਦੇ ਕਹਿਣੇ ਤੇ ਬਣਾਇਆ ਸੀ?

ਉਨ੍ਹਾਂ ਨੇ ਯਹੋਵਾਹ ਦੇ ਕਹਿਣੇ ਤੇ ਇਹ ਤੰਬੂ ਬਣਾਇਆ। ਯਹੋਵਾਹ ਨੇ ਮੂਸਾ ਨੂੰ ਸੀਨਈ ਪਹਾੜ ਉੱਤੇ ਦੱਸਿਆ ਸੀ ਕਿ ਤੰਬੂ ਨੂੰ ਕਿਵੇਂ ਬਣਾਇਆ ਜਾਵੇ। ਉਸ ਨੇ ਤੰਬੂ ਨੂੰ ਇਸ ਤਰ੍ਹਾਂ ਬਣਾਉਣ ਲਈ ਕਿਹਾ ਕਿ ਉਸ ਨੂੰ ਆਸਾਨੀ ਨਾਲ ਵੱਖ-ਵੱਖ ਹਿੱਸਿਆਂ ਵਿਚ ਕੀਤਾ ਜਾ ਸਕੇ। ਇਸ ਤਰ੍ਹਾਂ ਜਦ ਇਸਰਾਏਲੀ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਸਨ, ਤਾਂ ਉਹ ਤੰਬੂ ਨੂੰ ਨਾਲ ਲੈ ਕੇ ਜਾ ਸਕਦੇ ਸਨ। ਅਤੇ ਉਹ ਆਸਾਨੀ ਨਾਲ ਵੱਖ-ਵੱਖ ਹਿੱਸਿਆਂ ਨੂੰ ਦੁਬਾਰਾ ਜੋੜ ਕੇ ਤੰਬੂ ਨੂੰ ਖੜ੍ਹਾ ਕਰ ਲੈਂਦੇ ਸਨ।

ਤੰਬੂ ਦੇ ਅਖ਼ੀਰ ਦੇ ਛੋਟੇ ਜਿਹੇ ਕਮਰੇ ਵਿਚ ਤੁਸੀਂ ਇਕ ਡੱਬਾ ਜਾਂ ਸੰਦੂਕ ਦੇਖ ਸਕਦੇ ਹੋ। ਇਸ ਨੂੰ ਨੇਮ ਦਾ ਸੰਦੂਕ ਕਿਹਾ ਜਾਂਦਾ ਸੀ। ਇਸ ਦੇ ਦੋ ਸਿਰਿਆਂ ਉੱਤੇ ਸੋਨੇ ਦੇ ਬਣੇ ਦੋ ਦੂਤ ਜਾਂ ਕਰੂਬੀ ਸਨ। ਪਰਮੇਸ਼ੁਰ ਨੇ ਫਿਰ ਤੋਂ ਪੱਥਰ ਦੀਆਂ ਦੋ ਫੱਟੀਆਂ ਉੱਤੇ ਦਸ ਹੁਕਮ ਲਿਖੇ ਕਿਉਂਕਿ ਪਹਿਲੀਆਂ ਫੱਟੀਆਂ ਮੂਸਾ ਨੇ ਭੰਨ ਸੁੱਟੀਆਂ ਸਨ। ਇਨ੍ਹਾਂ ਫੱਟੀਆਂ ਨੂੰ ਨੇਮ ਦੇ ਸੰਦੂਕ ਵਿਚ ਰੱਖਿਆ ਗਿਆ ਸੀ। ਇਸ ਸੰਦੂਕ ਦੇ ਅੰਦਰ ਮੰਨ ਦਾ ਇਕ ਡੱਬਾ ਵੀ ਰੱਖਿਆ ਗਿਆ ਸੀ। ਤੁਹਾਨੂੰ ਯਾਦ ਹੈ ਕਿ ਮੰਨ ਕੀ ਸੀ?

ਯਹੋਵਾਹ ਨੇ ਮੂਸਾ ਦੇ ਭਰਾ ਹਾਰੂਨ ਨੂੰ ਪ੍ਰਧਾਨ ਜਾਜਕ ਵਜੋਂ ਚੁਣਿਆ। ਉਹ ਯਹੋਵਾਹ ਦੀ ਭਗਤੀ ਕਰਨ ਵਿਚ ਲੋਕਾਂ ਦੀ ਅਗਵਾਈ ਕਰਦਾ ਸੀ। ਉਸ ਦੇ ਪੁੱਤਰ ਵੀ ਜਾਜਕ ਸਨ।

ਹੁਣ ਜ਼ਰਾ ਤੰਬੂ ਦੇ ਵੱਡੇ ਕਮਰੇ ਵੱਲ ਧਿਆਨ ਦਿਓ। ਇਹ ਛੋਟੇ ਕਮਰੇ ਨਾਲੋਂ ਦੋ ਗੁਣਾ ਵੱਡਾ ਹੈ। ਕੀ ਤੁਸੀਂ ਇਸ ਦੇ ਅੰਦਰ ਪਿਆ ਡੱਬਾ ਦੇਖ ਸਕਦੇ ਹੋ ਜਿਹ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਹੈ? ਇਸ ਨੂੰ ਜਗਵੇਦੀ ਕਹਿੰਦੇ ਹਨ। ਇਸ ਉੱਤੇ ਜਾਜਕ ਧੂਪ ਧੁਖਾਉਂਦੇ ਸਨ ਜਿਸ ਦੀ ਸੋਹਣੀ ਖ਼ੁਸ਼ਬੂ ਆਉਂਦੀ ਸੀ। ਇੱਥੇ ਇਕ ਸ਼ਮਾਦਾਨ ਵੀ ਹੈ ਜਿਸ ਉੱਤੇ ਸੱਤ ਦੀਵੇ ਜਲ ਰਹੇ ਹਨ। ਕਮਰੇ ਵਿਚ ਮੇਜ਼ ਵੀ ਹੈ ਜਿਸ ਉੱਤੇ 12 ਰੋਟੀਆਂ ਪਈਆਂ ਹੋਈਆਂ ਹਨ।

ਡੇਹਰੇ ਦੇ ਵਿਹੜੇ ਵਿਚ ਇਕ ਵੱਡਾ ਕਟੋਰਾ ਹੈ। ਇਹ ਦੇ ਵਿਚ ਪਾਣੀ ਰੱਖਿਆ ਜਾਂਦਾ ਸੀ। ਜਾਜਕ ਇਸ ਪਾਣੀ ਨਾਲ ਆਪਣੇ ਹੱਥ-ਪੈਰ ਧੋਂਦੇ ਸਨ। ਇੱਥੇ ਇਕ ਵੱਡੀ ਜਗਵੇਦੀ ਵੀ ਹੈ। ਇਸ ਉੱਤੇ ਜਾਨਵਰਾਂ ਦੀ ਬਲੀ ਚੜ੍ਹਾਈ ਜਾਂਦੀ ਸੀ। ਇਹ ਤੰਬੂ ਇਸਰਾਏਲੀਆਂ ਦੇ ਡੇਹਰੇ ਦੇ ਵਿਚਕਾਰ ਖੜ੍ਹਾ ਕੀਤਾ ਜਾਂਦਾ ਸੀ ਤੇ ਇਸਰਾਏਲੀ ਇਸ ਤੰਬੂ ਦੇ ਆਲੇ-ਦੁਆਲੇ ਆਪਣੇ ਤੰਬੂਆਂ ਵਿਚ ਰਹਿੰਦੇ ਸਨ।