Skip to content

Skip to table of contents

ਕਹਾਣੀ 88

ਯੂਹੰਨਾ ਨੇ ਯਿਸੂ ਨੂੰ ਬਪਤਿਸਮਾ ਦਿੱਤਾ

ਯੂਹੰਨਾ ਨੇ ਯਿਸੂ ਨੂੰ ਬਪਤਿਸਮਾ ਦਿੱਤਾ

ਤਸਵੀਰ ਵਿਚ ਦੇਖੋ ਇਸ ਬੰਦੇ ਦੇ ਸਿਰ ਤੇ ਘੁੱਗੀ ਉੱਤਰ ਰਹੀ ਹੈ। ਇਹ ਬੰਦਾ ਯਿਸੂ ਹੈ ਅਤੇ ਹੁਣ ਉਸ ਦੀ ਉਮਰ ਤਕਰੀਬਨ 30 ਸਾਲਾਂ ਦੀ ਹੈ। ਉਸ ਦੇ ਨਾਲ ਯੂਹੰਨਾ ਹੈ। ਆਪਾਂ ਯੂਹੰਨਾ ਬਾਰੇ ਪਹਿਲਾਂ ਵੀ ਥੋੜ੍ਹਾ ਜਿਹਾ ਪੜ੍ਹ ਚੁੱਕੇ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਜਦ ਮਰਿਯਮ ਆਪਣੀ ਰਿਸ਼ਤੇਦਾਰ ਇਲੀਸਬਤ ਨੂੰ ਮਿਲਣ ਗਈ ਸੀ, ਤਾਂ ਇਲੀਸਬਤ ਦੀ ਕੁੱਖ ਵਿਚ ਪਲ ਰਿਹਾ ਬੱਚਾ ਖ਼ੁਸ਼ੀ ਦੇ ਮਾਰੇ ਉੱਛਲ ਉੱਠਿਆ ਸੀ। ਉਹ ਬੱਚਾ ਯੂਹੰਨਾ ਹੀ ਸੀ। ਪਰ ਯੂਹੰਨਾ ਤੇ ਯਿਸੂ ਇੱਥੇ ਪਾਣੀ ਵਿਚ ਕੀ ਕਰ ਰਹੇ ਹਨ?

ਯੂਹੰਨਾ ਹੁਣੇ-ਹੁਣੇ ਯਿਸੂ ਨੂੰ ਯਰਦਨ ਨਦੀ ਵਿਚ ਗੋਤਾ ਦੇ ਕੇ ਹਟਿਆ ਹੈ। ਇਸ ਤਰ੍ਹਾਂ ਇਕ ਵਿਅਕਤੀ ਨੂੰ ਬਪਤਿਸਮਾ ਦਿੱਤਾ ਜਾਂਦਾ ਹੈ। ਪਹਿਲਾਂ ਉਸ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਡਬੋਇਆ ਜਾਂਦਾ ਹੈ, ਫਿਰ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ। ਲੋਕਾਂ ਨੂੰ ਬਪਤਿਸਮਾ ਦੇਣ ਕਰਕੇ ਯੂਹੰਨਾ ਦਾ ਨਾਂ ਹੀ ਯੂਹੰਨਾ ਬਪਤਿਸਮਾ ਦੇਣ ਵਾਲਾ ਪੈ ਗਿਆ। ਪਰ ਆਓ ਆਪਾਂ ਦੇਖੀਏ ਕਿ ਉਸ ਨੇ ਯਿਸੂ ਨੂੰ ਕਿਉਂ ਬਪਤਿਸਮਾ ਦਿੱਤਾ ਸੀ।

ਯੂਹੰਨਾ ਨੇ ਯਿਸੂ ਦੇ ਕਹਿਣ ਤੇ ਹੀ ਉਸ ਨੂੰ ਬਪਤਿਸਮਾ ਦਿੱਤਾ ਸੀ। ਯੂਹੰਨਾ ਉਨ੍ਹਾਂ ਲੋਕਾਂ ਨੂੰ ਬਪਤਿਸਮਾ ਦਿੰਦਾ ਸੀ ਜੋ ਆਪਣੇ ਬੁਰੇ ਕੰਮਾਂ ਨੂੰ ਛੱਡ ਕੇ ਰੱਬ ਤੋਂ ਮਾਫ਼ੀ ਮੰਗਣੀ ਚਾਹੁੰਦੇ ਸਨ। ਪਰ ਕੀ ਯਿਸੂ ਨੇ ਵੀ ਕੋਈ ਬੁਰਾ ਕੰਮ ਕੀਤਾ ਸੀ ਜਿਸ ਕਰਕੇ ਉਸ ਨੂੰ ਮਾਫ਼ੀ ਮੰਗਣ ਦੀ ਲੋੜ ਸੀ? ਨਹੀਂ, ਉਸ ਨੇ ਕਦੇ ਵੀ ਕੋਈ ਬੁਰਾ ਕੰਮ ਨਹੀਂ ਕੀਤਾ ਸੀ। ਉਹ ਤਾਂ ਪਰਮੇਸ਼ੁਰ ਦਾ ਪੁੱਤਰ ਸੀ ਜੋ ਸਵਰਗੋਂ ਧਰਤੀ ਤੇ ਆਇਆ ਸੀ। ਉਸ ਨੇ ਯੂਹੰਨਾ ਤੋਂ ਕਿਸੇ ਹੋਰ ਕਾਰਨ ਲਈ ਬਪਤਿਸਮਾ ਲਿਆ ਸੀ। ਚਲੋ ਆਓ ਦੇਖੀਏ ਉਹ ਕਿਹੜਾ ਕਾਰਨ ਸੀ।

ਯੂਹੰਨਾ ਤੋਂ ਬਪਤਿਸਮਾ ਲੈਣ ਤੋਂ ਪਹਿਲਾਂ ਯਿਸੂ ਤਰਖਾਣ ਦਾ ਕੰਮ ਕਰਦਾ ਸੀ। ਤਰਖਾਣ ਉਹ ਨੂੰ ਕਹਿੰਦੇ ਹਨ ਜੋ ਲੱਕੜ ਦੀਆਂ ਮੇਜ਼-ਕੁਰਸੀਆਂ ਵਗੈਰਾ ਬਣਾਉਂਦਾ ਹੈ। ਮਰਿਯਮ ਦਾ ਪਤੀ ਯੂਸੁਫ਼ ਵੀ ਇਕ ਤਰਖਾਣ ਸੀ। ਉਸ ਨੇ ਹੀ ਯਿਸੂ ਨੂੰ ਇਹ ਕੰਮ ਸਿਖਾਇਆ ਸੀ। ਪਰ ਯਹੋਵਾਹ ਨੇ ਆਪਣੇ ਪੁੱਤਰ ਨੂੰ ਧਰਤੀ ਤੇ ਤਰਖਾਣ ਦਾ ਕੰਮ ਕਰਨ ਲਈ ਨਹੀਂ ਭੇਜਿਆ ਸੀ। ਯਹੋਵਾਹ ਨੇ ਯਿਸੂ ਨੂੰ ਧਰਤੀ ਤੇ ਇਕ ਖ਼ਾਸ ਕੰਮ ਕਰਨ ਲਈ ਭੇਜਿਆ ਸੀ। ਹੁਣ ਉਹ ਕੰਮ ਕਰਨ ਦਾ ਵੇਲਾ ਆ ਪਹੁੰਚਿਆ ਸੀ। ਇਹੀ ਕੰਮ ਸ਼ੁਰੂ ਕਰਨ ਲਈ ਯਿਸੂ ਨੇ ਯੂਹੰਨਾ ਕੋਲੋਂ ਬਪਤਿਸਮਾ ਲਿਆ ਸੀ। ਇੱਦਾਂ ਕਰ ਕੇ ਯਿਸੂ ਸਾਰੇ ਲੋਕਾਂ ਨੂੰ ਦਿਖਾ ਰਿਹਾ ਸੀ ਕਿ ਉਹ ਧਰਤੀ ਤੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਆਇਆ ਸੀ। ਕੀ ਪਰਮੇਸ਼ੁਰ ਯਿਸੂ ਦੇ ਇਸ ਕਦਮ ਤੋਂ ਖ਼ੁਸ਼ ਸੀ?

ਹਾਂ, ਯਹੋਵਾਹ ਪਰਮੇਸ਼ੁਰ ਯਿਸੂ ਤੋਂ ਬਹੁਤ ਖ਼ੁਸ਼ ਸੀ ਕਿਉਂਕਿ ਜਦ ਉਹ ਬਪਤਿਸਮਾ ਲੈ ਹਟਿਆ, ਤਾਂ ਸਵਰਗੋਂ ਇਹ ਆਵਾਜ਼ ਆਈ: ‘ਇਹ ਮੇਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।’ ਇਸ ਦੇ ਨਾਲ-ਨਾਲ ਸਵਰਗੋਂ ਇਕ ਘੁੱਗੀ ਉੱਤਰ ਕੇ ਯਿਸੂ ਦੇ ਸਿਰ ਤੇ ਆ ਗਈ। ਪਰ ਇਹ ਕੋਈ ਅਸਲੀ ਘੁੱਗੀ ਨਹੀਂ ਸੀ ਬਲਕਿ ਇਹ ਤਾਂ ਇਸ ਗੱਲ ਦੀ ਨਿਸ਼ਾਨੀ ਸੀ ਕਿ ਪਰਮੇਸ਼ੁਰ ਦੀ ਸ਼ਕਤੀ ਯਿਸੂ ਉੱਤੇ ਆ ਗਈ ਸੀ।

ਹੁਣ ਯਿਸੂ ਨੂੰ ਬਹੁਤ ਗੱਲਾਂ ਤੇ ਸੋਚ-ਵਿਚਾਰ ਕਰਨ ਦੀ ਲੋੜ ਸੀ ਜਿਸ ਕਰਕੇ ਉਹ 40 ਦਿਨਾਂ ਲਈ ਕਿਸੇ ਸੁੰਨਸਾਨ ਜਗ੍ਹਾ ਤੇ ਚਲੇ ਗਿਆ। ਸ਼ਤਾਨ ਵੀ ਉਸ ਦੇ ਮਗਰ ਉੱਥੇ ਆ ਗਿਆ ਅਤੇ ਤਿੰਨ ਵਾਰ ਉਸ ਨੇ ਯਿਸੂ ਨੂੰ ਯਹੋਵਾਹ ਦੇ ਹੁਕਮਾਂ ਦੇ ਖ਼ਿਲਾਫ਼ ਜਾਣ ਨੂੰ ਕਿਹਾ। ਪਰ ਯਿਸੂ ਨੇ ਇਸ ਤਰ੍ਹਾਂ ਨਹੀਂ ਕੀਤਾ।

ਇਸ ਤੋਂ ਬਾਅਦ ਯਿਸੂ ਕੁਝ ਬੰਦਿਆਂ ਨੂੰ ਮਿਲਿਆ ਜੋ ਉਸ ਦੇ ਚੇਲੇ ਬਣੇ। ਉਨ੍ਹਾਂ ਵਿੱਚੋਂ ਕੁਝ ਕੁ ਦੇ ਨਾਮ ਸਨ ਅੰਦ੍ਰਿਯਾਸ, ਪਤਰਸ (ਜੋ ਸ਼ਮਊਨ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ), ਫ਼ਿਲਿੱਪੁਸ ਅਤੇ ਨਥਾਨਿਏਲ (ਜੋ ਬਰਥੁਲਮਈ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ)। ਯਿਸੂ ਅਤੇ ਉਸ ਦੇ ਇਹ ਚੇਲੇ ਗਲੀਲ ਜ਼ਿਲ੍ਹੇ ਵਿਚ ਚਲੇ ਗਏ। ਗਲੀਲ ਵਿਚ ਉਹ ਨਥਾਨਿਏਲ ਦੇ ਜੱਦੀ ਪਿੰਡ ਕਾਨਾ ਵਿਚ ਰੁਕੇ। ਉੱਥੇ ਯਿਸੂ ਇਕ ਵਿਆਹ ਦੀ ਦਾਅਵਤ ਤੇ ਗਿਆ। ਇਸ ਦਾਅਵਤ ਵਿਚ ਉਸ ਨੇ ਆਪਣਾ ਪਹਿਲਾ ਚਮਤਕਾਰ ਕੀਤਾ। ਤੁਹਾਨੂੰ ਪਤਾ ਉਹ ਚਮਤਕਾਰ ਕੀ ਸੀ? ਉਸ ਨੇ ਪਾਣੀ ਨੂੰ ਮੈ ਵਿਚ ਬਦਲ ਦਿੱਤਾ ਸੀ।