Skip to content

Skip to table of contents

ਕਹਾਣੀ 35

ਯਹੋਵਾਹ ਨੇ ਆਪਣੇ ਹੁਕਮ ਦਿੱਤੇ

ਯਹੋਵਾਹ ਨੇ ਆਪਣੇ ਹੁਕਮ ਦਿੱਤੇ

ਮਿਸਰ ਛੱਡਣ ਤੋਂ ਦੋ ਕੁ ਮਹੀਨੇ ਬਾਅਦ ਇਸਰਾਏਲੀ ਸੀਨਈ ਪਹਾੜ ਕੋਲ ਆਏ। ਇਸ ਪਹਾੜ ਨੂੰ ਹੋਰੇਬ ਵੀ ਕਿਹਾ ਜਾਂਦਾ ਹੈ। ਇਹ ਉਹੀ ਜਗ੍ਹਾ ਹੈ ਜਿੱਥੇ ਯਹੋਵਾਹ ਨੇ ਮੂਸਾ ਨਾਲ ਬਲਦੀ ਝਾੜੀ ਵਿੱਚੋਂ ਗੱਲ ਕੀਤੀ ਸੀ। ਪਹਾੜ ਲਾਗੇ ਲੋਕਾਂ ਨੇ ਆਪਣੇ ਤੰਬੂ ਲਾਏ ਅਤੇ ਉਹ ਇੱਥੇ ਕੁਝ ਸਮੇਂ ਵਾਸਤੇ ਰੁਕ ਗਏ।

ਮੂਸਾ ਪਹਾੜ ਉੱਪਰ ਚਲੇ ਗਿਆ ਅਤੇ ਲੋਕ ਥੱਲੇ ਉਸ ਦਾ ਇੰਤਜ਼ਾਰ ਕਰ ਰਹੇ ਸਨ। ਪਹਾੜ ਦੀ ਚੋਟੀ ਤੇ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਤੁਹਾਨੂੰ ਪਤਾ ਉਸ ਨੇ ਮੂਸਾ ਨੂੰ ਕੀ ਕਿਹਾ? ਯਹੋਵਾਹ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਇਸਰਾਏਲੀ ਉਸ ਦੇ ਕਹਿਣੇ ਵਿਚ ਰਹਿਣ ਤੇ ਉਸ ਦੀ ਖ਼ਾਸ ਪਰਜਾ ਬਣਨ। ਪਹਾੜ ਤੋਂ ਥੱਲੇ ਆ ਕੇ ਮੂਸਾ ਨੇ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਦੱਸੀਆਂ। ਲੋਕਾਂ ਨੇ ਜਵਾਬ ਦਿੱਤਾ ਕਿ ਉਹ ਵੀ ਯਹੋਵਾਹ ਦੇ ਖ਼ਾਸ ਲੋਕ ਬਣਨਾ ਚਾਹੁੰਦੇ ਸਨ। ਇਸ ਲਈ ਉਹ ਉਸ ਦੀ ਹਰ ਗੱਲ ਮੰਨਣਗੇ।

ਹੁਣ ਯਹੋਵਾਹ ਨੇ ਇਕ ਅਜੀਬ ਕੰਮ ਕੀਤਾ। ਉਸ ਨੇ ਪਹਾੜੀ ਦੀ ਚੋਟੀ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਉਸ ਵਿੱਚੋਂ ਧੂੰਆਂ ਨਿਕਲਣ ਲੱਗ ਪਿਆ। ਫਿਰ ਯਹੋਵਾਹ ਨੇ ਲੋਕਾਂ ਨਾਲ ਗੱਲ ਕੀਤੀ, ‘ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜਿਸ ਨੇ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਂਦਾ।’ ਫਿਰ ਉਸ ਨੇ ਆਪਣਾ ਹੁਕਮ ਸੁਣਾਇਆ: ‘ਤੁਸੀਂ ਸਿਰਫ਼ ਮੇਰੀ ਹੀ ਭਗਤੀ ਕਰਿਓ, ਹੋਰ ਕਿਸੇ ਦੇਵਤੇ ਦੀ ਨਹੀਂ।’

ਯਹੋਵਾਹ ਨੇ ਉਨ੍ਹਾਂ ਨੂੰ ਨੌਂ ਹੋਰ ਹੁਕਮ ਸੁਣਾਏ। ਯਹੋਵਾਹ ਦੀ ਆਵਾਜ਼ ਸੁਣ ਕੇ ਲੋਕ ਬਹੁਤ ਡਰ ਗਏ। ਉਨ੍ਹਾਂ ਨੇ ਮੂਸਾ ਨੂੰ ਕਿਹਾ, ‘ਤੂੰ ਸਾਡੇ ਨਾਲ ਗੱਲ ਕਰ ਕਿਉਂਕਿ ਸਾਨੂੰ ਡਰ ਹੈ ਕਿ ਜੇਕਰ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕੀਤੀ, ਤਾਂ ਅਸੀਂ ਕਿਤੇ ਮਰ ਨਾ ਜਾਈਏ।’

ਬਾਅਦ ਵਿਚ ਯਹੋਵਾਹ ਨੇ ਮੂਸਾ ਨੂੰ ਕਿਹਾ, ‘ਤੂੰ ਉੱਪਰ ਪਹਾੜ ਤੇ ਆ। ਉੱਥੇ ਮੈਂ ਤੈਨੂੰ ਪੱਥਰ ਦੀਆਂ ਦੋ ਫੱਟੀਆਂ ਦੇਵਾਂਗਾ ਜਿਨ੍ਹਾਂ ਤੇ ਮੈਂ ਇਹ ਹੁਕਮ ਲਿਖੇ ਹਨ ਅਤੇ ਮੇਰੇ ਲੋਕਾਂ ਨੂੰ ਇਨ੍ਹਾਂ ਤੇ ਚੱਲਣਾ ਚਾਹੀਦਾ ਹੈ।’ ਮੂਸਾ ਮੁੜ ਪਹਾੜ ਦੀ ਚੋਟੀ ਤੇ ਗਿਆ। ਉਹ ਉੱਥੇ ਪੂਰੇ 40 ਦਿਨ ਤੇ 40 ਰਾਤਾਂ ਰਿਹਾ।

ਪਰਮੇਸ਼ੁਰ ਨੇ ਮੂਸਾ ਨੂੰ ਕਈ ਹੋਰ ਹੁਕਮ ਦਿੱਤੇ ਜਿਨ੍ਹਾਂ ਨੂੰ ਉਸ ਨੇ ਲਿਖ ਲਿਆ। ਫਿਰ ਯਹੋਵਾਹ ਨੇ ਮੂਸਾ ਨੂੰ ਦੋ ਪੱਥਰ ਦੀਆਂ ਫੱਟੀਆਂ ਵੀ ਦਿੱਤੀਆਂ ਜਿਨ੍ਹਾਂ ਤੇ ਖ਼ੁਦ ਪਰਮੇਸ਼ੁਰ ਨੇ ਆਪਣੇ ਹੱਥ ਨਾਲ 10 ਹੁਕਮ ਲਿਖੇ ਸਨ।

ਇਨ੍ਹਾਂ ਦਸ ਹੁਕਮਾਂ ਦੀ ਤਰ੍ਹਾਂ ਬਾਕੀ ਹੁਕਮਾਂ ਦੀ ਪਾਲਣਾ ਕਰਨੀ ਵੀ ਇਸਰਾਏਲੀਆਂ ਲਈ ਬਹੁਤ ਜ਼ਰੂਰੀ ਸੀ। ਇਨ੍ਹਾਂ ਵਿੱਚੋਂ ਇਕ ਹੁਕਮ ਸੀ, ‘ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰੋ।’ ਇਕ ਹੋਰ ਹੁਕਮ ਸੀ, ‘ਤੁਸੀਂ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰੋ।’ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਨੇ ਕਿਹਾ ਸੀ ਕਿ ਇਹ ਦੋ ਹੁਕਮ ਸਭ ਤੋਂ ਅਹਿਮ ਹੁਕਮ ਸਨ ਜੋ ਯਹੋਵਾਹ ਨੇ ਇਸਰਾਏਲੀਆਂ ਨੂੰ ਦਿੱਤੇ ਸਨ। ਅਸੀਂ ਅੱਗੇ ਜਾ ਕੇ ਪਰਮੇਸ਼ੁਰ ਦੇ ਪੁੱਤਰ ਅਤੇ ਉਸ ਦੀਆਂ ਸਿੱਖਿਆਵਾਂ ਬਾਰੇ ਹੋਰ ਸਿੱਖਾਂਗੇ।