ਕਰਾਣੀ 4
ਉਨ੍ਹਾਂ ਨੂੰ ਬਾਗ਼ ਵਿੱਚੋਂ ਕੱਢਿਆ ਗਿਆ
ਦੇਖੋ, ਆਦਮ ਤੇ ਹੱਵਾਹ ਕਿੰਨੇ ਦੁਖੀ ਲੱਗਦੇ ਹਨ। ਭਲਾ ਉਹ ਅਦਨ ਦੇ ਬਾਗ਼ ਨੂੰ ਛੱਡ ਕੇ ਕਿਉਂ ਜਾ ਰਹੇ ਹਨ? ਆਓ ਆਪਾਂ ਦੇਖੀਏ ਕੀ ਹੋਇਆ।
ਆਦਮ ਅਤੇ ਹੱਵਾਹ ਨੇ ਇਕ ਬੁਰਾ ਕੰਮ ਕੀਤਾ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ। ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਕਿਹੜਾ ਬੁਰਾ ਕੰਮ ਕੀਤਾ ਜਿਸ ਕਰਕੇ ਉਨ੍ਹਾਂ ਨੂੰ ਇਹ ਸਜ਼ਾ ਮਿਲੀ?
ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਕਿਹਾ ਸੀ ਕਿ ਉਹ ਬਾਗ਼ ਦੇ ਇਕ ਦਰਖ਼ਤ ਨੂੰ ਛੱਡ ਕੇ ਬਾਕੀ ਸਾਰੇ ਦਰਖ਼ਤਾਂ ਤੋਂ ਜੀ ਭਰ ਕੇ ਫਲ ਖਾ ਸਕਦੇ ਸਨ। ਉਸ ਨੇ ਕਿਹਾ ਕਿ ਜੇ ਉਹ ਇਸ ਦਰਖ਼ਤ ਤੋਂ ਫਲ ਖਾਣਗੇ, ਤਾਂ ਉਹ ਮਰ ਜਾਣਗੇ। ਉਹ ਦਰਖ਼ਤ ਮਾਨੋ ਪਰਮੇਸ਼ੁਰ ਨੇ ਆਪਣੇ ਲਈ ਰੱਖਿਆ ਸੀ। ਸਾਨੂੰ ਪਤਾ ਹੈ ਕਿ ਜੋ ਚੀਜ਼ ਸਾਡੀ ਨਹੀਂ, ਉਹ ਲੈਣੀ ਗ਼ਲਤ ਹੈ। ਪਰ ਕੀ ਉਹ ਪਰਮੇਸ਼ੁਰ ਦੇ ਕਹਿਣੇ ਵਿਚ ਰਹੇ ਜਾਂ ਨਹੀਂ?
ਇਕ ਦਿਨ ਜਦ ਹੱਵਾਹ ਇਕੱਲੀ ਬਾਗ਼ ਵਿਚ ਘੁੰਮ-ਫਿਰ ਰਹੀ ਸੀ, ਤਾਂ ਇਕ ਸੱਪ ਨੇ ਉਸ ਨਾਲ ਗੱਲ ਕੀਤੀ। ਸੱਪ ਨੇ ਹੱਵਾਹ ਨੂੰ ਕਿਹਾ ਕਿ ਉਹ ਉਸ ਦਰਖ਼ਤ ਦਾ ਫਲ ਖਾ ਸਕਦੀ ਹੈ ਜਿਸ ਤੋਂ ਰੱਬ ਨੇ ਉਨ੍ਹਾਂ ਨੂੰ ਖਾਣ ਤੋਂ ਮਨ੍ਹਾ ਕੀਤਾ ਸੀ। ਜ਼ਰਾ ਠਹਿਰੋ, ਭਲਾ ਸੱਪ ਵੀ ਗੱਲਾਂ ਕਰ ਸਕਦਾ ਹੈ? ਪਰਮੇਸ਼ੁਰ ਨੇ ਜਾਨਵਰਾਂ ਨੂੰ ਗੱਲਬਾਤ ਕਰਨ ਦੀ ਯੋਗਤਾ ਨਹੀਂ ਦਿੱਤੀ ਸੀ। ਤਾਂ ਫਿਰ ਜ਼ਰੂਰ ਕੋਈ ਹੋਰ ਸੱਪ ਰਾਹੀਂ ਗੱਲ ਕਰ ਰਿਹਾ ਸੀ। ਪਰ ਇਹ ਕੌਣ ਹੋ ਸਕਦਾ ਹੈ?
ਇਹ ਆਦਮ ਨਹੀਂ ਹੋ ਸਕਦਾ ਸੀ ਕਿਉਂਕਿ ਉਹ ਉੱਥੇ ਨਹੀਂ ਸੀ। ਤਾਂ ਫਿਰ, ਇਹ ਉਨ੍ਹਾਂ ਵਿੱਚੋਂ ਕੋਈ ਹੋਣਾ ਜਿਨ੍ਹਾਂ ਨੂੰ ਯਹੋਵਾਹ ਨੇ ਧਰਤੀ ਬਣਾਉਣ ਤੋਂ ਪਹਿਲਾਂ ਬਣਾਇਆ ਸੀ। ਯਾਦ ਹੈ, ਆਪਾਂ ਦੇਖਿਆ ਸੀ ਕਿ ਯਹੋਵਾਹ ਨੇ ਸਵਰਗ ਵਿਚ ਫ਼ਰਿਸ਼ਤੇ ਬਣਾਏ ਸਨ। ਇਨ੍ਹਾਂ ਵਿੱਚੋਂ ਹੀ ਇਕ ਫ਼ਰਿਸ਼ਤੇ ਨੇ ਹੱਵਾਹ ਨਾਲ ਸੱਪ ਰਾਹੀਂ ਗੱਲ ਕੀਤੀ ਸੀ। ਇਹ ਫ਼ਰਿਸ਼ਤਾ ਆਪਣੇ ਆਪ ਬਾਰੇ ਕੁਝ ਜ਼ਿਆਦਾ ਹੀ ਸੋਚਣ ਲੱਗ ਪਿਆ। ਉਹ ਪਰਮੇਸ਼ੁਰ ਵਰਗਾ ਬਣਨਾ ਚਾਹੁੰਦਾ ਸੀ। ਇਹੀ ਨਹੀਂ, ਉਹ ਤਾਂ ਇਹ ਵੀ ਚਾਹੁੰਦਾ ਸੀ ਕਿ ਇਨਸਾਨ ਪਰਮੇਸ਼ੁਰ ਦੀ ਬਜਾਇ ਉਸ ਦੀ ਭਗਤੀ ਕਰਨ।
ਇਸ ਫ਼ਰਿਸ਼ਤੇ ਨੇ ਝੂਠ ਬੋਲ ਕੇ ਹੱਵਾਹ ਨੂੰ ਧੋਖਾ ਦਿੱਤਾ। ਹੱਵਾਹ ਨੇ ਉਸ ਦੀਆਂ ਗੱਲਾਂ ਵਿਚ ਆ ਕੇ ਮੰਨ ਲਿਆ ਕਿ ਫਲ ਖਾ ਕੇ ਉਹ ਪਰਮੇਸ਼ੁਰ ਵਾਂਗ ਭਲੇ-ਬੁਰੇ ਨੂੰ ਜਾਣ ਸਕੇਗੀ। ਹੱਵਾਹ ਨੇ ਫਲ ਖਾਧਾ ਅਤੇ ਫਿਰ ਆਦਮ ਨੂੰ ਦਿੱਤਾ ਅਤੇ ਉਸ ਨੇ ਵੀ ਫਲ ਖਾ ਲਿਆ। ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ ਗਿਆ।
ਪਰਮੇਸ਼ੁਰ ਦਾ ਹਾਲੇ ਵੀ ਇਹ ਵਾਅਦਾ ਹੈ ਕਿ ਉਹ ਇਕ ਦਿਨ ਸਾਰੀ ਧਰਤੀ ਨੂੰ ਅਦਨ ਦੇ ਬਾਗ਼ ਜਿਹੀ ਖੂਬਸੂਰਤ ਬਣਾ ਦੇਵੇਗਾ। ਅਗਲੀਆਂ ਕਹਾਣੀਆਂ ਵਿਚ ਅਸੀਂ ਦੇਖਾਂਗੇ ਕਿ ਅਸੀਂ ਕਿਵੇਂ ਇਸ ਧਰਤੀ ਨੂੰ ਸੋਹਣਾ ਬਣਾਉਣ ਵਿਚ ਹਿੱਸਾ ਲੈ ਸਕਦੇ ਹਾਂ। ਪਰ ਪਹਿਲਾਂ ਆਓ ਦੇਖੀਏ ਕਿ ਆਦਮ ਅਤੇ ਹੱਵਾਹ ਦਾ ਕੀ ਬਣਿਆ।