ਕਹਾਣੀ 97
ਯਿਸੂ ਰਾਜੇ ਦੇ ਤੌਰ ਤੇ ਆਇਆ
ਦੋ ਅੰਨ੍ਹੇ ਮੰਗਤਿਆਂ ਨੂੰ ਠੀਕ ਕਰਨ ਤੋਂ ਬਾਅਦ ਯਿਸੂ ਯਰੂਸ਼ਲਮ ਲਾਗੇ ਇਕ ਪਿੰਡ ਨੂੰ ਗਿਆ। ਉਸ ਨੇ ਆਪਣੇ ਦੋ ਚੇਲਿਆਂ ਨੂੰ ਕਿਹਾ: ‘ਪਿੰਡ ਵਿਚ ਜਾਓ ਅਤੇ ਉੱਥੇ ਤੁਸੀਂ ਇਕ ਜਵਾਨ ਗਧੀ ਨੂੰ ਬੰਨ੍ਹੀ ਹੋਈ ਦੇਖੋਗੇ। ਉਸ ਨੂੰ ਖੋਲ੍ਹ ਕੇ ਮੇਰੇ ਕੋਲ ਲੈ ਆਓ।’
ਜਦ ਉਹ ਗਧੀ ਨੂੰ ਲੈ ਆਏ, ਤਾਂ ਯਿਸੂ ਉਸ ਉੱਤੇ ਸਵਾਰ ਹੋ ਕੇ ਯਰੂਸ਼ਲਮ ਨੂੰ ਗਿਆ। ਸ਼ਹਿਰ ਲਾਗੇ ਜਦ ਉਹ ਪਹੁੰਚਿਆ, ਤਾਂ ਉਸ ਨੂੰ ਮਿਲਣ ਲਈ ਬਹੁਤ ਸਾਰੇ ਲੋਕ ਆਏ। ਉਨ੍ਹਾਂ ਵਿੱਚੋਂ ਕਈਆਂ ਨੇ ਆਪਣੇ ਚੋਗੇ ਲਾਹ ਕੇ ਯਿਸੂ ਦੇ ਰਾਹ ਵਿਚ ਵਿਛਾ ਦਿੱਤੇ। ਹੋਰਾਂ ਨੇ ਖਜੂਰ ਦੀਆਂ ਟਹਿਣੀਆਂ ਤੋੜ ਕੇ ਉਸ ਦੇ ਰਾਹ ਵਿਚ ਵਿਛਾ ਦਿੱਤੀਆਂ। ਉਹ ਸਾਰੇ ਉੱਚੀ-ਉੱਚੀ ਕਹਿਣ ਲੱਗੇ: ‘ਮੁਬਾਰਕ ਉਹ ਜੋ ਯਹੋਵਾਹ ਦੇ ਨਾਂ ਵਿਚ ਆਉਂਦਾ ਹੈ!’
ਬਹੁਤ ਚਿਰ ਪਹਿਲਾਂ ਇਸਰਾਏਲੀ ਰਾਜੇ ਇੱਦਾਂ ਹੀ ਕਰਿਆ ਕਰਦੇ ਸਨ। ਉਹ ਗਧੀ ਤੇ ਸਵਾਰ ਹੋ ਕੇ ਯਰੂਸ਼ਲਮ ਵਿਚ ਲੋਕਾਂ ਦੇ ਸਾਮ੍ਹਣੇ ਆਉਂਦੇ ਸਨ। ਯਿਸੂ ਵੀ ਇਹੀ ਕਰ ਰਿਹਾ ਸੀ। ਲੋਕ ਆਪਣੇ ਕੱਪੜੇ ਅਤੇ ਖਜੂਰ ਦੀਆਂ ਟਹਿਣੀਆਂ ਯਿਸੂ ਦੇ ਰਾਹ ਵਿਚ ਵਿਛਾ ਕੇ ਦਿਖਾ ਰਹੇ ਸਨ ਕਿ ਉਹ ਉਸ ਨੂੰ ਆਪਣਾ ਰਾਜਾ ਮੰਨਦੇ ਸਨ। ਪਰ ਸਾਰੇ ਲੋਕ ਯਿਸੂ ਨੂੰ ਰਾਜਾ ਨਹੀਂ ਮੰਨਦੇ ਸਨ। ਇਸ ਬਾਰੇ ਹੋਰ ਜਾਣਨ ਲਈ ਚਲੋ ਦੇਖੀਏ ਉਦੋਂ ਕੀ ਹੋਇਆ ਜਦ ਯਿਸੂ ਯਰੂਸ਼ਲਮ ਦੀ ਹੈਕਲ ਨੂੰ ਗਿਆ।
ਹੈਕਲ ਵਿਚ ਯਿਸੂ ਨੇ ਅੰਨ੍ਹਿਆਂ ਅਤੇ ਲੰਗੜਿਆਂ ਨੂੰ ਠੀਕ ਕੀਤਾ। ਜਦ ਨਿਆਣਿਆਂ ਨੇ ਉਸ ਨੂੰ ਚਮਤਕਾਰ ਕਰਦੇ ਦੇਖਿਆ, ਤਾਂ ਉਹ ਉਸ ਦੀ ਮਹਿਮਾ ਕਰਨ ਲੱਗ ਪਏ। ਪਰ ਇਹ ਦੇਖ ਕੇ ਧਾਰਮਿਕ ਆਗੂ ਸੜ ਗਏ। ਉਨ੍ਹਾਂ ਨੇ ਯਿਸੂ ਨੂੰ ਕਿਹਾ: ‘ਕੀ ਤੂੰ ਸੁਣਦਾ ਹੈਂ ਕਿ ਨਿਆਣੇ ਕੀ ਕਹਿ ਰਹੇ ਹਨ?’
ਯਿਸੂ ਨੇ ਜਵਾਬ ਦਿੱਤਾ: ‘ਹਾਂ, ਮੈਂ ਸੁਣਦਾ ਹਾਂ। ਭਲਾ, ਤੁਸੀਂ ਬਾਈਬਲ ਵਿਚ ਕਦੇ ਨਹੀਂ ਪੜ੍ਹਿਆ: “ਨਿਆਣਿਆਂ ਦੇ ਮੂੰਹੋਂ ਵੀ ਪਰਮੇਸ਼ੁਰ ਮਹਿਮਾ ਕਰਾਵੇਗਾ?”’ ਨਿਆਣੇ ਪਰਮੇਸ਼ੁਰ ਦੇ ਰਾਜੇ ਦੀ ਮਹਿਮਾ ਕਰ ਰਹੇ ਸਨ।
ਸਾਨੂੰ ਵੀ ਉਨ੍ਹਾਂ ਨਿਆਣਿਆਂ ਵਰਗੇ ਬਣਨਾ ਚਾਹੀਦਾ ਹੈ, ਹੈ ਨਾ? ਕਈ ਵਾਰੀ ਸ਼ਾਇਦ ਲੋਕ ਸਾਨੂੰ ਵੀ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਨ ਤੋਂ ਰੋਕਣ। ਪਰ ਸਾਨੂੰ ਉਨ੍ਹਾਂ ਦੀ ਗੱਲ ਨਹੀਂ ਸੁਣਨੀ ਚਾਹੀਦੀ। ਸਾਨੂੰ ਹਮੇਸ਼ਾ ਲੋਕਾਂ ਨੂੰ ਦੱਸਦੇ ਰਹਿਣਾ ਚਾਹੀਦਾ ਹੈ ਕਿ ਯਿਸੂ ਉਨ੍ਹਾਂ ਲਈ ਭਵਿੱਖ ਵਿਚ ਕੀ-ਕੀ ਕਰੇਗਾ।
ਯਿਸੂ ਜਦ ਧਰਤੀ ਤੇ ਸੀ, ਉਦੋਂ ਉਸ ਦੇ ਰਾਜਾ ਬਣਨ ਦਾ ਵਕਤ ਨਹੀਂ ਆਇਆ ਸੀ। ਪਰ ਯਿਸੂ ਦੇ ਚੇਲੇ ਜਾਣਨਾ ਚਾਹੁੰਦੇ ਸਨ ਕਿ ਉਹ ਕਦੋਂ ਰਾਜ ਕਰਨ ਲੱਗੇਗਾ? ਚਲੋ ਆਓ ਇਸ ਬਾਰੇ ਆਪਾਂ ਅਗਲੀ ਕਹਾਣੀ ਵਿਚ ਪੜ੍ਹੀਏ।