Skip to content

Skip to table of contents

ਕਹਾਣੀ 110

ਤਿਮੋਥਿਉਸ ਨੇ ਪੌਲੁਸ ਨਾਲ ਪ੍ਰਚਾਰ ਕੀਤਾ

ਤਿਮੋਥਿਉਸ ਨੇ ਪੌਲੁਸ ਨਾਲ ਪ੍ਰਚਾਰ ਕੀਤਾ

ਪੌਲੁਸ ਰਸੂਲ ਨਾਲ ਖੜ੍ਹੇ ਨੌਜਵਾਨ ਦਾ ਨਾਮ ਤਿਮੋਥਿਉਸ ਹੈ। ਤਿਮੋਥਿਉਸ ਲੁਸਤ੍ਰਾ ਦਾ ਰਹਿਣ ਵਾਲਾ ਸੀ। ਉਸ ਦੀ ਮਾਂ ਦਾ ਨਾਮ ਯੂਨੀਕਾ ਸੀ ਅਤੇ ਨਾਨੀ ਦਾ ਲੋਇਸ।

ਪੌਲੁਸ ਹੁਣ ਤੀਜੀ ਵਾਰੀ ਲੁਸਤ੍ਰਾ ਨੂੰ ਆਇਆ ਸੀ। ਸਾਲ ਕੁ ਪਹਿਲਾਂ ਉਹ ਬਰਨਬਾਸ ਨਾਲ ਇੱਥੇ ਦੇ ਲੋਕਾਂ ਨੂੰ ਪਹਿਲੀ ਵਾਰੀ ਪ੍ਰਚਾਰ ਕਰਨ ਆਇਆ ਸੀ। ਹੁਣ ਪੌਲੁਸ ਆਪਣੇ ਦੋਸਤ ਸੀਲਾਸ ਨਾਲ ਵਾਪਸ ਲੁਸਤ੍ਰਾ ਆਇਆ ਸੀ।

ਤਸਵੀਰ ਵਿਚ ਦੇਖੋ ਪੌਲੁਸ ਤਿਮੋਥਿਉਸ ਨਾਲ ਗੱਲ ਕਰ ਰਿਹਾ ਹੈ। ਉਸ ਨੇ ਤਿਮੋਥਿਉਸ ਨੂੰ ਪੁੱਛਿਆ: ‘ਕੀ ਤੂੰ ਮੇਰੇ ਅਤੇ ਸੀਲਾਸ ਨਾਲ ਪ੍ਰਚਾਰ ਕਰਨ ਜਾਣਾ ਚਾਹੁੰਦਾ ਹੈਂ? ਅਸੀਂ ਤੇਰੀ ਮਦਦ ਨਾਲ ਦੂਰ-ਦੁਰੇਡੇ ਇਲਾਕਿਆਂ ਵਿਚ ਲੋਕਾਂ ਤਕ ਪਰਮੇਸ਼ੁਰ ਦਾ ਸੰਦੇਸ਼ ਪਹੁੰਚਾ ਪਾਵਾਂਗੇ।’

ਤਿਮੋਥਿਉਸ ਨੇ ਜਵਾਬ ਦਿੱਤਾ: ‘ਹਾਂ, ਮੈਂ ਵੀ ਤੁਹਾਡੇ ਨਾਲ ਜਾਣਾ ਚਾਹੁੰਦਾ ਹਾਂ।’ ਫਿਰ ਇਸ ਤੋਂ ਜਲਦੀ ਹੀ ਬਾਅਦ ਤਿਮੋਥਿਉਸ ਆਪਣੇ ਪਰਿਵਾਰ ਨੂੰ ਅਲਵਿਦਾ ਕਹਿ ਕੇ ਪੌਲੁਸ ਅਤੇ ਸੀਲਾਸ ਨਾਲ ਚਲੇ ਗਿਆ। ਉਨ੍ਹਾਂ ਦੇ ਸਫ਼ਰ ਬਾਰੇ ਗੱਲ ਕਰਨ ਤੋਂ ਪਹਿਲਾਂ ਆਓ ਆਪਾਂ ਦੇਖੀਏ ਕਿ ਪੌਲੁਸ ਦੀ ਜ਼ਿੰਦਗੀ ਵਿਚ ਕੀ ਹੋ ਰਿਹਾ ਸੀ। ਤਕਰੀਬਨ 17 ਸਾਲ ਪਹਿਲਾਂ ਯਿਸੂ ਨੇ ਪੌਲੁਸ ਨੂੰ ਦੰਮਿਸਕ ਦੇ ਰਾਹ ਵਿਚ ਦਰਸ਼ਣ ਦਿੱਤੇ ਸਨ।

ਯਾਦ ਹੈ, ਆਪਾਂ ਪਿਛਲੀਆਂ ਕਹਾਣੀਆਂ ਵਿਚ ਪੜ੍ਹਿਆ ਸੀ ਕਿ ਪੌਲੁਸ ਯਿਸੂ ਦੇ ਚੇਲਿਆਂ ਨੂੰ ਦੁੱਖ ਦਿਆ ਕਰਦਾ ਸੀ? ਪਰ ਹੁਣ ਪੌਲੁਸ ਖ਼ੁਦ ਹੀ ਯਿਸੂ ਦਾ ਚੇਲਾ ਬਣ ਗਿਆ ਸੀ! ਪੌਲੁਸ ਦੇ ਕੁਝ ਦੁਸ਼ਮਣਾਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਸੀ ਕਿ ਉਹ ਲੋਕਾਂ ਨੂੰ ਯਿਸੂ ਬਾਰੇ ਸਿਖਾ ਰਿਹਾ ਸੀ। ਪਰ ਯਿਸੂ ਦੇ ਚੇਲਿਆਂ ਨੇ ਉਸ ਦੀ ਜਾਨ ਬਚਾਈ। ਉਨ੍ਹਾਂ ਨੇ ਉਸ ਨੂੰ ਇਕ ਟੋਕਰੇ ਵਿਚ ਬਿਠਾ ਕੇ ਸ਼ਹਿਰ ਦੀਆਂ ਕੰਧਾਂ ਦੇ ਬਾਹਰ ਉਤਾਰ ਦਿੱਤਾ।

ਪੌਲੁਸ ਰਸੂਲ ਨੇ ਅੰਤਾਕਿਯਾ ਸ਼ਹਿਰ ਵਿਚ ਵੀ ਪ੍ਰਚਾਰ ਕੀਤਾ ਸੀ। ਇਸ ਸ਼ਹਿਰ ਵਿਚ ਯਿਸੂ ਦੇ ਚੇਲੇ ਪਹਿਲੀ ਵਾਰੀ ਮਸੀਹੀ ਸੱਦੇ ਜਾਣ ਲੱਗੇ ਸਨ। ਉੱਥੋਂ ਹੀ ਪੌਲੁਸ ਅਤੇ ਬਰਨਬਾਸ ਵੱਖ-ਵੱਖ ਦੇਸ਼ਾਂ ਵਿਚ ਪ੍ਰਚਾਰ ਕਰਨ ਚਲੇ ਗਏ। ਉਸ ਸਮੇਂ ਉਹ ਲੁਸਤ੍ਰਾ ਨੂੰ ਗਏ ਜੋ ਤਿਮੋਥਿਉਸ ਦਾ ਜੱਦੀ ਸ਼ਹਿਰ ਸੀ।

ਤਕਰੀਬਨ ਸਾਲ ਕੁ ਬਾਅਦ ਪੌਲੁਸ ਲੁਸਤ੍ਰਾ ਵਿਚ ਦੂਜੀ ਵਾਰ ਪ੍ਰਚਾਰ ਕਰਨ ਆਇਆ ਸੀ। ਤੁਹਾਨੂੰ ਪਤਾ ਲੁਸਤ੍ਰਾ ਛੱਡ ਕੇ ਪੌਲੁਸ ਅਤੇ ਸੀਲਾਸ ਨਾਲ ਤਿਮੋਥਿਉਸ ਕਿੱਥੇ ਗਿਆ? ਚਲੋ ਆਓ ਆਪਾਂ ਇਸ ਨਕਸ਼ੇ ਤੇ ਦੇਖੀਏ ਕਿ ਤਿਮੋਥਿਉਸ ਅਤੇ ਪੌਲੁਸ ਹੋਰੀਂ ਕਿੱਥੇ-ਕਿੱਥੇ ਗਏ ਸਨ।

ਪਹਿਲਾਂ ਉਹ ਇਕੋਨਿਯੁਮ ਨਾਮ ਦੇ ਸ਼ਹਿਰ ਨੂੰ ਗਏ ਅਤੇ ਫਿਰ ਅੰਤਾਕਿਯਾ ਨਾਮ ਦੇ ਇਕ ਹੋਰ ਸ਼ਹਿਰ ਨੂੰ ਗਏ। ਇਸ ਤੋਂ ਬਾਅਦ ਉਹ ਤ੍ਰੋਆਸ, ਫ਼ਿਲਿੱਪੈ, ਥੱਸਲੁਨੀਕਾ ਅਤੇ ਬਰਿਯਾ ਨੂੰ ਗਏ। ਕੀ ਤੁਸੀਂ ਨਕਸ਼ੇ ਤੇ ਅਥੇਨੈ ਨੂੰ ਲੱਭ ਸਕਦੇ ਹੋ? ਪੌਲੁਸ ਨੇ ਉੱਥੇ ਵੀ ਪ੍ਰਚਾਰ ਕੀਤਾ ਸੀ। ਫਿਰ ਉਨ੍ਹਾਂ ਨੇ ਡੇਢ ਸਾਲ ਕੁਰਿੰਥੁਸ ਵਿਚ ਪ੍ਰਚਾਰ ਕੀਤਾ। ਇਸ ਤੋਂ ਬਾਅਦ ਉਹ ਅਫ਼ਸੁਸ ਨੂੰ ਚਲੇ ਗਏ। ਥੋੜ੍ਹੇ ਕੁ ਸਮੇਂ ਬਾਅਦ ਉਹ ਕਿਸ਼ਤੀ ਰਾਹੀਂ ਕੈਸਰਿਯਾ ਪਹੁੰਚ ਗਏ ਅਤੇ ਬਾਅਦ ਵਿਚ ਅੰਤਾਕਿਯਾ ਨੂੰ ਚਲੇ ਗਏ ਜਿੱਥੇ ਪੌਲੁਸ ਠਹਿਰਿਆ ਸੀ।

ਤਿਮੋਥਿਉਸ ਨੇ ਦੂਰ-ਦੂਰ ਤਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਪੌਲੁਸ ਦਾ ਸਾਥ ਦਿੱਤਾ। ਉਨ੍ਹਾਂ ਨੇ ਕਈ ਨਵੀਆਂ ਕਲੀਸਿਯਾਵਾਂ ਸ਼ੁਰੂ ਕੀਤੀਆਂ। ਵੱਡੇ ਹੋ ਕੇ ਕੀ ਤੁਸੀਂ ਵੀ ਤਿਮੋਥਿਉਸ ਵਾਂਗ ਪਰਮੇਸ਼ੁਰ ਦੀ ਸੇਵਾ ਕਰੋਗੇ?