ਕਹਾਣੀ 89
ਯਿਸੂ ਨੇ ਹੈਕਲ ਨੂੰ ਸਾਫ਼ ਕੀਤਾ
ਤਸਵੀਰ ਵਿਚ ਦੇਖੋ ਯਿਸੂ ਬੜਾ ਗੁੱਸੇ ਵਿਚ ਲੱਗਦਾ ਹੈ। ਕੀ ਤੁਸੀਂ ਜਾਣਦੇ ਹੋ ਉਹ ਇੰਨੇ ਗੁੱਸੇ ਵਿਚ ਕਿਉਂ ਹੈ? ਕਿਉਂਕਿ ਉਸ ਨੇ ਯਹੋਵਾਹ ਦੀ ਹੈਕਲ ਵਿਚ ਕੁਝ ਲਾਲਚੀ ਲੋਕਾਂ ਨੂੰ ਦੇਖਿਆ ਜੋ ਯਹੋਵਾਹ ਦੇ ਭਗਤਾਂ ਤੋਂ ਪੈਸੇ ਠੱਗ ਰਹੇ ਸਨ। ਇਹ ਸਭ ਦੇਖ ਕੇ ਉਸ ਨੂੰ ਗੁੱਸਾ ਆ ਗਿਆ।
ਕੀ ਤੁਸੀਂ ਤਸਵੀਰ ਵਿਚ ਬਲਦ, ਭੇਡਾਂ ਤੇ ਘੁੱਗੀਆਂ ਨੂੰ ਦੇਖ ਸਕਦੇ ਹੋ? ਕੁਝ ਲੋਕ ਇਨ੍ਹਾਂ ਨੂੰ ਯਹੋਵਾਹ ਦੀ ਹੈਕਲ ਵਿਚ ਵੇਚ ਰਹੇ ਸਨ। ਤੁਹਾਨੂੰ ਪਤਾ ਉਹ ਇਨ੍ਹਾਂ ਜਾਨਵਰਾਂ ਨੂੰ ਕਿਉਂ ਵੇਚ ਰਹੇ ਸਨ? ਇਕ ਕਾਰਨ ਇਹ ਸੀ ਕਿ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਪਸ਼ੂਆਂ ਅਤੇ ਪੰਛੀਆਂ ਦੀ ਭੇਟ ਚੜ੍ਹਾਉਣ ਦਾ ਹੁਕਮ ਦਿੱਤਾ ਸੀ।
ਪਰਮੇਸ਼ੁਰ ਦਾ ਹੁਕਮ ਸੀ ਕਿ ਜਦ ਕੋਈ ਇਸਰਾਏਲੀ ਗ਼ਲਤੀ ਕਰੇ, ਤਾਂ ਉਹ ਆਪਣੇ ਪਾਪਾਂ ਦੀ ਮਾਫ਼ੀ ਲਈ ਉਸ ਅੱਗੇ ਭੇਟ ਚੜ੍ਹਾਵੇ। ਕਈ ਹੋਰ ਕਾਰਨਾਂ ਕਰਕੇ ਵੀ ਇਸਰਾਏਲੀ ਪਰਮੇਸ਼ੁਰ ਅੱਗੇ ਭੇਟਾਂ ਚੜ੍ਹਾਉਂਦੇ ਸਨ। ਤੁਹਾਡੇ ਖ਼ਿਆਲ ਵਿਚ ਇਸਰਾਏਲੀ ਪਰਮੇਸ਼ੁਰ ਨੂੰ ਭੇਟ ਚੜ੍ਹਾਉਣ ਲਈ ਪਸ਼ੂ-ਪੰਛੀ ਕਿੱਥੋਂ ਲੈਂਦੇ ਸਨ?
ਕਈ ਇਸਰਾਏਲੀ ਤਾਂ ਆਪਣੇ ਘਰ ਹੀ ਪਸ਼ੂ-ਪੰਛੀ ਪਾਲ ਲੈਂਦੇ ਸਨ। ਪਰ ਸਾਰੇ ਇਸਰਾਏਲੀਆਂ ਕੋਲ ਆਪਣੇ ਪਸ਼ੂ-ਪੰਛੀ ਨਹੀਂ ਹੁੰਦੇ ਸਨ। ਕੁਝ ਇਸਰਾਏਲੀ ਯਰੂਸ਼ਲਮ ਤੋਂ ਬਹੁਤ ਦੂਰ ਰਹਿੰਦੇ ਸਨ ਜਿਸ ਕਰਕੇ ਉਨ੍ਹਾਂ ਲਈ ਆਪਣੇ ਪਸ਼ੂਆਂ ਜਾਂ ਪੰਛੀਆਂ ਨੂੰ ਆਪਣੇ ਨਾਲ ਲਿਆਉਣਾ ਔਖਾ ਸੀ। ਇਸ ਲਈ ਉਹ ਅਕਸਰ ਭੇਟ ਚੜ੍ਹਾਉਣ ਲਈ ਜਾਨਵਰ ਵਗੈਰਾ ਯਰੂਸ਼ਲਮ ਤੋਂ ਖ਼ਰੀਦ ਲੈਂਦੇ ਸਨ। ਹੈਕਲ ਵਿਚ ਜਾਨਵਰਾਂ ਦਾ ਵਪਾਰ ਨਹੀਂ ਕੀਤਾ ਜਾਣਾ ਚਾਹੀਦਾ ਸੀ। ਪਰ ਫਿਰ ਵੀ ਉਹ ਇਹ ਕੰਮ ਕਰ ਰਹੇ ਸਨ। ਵਪਾਰੀ ਜਾਨਵਰਾਂ ਨੂੰ ਹੈਕਲ ਵਿਚ ਮਹਿੰਗੇ ਭਾਅ ਵੇਚਦੇ ਸਨ। ਉਹ ਲੋਕਾਂ ਨੂੰ ਠੱਗ ਰਹੇ ਸਨ।
ਇਨ੍ਹਾਂ ਨੇ ਪਰਮੇਸ਼ੁਰ ਦੇ ਘਰ ਨੂੰ ਹੱਟੀ ਬਣਾ ਰੱਖਿਆ ਸੀ ਜਿਸ ਕਰਕੇ ਯਿਸੂ ਨੂੰ ਗੁੱਸਾ ਚੜ੍ਹ ਗਿਆ। ਉਸ ਨੇ ਹੈਕਲ ਵਿਚ ਬੈਠੇ ਦੁਕਾਨਦਾਰਾਂ ਦੇ ਮੇਜ਼ ਉਲਟਾ ਦਿੱਤੇ। ਉਨ੍ਹਾਂ ਦੇ ਸਾਰੇ ਪੈਸੇ ਇੱਧਰ-ਉੱਧਰ ਖਿੱਲਰ ਗਏ। ਉਸ ਨੇ ਰੱਸੇ ਦਾ ਇਕ ਛਾਂਟਾ ਬਣਾਇਆ ਅਤੇ ਜਾਨਵਰਾਂ ਦੇ ਛਾਂਟੇ ਮਾਰ-ਮਾਰ ਕੇ ਉਨ੍ਹਾਂ ਨੂੰ ਹੈਕਲੋਂ ਬਾਹਰ ਕੱਢ ਦਿੱਤਾ। ਘੁੱਗੀਆਂ ਵੇਚਣ ਵਾਲਿਆਂ ਨੂੰ ਉਸ ਨੇ ਕਿਹਾ: ‘ਇਨ੍ਹਾਂ ਨੂੰ ਇੱਥੋਂ ਬਾਹਰ ਲੈ ਜਾਓ! ਮੇਰੇ ਪਿਤਾ ਦੇ ਘਰ ਨੂੰ ਤੁਸੀਂ ਪੈਸੇ ਕਮਾਉਣ ਦੀ ਥਾਂ ਨਾ ਬਣਾਓ।’
ਇਸ ਸਮੇਂ ਯਿਸੂ ਦੇ ਕੁਝ ਚੇਲੇ ਵੀ ਉਸ ਨਾਲ ਹੈਕਲ ਵਿਚ ਸਨ। ਯਿਸੂ ਨੂੰ ਇੰਨੇ ਗੁੱਸੇ ਵਿਚ ਦੇਖ ਕੇ ਉਹ ਹੈਰਾਨ ਰਹਿ ਗਏ। ਫਿਰ ਉਨ੍ਹਾਂ ਨੂੰ ਬਾਈਬਲ ਵਿਚ ਯਿਸੂ ਬਾਰੇ ਲਿਖੀ ਇਕ ਗੱਲ ਯਾਦ ਆਈ ਕਿ ‘ਪਰਮੇਸ਼ੁਰ ਦੇ ਘਰ ਲਈ ਪਿਆਰ ਉਸ ਵਿਚ ਅੱਗ ਵਾਂਗ ਭੜਕੇਗਾ।’
ਯਿਸੂ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਆਇਆ ਸੀ। ਇਸ ਸਮੇਂ ਦੌਰਾਨ ਉਸ ਨੇ ਯਰੂਸ਼ਲਮ ਵਿਚ ਕਈ ਚਮਤਕਾਰ ਕੀਤੇ। ਇਸ ਤੋਂ ਬਾਅਦ ਉਹ ਯਹੂਦਿਯਾ ਛੱਡ ਕੇ ਵਾਪਸ ਗਲੀਲ ਨੂੰ ਚਲਾ ਗਿਆ। ਰਾਹ ਵਿਚ ਉਹ ਸਾਮਰਿਯਾ ਇਲਾਕੇ ਵਿਚ ਵੀ ਰੁਕਿਆ ਸੀ। ਚਲੋ ਆਓ ਦੇਖੀਏ ਉੱਥੇ ਕੀ ਹੋਇਆ।