Skip to content

Skip to table of contents

ਛੇਵਾਂ ਭਾਗ

ਯਿਸੂ ਦੇ ਜਨਮ ਤੋਂ ਲੈ ਕੇ ਉਸ ਦੀ ਮੌਤ ਤਕ

ਯਿਸੂ ਦੇ ਜਨਮ ਤੋਂ ਲੈ ਕੇ ਉਸ ਦੀ ਮੌਤ ਤਕ

ਪਰਮੇਸ਼ੁਰ ਨੇ ਜਿਬਰਾਏਲ ਫ਼ਰਿਸ਼ਤੇ ਨੂੰ ਮਰਿਯਮ ਨਾਮ ਦੀ ਇਕ ਔਰਤ ਕੋਲ ਭੇਜਿਆ। ਉਸ ਨੇ ਮਰਿਯਮ ਨੂੰ ਕਿਹਾ ਕਿ ਉਸ ਦੇ ਇਕ ਪੁੱਤਰ ਹੋਵੇਗਾ ਜੋ ਹਮੇਸ਼ਾ ਲਈ ਰਾਜ ਕਰੇਗਾ। ਮਰਿਯਮ ਦੇ ਜੋ ਬੱਚਾ ਹੋਇਆ, ਉਸ ਦਾ ਨਾਮ ਯਿਸੂ ਸੀ। ਉਸ ਦਾ ਜਨਮ ਇਕ ਤਬੇਲੇ ਵਿਚ ਹੋਇਆ। ਇੱਥੇ ਉਸ ਨੂੰ ਕੁਝ ਚਰਵਾਹੇ ਦੇਖਣ ਆਏ। ਬਾਅਦ ਵਿਚ ਇਕ ਤਾਰੇ ਨੇ ਪੂਰਬ ਤੋਂ ਆਏ ਬੰਦਿਆਂ ਨੂੰ ਉਸ ਬੱਚੇ ਤਕ ਪਹੁੰਚਾਇਆ। ਅਸੀਂ ਸਿੱਖਾਂਗੇ ਕਿ ਕਿਸ ਨੇ ਉਨ੍ਹਾਂ ਨੂੰ ਉਸ ਤਾਰੇ ਰਾਹੀਂ ਰਾਹ ਦਿਖਾਇਆ ਸੀ। ਅਸੀਂ ਇਹ ਵੀ ਦੇਖਾਂਗੇ ਕਿ ਪਰਮੇਸ਼ੁਰ ਨੇ ਯਿਸੂ ਨੂੰ ਕਿਵੇਂ ਬਚਾਇਆ ਸੀ।

ਬਾਅਦ ਵਿਚ ਅਸੀਂ ਸਿੱਖਾਂਗੇ ਕਿ ਯਿਸੂ ਨੇ 12 ਸਾਲਾਂ ਦੀ ਉਮਰ ਤੇ ਹੈਕਲ ਵਿਚ ਧਾਰਮਿਕ ਆਗੂਆਂ ਨਾਲ ਗੱਲ ਕੀਤੀ ਸੀ। ਅਠਾਰਾਂ ਸਾਲ ਬਾਅਦ ਯਿਸੂ ਨੇ ਬਪਤਿਸਮਾ ਲੈ ਲਿਆ। ਉਦੋਂ ਹੀ ਉਸ ਨੇ ਪਰਮੇਸ਼ੁਰ ਵੱਲੋਂ ਮਿਲਿਆ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦਾ ਕੰਮ ਸੀ। ਇਸ ਨੂੰ ਪੂਰਾ ਕਰਨ ਲਈ ਯਿਸੂ ਨੇ 12 ਆਦਮੀਆਂ ਨੂੰ ਆਪਣੇ ਰਸੂਲਾਂ ਵਜੋਂ ਚੁਣਿਆ।

ਯਿਸੂ ਨੇ ਕਈ ਚਮਤਕਾਰ ਕੀਤੇ। ਉਸ ਨੇ ਥੋੜ੍ਹੀਆਂ ਜਿਹੀਆਂ ਮੱਛੀਆਂ ਅਤੇ ਰੋਟੀਆਂ ਨਾਲ ਹਜ਼ਾਰਾਂ ਲੋਕਾਂ ਨੂੰ ਰਜਾਇਆ। ਉਸ ਨੇ ਬੀਮਾਰਾਂ ਨੂੰ ਚੰਗਾ ਕੀਤਾ ਅਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ। ਅਸੀਂ ਇਹ ਵੀ ਸਿੱਖਾਂਗੇ ਕਿ ਯਿਸੂ ਦੀ ਜ਼ਿੰਦਗੀ ਦੇ ਅਖ਼ੀਰਲੇ ਦਿਨਾਂ ਵਿਚ ਉਸ ਤੇ ਕੀ-ਕੀ ਬੀਤਿਆ। ਇਸ ਦੇ ਨਾਲ-ਨਾਲ ਅਸੀਂ ਯਿਸੂ ਦੀ ਮੌਤ ਬਾਰੇ ਵੀ ਸਿੱਖਾਂਗੇ। ਯਿਸੂ ਨੇ ਲਗਭਗ ਸਾਢੇ ਤਿੰਨ ਸਾਲ ਪ੍ਰਚਾਰ ਕੀਤਾ। ਛੇਵੇਂ ਭਾਗ ਵਿਚ ਤਕਰੀਬਨ 34 ਸਾਲਾਂ ਦਾ ਇਤਿਹਾਸ ਪਾਇਆ ਜਾਂਦਾ ਹੈ।