ਕਹਾਣੀ 91
ਯਿਸੂ ਨੇ ਪਹਾੜ ਉੱਤੇ ਸਿੱਖਿਆ ਦਿੱਤੀ
ਤਸਵੀਰ ਵਿਚ ਦੇਖੋ ਯਿਸੂ ਗਲੀਲ ਦੇ ਇਕ ਪਹਾੜ ਤੇ ਬੈਠਾ ਇਨ੍ਹਾਂ ਸਾਰੇ ਲੋਕਾਂ ਨੂੰ ਕੁਝ ਸਿਖਾ ਰਿਹਾ ਹੈ। ਉਸ ਦੇ ਨੇੜੇ ਬੈਠੇ ਲੋਕ ਉਸ ਦੇ ਚੇਲੇ ਹਨ। ਉਸ ਨੇ 12 ਚੇਲਿਆਂ ਨੂੰ ਆਪਣੇ ਰਸੂਲਾਂ ਯਾਨੀ ਖ਼ਾਸ ਚੇਲਿਆਂ ਵਜੋਂ ਚੁਣਿਆ ਹੈ। ਕੀ ਤੁਹਾਨੂੰ ਯਿਸੂ ਦੇ ਰਸੂਲਾਂ ਦੇ ਨਾਮ ਪਤਾ ਹਨ?
ਇਕ ਦਾ ਨਾਂ ਸ਼ਮਊਨ ਪਤਰਸ ਸੀ ਤੇ ਉਸ ਦਾ ਭਰਾ ਅੰਦ੍ਰਿਯਾਸ ਸੀ। ਫਿਰ ਦੋ ਸਕੇ ਭਰਾ ਸਨ ਯਾਕੂਬ ਅਤੇ ਯੂਹੰਨਾ। ਇਕ ਹੋਰ ਦਾ ਵੀ ਨਾਮ ਯਾਕੂਬ ਸੀ ਅਤੇ ਇਕ ਹੋਰ ਦਾ ਸ਼ਮਊਨ। ਦੋ ਹੋਰ ਰਸੂਲਾਂ ਦੇ ਨਾਮ ਯਹੂਦਾ ਸੀ। ਇਕ ਦਾ ਪੂਰਾ ਨਾਮ ਯਹੂਦਾ ਇਸਕਰਿਯੋਤੀ ਸੀ ਅਤੇ ਦੂਜਾ ਯਹੂਦਾ ਥੱਦਈ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ। ਫ਼ਿਲਿੱਪੁਸ, ਨਥਾਨਿਏਲ (ਜੋ ਬਰਥੁਲਮਈ ਨਾਮ ਤੋਂ ਵੀ ਜਾਣਿਆ ਜਾਂਦਾ ਸੀ), ਮੱਤੀ ਅਤੇ ਥੋਮਾ ਵੀ ਯਿਸੂ ਦੇ ਰਸੂਲ ਸਨ।
ਸਾਮਰਿਯਾ ਤੋਂ ਵਾਪਸ ਆਉਂਦੇ ਵਕਤ ਯਿਸੂ ਨੇ ਪਹਿਲੀ ਵਾਰੀ ਇਸ ਗੱਲ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ‘ਸਵਰਗ ਦਾ ਰਾਜ ਨੇੜੇ ਹੈ।’ ਤੁਹਾਨੂੰ ਪਤਾ ਇਹ ਰਾਜ ਕੀ ਹੈ? ਇਹ ਪਰਮੇਸ਼ੁਰ ਦੀ ਸਰਕਾਰ ਹੈ। ਯਿਸੂ ਇਸ ਰਾਜ ਦਾ ਰਾਜਾ ਹੈ। ਉਹ ਸਵਰਗੋਂ ਰਾਜ ਕਰੇਗਾ ਅਤੇ ਇਸ ਰਾਜ ਦੇ ਜ਼ਰੀਏ ਸਾਰੀ ਧਰਤੀ ਤੇ ਅਮਨ-ਚੈਨ ਲਿਆਵੇਗਾ। ਫਿਰ ਸਾਰੀ ਧਰਤੀ ਖੂਬਸੂਰਤ ਬਣਾਈ ਜਾਵੇਗੀ।
ਯਿਸੂ ਇੱਥੇ ਲੋਕਾਂ ਨੂੰ ਇਸੇ ਰਾਜ ਬਾਰੇ ਸਿਖਾ ਰਿਹਾ ਸੀ। ਉਸ ਨੇ ਲੋਕਾਂ ਨੂੰ ਕਿਹਾ: ‘ਤੁਹਾਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਹੇ ਸਾਡੇ ਪਿਤਾ ਜੋ ਸਵਰਗ ਵਿਚ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ। ਤੇਰਾ ਰਾਜ ਆਵੇ। ਤੇਰੀ ਮਰਜ਼ੀ ਜਿਹੀ ਸਵਰਗ ਵਿਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ।’ ਇਹ ਕਾਫ਼ੀ ਮਸ਼ਹੂਰ ਪ੍ਰਾਰਥਨਾ ਹੈ ਜਿਸ ਨੂੰ ਕਈ ਲੋਕ ਜਾਣਦੇ ਹਨ। ਕੀ ਤੁਹਾਨੂੰ ਇਹ ਪ੍ਰਾਰਥਨਾ ਆਉਂਦੀ ਹੈ?
ਯਿਸੂ ਨੇ ਲੋਕਾਂ ਨੂੰ ਇਹ ਵੀ ਸਿਖਾਇਆ ਕਿ ਉਨ੍ਹਾਂ ਨੂੰ ਇਕ-ਦੂਜੇ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਨਾ ਚਾਹੀਦਾ ਹੈ। ਉਸ ਨੇ ਕਿਹਾ: ‘ਦੂਜਿਆਂ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੋ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਕਰਨ।’ ਕੀ ਤੁਹਾਨੂੰ ਚੰਗਾ ਨਹੀਂ ਲੱਗਦਾ ਜਦ ਲੋਕ ਤੁਹਾਡੇ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ? ਯਿਸੂ ਇਹੀ ਤਾਂ ਕਹਿ ਰਿਹਾ ਸੀ ਕਿ ਤੁਸੀਂ ਵੀ ਲੋਕਾਂ ਨਾਲ ਪਿਆਰ ਨਾਲ ਪੇਸ਼ ਆਓ। ਜ਼ਰਾ ਸੋਚੋ, ਉਹ ਸਮਾਂ ਕਿੰਨਾ ਵਧੀਆ ਹੋਵੇਗਾ ਜਦ ਸਾਰੇ ਲੋਕ ਯਿਸੂ ਦੀ ਇਸ ਸਲਾਹ ਤੇ ਚੱਲਣਗੇ।