Skip to content

Skip to table of contents

ਕਹਾਣੀ 98

ਜ਼ੈਤੂਨ ਦੇ ਪਹਾੜ ਉੱਤੇ

ਜ਼ੈਤੂਨ ਦੇ ਪਹਾੜ ਉੱਤੇ

ਤਸਵੀਰ ਵਿਚ ਯਿਸੂ ਆਪਣੇ ਚਾਰ ਰਸੂਲਾਂ ਨਾਲ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੈ। ਉਸ ਦੇ ਨਾਲ ਅੰਦ੍ਰਿਯਾਸ ਤੇ ਉਸ ਦਾ ਭਰਾ ਪਤਰਸ ਅਤੇ ਯਾਕੂਬ ਤੇ ਉਸ ਦਾ ਭਰਾ ਯੂਹੰਨਾ ਹਨ। ਨਾਲੇ ਤਸਵੀਰ ਵਿਚ ਤੁਸੀਂ ਪਰਮੇਸ਼ੁਰ ਦੀ ਹੈਕਲ ਨੂੰ ਵੀ ਦੇਖ ਸਕਦੇ ਹੋ।

ਦੋ ਦਿਨ ਪਹਿਲਾਂ ਯਿਸੂ ਗਧੀ ਤੇ ਸਵਾਰ ਹੋ ਕੇ ਯਰੂਸ਼ਲਮ ਨੂੰ ਆਇਆ ਸੀ। ਹੁਣ ਮੰਗਲਵਾਰ ਦਾ ਦਿਨ ਸੀ। ਇਸੇ ਦਿਨ ਯਿਸੂ ਹੈਕਲ ਵਿਚ ਗਿਆ ਸੀ। ਉੱਥੇ ਧਾਰਮਿਕ ਆਗੂ ਉਸ ਨੂੰ ਫੜ ਕੇ ਮਾਰਨਾ ਚਾਹੁੰਦੇ ਸਨ, ਪਰ ਉਹ ਕੁਝ ਕਰ ਨਾ ਸਕੇ ਕਿਉਂਕਿ ਉਹ ਲੋਕਾਂ ਤੋਂ ਡਰਦੇ ਸਨ।

ਯਿਸੂ ਨੇ ਇਨ੍ਹਾਂ ਧਾਰਮਿਕ ਆਗੂਆਂ ਨੂੰ ‘ਸੱਪ ਤੇ ਸੱਪਾਂ ਦੇ ਬੱਚੇ’ ਸੱਦਿਆ। ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ‘ਯਹੋਵਾਹ ਤੁਹਾਨੂੰ ਸਜ਼ਾ ਦੇਵੇਗਾ ਕਿਉਂਕਿ ਤੁਸੀਂ ਬਹੁਤ ਹੀ ਭੈੜੇ ਕੰਮ ਕੀਤੇ ਹਨ।’ ਬਾਅਦ ਵਿਚ ਯਿਸੂ ਇੱਥੇ ਜ਼ੈਤੂਨ ਦੇ ਪਹਾੜ ਤੇ ਆ ਗਿਆ। ਇੱਥੇ ਉਸ ਦੇ ਚੇਲਿਆਂ ਨੇ ਉਸ ਨੂੰ ਕਈ ਸਵਾਲ ਪੁੱਛੇ। ਤੁਹਾਨੂੰ ਪਤਾ ਉਨ੍ਹਾਂ ਨੇ ਕਿਹੜੇ ਸਵਾਲ ਪੁੱਛੇ ਸਨ?

ਉਹ ਉਸ ਨੂੰ ਭਵਿੱਖ ਬਾਰੇ ਸਵਾਲ ਪੁੱਛ ਰਹੇ ਸਨ। ਉਨ੍ਹਾਂ ਨੂੰ ਇਹ ਤਾਂ ਪਤਾ ਸੀ ਕਿ ਯਿਸੂ ਧਰਤੀ ਤੋਂ ਸਾਰੀ ਬੁਰਾਈ ਤੇ ਦੁੱਖ-ਦਰਦ ਦੂਰ ਕਰ ਦੇਵੇਗਾ, ਪਰ ਉਹ ਇਹ ਨਹੀਂ ਜਾਣਦੇ ਸਨ ਕਿ ਉਹ ਇਹ ਸਭ ਕਦੋਂ ਕਰੇਗਾ। ਨਾਲੇ ਉਹ ਇਹ ਵੀ ਜਾਣਨਾ ਚਾਹੁੰਦੇ ਸਨ ਕਿ ਯਿਸੂ ਕਦ ਰਾਜਾ ਬਣੇਗਾ।

ਯਿਸੂ ਜਾਣਦਾ ਸੀ ਕਿ ਜਦ ਉਹ ਆਪਣਾ ਰਾਜ ਸ਼ੁਰੂ ਕਰੇਗਾ, ਉਦੋਂ ਧਰਤੀ ਤੇ ਰਹਿੰਦੇ ਉਸ ਦੇ ਚੇਲੇ ਉਸ ਨੂੰ ਦੇਖ ਨਹੀਂ ਸਕਣਗੇ। ਇਹ ਇਸ ਲਈ ਸੀ ਕਿਉਂਕਿ ਯਿਸੂ ਨੇ ਸਵਰਗ ਤੋਂ ਰਾਜ ਕਰਨਾ ਸੀ। ਪਰ ਯਿਸੂ ਨੇ ਉਨ੍ਹਾਂ ਨੂੰ ਕੁਝ ਨਿਸ਼ਾਨੀਆਂ ਦੱਸੀਆਂ। ਇਨ੍ਹਾਂ ਨਿਸ਼ਾਨੀਆਂ ਨੂੰ ਦੇਖ ਕੇ ਉਸ ਦੇ ਚੇਲਿਆਂ ਨੂੰ ਪਤਾ ਲੱਗ ਜਾਣਾ ਸੀ ਕਿ ਉਹ ਸਵਰਗ ਵਿਚ ਰਾਜਾ ਬਣ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਨਿਸ਼ਾਨੀਆਂ ਕੀ ਸਨ?

ਯਿਸੂ ਨੇ ਕਿਹਾ ਕਿ ਉਦੋਂ ਕਈ ਲੜਾਈਆਂ ਹੋਣਗੀਆਂ, ਕਈ ਲੋਕ ਬੀਮਾਰੀ ਅਤੇ ਭੁੱਖ ਨਾਲ ਮਰ ਰਹੇ ਹੋਣਗੇ, ਬੁਰਾਈ ਵਧ ਜਾਵੇਗੀ ਅਤੇ ਵੱਡੇ-ਵੱਡੇ ਭੁਚਾਲ ਆਉਣਗੇ। ਯਿਸੂ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕੀਤਾ ਜਾਵੇਗਾ। ਕੀ ਤੁਸੀਂ ਇਹ ਸਭ ਗੱਲਾਂ ਪੂਰੀਆਂ ਹੁੰਦੀਆਂ ਦੇਖੀਆਂ ਹਨ? ਹਾਂ, ਅਸੀਂ ਸਾਰਿਆਂ ਨੇ ਇਹ ਸਭ ਕੁਝ ਹੁੰਦਾ ਦੇਖਿਆ ਹੈ। ਇਸ ਲਈ ਅਸੀਂ ਪੂਰੇ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਯਿਸੂ ਹੁਣ ਸਵਰਗ ਵਿਚ ਰਾਜ ਕਰ ਰਿਹਾ ਹੈ। ਜਲਦੀ ਹੀ ਉਹ ਸਾਰੀ ਬੁਰਾਈ ਨੂੰ ਖ਼ਤਮ ਕਰ ਦੇਵੇਗਾ।