Skip to content

Skip to table of contents

ਕਹਾਣੀ 7

ਇਕ ਦਲੇਰ ਆਦਮੀ

ਇਕ ਦਲੇਰ ਆਦਮੀ

ਧਰਤੀ ਤੇ ਹੁਣ ਬਹੁਤ ਸਾਰੇ ਲੋਕ ਹੋ ਗਏ ਸਨ, ਪਰ ਇਨ੍ਹਾਂ ਵਿੱਚੋਂ ਬਹੁਤੇ ਕਇਨ ਦੀ ਤਰ੍ਹਾਂ ਭੈੜੇ ਕੰਮ ਕਰ ਰਹੇ ਸਨ। ਪਰ ਇਕ ਬੰਦਾ ਸੀ ਜੋ ਪਰਮੇਸ਼ੁਰ ਦੇ ਨਾਲ-ਨਾਲ ਚੱਲ ਰਿਹਾ ਸੀ। ਉਸ ਦਲੇਰ ਬੰਦੇ ਦਾ ਨਾਮ ਸੀ ਹਨੋਕ। ਇਸ ਨੂੰ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ।

ਕੀ ਤੁਹਾਨੂੰ ਪਤਾ ਹੈ ਕਿ ਲੋਕ ਉਦੋਂ ਇੰਨੇ ਭੈੜੇ ਕਿਉਂ ਹੋ ਗਏ ਸਨ? ਯਾਦ ਹੈ ਆਪਾਂ ਪਿਛਲੀਆਂ ਕਹਾਣੀਆਂ ਵਿਚ ਸਿੱਖਿਆ ਸੀ ਕਿ ਇਕ ਬੁਰੇ ਫ਼ਰਿਸ਼ਤੇ ਨੇ ਹੱਵਾਹ ਨੂੰ ਧੋਖਾ ਦਿੱਤਾ ਸੀ। ਉਸ ਦੀਆਂ ਗੱਲਾਂ ਵਿਚ ਆ ਕੇ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਮੰਨਣਾ ਛੱਡ ਦਿੱਤਾ ਸੀ। ਬਾਈਬਲ ਇਸ ਬੁਰੇ ਫ਼ਰਿਸ਼ਤੇ ਨੂੰ ਸ਼ਤਾਨ ਕਹਿੰਦੀ ਹੈ। ਇਹ ਬੁਰਾ ਫ਼ਰਿਸ਼ਤਾ ਲੋਕਾਂ ਨੂੰ ਪੁੱਠੇ ਰਸਤੇ ਪਾ ਰਿਹਾ ਸੀ।

ਪਰਮੇਸ਼ੁਰ ਨੇ ਹਨੋਕ ਨੂੰ ਕਿਹਾ ਕਿ ਉਹ ਲੋਕਾਂ ਨੂੰ ਦੱਸੇ ਕਿ ‘ਇਕ ਦਿਨ ਪਰਮੇਸ਼ੁਰ ਬੁਰੇ ਲੋਕਾਂ ਦਾ ਨਾਸ ਕਰਨ ਵਾਲਾ ਹੈ।’ ਹਨੋਕ ਲਈ ਇਹ ਕੰਮ ਕਰਨਾ ਬਹੁਤ ਔਖਾ ਸੀ ਕਿਉਂਕਿ ਲੋਕ ਨਾ ਤਾਂ ਹਨੋਕ ਦੀ ਗੱਲ ਸੁਣਨਾ ਚਾਹੁੰਦੇ ਸਨ ਤੇ ਨਾ ਹੀ ਆਪਣੇ ਬੁਰੇ ਰਸਤੇ ਤੋਂ ਮੁੜਨਾ ਚਾਹੁੰਦੇ ਸਨ। ਉਹ ਤਾਂ ਇੰਨੇ ਖ਼ਰਾਬ ਹੋ ਚੁੱਕੇ ਸਨ ਕਿ ਉਹ ਹਨੋਕ ਦੀ ਜਾਨ ਲੈਣ ਨੂੰ ਵੀ ਤਿਆਰ ਸਨ। ਇਸ ਲਈ ਉਸ ਨੂੰ ਦਲੇਰ ਬਣਨ ਦੀ ਲੋੜ ਸੀ।

ਯਹੋਵਾਹ ਨੇ ਹਨੋਕ ਨੂੰ ਇਨ੍ਹਾਂ ਬੁਰੇ ਲੋਕਾਂ ਦੇ ਹੱਥੋਂ ਬਹੁਤਾ ਚਿਰ ਦੁੱਖ ਨਹੀਂ ਝੱਲਣ ਦਿੱਤੇ। ਉਸ ਨੇ ਚਮਤਕਾਰੀ ਤਰੀਕੇ ਨਾਲ ਹਨੋਕ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਹਨੋਕ ਦੇ ਮਰਨ ਵੇਲੇ ਉਸ ਦੀ ਉਮਰ ਸਿਰਫ਼ 365 ਸਾਲਾਂ ਦੀ ਸੀ। ਉਨ੍ਹਾਂ ਦਿਨਾਂ ਵਿਚ 365 ਸਾਲਾਂ ਦੀ ਉਮਰ ਬਹੁਤ ਛੋਟੀ ਸੀ। ਉਸ ਸਮੇਂ ਲੋਕਾਂ ਦੀ ਸਿਹਤ ਚੰਗੀ ਰਹਿੰਦੀ ਸੀ ਜਿਸ ਕਰਕੇ ਉਨ੍ਹਾਂ ਦੀ ਉਮਰ ਬਹੁਤ ਲੰਬੀ ਹੁੰਦੀ ਸੀ। ਮਿਸਾਲ ਲਈ, ਹਨੋਕ ਦਾ ਮੁੰਡਾ ਮਥੂਸਲਹ 969 ਸਾਲਾਂ ਤਕ ਜੀਉਂਦਾ ਰਿਹਾ!

ਹਨੋਕ ਦੀ ਮੌਤ ਤੋਂ ਬਾਅਦ ਲੋਕ ਹੋਰ ਵੀ ਭੈੜੇ ਹੁੰਦੇ ਗਏ। ਬਾਈਬਲ ਕਹਿੰਦੀ ਹੈ: ‘ਉਨ੍ਹਾਂ ਦੇ ਮਨ ਦੇ ਵਿਚਾਰ ਹਰ ਸਮੇਂ ਬੁਰੇ ਹੀ ਸਨ’ ਜਿਸ ਕਰਕੇ ‘ਧਰਤੀ ਜ਼ੁਲਮ ਨਾਲ ਭਰ ਗਈ ਸੀ।’

ਕੀ ਤੁਹਾਨੂੰ ਪਤਾ ਕਿ ਉਸ ਸਮੇਂ ਧਰਤੀ ਤੇ ਇੰਨੇ ਬੁਰੇ ਕੰਮ ਕਿਉਂ ਹੁੰਦੇ ਸਨ? ਕਿਉਂਕਿ ਲੋਕਾਂ ਨੂੰ ਪੁੱਠੇ ਰਾਹ ਤੇ ਪਾਉਣ ਲਈ ਸ਼ਤਾਨ ਨੂੰ ਇਕ ਨਵਾਂ ਤਰੀਕਾ ਲੱਭ ਪਿਆ ਸੀ। ਅਸੀਂ ਇਸ ਬਾਰੇ ਅਗਲੀ ਕਹਾਣੀ ਵਿਚ ਸਿੱਖਾਂਗੇ।