Skip to content

Skip to table of contents

ਕਹਾਣੀ 49

ਸੂਰਜ ਠਹਿਰ ਗਿਆ

ਸੂਰਜ ਠਹਿਰ ਗਿਆ

ਜ਼ਰਾ ਯਹੋਸ਼ੁਆ ਵੱਲ ਦੇਖੋ। ਉਹ ਸੂਰਜ ਨੂੰ ਕਹਿ ਰਿਹਾ ਹੈ: ‘ਸੂਰਜ, ਠਹਿਰ ਜਾ!’ ਤੇ ਸੂਰਜ ਪੂਰਾ ਦਿਨ ਇੱਕੋ ਜਗ੍ਹਾ ਠਹਿਰਿਆ ਰਿਹਾ। ਯਹੋਵਾਹ ਨੇ ਹੀ ਸੂਰਜ ਨੂੰ ਠਹਿਰਾਇਆ ਸੀ। ਪਰ ਆਓ ਦੇਖੀਏ ਕਿ ਯਹੋਸ਼ੁਆ ਨੇ ਸੂਰਜ ਨੂੰ ਠਹਿਰਨ ਲਈ ਕਿਉਂ ਕਿਹਾ ਸੀ।

ਪੰਜ ਰਾਜੇ ਜਦ ਗਿਬਓਨੀਆਂ ਨਾਲ ਲੜਾਈ ਕਰਨ ਆਏ, ਤਾਂ ਗਿਬਓਨੀਆਂ ਨੇ ਯਹੋਸ਼ੁਆ ਨੂੰ ਸੁਨੇਹਾ ਭੇਜਿਆ: ‘ਛੇਤੀ ਨਾਲ ਸਾਡੇ ਕੋਲ ਆਓ! ਸਾਨੂੰ ਬਚਾਓ! ਪਹਾੜੀ ਦੇਸ਼ ਦੇ ਸਾਰੇ ਰਾਜੇ ਤੁਹਾਡੇ ਦਾਸਾਂ ਦੇ ਨਾਲ ਯੁੱਧ ਕਰਨ ਆਏ ਹਨ।’

ਗਿਬਓਨ ਤੋਂ ਸੁਨੇਹਾ ਮਿਲਦੇ ਸਾਰ ਹੀ ਯਹੋਸ਼ੁਆ ਆਪਣੀ ਫ਼ੌਜ ਲੈ ਕੇ ਉਨ੍ਹਾਂ ਦੀ ਮਦਦ ਕਰਨ ਲਈ ਨਿਕਲ ਤੁਰਿਆ। ਸਾਰੀ ਰਾਤ ਸਫ਼ਰ ਕਰਨ ਤੋਂ ਬਾਅਦ ਉਹ ਗਿਬਓਨ ਪਹੁੰਚੇ। ਜਦ ਪੰਜ ਰਾਜਿਆਂ ਦੀਆਂ ਫ਼ੌਜਾਂ ਦੀ ਨਜ਼ਰ ਇਸਰਾਏਲੀਆਂ ਤੇ ਪਈ, ਤਾਂ ਉਹ ਡਰ ਦੇ ਮਾਰੇ ਮੈਦਾਨ ਛੱਡ ਕੇ ਭੱਜਣ ਲੱਗੇ। ਉਦੋਂ ਹੀ ਯਹੋਵਾਹ ਨੇ ਆਕਾਸ਼ੋਂ ਵੱਡੇ-ਵੱਡੇ ਗੜੇ ਵਰਸਾਏ। ਯਹੋਸ਼ੁਆ ਦੇ ਫ਼ੌਜੀਆਂ ਨੇ ਜਿੰਨੇ ਬੰਦਿਆਂ ਨੂੰ ਮਾਰਿਆ ਸੀ, ਉਸ ਤੋਂ ਕਿਤੇ ਜ਼ਿਆਦਾ ਬੰਦੇ ਇਨ੍ਹਾਂ ਗੜਿਆਂ ਨਾਲ ਮਰੇ।

ਯਹੋਸ਼ੁਆ ਨੇ ਦੇਖਿਆ ਕਿ ਸੂਰਜ ਡੁੱਬਣ ਵਾਲਾ ਸੀ। ਉਸ ਨੂੰ ਪਤਾ ਸੀ ਕਿ ਦੁਸ਼ਮਣਾਂ ਨੇ ਹਨੇਰਾ ਹੋਣ ਤੇ ਭੱਜ ਜਾਣਾ ਹੈ। ਇਸ ਲਈ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਸੂਰਜ ਨੂੰ ਕਿਹਾ: ‘ਸੂਰਜ, ਠਹਿਰ ਜਾ!’ ਸੂਰਜ ਤਦ ਤਕ ਚੜ੍ਹਿਆ ਰਿਹਾ ਜਦ ਤਕ ਇਸਰਾਏਲੀਆਂ ਨੇ ਆਪਣੇ ਦੁਸ਼ਮਣਾਂ ਨੂੰ ਹਰਾ ਨਹੀਂ ਦਿੱਤਾ।

ਕਨਾਨ ਵਿਚ ਹੋਰ ਵੀ ਕਈ ਬੁਰੇ ਰਾਜੇ ਸਨ ਜੋ ਪਰਮੇਸ਼ੁਰ ਦੇ ਲੋਕਾਂ ਨਾਲ ਬਹੁਤ ਨਫ਼ਰਤ ਕਰਦੇ ਸਨ। ਯਹੋਸ਼ੁਆ ਤੇ ਉਸ ਦੀ ਫ਼ੌਜ ਨੇ 6 ਸਾਲਾਂ ਦੇ ਅੰਦਰ-ਅੰਦਰ ਕਨਾਨ ਦੇ 31 ਰਾਜਿਆਂ ਉੱਤੇ ਜਿੱਤ ਹਾਸਲ ਕੀਤੀ। ਫਿਰ ਯਹੋਸ਼ੁਆ ਨੇ ਕਨਾਨ ਦੇਸ਼ ਨੂੰ ਉਨ੍ਹਾਂ ਗੋਤਾਂ ਵਿਚ ਵੰਡ ਦਿੱਤਾ ਜਿਨ੍ਹਾਂ ਕੋਲ ਅਜੇ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ।

ਕਈ ਸਾਲ ਗੁਜ਼ਰ ਗਏ ਅਤੇ ਯਹੋਸ਼ੁਆ 110 ਸਾਲਾਂ ਦਾ ਹੋ ਕੇ ਮਰ ਗਿਆ। ਜਦ ਤਕ ਯਹੋਸ਼ੁਆ ਅਤੇ ਉਸ ਦੇ ਸਾਥੀ ਜੀਉਂਦੇ ਸਨ ਤਦ ਤਕ ਲੋਕ ਪਰਮੇਸ਼ੁਰ ਦਾ ਕਹਿਣਾ ਮੰਨਦੇ ਰਹੇ। ਪਰ ਉਨ੍ਹਾਂ ਦੇ ਮਰਨ ਪਿੱਛੋਂ ਲੋਕ ਬੁਰੇ ਕੰਮ ਕਰਨ ਲੱਗ ਪਏ। ਉਨ੍ਹਾਂ ਤੇ ਮੁਸ਼ਕਲਾਂ ਆਈਆਂ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਸੀ।