Skip to content

Skip to table of contents

ਕਹਾਣੀ 92

ਯਿਸੂ ਨੇ ਕੁੜੀ ਨੂੰ ਜ਼ਿੰਦਾ ਕੀਤਾ

ਯਿਸੂ ਨੇ ਕੁੜੀ ਨੂੰ ਜ਼ਿੰਦਾ ਕੀਤਾ

ਤਸਵੀਰ ਵਿਚਲੀ ਇਹ ਕੁੜੀ 12 ਸਾਲਾਂ ਦੀ ਹੈ। ਯਿਸੂ ਨੇ ਉਸ ਦਾ ਹੱਥ ਫੜਿਆ ਹੋਇਆ ਹੈ ਅਤੇ ਉਸ ਦੇ ਸਾਮ੍ਹਣੇ ਉਸ ਦੇ ਮਾਤਾ-ਪਿਤਾ ਖੜ੍ਹੇ ਹਨ ਜੋ ਬਹੁਤ ਖ਼ੁਸ਼ ਲੱਗਦੇ ਹਨ। ਤੁਹਾਨੂੰ ਪਤਾ ਉਹ ਇੰਨੇ ਖ਼ੁਸ਼ ਕਿਉਂ ਹਨ? ਚਲੋ ਅੱਗੇ ਪੜ੍ਹ ਕੇ ਦੇਖਦੇ ਹਾਂ।

ਕੁੜੀ ਦਾ ਪਿਤਾ ਜੈਰੁਸ ਬਹੁਤ ਵੱਡਾ ਆਦਮੀ ਸੀ। ਇਕ ਦਿਨ ਉਸ ਦੀ ਕੁੜੀ ਦੀ ਸਿਹਤ ਖ਼ਰਾਬ ਹੋ ਗਈ ਅਤੇ ਦਿਨ-ਬ-ਦਿਨ ਵਿਗੜਦੀ ਚਲੀ ਗਈ। ਆਪਣੀ ਕੁੜੀ ਨੂੰ ਇੰਨਾ ਬੀਮਾਰ ਦੇਖ ਕੇ ਜੈਰੁਸ ਤੇ ਉਸ ਦੀ ਪਤਨੀ ਬਹੁਤ ਦੁਖੀ ਹੋ ਗਏ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਧੀ ਨੇ ਹੁਣ ਬਚਣਾ ਨਹੀਂ। ਇਹ ਉਨ੍ਹਾਂ ਦੀ ਇੱਕੋ-ਇਕ ਧੀ ਸੀ। ਇਸ ਲਈ ਮਦਦ ਵਾਸਤੇ ਜੈਰੁਸ ਯਿਸੂ ਦੀ ਭਾਲ ਕਰਨ ਲੱਗਾ। ਉਸ ਨੇ ਯਿਸੂ ਦੇ ਚਮਤਕਾਰਾਂ ਬਾਰੇ ਸੁਣਿਆ ਸੀ।

ਜਦ ਜੈਰੁਸ ਨੇ ਯਿਸੂ ਨੂੰ ਲੱਭ ਲਿਆ, ਤਾਂ ਉਸ ਨੇ ਦੇਖਿਆ ਕਿ ਯਿਸੂ ਦੇ ਆਲੇ-ਦੁਆਲੇ ਕਾਫ਼ੀ ਭੀੜ ਇਕੱਠੀ ਹੋਈ ਪਈ ਸੀ। ਜੈਰੁਸ ਭੀੜ ਵਿੱਚੋਂ ਲੰਘਦਾ ਹੋਇਆ ਯਿਸੂ ਕੋਲ ਪਹੁੰਚ ਗਿਆ। ਯਿਸੂ ਕੋਲ ਜਾਂਦਿਆਂ ਹੀ ਉਹ ਉਸ ਦੇ ਚਰਨਾਂ ਤੇ ਡਿੱਗ ਪਿਆ ਅਤੇ ਯਿਸੂ ਅੱਗੇ ਤਰਲੇ ਕੀਤੇ: ‘ਮੇਰੀ ਧੀ ਬਹੁਤ ਬੀਮਾਰ ਹੈ। ਉਸ ਨੂੰ ਆ ਕੇ ਬਚਾ ਲਓ।’ ਯਿਸੂ ਉਸ ਨਾਲ ਜਾਣ ਲਈ ਤਿਆਰ ਹੋ ਗਿਆ।

ਜਦੋਂ ਯਿਸੂ ਜੈਰੁਸ ਨਾਲ ਤੁਰਿਆ ਜਾ ਰਿਹਾ ਸੀ, ਤਾਂ ਲੋਕ ਉਸ ਦੇ ਨੇੜੇ ਆਉਣ ਲਈ ਇਕ-ਦੂਜੇ ਨੂੰ ਧੱਕੇ ਮਾਰ ਰਹੇ ਸਨ। ਤੁਰਦੇ-ਤੁਰਦੇ ਯਿਸੂ ਨੇ ਅਚਾਨਕ ਰੁਕ ਕੇ ਕਿਹਾ: ‘ਕਿਸ ਨੇ ਮੈਨੂੰ ਛੋਹਿਆ ਹੈ?’ ਇੰਨੇ ਭੀੜ-ਭੜਕੇ ਵਿਚ ਵੀ ਯਿਸੂ ਨੂੰ ਪਤਾ ਲੱਗ ਗਿਆ ਸੀ ਕਿ ਕਿਸੇ ਨੇ ਉਸ ਨੂੰ ਛੋਹਿਆ ਸੀ ਕਿਉਂਕਿ ਉਸ ਨੇ ਆਪਣੇ ਵਿੱਚੋਂ ਸ਼ਕਤੀ ਨਿਕਲਦੀ ਮਹਿਸੂਸ ਕੀਤੀ। ਪਰ ਇਹ ਕੌਣ ਸੀ ਜਿਸ ਨੇ ਯਿਸੂ ਨੂੰ ਛੋਹਿਆ? ਇਹ ਇਕ ਔਰਤ ਸੀ ਜੋ 12 ਸਾਲਾਂ ਤੋਂ ਬੀਮਾਰ ਸੀ। ਯਿਸੂ ਦੇ ਚੋਗੇ ਨੂੰ ਸਿਰਫ਼ ਛੋਹਣ ਨਾਲ ਉਹ ਇਕਦਮ ਠੀਕ ਹੋ ਗਈ!

ਇਹ ਦੇਖ ਕੇ ਜੈਰੁਸ ਦੇ ਦਿਲ ਨੂੰ ਬੜੀ ਤਸੱਲੀ ਮਿਲੀ। ਉਸ ਨੇ ਹੁਣ ਖ਼ੁਦ ਅੱਖੀਂ ਦੇਖ ਲਿਆ ਸੀ ਕਿ ਯਿਸੂ ਲਈ ਚਮਤਕਾਰ ਕਰਨਾ ਕਿੰਨਾ ਆਸਾਨ ਸੀ। ਪਰ ਫਿਰ ਕਿਸੇ ਨੇ ਆ ਕੇ ਜੈਰੁਸ ਨੂੰ ਕਿਹਾ: ‘ਗੁਰੂ ਨੂੰ ਹੋਰ ਪਰੇਸ਼ਾਨ ਨਾ ਕਰ ਕਿਉਂਕਿ ਤੇਰੀ ਧੀ ਮਰ ਗਈ ਹੈ।’ ਯਿਸੂ ਨੇ ਵੀ ਇਹ ਗੱਲ ਸੁਣ ਲਈ ਤੇ ਉਸ ਨੇ ਜੈਰੁਸ ਨੂੰ ਕਿਹਾ: ‘ਚਿੰਤਾ ਨਾ ਕਰ, ਉਹ ਠੀਕ ਹੋ ਜਾਵੇਗੀ।’

ਜਦ ਉਹ ਜੈਰੁਸ ਦੇ ਘਰ ਪਹੁੰਚੇ, ਤਾਂ ਲੋਕ ਉੱਚੀ-ਉੱਚੀ ਰੋ ਰਹੇ ਸਨ। ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਨਾ ਰੋਵੋ। ਬੱਚੀ ਮਰੀ ਨਹੀਂ ਹੈ। ਉਹ ਤਾਂ ਸਿਰਫ਼ ਸੌਂ ਰਹੀ ਹੈ।’ ਇਹ ਗੱਲ ਸੁਣ ਕੇ ਲੋਕ ਯਿਸੂ ਦਾ ਮਜ਼ਾਕ ਉਡਾਉਣ ਲੱਗ ਪਏ ਕਿਉਂਕਿ ਉਹ ਸਭ ਜਾਣਦੇ ਸਨ ਕਿ ਕੁੜੀ ਸੱਚੀਂ ਮਰ ਚੁੱਕੀ ਸੀ।

ਫਿਰ ਯਿਸੂ ਕੁੜੀ ਦੇ ਮਾਪਿਆਂ ਅਤੇ ਆਪਣੇ ਤਿੰਨ ਰਸੂਲਾਂ ਨੂੰ ਉਸ ਕਮਰੇ ਵਿਚ ਲੈ ਗਿਆ ਜਿੱਥੇ ਕੁੜੀ ਪਈ ਹੋਈ ਸੀ। ਕੁੜੀ ਦਾ ਹੱਥ ਫੜ ਕੇ ਯਿਸੂ ਨੇ ਉਸ ਨੂੰ ਕਿਹਾ: ‘ਉੱਠ!’ ਯਿਸੂ ਦੀ ਗੱਲ ਸੁਣ ਕੇ ਕੁੜੀ ਉੱਠ ਖੜ੍ਹੀ ਹੋਈ ਜਿਵੇਂ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ। ਉੱਠ ਕੇ ਉਹ ਤੁਰਨ-ਫਿਰਨ ਵੀ ਲੱਗ ਪਈ। ਇਸੇ ਲਈ ਉਸ ਦੇ ਮਾਤਾ-ਪਿਤਾ ਇੰਨੇ ਖ਼ੁਸ਼ ਸਨ।

ਪਰ ਇਹ ਪਹਿਲੀ ਵਾਰ ਨਹੀਂ ਸੀ ਜਦ ਯਿਸੂ ਨੇ ਕਿਸੇ ਨੂੰ ਜ਼ਿੰਦਾ ਕੀਤਾ ਸੀ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਿਸੂ ਨੇ ਸਭ ਤੋਂ ਪਹਿਲਾਂ ਨਾਇਨ ਨਾਮ ਦੇ ਸ਼ਹਿਰ ਦੀ ਇਕ ਵਿਧਵਾ ਦੇ ਮੁੰਡੇ ਨੂੰ ਜੀਉਂਦਾ ਕੀਤਾ ਸੀ। ਬਾਅਦ ਵਿਚ ਉਸ ਨੇ ਮਾਰਥਾ ਅਤੇ ਮਰਿਯਮ ਦੇ ਭਰਾ ਲਾਜ਼ਰ ਨੂੰ ਵੀ ਜੀਉਂਦਾ ਕੀਤਾ ਸੀ। ਯਿਸੂ ਜਦ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣੇਗਾ, ਉਦੋਂ ਉਹ ਬਹੁਤ ਸਾਰੇ ਲੋਕਾਂ ਨੂੰ ਮੁੜ ਜ਼ਿੰਦਾ ਕਰੇਗਾ। ਉਸ ਸਮੇਂ ਕਿੰਨੀ ਖ਼ੁਸ਼ੀ ਹੋਵੇਗੀ!