Skip to content

Skip to table of contents

ਕਹਾਣੀ 101

ਯਿਸੂ ਮਾਰ ਦਿੱਤਾ ਗਿਆ

ਯਿਸੂ ਮਾਰ ਦਿੱਤਾ ਗਿਆ

ਤਸਵੀਰ ਵਿਚ ਦੇਖੋ ਯਿਸੂ ਨੂੰ ਸੂਲੀ ਤੇ ਟੰਗਿਆ ਹੋਇਆ ਹੈ। ਉਸ ਦੇ ਹੱਥਾਂ-ਪੈਰਾਂ ਵਿਚ ਕਿੱਲ ਠੋਕ ਕੇ ਉਸ ਨੂੰ ਸੂਲੀ ਤੇ ਚਾੜ੍ਹਿਆ ਗਿਆ। ਭਲਾ, ਯਿਸੂ ਦੀ ਇਹ ਹਾਲਤ ਕਿਸ ਨੇ ਕੀਤੀ ਹੈ?

ਕੁਝ ਅਜਿਹੇ ਵਿਅਕਤੀ ਸਨ ਜੋ ਯਿਸੂ ਨੂੰ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ਨੇ ਹੀ ਉਸ ਦੀ ਇਹ ਹਾਲਤ ਕੀਤੀ ਸੀ। ਤੁਹਾਨੂੰ ਪਤਾ ਉਹ ਕੌਣ ਸਨ ਜੋ ਯਿਸੂ ਨਾਲ ਇੰਨੀ ਨਫ਼ਰਤ ਕਰਦੇ ਸਨ? ਉਨ੍ਹਾਂ ਵਿੱਚੋਂ ਇਕ ਤਾਂ ਸ਼ਤਾਨ ਸੀ। ਇਹ ਉਹੀ ਬੁਰਾ ਦੂਤ ਹੈ ਜਿਸ ਨੇ ਆਦਮ ਅਤੇ ਹੱਵਾਹ ਨੂੰ ਯਹੋਵਾਹ ਦੇ ਖ਼ਿਲਾਫ਼ ਭੜਕਾਇਆ ਸੀ। ਸ਼ਤਾਨ ਨੇ ਹੀ ਯਿਸੂ ਨੂੰ ਉਸ ਦੇ ਦੁਸ਼ਮਣਾਂ ਕੋਲੋਂ ਮਰਵਾ ਕੇ ਐਡਾ ਵੱਡਾ ਪਾਪ ਕਰਵਾਇਆ ਸੀ।

ਸੂਲੀ ਤੇ ਚੜ੍ਹਾਉਣ ਤੋਂ ਪਹਿਲਾਂ ਵੀ ਯਿਸੂ ਦੇ ਦੁਸ਼ਮਣਾਂ ਨੇ ਉਸ ਨਾਲ ਬਹੁਤ ਹੀ ਬੁਰਾ ਸਲੂਕ ਕੀਤਾ ਸੀ। ਤੁਹਾਨੂੰ ਯਾਦ ਹੋਵੇਗਾ ਆਪਾਂ ਪਿਛਲੀ ਕਹਾਣੀ ਵਿਚ ਦੇਖਿਆ ਸੀ ਕਿ ਯਿਸੂ ਦੇ ਦੁਸ਼ਮਣ ਉਸ ਨੂੰ ਗਥਸਮਨੀ ਦੇ ਬਾਗ਼ ਵਿੱਚੋਂ ਫੜ ਕੇ ਲੈ ਗਏ ਸਨ। ਤੁਹਾਨੂੰ ਪਤਾ ਯਿਸੂ ਦੇ ਇਹ ਦੁਸ਼ਮਣ ਕੌਣ ਸਨ? ਉਸ ਦੇ ਦੁਸ਼ਮਣ ਧਾਰਮਿਕ ਆਗੂ ਸਨ। ਆਓ ਦੇਖੀਏ ਉਨ੍ਹਾਂ ਨੇ ਯਿਸੂ ਨਾਲ ਕੀ-ਕੀ ਕੀਤਾ।

ਯਿਸੂ ਨੂੰ ਜਦ ਧਾਰਮਿਕ ਆਗੂ ਫੜ ਕੇ ਲੈ ਗਏ, ਤਾਂ ਉਸ ਦੇ ਚੇਲੇ ਉੱਥੋਂ ਡਰ ਦੇ ਮਾਰੇ ਭੱਜ ਗਏ। ਇਸ ਤਰ੍ਹਾਂ ਯਿਸੂ ਆਪਣੇ ਦੁਸ਼ਮਣਾਂ ਕੋਲ ਇਕੱਲਾ ਰਹਿ ਗਿਆ। ਪਰ ਪਤਰਸ ਅਤੇ ਯੂਹੰਨਾ ਜ਼ਿਆਦਾ ਦੂਰ ਨਹੀਂ ਗਏ। ਉਹ ਭੀੜ ਦੇ ਨਾਲ-ਨਾਲ ਰਹੇ ਤਾਂਕਿ ਉਹ ਦੇਖ ਸਕਣ ਕਿ ਯਿਸੂ ਨਾਲ ਕੀ ਹੋ ਰਿਹਾ ਸੀ।

ਪਹਿਲਾਂ ਤਾਂ ਧਾਰਮਿਕ ਆਗੂ ਯਿਸੂ ਨੂੰ ਅੰਨਾਸ ਨਾਮ ਦੇ ਬਜ਼ੁਰਗ ਕੋਲ ਲੈ ਗਏ। ਇਹ ਬਜ਼ੁਰਗ ਪਹਿਲਾਂ ਪ੍ਰਧਾਨ ਜਾਜਕ ਹੋਇਆ ਕਰਦਾ ਸੀ। ਉਹ ਉੱਥੇ ਜ਼ਿਆਦਾ ਦੇਰ ਤਕ ਨਾ ਠਹਿਰੇ। ਉੱਥੋਂ ਨਿਕਲ ਕੇ ਉਹ ਕਯਾਫ਼ਾ ਦੇ ਘਰ ਚਲੇ ਗਏ ਜੋ ਹੁਣ ਪ੍ਰਧਾਨ ਜਾਜਕ ਸੀ। ਹੋਰ ਵੀ ਕਈ ਧਾਰਮਿਕ ਆਗੂ ਕਯਾਫ਼ਾ ਦੇ ਘਰ ਪਹੁੰਚ ਚੁੱਕੇ ਸਨ।

ਕਯਾਫ਼ਾ ਦੇ ਘਰ ਉਨ੍ਹਾਂ ਨੇ ਯਿਸੂ ਉੱਤੇ ਮੁਕੱਦਮਾ ਚਲਾਇਆ। ਕਈ ਲੋਕਾਂ ਨੂੰ ਯਿਸੂ ਵਿਰੁੱਧ ਝੂਠੀ ਗਵਾਹੀ ਦੇਣ ਲਈ ਬੁਲਾਇਆ ਗਿਆ। ਸਾਰੇ ਧਾਰਮਿਕ ਆਗੂਆਂ ਨੇ ਕਿਹਾ ਕਿ ‘ਯਿਸੂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ।’ ਫਿਰ ਉਨ੍ਹਾਂ ਨੇ ਯਿਸੂ ਦੇ ਮੂੰਹ ਤੇ ਥੁੱਕਿਆ ਅਤੇ ਉਸ ਨੂੰ ਮੁੱਕੇ ਮਾਰੇ।

ਜਦ ਲੋਕ ਯਿਸੂ ਨਾਲ ਇਹ ਸਲੂਕ ਕਰ ਰਹੇ ਸਨ, ਤਾਂ ਪਤਰਸ ਬਾਹਰ ਵਿਹੜੇ ਵਿਚ ਬੈਠਾ ਸੀ। ਬਾਹਰ ਕਾਫ਼ੀ ਠੰਢ ਸੀ ਤੇ ਲੋਕਾਂ ਨੇ ਧੂਣੀ ਲਾਈ ਹੋਈ ਸੀ। ਜਦ ਸਾਰੇ ਲੋਕ ਬੈਠੇ ਅੱਗ ਸੇਕ ਰਹੇ ਸਨ, ਤਾਂ ਇਕ ਨੌਕਰਾਣੀ ਨੇ ਪਤਰਸ ਵੱਲ ਇਸ਼ਾਰਾ ਕਰਦਿਆਂ ਕਿਹਾ: ‘ਇਹ ਆਦਮੀ ਵੀ ਯਿਸੂ ਦੇ ਨਾਲ ਸੀ।’

ਪਰ ਪਤਰਸ ਨੇ ਜਵਾਬ ਦਿੱਤਾ: ‘ਨਹੀਂ, ਮੈਂ ਉਹ ਦੇ ਨਾਲ ਨਹੀਂ ਸੀ!’

ਤਿੰਨ ਵਾਰ ਲੋਕਾਂ ਨੇ ਕਿਹਾ ਕਿ ਪਤਰਸ ਯਿਸੂ ਨਾਲ ਸੀ। ਪਰ ਹਰ ਵਾਰੀ ਪਤਰਸ ਨੇ ਉਨ੍ਹਾਂ ਦੀ ਗੱਲ ਦਾ ਇਨਕਾਰ ਕਰ ਦਿੱਤਾ। ਤੀਜੀ ਵਾਰ ਜਦ ਉਸ ਨੇ ਇਨਕਾਰ ਕੀਤਾ, ਤਾਂ ਯਿਸੂ ਨੇ ਉਸ ਵੱਲ ਵੇਖਿਆ। ਪਤਰਸ ਇੰਨਾ ਸ਼ਰਮਿੰਦਾ ਹੋਇਆ ਕਿ ਉਹ ਉਸੇ ਵੇਲੇ ਉੱਥੋਂ ਚਲੇ ਗਿਆ। ਹੁਣ ਉਹ ਪਛਤਾ ਰਿਹਾ ਸੀ ਕਿ ਉਸ ਨੇ ਝੂਠ ਕਿਉਂ ਬੋਲਿਆ ਤੇ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਿਆ।

ਸ਼ੁੱਕਰਵਾਰ ਦਿਨ ਚੜ੍ਹਦੇ ਸਾਰ ਜਾਜਕ ਯਿਸੂ ਨੂੰ ਮਹਾਂ-ਸਭਾ ਵਿਚ ਲੈ ਗਏ। ਇੱਥੇ ਉਨ੍ਹਾਂ ਨੇ ਆਪਸ ਵਿਚ ਗੱਲ ਕੀਤੀ ਕਿ ਯਿਸੂ ਨਾਲ ਕੀ ਕੀਤਾ ਜਾਵੇ। ਫਿਰ ਉਹ ਉਸ ਨੂੰ ਯਹੂਦਿਯਾ ਦੇ ਹਾਕਮ ਪੁੰਤਿਯੁਸ ਪਿਲਾਤੁਸ ਕੋਲ ਲੈ ਗਏ।

ਜਾਜਕਾਂ ਨੇ ਪਿਲਾਤੁਸ ਨੂੰ ਯਿਸੂ ਬਾਰੇ ਕਿਹਾ: ‘ਇਹ ਭੈੜਾ ਆਦਮੀ ਹੈ। ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।’ ਯਿਸੂ ਨਾਲ ਸਵਾਲ-ਜਵਾਬ ਕਰਨ ਤੋਂ ਬਾਅਦ ਪਿਲਾਤੁਸ ਨੇ ਕਿਹਾ: ‘ਮੈਨੂੰ ਤਾਂ ਇਸ ਵਿਚ ਕੋਈ ਗ਼ਲਤੀ ਨਜ਼ਰ ਨਹੀਂ ਆਈ।’ ਫਿਰ ਪਿਲਾਤੁਸ ਨੇ ਯਿਸੂ ਨੂੰ ਹੇਰੋਦੇਸ ਅੰਤਿਪਾਸ ਕੋਲ ਭੇਜ ਦਿੱਤਾ। ਹੇਰੋਦੇਸ ਗਲੀਲ ਦਾ ਰਾਜਾ ਸੀ, ਪਰ ਉਹ ਯਰੂਸ਼ਲਮ ਵਿਚ ਰਹਿ ਰਿਹਾ ਸੀ। ਹੇਰੋਦੇਸ ਨੂੰ ਵੀ ਯਿਸੂ ਵਿਚ ਕੋਈ ਗ਼ਲਤੀ ਨਾ ਲੱਭੀ। ਉਸ ਨੇ ਯਿਸੂ ਨੂੰ ਵਾਪਸ ਪਿਲਾਤੁਸ ਕੋਲ ਭੇਜ ਦਿੱਤਾ।

ਪਿਲਾਤੁਸ ਯਿਸੂ ਨੂੰ ਛੱਡ ਦੇਣਾ ਚਾਹੁੰਦਾ ਸੀ। ਪਰ ਯਿਸੂ ਦੇ ਦੁਸ਼ਮਣਾਂ ਨੂੰ ਇਹ ਗੱਲ ਹਰਗਿਜ਼ ਮਨਜ਼ੂਰ ਨਹੀਂ ਸੀ। ਉਹ ਯਿਸੂ ਦੀ ਜਗ੍ਹਾ ਕਿਸੇ ਹੋਰ ਕੈਦੀ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਸਨ ਤੇ ਇਹ ਕੈਦੀ ਇਕ ਡਾਕੂ ਬਰੱਬਾਸ ਸੀ। ਦੁਪਹਿਰ ਕੁ ਦੇ ਵੇਲੇ ਪਿਲਾਤੁਸ ਯਿਸੂ ਨੂੰ ਬਾਹਰ ਲੈ ਕੇ ਆਇਆ। ਫਿਰ ਉਸ ਨੇ ਲੋਕਾਂ ਨੂੰ ਕਿਹਾ: ‘ਦੇਖੋ! ਤੁਹਾਡਾ ਰਾਜਾ!’ ਜਾਜਕਾਂ ਨੇ ਚਿਲਾਉਂਦੇ ਹੋਏ ਕਿਹਾ: ‘ਇਸ ਨੂੰ ਸਾਡੀਆਂ ਅੱਖਾਂ ਤੋਂ ਦੂਰ ਲੈ ਜਾਓ! ਮਾਰ ਸੁੱਟੋ! ਇਸ ਨੂੰ ਮਾਰ ਸੁੱਟੋ!’ ਇਹ ਸਭ ਦੇਖ ਕੇ ਪਿਲਾਤੁਸ ਨੇ ਬਰੱਬਾਸ ਨੂੰ ਆਜ਼ਾਦ ਕਰ ਦਿੱਤਾ ਅਤੇ ਯਿਸੂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ।

ਸ਼ੁੱਕਰਵਾਰ ਦੁਪਹਿਰ ਨੂੰ ਯਿਸੂ ਦੇ ਹੱਥਾਂ-ਪੈਰਾਂ ਵਿਚ ਕਿੱਲ ਠੋਕ ਕੇ ਉਸ ਨੂੰ ਸੂਲੀ ਤੇ ਟੰਗ ਦਿੱਤਾ ਗਿਆ। ਤਸਵੀਰ ਵਿਚ ਤਾਂ ਨਹੀਂ ਦਿਖਾਇਆ ਗਿਆ, ਪਰ ਉਸੇ ਦਿਨ ਯਿਸੂ ਦੇ ਸੱਜੇ ਤੇ ਖੱਬੇ ਪਾਸੇ ਦੋ ਅਪਰਾਧੀਆਂ ਨੂੰ ਵੀ ਸੂਲੀ ਤੇ ਟੰਗਿਆ ਗਿਆ ਸੀ। ਯਿਸੂ ਦੇ ਮਰਨ ਤੋਂ ਥੋੜ੍ਹਾ ਚਿਰ ਪਹਿਲਾਂ ਇਨ੍ਹਾਂ ਦੋਵਾਂ ਵਿੱਚੋਂ ਇਕ ਅਪਰਾਧੀ ਨੇ ਯਿਸੂ ਨੂੰ ਕਿਹਾ: ‘ਜਦ ਤੂੰ ਆਪਣੇ ਰਾਜ ਵਿਚ ਆਵੇਂ ਤਾਂ ਮੈਨੂੰ ਯਾਦ ਰੱਖੀ।’ ਯਿਸੂ ਨੇ ਉਸ ਨਾਲ ਵਾਅਦਾ ਕੀਤਾ ਕਿ ਉਹ ਉਸ ਨੂੰ ਨਵੀਂ ਦੁਨੀਆਂ ਵਿਚ ਜ਼ਰੂਰ ਜੀ ਉਠਾਵੇਗਾ।

ਯਿਸੂ ਨੇ ਉਸ ਨਾਲ ਕਿੰਨਾ ਚੰਗਾ ਵਾਅਦਾ ਕੀਤਾ, ਹੈ ਨਾ? ਤੁਹਾਨੂੰ ਪਤਾ ਯਿਸੂ ਕਿਸ ਨਵੀਂ ਦੁਨੀਆਂ ਦੀ ਗੱਲ ਕਰ ਰਿਹਾ ਸੀ? ਉਹ ਉਸ ਸਮੇਂ ਦੀ ਗੱਲ ਕਰ ਰਿਹਾ ਸੀ ਜਦ ਸਾਰੀ ਧਰਤੀ ਅਦਨ ਦੇ ਬਾਗ਼ ਜਿਹੀ ਬਣ ਜਾਵੇਗੀ। ਯਿਸੂ ਜਦ ਸਵਰਗ ਵਿਚ ਰਾਜਾ ਬਣੇਗਾ, ਉਦੋਂ ਉਹ ਉਸ ਆਦਮੀ ਨੂੰ ਸੋਹਣੀ ਧਰਤੀ ਉੱਤੇ ਜੀ ਉਠਾਵੇਗਾ। ਵਾਹ, ਕਿੰਨੀ ਸੋਹਣੀ ਉਮੀਦ!