Skip to content

Skip to table of contents

ਕਹਾਣੀ 104

ਸਵਰਗ ਨੂੰ ਵਾਪਸ

ਸਵਰਗ ਨੂੰ ਵਾਪਸ

ਯਿਸੂ ਨੇ ਆਪਣੇ ਚੇਲਿਆਂ ਨੂੰ ਕਈ ਵਾਰ ਦਰਸ਼ਣ ਦਿੱਤੇ। ਇਕ ਵਾਰ ਤਾਂ ਉਸ ਨੇ ਤਕਰੀਬਨ 500 ਜਣਿਆਂ ਨੂੰ ਦਰਸ਼ਣ ਦਿੱਤਾ ਸੀ। ਤੁਹਾਨੂੰ ਪਤਾ ਯਿਸੂ ਜਦ ਆਪਣੇ ਚੇਲਿਆਂ ਦੇ ਸਾਮ੍ਹਣੇ ਆਉਂਦਾ ਸੀ, ਤਾਂ ਉਨ੍ਹਾਂ ਨਾਲ ਕੀ ਗੱਲ ਕਰਦਾ ਸੀ? ਹਰ ਵਾਰ ਉਸ ਨੇ ਉਨ੍ਹਾਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕੀਤੀ। ਯਹੋਵਾਹ ਨੇ ਯਿਸੂ ਨੂੰ ਧਰਤੀ ਤੇ ਆਪਣੇ ਰਾਜ ਬਾਰੇ ਸਿਖਾਉਣ ਲਈ ਹੀ ਭੇਜਿਆ ਸੀ। ਜੀ ਉਠਾਏ ਜਾਣ ਪਿੱਛੋਂ ਵੀ ਯਿਸੂ ਲੋਕਾਂ ਨੂੰ ਇਸ ਰਾਜ ਬਾਰੇ ਸਿਖਾਉਂਦਾ ਰਿਹਾ।

ਤੁਹਾਨੂੰ ਪਤਾ ਪਰਮੇਸ਼ੁਰ ਦਾ ਰਾਜ ਕੀ ਹੈ? ਇਹ ਸਵਰਗ ਵਿਚ ਪਰਮੇਸ਼ੁਰ ਦੀ ਸਰਕਾਰ ਹੈ। ਪਰਮੇਸ਼ੁਰ ਨੇ ਇਸ ਸਰਕਾਰ ਦਾ ਰਾਜਾ ਯਿਸੂ ਮਸੀਹ ਨੂੰ ਚੁਣਿਆ ਹੈ। ਯਿਸੂ ਨੇ ਧਰਤੀ ਤੇ ਹੁੰਦਿਆਂ ਜੋ ਕੁਝ ਕੀਤਾ ਸੀ, ਉਸ ਤੋਂ ਅਸੀਂ ਦੇਖ ਚੁੱਕੇ ਹਾਂ ਕਿ ਉਹ ਕਿੰਨਾ ਚੰਗਾ ਰਾਜਾ ਹੋਵੇਗਾ। ਉਸ ਦੇ ਰਾਜ ਵਿਚ ਕੋਈ ਵੀ ਭੁੱਖੇ ਪੇਟ ਨਹੀਂ ਸੌਂਵੇਗਾ, ਨਾ ਹੀ ਕੋਈ ਬੀਮਾਰ ਹੋਵੇਗਾ। ਇੱਥੋਂ ਤਕ ਕਿ ਮੁਰਦਿਆਂ ਨੂੰ ਵੀ ਜੀ ਉਠਾਇਆ ਜਾਵੇਗਾ!

ਤਾਂ ਫਿਰ ਸੋਚੋ, ਜਦ ਯਿਸੂ ਧਰਤੀ ਤੇ ਸਵਰਗੋਂ ਹਜ਼ਾਰ ਸਾਲਾਂ ਲਈ ਰਾਜ ਕਰੇਗਾ, ਤਾਂ ਧਰਤੀ ਕਿਹੋ ਜਿਹੀ ਹੋਵੇਗੀ? ਬਹੁਤ ਹੀ ਖੂਬਸੂਰਤ। ਉਦੋਂ ਨਾ ਕੋਈ ਲੜਾਈ ਹੋਵੇਗੀ, ਨਾ ਜੁਰਮ ਹੋਵੇਗਾ, ਨਾ ਬੀਮਾਰੀ ਹੋਵੇਗੀ ਅਤੇ ਨਾ ਹੀ ਕੋਈ ਮਰੇਗਾ। ਅਸੀਂ ਇਨ੍ਹਾਂ ਗੱਲਾਂ ਤੇ ਪੂਰਾ ਯਕੀਨ ਕਰ ਸਕਦੇ ਹਾਂ ਕਿਉਂਕਿ ਇਹ ਪਰਮੇਸ਼ੁਰ ਦਾ ਵਾਅਦਾ ਹੈ। ਉਸ ਨੇ ਇਨਸਾਨ ਨੂੰ ਜ਼ਿੰਦਗੀ ਦਾ ਆਨੰਦ ਮਾਣਨ ਲਈ ਬਣਾਇਆ ਸੀ ਨਾ ਕਿ ਦੁੱਖ ਸਹਿਣ ਲਈ। ਯਿਸੂ ਆਪਣੇ ਪਿਤਾ ਦਾ ਇਹ ਵਾਅਦਾ ਪੂਰਾ ਕਰ ਕੇ ਹੀ ਰਹੇਗਾ।

ਜੀ ਉਠਾਏ ਜਾਣ ਤੋਂ ਬਾਅਦ ਯਿਸੂ ਆਪਣੇ ਚੇਲਿਆਂ ਨੂੰ 40 ਦਿਨਾਂ ਤਕ ਵੱਖ-ਵੱਖ ਸਮੇਂ ਤੇ ਦਰਸ਼ਣ ਦਿੰਦਾ ਰਿਹਾ। ਉਸ ਦੇ ਚੇਲਿਆਂ ਨੂੰ ਹੁਣ ਪੱਕਾ ਯਕੀਨ ਹੋ ਗਿਆ ਸੀ ਕਿ ਯਿਸੂ ਨੂੰ ਸੱਚ-ਮੁੱਚ ਜੀ ਉਠਾਇਆ ਗਿਆ ਹੈ। ਪਰ ਹੁਣ ਉਸ ਦੇ ਸਵਰਗ ਜਾਣ ਦਾ ਸਮਾਂ ਆ ਪਹੁੰਚਿਆ ਸੀ। ਸਵਰਗ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਦ ਤਕ ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਸ਼ਕਤੀ ਨਾ ਮਿਲੇ ਤਦ ਤਕ ਉਹ ਯਰੂਸ਼ਲਮ ਵਿਚ ਹੀ ਰਹਿਣ। ਇਸ ਸ਼ਕਤੀ ਸਦਕਾ ਉਨ੍ਹਾਂ ਨੇ ਪਰਮੇਸ਼ੁਰ ਵੱਲੋਂ ਮਿਲੇ ਕੰਮ ਨੂੰ ਪੂਰਾ ਕਰ ਪਾਉਣਾ ਸੀ। ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਤੁਸੀਂ ਮੇਰੇ ਬਾਰੇ ਧਰਤੀ ਦੇ ਕੋਨੇ-ਕੋਨੇ ਵਿਚ ਪ੍ਰਚਾਰ ਕਰਿਓ।’

ਯਿਸੂ ਦੇ ਇਹ ਸਭ ਗੱਲਾਂ ਕਹਿਣ ਤੋਂ ਬਾਅਦ, ਇਕ ਹੋਰ ਚਮਤਕਾਰ ਹੋਇਆ। ਯਿਸੂ ਹੌਲੀ-ਹੌਲੀ ਆਸਮਾਨ ਨੂੰ ਚੜ੍ਹਨ ਲੱਗ ਪਿਆ। ਉਹ ਹੁਣ ਸਵਰਗ ਨੂੰ ਜਾ ਰਿਹਾ ਸੀ। ਤੁਸੀਂ ਉਸ ਨੂੰ ਸਵਰਗ ਨੂੰ ਜਾਂਦੇ ਹੋਏ ਤਸਵੀਰ ਵਿਚ ਦੇਖ ਸਕਦੇ ਹੋ। ਫਿਰ ਉਹ ਹੌਲੀ-ਹੌਲੀ ਬੱਦਲਾਂ ਦੇ ਓਹਲੇ ਹੋ ਗਿਆ। ਯਿਸੂ ਨੂੰ ਹੁਣ ਉਸ ਦੇ ਚੇਲੇ ਨਹੀਂ ਦੇਖ ਸਕਦੇ ਸਨ। ਸਵਰਗ ਜਾ ਕੇ ਯਿਸੂ ਧਰਤੀ ਤੇ ਰਹਿੰਦੇ ਆਪਣੇ ਚੇਲਿਆਂ ਉੱਤੇ ਰਾਜ ਕਰਨ ਲੱਗਾ।