ਕਹਾਣੀ 105
ਯਰੂਸ਼ਲਮ ਵਿਚ ਉਡੀਕ
ਇਹ ਸਾਰੇ ਲੋਕ ਯਿਸੂ ਦੇ ਚੇਲੇ ਹਨ। ਯਿਸੂ ਦੇ ਕਹਿਣੇ ਮੁਤਾਬਕ ਉਹ ਯਰੂਸ਼ਲਮ ਵਿਚ ਉਸ ਦਾ ਇੰਤਜ਼ਾਰ ਕਰ ਰਹੇ ਹਨ। ਜਦ ਇਹ ਸਭ ਇਕ ਕਮਰੇ ਵਿਚ ਇਕੱਠੇ ਬੈਠੇ ਸਨ, ਤਾਂ ਅਚਾਨਕ ਉਨ੍ਹਾਂ ਨੇ ਇਕ ਆਵਾਜ਼ ਸੁਣੀ। ਇਹ ਆਵਾਜ਼ ਕੁਝ ਇਸ ਤਰ੍ਹਾਂ ਦੀ ਸੀ ਜਿਵੇਂ ਕਿ ਜ਼ੋਰ ਦੀ ਹਨੇਰੀ ਵੱਗ ਰਹੀ ਹੋਵੇ। ਫਿਰ ਉਨ੍ਹਾਂ ਨੂੰ ਸਾਰਿਆਂ ਦੇ ਸਿਰਾਂ ਤੇ ਜੋਤਾਂ ਦਿਖਾਈ ਦਿੱਤੀਆਂ। ਇਹ ਪਰਮੇਸ਼ੁਰ ਦੀ ਸ਼ਕਤੀ ਦੀ ਨਿਸ਼ਾਨੀ ਸੀ। ਕੀ ਤੁਸੀਂ ਤਸਵੀਰ ਵਿਚ ਸਾਰਿਆਂ ਦੇ ਸਿਰਾਂ ਤੇ ਜੋਤਾਂ ਦੇਖ ਸਕਦੇ ਹੋ? ਚਲੋ ਆਓ ਦੇਖੀਏ ਕਿ ਇਸ ਸਭ ਦਾ ਕੀ ਮਤਲਬ ਸੀ।
ਯਿਸੂ ਹੁਣ ਸਵਰਗ ਵਿਚ ਆਪਣੇ ਪਿਤਾ ਕੋਲ ਜਾ ਚੁੱਕਾ ਸੀ। ਉਸ ਨੇ ਹੀ ਇਸ ਚਮਤਕਾਰ ਰਾਹੀਂ ਆਪਣੇ ਚੇਲਿਆਂ ਨੂੰ ਸ਼ਕਤੀ ਦਿੱਤੀ ਸੀ। ਤੁਹਾਨੂੰ ਪਤਾ ਇਸ ਸ਼ਕਤੀ ਸਦਕਾ ਹੁਣ ਚੇਲੇ ਕੀ ਕਰ ਸਕਦੇ ਸਨ? ਉਹ ਸਭ ਵੱਖ-ਵੱਖ ਭਾਸ਼ਾਵਾਂ ਬੋਲ ਸਕਦੇ ਸਨ।
ਪੰਤੇਕੁਸਤ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਵਿਚ ਦੂਸਰੀਆਂ ਕਈ ਕੌਮਾਂ ਦੇ ਲੋਕ ਵੀ ਆਏ ਹੋਏ ਸਨ। ਇਨ੍ਹਾਂ ਸਭ ਨੇ ਵੀ ਜ਼ੋਰ ਦੀ ਹਨੇਰੀ ਵਗਣ ਦੀ ਆਵਾਜ਼ ਸੁਣੀ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਹੋ ਰਿਹਾ ਹੈ। ਇਸ ਲਈ ਉਹ ਉਸ ਪਾਸੇ ਨੂੰ ਤੁਰ ਪਏ ਜਿਸ ਪਾਸੋਂ ਆਵਾਜ਼ ਆ ਰਹੀ ਸੀ। ਪਰ ਜਦ ਉਨ੍ਹਾਂ ਨੇ ਆਪੋ-ਆਪਣੀ ਭਾਸ਼ਾ ਵਿਚ ਯਿਸੂ ਦੇ ਚੇਲਿਆਂ ਨੂੰ ਪਰਮੇਸ਼ੁਰ ਬਾਰੇ ਗੱਲ ਕਰਦਿਆਂ ਸੁਣਿਆ, ਤਾਂ ਉਹ ਹੈਰਾਨ ਰਹਿ ਗਏ।
ਸ਼ਹਿਰ ਵਿਚ ਆਏ ਲੋਕਾਂ ਨੇ ਕਿਹਾ: ‘ਇਹ ਸਭ ਲੋਕ ਤਾਂ ਗਲੀਲ ਤੋਂ ਹਨ, ਤਾਂ ਫਿਰ ਇਨ੍ਹਾਂ ਨੇ ਸਾਡੇ ਦੇਸ਼ ਦੀਆਂ ਭਾਸ਼ਾਵਾਂ ਬੋਲਣੀਆਂ ਕਿਵੇਂ ਸਿੱਖ ਲਈਆਂ?’
ਉਨ੍ਹਾਂ ਨੂੰ ਸਮਝਾਉਣ ਲਈ ਪਤਰਸ ਖੜ੍ਹਾ ਹੋਇਆ। ਉਸ ਨੇ ਉਨ੍ਹਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਯਿਸੂ ਨੂੰ ਕਿਵੇਂ ਮਾਰਿਆ ਗਿਆ ਸੀ ਅਤੇ ਯਹੋਵਾਹ ਨੇ ਉਸ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਸੀ। ਉਸ ਨੇ ਅੱਗੇ ਕਿਹਾ ਕਿ ‘ਹੁਣ ਯਿਸੂ ਸਵਰਗ ਵਿਚ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ ਅਤੇ ਉਸ ਨੇ ਆਪਣੇ ਵਾਅਦੇ ਅਨੁਸਾਰ ਸ਼ਕਤੀ ਆਪਣੇ ਚੇਲਿਆਂ ਨੂੰ ਦਿੱਤੀ ਹੈ। ਇਸ ਕਾਰਨ ਤੁਸੀਂ ਅੱਜ ਇਹ ਚਮਤਕਾਰ ਦੇਖੇ ਅਤੇ ਸੁਣੇ ਹਨ।’
ਪਤਰਸ ਦੀਆਂ ਗੱਲਾਂ ਲੋਕਾਂ ਦੇ ਦਿਲਾਂ ਨੂੰ ਛੋਹ ਗਈਆਂ। ਯਿਸੂ ਨਾਲ ਜੋ ਕੁਝ ਹੋਇਆ, ਉਸ ਬਾਰੇ ਸੁਣ ਕੇ ਬਹੁਤ ਸਾਰੇ ਲੋਕਾਂ ਨੇ ਅਫ਼ਸੋਸ ਕੀਤਾ। ਉਨ੍ਹਾਂ ਨੇ ਪਤਰਸ ਨੂੰ ਪੁੱਛਿਆ: ‘ਸਾਨੂੰ ਕੀ ਕਰਨਾ ਚਾਹੀਦਾ ਹੈ?’ ਪਤਰਸ ਨੇ ਜਵਾਬ ਦਿੱਤਾ: ‘ਤੁਹਾਨੂੰ ਆਪਣੇ ਬੁਰੇ ਕੰਮ ਛੱਡ ਕੇ ਬਪਤਿਸਮਾ ਲੈਣ ਦੀ ਲੋੜ ਹੈ।’ ਪਤਰਸ ਦੀ ਇਹ ਗੱਲ ਸੁਣ ਕੇ ਉਸ ਦਿਨ ਤਕਰੀਬਨ 3,000 ਲੋਕਾਂ ਨੇ ਬਪਤਿਸਮਾ ਲਿਆ। ਉਹ ਸਭ ਯਿਸੂ ਦੇ ਚੇਲੇ ਬਣ ਗਏ।