ਕਹਾਣੀ 53
ਯਿਫ਼ਤਾਹ ਦਾ ਵਾਅਦਾ
ਕੀ ਤੁਹਾਨੂੰ ਕਦੇ ਆਪਣਾ ਵਾਅਦਾ ਪੂਰਾ ਕਰਨਾ ਔਖਾ ਲੱਗਾ ਹੈ? ਤਸਵੀਰ ਵਿਚ ਜੋ ਆਦਮੀ ਹੈ ਉਸ ਨੇ ਵੀ ਇਕ ਵਾਅਦਾ ਕੀਤਾ ਸੀ। ਪਰ ਜਦ ਵਾਅਦਾ ਪੂਰਾ ਕਰਨ ਦਾ ਸਮਾਂ ਆਇਆ, ਤਾਂ ਉਹ ਬਹੁਤ ਦੁਖੀ ਹੋਇਆ। ਇਸ ਆਦਮੀ ਦਾ ਨਾਂ ਯਿਫ਼ਤਾਹ ਹੈ। ਉਹ ਇਸਰਾਏਲ ਦਾ ਇਕ ਬਹਾਦਰ ਨਿਆਈ ਸੀ।
ਯਿਫ਼ਤਾਹ ਉਨ੍ਹਾਂ ਦਿਨਾਂ ਵਿਚ ਰਹਿੰਦਾ ਸੀ ਜਦ ਇਸਰਾਏਲੀਆਂ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ ਸੀ। ਉਹ ਫਿਰ ਤੋਂ ਭੈੜੇ ਕੰਮ ਕਰਨ ਲੱਗ ਪਏ ਸਨ। ਯਹੋਵਾਹ ਨੇ ਆਪਣੇ ਲੋਕਾਂ ਨੂੰ ਅੰਮੋਨੀਆਂ ਦੇ ਹੱਥ ਦੇ ਦਿੱਤਾ। ਇਸ ਲਈ ਇਸਰਾਏਲੀ ਇਕ ਵਾਰ ਫਿਰ ਯਹੋਵਾਹ ਅੱਗੇ ਦੁਹਾਈ ਦੇਣ ਲੱਗੇ: ‘ਅਸੀਂ ਤੇਰੇ ਅੱਗੇ ਪਾਪ ਕੀਤਾ ਹੈ। ਸਾਡੇ ਤੇ ਮਿਹਰ ਕਰ ਅਤੇ ਸਾਨੂੰ ਬਚਾ ਲੈ!’
ਲੋਕ ਪਛਤਾ ਰਹੇ ਸਨ ਕਿ ਉਨ੍ਹਾਂ ਨੇ ਇੰਨੇ ਬੁਰੇ ਕੰਮ ਕਿਉਂ ਕੀਤੇ। ਪਛਤਾਵੇ ਦਾ ਸਬੂਤ ਦੇਣ ਲਈ ਲੋਕ ਫਿਰ ਤੋਂ ਯਹੋਵਾਹ ਦੀ ਭਗਤੀ ਕਰਨ ਲੱਗ ਪਏ। ਇਕ ਵਾਰ ਫਿਰ ਯਹੋਵਾਹ ਨੇ ਉਨ੍ਹਾਂ ਦੀ ਮਦਦ ਕੀਤੀ।
ਲੋਕਾਂ ਨੇ ਯਿਫ਼ਤਾਹ ਨੂੰ ਅੰਮੋਨੀਆਂ ਨਾਲ ਲੜਾਈ ਕਰਨ ਲਈ ਚੁਣਿਆ। ਯਿਫ਼ਤਾਹ ਚਾਹੁੰਦਾ ਸੀ ਕਿ ਯਹੋਵਾਹ ਲੜਾਈ ਵਿਚ ਉਸ ਦੀ ਮਦਦ ਕਰੇ। ਇਸ ਲਈ ਉਸ ਨੇ ਯਹੋਵਾਹ ਨਾਲ ਵਾਅਦਾ ਕੀਤਾ, ‘ਜੇ ਤੂੰ ਮੈਨੂੰ ਅੰਮੋਨੀਆਂ ਉੱਤੇ ਜਿੱਤ ਦਿਲਾਵੇ, ਤਾਂ ਜੋ ਵੀ ਮੇਰੇ ਘਰੋਂ ਮੈਨੂੰ ਮਿਲਣ ਨੂੰ ਪਹਿਲਾਂ ਨਿਕਲੇਗਾ ਉਹੀ ਤੇਰਾ ਹੋਵੇਗਾ।’
ਯਹੋਵਾਹ ਨੇ ਯਿਫ਼ਤਾਹ ਦਾ ਵਾਅਦਾ ਸੁਣਿਆ ਅਤੇ ਉਸ ਨੂੰ ਅੰਮੋਨੀਆਂ ਉੱਤੇ ਜਿੱਤ ਦਿੱਤੀ। ਜਿੱਤ ਹਾਸਲ ਕਰ ਕੇ ਜਦ ਯਿਫ਼ਤਾਹ ਘਰ ਆਇਆ, ਤਾਂ ਤੁਹਾਨੂੰ ਪਤਾ ਸਭ ਤੋਂ ਪਹਿਲਾਂ ਉਸ ਨੂੰ ਮਿਲਣ ਵਾਸਤੇ ਕੌਣ ਆਇਆ? ਉਹ ਦੀ ਧੀ। ਇਹ ਉਸ ਦੀ ਇੱਕੋ-ਇਕ ਔਲਾਦ ਸੀ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ। ਯਿਫ਼ਤਾਹ ਰੋਣ ਲੱਗਾ: ‘ਹਾਏ, ਮੇਰੀਏ ਧੀਏ! ਤੂੰ ਮੈਨੂੰ ਕਿੰਨਾ ਦੁੱਖ ਪਹੁੰਚਾ ਰਹੀ ਹੈਂ। ਪਰ ਮੈਂ ਯਹੋਵਾਹ ਨੂੰ ਵਚਨ ਦਿੱਤਾ ਹੈ ਅਤੇ ਮੈਂ ਉਸ ਨੂੰ ਵਾਪਸ ਨਹੀਂ ਲੈ ਸਕਦਾ।’
ਉਸ ਦੀ ਧੀ ਨੂੰ ਜਦ ਆਪਣੇ ਪਿਤਾ ਦੇ ਵਾਅਦੇ ਬਾਰੇ ਪਤਾ ਲੱਗਾ, ਤਾਂ ਪਹਿਲਾਂ-ਪਹਿਲ ਉਹ ਵੀ ਦੁਖੀ ਹੋਈ। ਉਹ ਇਸ ਲਈ ਦੁਖੀ ਸੀ ਕਿਉਂਕਿ ਉਸ ਨੂੰ ਆਪਣੇ ਪਿਤਾ ਤੇ ਸਹੇਲੀਆਂ ਤੋਂ ਜੁਦਾ ਹੋਣਾ ਪੈਣਾ ਸੀ। ਇਸ ਦੇ ਨਾਲ ਹੀ ਉਸ ਨੇ ਸ਼ੀਲੋਹ ਵਿਚ ਸਾਰੀ ਜ਼ਿੰਦਗੀ ਯਹੋਵਾਹ ਦੇ ਡੇਹਰੇ ਵਿਚ ਸੇਵਾ ਕਰਨੀ ਸੀ। ਉਸ ਨੇ ਆਪਣੇ ਪਿਤਾ ਨੂੰ ਕਿਹਾ, ‘ਜੇ ਤੁਸੀਂ ਯਹੋਵਾਹ ਨਾਲ ਵਾਅਦਾ ਕੀਤਾ ਹੈ, ਤਾਂ ਤੁਹਾਨੂੰ ਉਸ ਵਾਅਦੇ ਨੂੰ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ।’
ਯਿਫ਼ਤਾਹ ਦੀ ਧੀ ਸ਼ੀਲੋਹ ਨੂੰ ਚਲੀ ਗਈ। ਇੱਥੇ ਉਸ ਨੇ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਦੇ ਡੇਹਰੇ ਵਿਚ ਸੇਵਾ ਕਰਦਿਆਂ ਗੁਜ਼ਾਰੀ। ਹਰ ਸਾਲ ਚਾਰ ਦਿਨਾਂ ਲਈ ਇਸਰਾਏਲ ਦੀਆਂ ਤੀਵੀਆਂ ਉਸ ਨੂੰ ਮਿਲਣ ਆਉਂਦੀਆਂ ਸਨ। ਉਹ ਸਾਰੀਆਂ ਮਿਲ ਕੇ ਹੱਸਦੀਆਂ-ਖੇਡਦੀਆਂ ਸਨ। ਸਾਰੇ ਲੋਕ ਯਿਫ਼ਤਾਹ ਦੀ ਧੀ ਨੂੰ ਬਹੁਤ ਪਿਆਰ ਕਰਦੇ ਸਨ ਕਿਉਂਕਿ ਉਹ ਯਹੋਵਾਹ ਦੀ ਭਗਤੀ ਦਿਲੋਂ ਕਰਦੀ ਸੀ।